ਸਮਾਗ਼ਮ ਵਿਚ ਪ੍ਰੋ. ਕੁਲਬੀਰ ਸਿੰਘ ਤੇ ਬਲਦੇਵ ਰਾਹੀ ਨੂੰ ਕੀਤਾ ਗਿਆ ਸਨਮਾਨਿਤ
ਲਹਿੰਦੇ ਪੰਜਾਬ ਦੇ ਲੋਕ-ਗਾਇਕ ਅਕਬਰ ਹੁਸਨੈਨ ਨੇ ਚੰਗਾ ਰੰਗ ਬੰਨ੍ਹਿਆਂ
ਬਰੈਂਪਟਨ, (ਡਾ. ਝੰਡ) – ਲੰਘੇ ਸ਼ਨੀਵਾਰ 12 ਅਕਤੂਬਰ ਨੂੰ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਚ ‘ਵਿਸ਼ਵ ਪੰਜਾਬੀ ਸਾਹਿਤ ਸਭਾ’ ਅਤੇ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ ਕਰਵਾਏ ਗਏ ਇੱਕ ਸਮਾਗ਼ਮ ਵਿਚ ਪ੍ਰੋਫ਼ੈਸਰ ਕੁਲਬੀਰ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਮੀਡੀਆ ਆਲੋਚਕ ਦੀ ਆਤਮਕਥਾ’ ਲੋਕ-ਅਰਪਿਤ ਕੀਤੀ ਗਈ। ਇਸ ਦੌਰਾਨ ਲਹਿੰਦੇ ਪੰਜਾਬ ਤੋਂ ਆਏ ‘ਬਾਬਾ ਗਰੁੱਪ ਪਾਕਿਸਤਾਨ’ ਦੇ ਲੋਕ-ਗਾਇਕ ਅਕਬਰ ਹੁਸਨੈਨ ਨੇ ਆਪਣੀ ਬੁਲੰਦ ਆਵਾਜ਼ ਵਿਚ ਵਾਰਸ ਸ਼ਾਹ ਦੀ ‘ਹੀਰ’, ਸ਼ਾਹ ਹੁਸੈਨ ਤੇ ਸੁਲਤਾਨ ਬਾਹੂ ਦਾ ਸੂਫ਼ੀ ਕਲਾਮ ਅਤੇ ‘ਮਿਰਜ਼ਾ’ ਗਾ ਕੇ ਸਰੋਤਿਆਂ ਨੂੰ ਕੀਲਿਆ।
ਸਮਾਗ਼ਮ ਦੀ ਸ਼ੁਰੂਆਤ ਮੰਚ-ਸੰਚਾਲਕ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਪ੍ਰੋ. ਕੁਲਬੀਰ ਸਿੰਘ ਬਾਰੇ ਮੁੱਢਲੀ ਜਾਣ-ਪਛਾਣ ਕਰਵਾਉਣ ਤੋਂ ਬਾਅਦ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੂੰ ਮੰਚ ‘ਤੇ ਬੁਲਾਉਣ ਨਾਲ ਕੀਤੀ ਗਈ। ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੀ ਗੱਲ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਤੋਂ ਆਰੰਭ ਕੀਤੀ ਜਿੱਥੋਂ ਪ੍ਰੋ.ਕੁਲਬੀਰ ਸਿੰਘ ਨੇ ਉਨ੍ਹਾਂ ਦੇ ਨਾਲ ਕਾਲਜ ਅਧਿਆਪਨ ਦੇ ਜੀਵਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿਕੁਲਬੀਰ ਬੜਾ ਮਿਹਨਤੀ, ਸੰਜੀਦਾ ਅਤੇ ਵਿਦਿਆਰਥੀਆਂ ਵਿਚ ਹਰਮਨ-ਪਿਆਰਾ ਅਧਿਆਪਕ ਹੋਣ ਦੇ ਨਾਲ ਨਾਲ ਬੈਡਮਿੰਟਨ ਦਾ ਬਹੁਤ ਵਧੀਆ ਖਿਡਾਰੀ ਰਿਹਾ ਹੈ। ਕੁਲਬੀਰ ਸਿੰਘ ਬਾਰੇ ‘ਰਾਜ਼’ ਦੀ ਗੱਲ ਕਰਦਿਆਂ ਉਨ੍ਹਾਂਦੱਸਿਆ ਕਿ ਕੁਲਬੀਰ ਦੀ ਮੰਗੇਤਰ ਉਦੋਂ ਅਬੋਹਰ ਦੇ ਇੱਕ ਕਾਲਜ ਵਿਚ ਪੜ੍ਹਾਉਂਦੀ ਸੀ ਅਤੇ ਇਨ੍ਹਾਂ ਵਿਚਕਾਰ ‘ਚਿੱਠੀ-ਪੱਤਰ’ ਦਾ ਸਿਲਸਿਲਾ ਉਨ੍ਹਾਂ ਦਿਨਾਂ ਵਿਚ ਖ਼ੂਬ ਚੱਲਦਾ ਰਿਹਾ ਸੀ। ਜੇਕਰ ਇਨ੍ਹਾਂ ਦੋਹਾਂ ਨੇ ਉਹ ਚਿੱਠੀਆਂ ਕਿਤੇ ਸਾਂਭੀਆਂ ਹੋਣ ਤਾਂ ਇਹ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੀਆਂ ‘ਜੀਤਾਂ ਦੇ ਨਾਂ ਚਿੱਠੀਆਂ’ ਵਰਗਾ ਇਕ ਖ਼ੂਬਸੂਰਤ ਦਸਤਾਵੇਜ਼ ਬਣ ਸਕਦਾ ਹੈ। ‘ਅਜੀਤ’ ਅਖ਼ਬਾਰ ਵਿੱਚ ਛਪਦੇ ਰਹੇ ਕੁਲਬੀਰ ਦੇ ਹਫ਼ਤਾਵਾਰੀ ਕਾਲਮ ‘ਦੂਰਦਰਸ਼ਨ ਦੇ ਪ੍ਰੋਗਰਾਮਾਂ ਦੀ ਸਮੀਖੀਆ’ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਕਾਲਮ ਨੂੰ ਏਨਾਂ ਲੰਮਾਂ ਸਮਾਂ ਚਲਾਉਣਾ ਏਡਾ ਸੌਖਾ ਕੰਮ ਨਹੀ ਹੈ। ਉਨ੍ਹਾਂ ਕੁਲਬੀਰ ਦੀਆਂ ਪਹਿਲਾਂ ਛਪੀਆਂ ਪੁਸਤਕਾਂ ਅਤੇ ਹੁਣੇ ਆਈ ਆਤਮਕਥਾ ਬਾਰੇ ਵੀ ਵਿਸਥਾਰ ਵਿਚਦੱਸਿਆ।
ਸ਼ਾਇਰ ਮਲਵਿੰਦਰ ਨੇ ਅੰਮ੍ਰਿਤਸਰ ਜ਼ਿਲੇ ਦੇ ਆਪਣੇ ਪਿੰਡ ‘ਛੱਜਲਵੱਡੀ’ ਦੀ ਗੱਲ ਕਰਦਿਆਂ ਕਿਹਾ ਕਿ ਕੁਲਬੀਰ ਸਿੰਘ ਤੇ ਉਹ ਇਸ ਪਿੰਡ ਵਿਚ ਇਕੱਠੇ ਖੇਡੇ ਤੇ ਸਕੂਲ ਵਿਚ ਇਕੱਠੇ ਪੜ੍ਹੇ ਅਤੇ ਦੋਹਾਂ ਦੇ ਘਰ ਵੀ ਪਿੰਡ ਦੀ ਉਸ ਸਮੇਂ ਇਕਲੌਤੀ ‘ਪੱਕੀ ਗਲੀ’ ਵਿਚ ਨੇੜੇ-ਨੇੜੇ ਸਨ। ਫਿਰ ਦੋਹਾਂ ਵਿਚ ਦੋਸਤੀ ਹੋਣੀ ਤਾਂ ਸੁਭਾਵਿਕ ਹੀ ਸੀ। ਉਨ੍ਹਾਂ ਕੁਲਬੀਰ ਸਿੰਘ ਵੱਲੋਂ ਜਲੰਧਰ ਦੂਰ-ਦਰਸ਼ਨ ਦੇ ਪ੍ਰੋਗਰਾਮਾਂ ਦੀ ਸਮੀਖੀਆ ਅਤੇ ਉਸਦੇ ਲੰਡਨ ਤੇ ਆਸਟ੍ਰੇਲੀਆ ਦੇ ਸਫ਼ਰਨਾਮਿਆਂ ਦਾ ਵੀ ਜ਼ਿਕਰ ਕੀਤਾ।
ਡਾ. ਸੁਖਦੇਵ ਸਿੰਘ ਝੰਡ ਦਾ ਪਿੰਡ ਚੌਹਾਨ, ਛੱਜਲਵੱਡੀ ਦੇ ਬਿਲਕੁਲ ਨੇੜੇ ਹੋਣ ਕਰਕੇ ਉਨ੍ਹਾਂ ਵੀ ਆਪਣੀ ਗੱਲ ਛੱਜਲਵੱਡੀ ਤੋਂ ਹੀ ਸ਼ੁਰੂ ਕੀਤੀ ਜਿੱਥੇ ਉਹ ਸੱਠਵਿਆਂ ਦੇ ਪਹਿਲੇ ਅੱਧ ਵਿਚ ਕੁਲਬੀਰਦੇ ਵੱਡੇ ਭਰਾ ਪ੍ਰਿਤਪਾਲ ਮਹਿਰੋਕ ਨਾਲ ਛੇਵੀਂ ਤੋਂ ਦਸਵੀਂ ਤੱਕ ਇਕੱਠੇ ਪੜ੍ਹਦੇ ਰਹੇ ਸਨ। ਉਨ੍ਹਾਂ ਨੇ ਇਨ੍ਹਾਂ ਦੋਹਾਂ ਵਿਦਵਾਨ ਭਰਾਵਾਂ ਦੇ ਪਿਤਾ ਜੀ ਗਿਆਨੀ ਚਾਨਣਸਿੰਘ ਹੁਰਾਂ ਦਾ ਵੀ ਬਾਖ਼ੂਬੀ ਜ਼ਿਕਰ ਕੀਤਾ ਜਿਨ੍ਹਾਂ ਕੋਲੋਂ ਉਨ੍ਹਾਂ ਸਹੀ ਮਾਅਨਿਆਂ ਵਿੱਚ ਪੰਜਾਬੀ ਪੜ੍ਹਨੀ ਸਿੱਖੀ।
ਸਮਾਗ਼ਮ ਵਿੱਚ ਪੰਜਾਬੀ ਕਮਿਊਨਿਟੀ ਦੀ ਜਾਣੀ-ਪਛਾਣੀ ਸ਼ਖ਼ਸੀਅਤ ਇੰਦਰਜੀਤ ਸਿੰਘ ਬੱਲ, ਡੀ.ਏ.ਵੀ. ਕਾਲਜ ਦੇ ਸਾਬਕਾ ਪ੍ਰੋਫ਼ੈਸਰ ਡਾ. ਦਰਸ਼ਨਪਾਲ ਅਰੋੜਾ, ‘ਪੰਜਾਬੀ ਲਹਿਰਾਂ’ ਦੇ ਸੰਚਾਲਕ ਸਤਿੰਦਰਪਾਲ ਸਿਧਵਾਂ, ਗੀਤਕਾਰ ਬਲਦੇਵ ਰਾਹੀ ਅਤੇ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਮਾਗ਼ਮ ਦੌਰਾਨ ਪ੍ਰੋ. ਕੁਲਬੀਰ ਸਿੰਘ ਅਤੇ ਬਲਦੇਵ ਰਾਹੀ ਨੂੰ ਆਪੋ-ਆਪਣੇ ਖੇਤਰਾਂ ਵਿਚ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਨਮਾਨ-ਚਿੰਨ੍ਹਾਂ, ਲੋਈਆਂ ਤੇ ਹੋਰ ਤੋਹਫ਼ਿਆਂ ਨਾਲ ਸਨਮਾਨਿਤ ਕੀਤਾ ਗਿਆ। ਕੁਲਬੀਰ ਸਿੰਘ ਦੀ ਅਰਧਾਂਗਣੀ ਪ੍ਰੋ. ਕਵਲਜੀਤ ਨੂੰ ਖ਼ੂਬਸੂਰਤ ਫੁਲਕਾਰੀ ਨਾਲ ਨਿਵਾਜਿਆ ਗਿਆ।
ਫਿਰ ਵਾਰੀ ਆਈ ਲਹਿੰਦੇ ਪੰਜਾਬ ਦੇ ਲੋਕ-ਗਾਇਕ ‘ਬਾਬਾ ਗਰੁੱਪ’ ਦੇ ਮਸ਼ਹੂਰ ਕਲਾਕਾਰ ਅਕਬਰ ਹੁਸਨੈਨ ਦੀ ਜਿਸ ਨੇ ਵਾਰਸ ਸ਼ਾਹ ਰਚਿਤ ਮਹਾਂ-ਕਾਵਿ ‘ਹੀਰ’ ਦੇ ਕੁਝ ਬੰਦ ਆਪਣੀ ਬੁਲੰਦ ਆਵਾਜ਼ ਵਿਚ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰਕੇ ਇਸ ਸੁਰਮਈ ਸ਼ਾਮ ਨੂੰ ਹੋਰ ਵੀ ਰੰਗੀਨ ਕਰ ਦਿੱਤਾ। ‘ਹੀਰ’ ਤੋਂ ਬਾਅਦ ਉਨ੍ਹਾਂ ਵੱਲੋਂ ਸੂਫ਼ੀ ਕਵੀ ਸ਼ਾਹ ਹੁਸੈਨ ਦੀਆਂ ਕਾਫ਼ੀਆਂ, ਸੁਲਤਾਨ ਬਾਹੂ ਦੀ ‘ਹੂ’ ਦੀਆਂ ਹੂਕਾਂ ਅਤੇ ‘ਮਿਰਜ਼ੇ’ ਦੀ ਵੀ ਬਾਖ਼ੂਬੀ ਪੇਸ਼ਕਾਰੀ ਕੀਤੀ ਗਈ ਜਿਸ ਨੂੰ ਸਰੋਤਿਆਂ ਵੱਲੋਂ ਤਾੜੀਆਂ ਗੜਗੜਾਹਟ ਦੇ ਰੂਪ ਵਿਚ ਨਾ ਕੇਵਲ ਭਰਪੂਰ ਦਾਦ ਹੀ ਮਿਲੀ, ਸਗੋਂ ਉਨ੍ਹਾਂ ਵੱਲੋਂ ਦਸਾਂ, ਵੀਹਾਂ ਤੇ ਪੰਜਾਹਵਾਂ ਦੇ ਕੈਨੇਡੀਅਨ ਨੋਟਾਂ ਨਾਲ ਹੁਸਨੈਨ ਅਕਬਰ ਦੀ ਗਾਇਕੀ ਦੀ ਹੌਸਲਾ-ਅਫ਼ਜਾਈ ਵੀ ਕੀਤੀ ਗਈ।
ਆਪਣੀਆਂ ਇਨ੍ਹਾਂ ਸਿਫ਼ਤਾਂ ਕਾਰਨ ਇਹ ਸਮਾਗ਼ਮ ਦੇਰ ਤੱਕ ਦਰਸ਼ਕਾਂ ਤੇ ਸਰੋਤਿਆਂ ਦੇ ਚੇਤਿਆਂ ਵਿਚ ਦਸਤਕ ਦਿੰਦਾ ਰਹੇਗਾ।ਸਮਾਗ਼ਮ ਵਿਚ ਉੱਘੇ ਪੰਜਾਬੀ ਲੇਖਕ ਪੂਰਨ ਸਿੰਘ ਪਾਂਧੀ, ਗੁਰਦੇਵ ਚੌਹਾਨ, ਸ਼ਾਮ ਸਿੰਘ ‘ਅੰਗਸੰਗ’, ਰੇਡੀਓ ‘ਸਰਗ਼ਮ’ ਦੇ ਸੰਚਾਲਕ ਡਾ. ਬਲਵਿੰਦਰ ਤੇ ਸੰਦੀਪ, ਸ. ਸ਼ਬੇਗ ਸਿੰਘ ਕਥੂਰੀਆ, ਸੁਰਜੀਤ ਕੌਰ, ਪਰਮਜੀਤ ਦਿਓਲ, ਰਮਿੰਦਰ ਵਾਲੀਆ ਤੇ ਹੋਰ ਕਈ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।