ਰੋਮ, 26 ਨਵੰਬਰ (ਪੋਸਟ ਬਿਊਰੋ): ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣ ਲਈ ਇਟਲੀ ਪਹੁੰਚ ਗਏ ਹਨ। ਇੱਥੇ ਉਨ੍ਹਾਂ ਨੇ ਇਤਾਲਵੀ ਅਖਬਾਰ ਕੋਰੀਏਰੇ ਡੇਲਾ ਸੇਰਾ ਨਾਲ ਯੂਕਰੇਨ ਯੁੱਧ ਅਤੇ ਭਾਰਤ-ਚੀਨ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਜੈਸ਼ੰਕਰ ਨੇ ਯੂਕਰੇਨ ਯੁੱਧ ਦੇ ਕੂਟਨੀਤਕ ਹੱਲ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਯੁੱਧ ਦਾ ਕੋਈ ਫੌਜੀ ਹੱਲ ਨਹੀਂ ਹੈ। ਇਸ ਲਈ ਨਵੀਂ ਗੱਲਬਾਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਯੂਕਰੇਨ ਯੁੱਧ ਦਰਮਿਆਨ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਹਰ ਖੇਤਰ ਨੂੰ ਅਰਥਵਿਵਸਥਾ ਦੀ ਅਸਲੀਅਤ ਬਾਰੇ ਸੋਚਣਾ ਚਾਹੀਦਾ ਹੈ। ਜੇਕਰ ਯੂਰਪ ਆਪਣੇ ਸਿਧਾਂਤਾਂ ਦੀ ਇਨੀ ਪ੍ਰਵਾਹ ਕਰਦਾ ਹੈ ਤਾਂ ਉਸਨੂੰ ਖੁਦ ਰੂਸ ਨਾਲ ਸਾਰੇ ਵਪਾਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
ਜੈਸ਼ੰਕਰ ਨੇ ਮਾਸਕੋ ਅਤੇ ਕੀਵ ਦੇ ਨਾਲ-ਨਾਲ ਇਸ ਜੰਗ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਨੂੰ ਗੱਲਬਾਤ ਵਿੱਚ ਸ਼ਾਮਿਲ ਕਰਨ ਲਈ ਕੂਟਨੀਤਕ ਯਤਨਾਂ ਨੂੰ ਉਤਸ਼ਾਹਿਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ, ਖਾਸ ਤੌਰ 'ਤੇ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ।
ਉਨ੍ਹਾਂ ਨੇ ਕਿਹਾ ਕਿ ਯੂਰਪੀਅਨ ਯੂਨੀਅਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਅਤੇ ਨਿਵੇਸ਼ਕ ਹੈ। ਅਸੀਂ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵੱਡੇ ਸਮਝੌਤੇ ਕਰ ਰਹੇ ਹਾਂ। ਮੈਂ ਪਿਛਲੇ ਕੁਝ ਸਾਲਾਂ ਤੋਂ ਦੋਨਾਂ ਵਿਚਾਲੇ ਲਗਾਤਾਰ ਵਧਦੇ ਰਣਨੀਤਕ ਸਮਝੌਤਿਆਂ ਨੂੰ ਦੇਖ ਰਿਹਾ ਹਾਂ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੋਵੇਂ ਇੱਕ ਲਾਭਦਾਇਕ ਸਮਝੌਤਾ ਆਰਥਿਕ ਸਹਿਯੋਗ ਨੂੰ ਵਧਾ ਸਕਦਾ ਹੈ।