ਨਵੀਂ ਦਿੱਲੀ, 6 ਅਕਤੂਬਰ (ਪੋਸਟ ਬਿਊਰੋ): ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ (ਐੱਸ.ਸੀ.ਓ.) ਦੀ ਬੈਠਕ ਲਈ ਪਾਕਿਸਤਾਨ ਜਾ ਰਹੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਗੁਆਂਢੀ ਦੇਸ਼ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਲਈ ਉੱਥੇ ਨਹੀਂ ਜਾ ਰਹੇ ਹਨ।
ਜਿ਼ਕਰਯੋਗ ਹੈ ਕਿ ਵਿਦੇਸ਼ ਮੰਤਰੀ ਜੈਸ਼ੰਕਰ 15-16 ਅਕਤੂਬਰ ਨੂੰ ਪਾਕਿਸਤਾਨ ਦਾ ਦੌਰਾ ਕਰਨਗੇ। ਉਹ ਇਸਲਾਮਾਬਾਦ ਵਿੱਚ ਐੱਸ.ਸੀ.ਓ. ਹੈੱਡ ਆਫ਼ ਗਵਰਨਮੈਂਟ (ਸੀਐੱਚਜੀ) ਦੀ ਮੀਟਿੰਗ ਵਿੱਚ ਸ਼ਾਮਿਲ ਹੋਣਗੇ।
ਦਿੱਲੀ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੇ ਪਾਕਿਸਤਾਨ ਜਾਣ ਦਾ ਇੱਕੋ ਇੱਕ ਕਾਰਨ ਐੱਸਸੀਓ ਮੀਟਿੰਗ ਹੈ। ਇਹ ਇੱਕ ਬਹੁਪੱਖੀ ਘਟਨਾ ਹੈ। ਉਹ ਉੱਥੇ ਭਾਰਤ-ਪਾਕਿਸਤਾਨ ਸਬੰਧਾਂ 'ਤੇ ਚਰਚਾ ਨਹੀਂ ਕਰਨਗੇ।
ਵਿਦੇਸ਼ ਮੰਤਰੀ ਨੇ ਕਿਹਾ ਕਿ ਐੱਸਸੀਓ ਦਾ ਚੰਗਾ ਮੈਂਬਰ ਹੋਣ ਦੇ ਨਾਤੇ, ਮੈਂ ਪਾਕਿਸਤਾਨ ਵਿੱਚ ਮੀਟਿੰਗ ਵਿੱਚ ਸ਼ਾਮਿਲ ਹੋਣ ਜਾ ਰਿਹਾ ਹਾਂ। ਮੈਂ ਇੱਕ ਸੱਭਿਅਕ ਆਦਮੀ ਹਾਂ, ਇਸ ਲਈ ਜਦੋਂ ਮੈਂ ਉੱਥੇ ਜਾਵਾਂਗਾ ਤਾਂ ਮੈਂ ਚੰਗਾ ਵਿਵਹਾਰ ਕਰਾਂਗਾ। ਇਸ ਤੋਂ ਇਲਾਵਾ ਜੈਸ਼ੰਕਰ ਨੇ ਸਾਰਕ ਦੇ ਸਰਗਰਮ ਨਾ ਹੋਣ ਲਈ ਪਾਕਿਸਤਾਨ ਨੂੰ ਵੀ ਜਿ਼ੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ ਕਿ ਸਾਰਕ ਫਿਲਹਾਲ ਅੱਗੇ ਨਹੀਂ ਵਧ ਰਿਹਾ ਹੈ। ਅਸੀਂ ਸਾਲਾਂ ਤੋਂ ਇਸ ਦੀ ਕੋਈ ਮੀਟਿੰਗ ਨਹੀਂ ਕੀਤੀ ਹੈ। ਇਸ ਦਾ ਸਿਰਫ਼ ਇੱਕ ਹੀ ਕਾਰਨ ਹੈ ਅਤੇ ਉਹ ਇਹ ਹੈ ਕਿ ਸੰਗਠਨ ਦਾ ਇੱਕ ਮੈਂਬਰ ਦੂਜੇ 'ਤੇ ਅੱਤਵਾਦੀ ਹਮਲੇ ਕਰ ਰਿਹਾ ਹੈ। ਅੱਤਵਾਦ ਅਜਿਹਾ ਮੁੱਦਾ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ, ਜੇਕਰ ਇਹ ਜਾਰੀ ਰਿਹਾ ਤਾਂ ਅਸੀਂ ਸਾਰਕ ਨੂੰ ਅੱਗੇ ਨਹੀਂ ਵਧਾ ਸਕਦੇ।