ਕੀਵ, 30 ਸਤੰਬਰ (ਪੋਸਟ ਬਿਊਰੋ): ਰੂਸ ਨੇ ਐਤਵਾਰ ਰਾਤ ਨੂੰ ਹਵਾਈ ਹਮਲੇ ਜਾਰੀ ਰੱਖੇ, ਮਿਜ਼ਾਈਲਾਂ ਦਾਗੀਆਂ ਅਤੇ ਯੂਕਰੇਨ ਦੇ 11 ਇਲਾਕਿਆਂ `ਤੇ ਡਰੋਨ ਹਮਲੇ ਕੀਤੇ। ਯੂਕਰੇਨ ਦੀ ਹਵਾਈ ਸੈਨਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਐਤਵਾਰ ਰਾਤ ਯੂਕਰੇਨ ਦੀ ਰਾਜਧਾਨੀ 'ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਕਿਉਂਕਿ ਕੀਵ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਪੰਜ ਘੰਟੇ ਤੱਕ ਚੱਲੇ ਡਰੋਨ ਹਮਲੇ ਨੂੰ ਰੋਕ ਦਿੱਤਾ।
ਮਾਈਕੋਲਾਈਵ ਪ੍ਰਾਂਤ ਦੇ ਗਵਰਨਰ ਵਿਟਾਲੀ ਕਿਮ ਨੇ ਕਿਹਾ ਕਿ ਕੀਵ ਜਾਂ ਹੋਰ ਕਿਤੇ ਵੀ ਹਮਲਿਆਂ 'ਚ ਕਿਸੇ ਦੇ ਮਾਰੇ ਜਾਣ ਦੀ ਕੋਈ ਰਿਪੋਰਟ ਨਹੀਂ ਹੈ। ਉਨ੍ਹਾਂ ਕਿਹਾ ਕਿ ਹਮਲੇ ਕਾਰਨ ਮਾਈਕੋਲਾਈਵ ਸੂਬੇ ਦੀ ਇੱਕ ਇਮਾਰਤ ਵਿਚ ਅੱਗ ਲੱਗ ਗਈ। ਰੂਸ ਨੇ ਮਹਿੰਗੀਆਂ ਮਿਜ਼ਾਈਲਾਂ ਦੀ ਬਜਾਏ ਸਸਤੇ ਡਰੋਨ ਦੀ ਵਰਤੋਂ ਕਰਦੇ ਹੋਏ ਯੂਕਰੇਨ ਦੇ ਸ਼ਹਿਰਾਂ 'ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਮਾਸਕੋ ਨੇ ਇਕੱਲੇ ਸਤੰਬਰ ਦੌਰਾਨ 1,300 ਤੋਂ ਵੱਧ ਡਰੋਨ ਹਮਲੇ ਕੀਤੇ ਹਨ।