ਬੇਰੂਤ, 29 ਸਤੰਬਰ (ਪੋਸਟ ਬਿਊਰੋ): ਇਜ਼ਰਾਇਲੀ ਹਮਲੇ 'ਚ ਮਾਰੇ ਗਏ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਦੀ ਲਾਸ਼ ਮਿਲੀ ਹੈ। ਮੈਡੀਕਲ ਅਤੇ ਸੁਰੱਖਿਆ ਟੀਮਾਂ ਨੇ ਹਮਲੇ ਵਾਲੀ ਥਾਂ ਤੋਂ ਨਸਰੲਲਾਹ ਦੀ ਲਾਸ਼ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਹਸਨ ਦੇ ਸਰੀਰ 'ਤੇ ਹਮਲੇ ਦੇ ਸਿੱਧੇ ਨਿਸ਼ਾਨ ਨਹੀਂ ਹਨ। ਉਸ ਦੀ ਮੌਤ ਦਾ ਕਾਰਨ ਜ਼ੋਰਦਾਰ ਧਮਾਕੇ ਕਾਰਨ ਹੋਇਆ ਸਦਮਾ ਮੰਨਿਆ ਜਾ ਰਿਹਾ ਹੈ।
ਨਸਰੱਲਾਹ ਸ਼ੁੱਕਰਵਾਰ ਰਾਤ 9:30 ਵਜੇ ਇਜ਼ਰਾਇਲੀ ਹਵਾਈ ਹਮਲੇ 'ਚ ਮਾਰਿਆ ਗਿਆ। ਇਜ਼ਰਾਇਲੀ ਫੌਜ ਨੇ ਰਾਜਧਾਨੀ ਬੇਰੂਤ 'ਚ ਹਿਜ਼ਬੁੱਲਾ ਦੇ ਹੈੱਡਕੁਆਰਟਰ 'ਤੇ 80 ਟਨ ਦੇ ਬੰਬ ਨਾਲ ਹਮਲਾ ਕੀਤਾ। ਹਿਜ਼ਬੁੱਲਾ ਨੇ ਹਮਲੇ ਦੇ 20 ਘੰਟੇ ਬਾਅਦ ਸ਼ਨੀਵਾਰ ਸ਼ਾਮ 5 ਵਜੇ ਨਸਰੁੱਲਾਹ ਦੀ ਮੌਤ ਦੀ ਪੁਸ਼ਟੀ ਕੀਤੀ।
ਇੱਥੇ ਐਤਵਾਰ ਨੂੰ ਇਜ਼ਰਾਈਲ ਨੇ ਲੇਬਨਾਨ ਨਾਲ ਲੱਗਦੀ ਸਰਹੱਦ 'ਤੇ ਟੈਂਕ ਤਾਇਨਾਤ ਕੀਤੇ। ਅਮਰੀਕੀ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੂੰ ਨਸਰੁੱਲਾ 'ਤੇ ਹਮਲੇ ਦੀ ਜਾਣਕਾਰੀ ਸੀ। ਲੜਾਕੂ ਜਹਾਜ਼ਾਂ ਨੇ ਆਪਰੇਸ਼ਨ ਲਈ ਉਡਾਨ ਭਰਨ ਤੋਂ ਬਾਅਦ ਇਜ਼ਰਾਈਲ ਨੇ ਉਸ ਨੂੰ ਸੂਚਿਤ ਕੀਤਾ ਸੀ।
ਹਾਲਾਂਕਿ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਹੀ ਅਮਰੀਕਾ ਨੂੰ ਸੰਦੇਸ਼ ਭੇਜਿਆ ਸੀ। ਦੂਜੇ ਪਾਸੇ ਨਸਰੱਲਾਹ ਦੀ ਮੌਤ ਤੋਂ ਬਾਅਦ ਵੀ ਇਜ਼ਰਾਈਲ ਨੇ ਸ਼ਨੀਵਾਰ (28 ਸਤੰਬਰ) ਨੂੰ ਲੇਬਨਾਨ ਵਿੱਚ ਹਮਲੇ ਜਾਰੀ ਰੱਖੇ।
ਨਿਊਯਾਰਕ ਟਾਈਮਜ਼ ਮੁਤਾਬਕ ਲੇਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਹਮਲਿਆਂ 'ਚ 33 ਲੋਕਾਂ ਦੀ ਮੌਤ ਹੋ ਗਈ, ਜਦਕਿ 195 ਜ਼ਖਮੀ ਹੋਏ। ਐੱਨਵਾਈਟੀ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ 27 ਸਤੰਬਰ ਨੂੰ ਨਸਰੱਲਾਹ ਨੂੰ ਮਾਰਨ ਲਈ 8 ਲੜਾਕੂ ਜਹਾਜ਼ ਭੇਜੇ ਸਨ।