-ਤਾਲਿਬਾਨ ਨੇ ਕਿਹਾ: ਅਫਗਾਨਿਸਤਾਨ ਵਿੱਚ ਔਰਤਾਂ ਨੂੰ ਸਾਰੇ ਅਧਿਕਾਰ
ਕਾਬੁਲ, 28 ਸਤੰਬਰ (ਪੋਸਟ ਬਿਊਰੋ): ਮਸ਼ਹੂਰ ਹਾਲੀਵੁੱਡ ਅਦਾਕਾਰਾ ਮੇਰਿਲ ਸਟ੍ਰੀਪ ਵੱਲੋਂ ਅਫਗਾਨ ਔਰਤਾਂ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਤਾਲਿਬਾਨ ਨੇ ਪਲਟਵਾਰ ਕੀਤਾ ਹੈ। ਤਾਲਿਬਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਔਰਤਾਂ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਹੈ। ਅਜਿਹੇ ਦੋਸ਼ ਲਾਉਣਾ ਬੇਤੁਕਾ ਹੈ।
ਤਾਲਿਬਾਨ ਦੇ ਬੁਲਾਰੇ ਹਮਦੁੱਲਾ ਫਿਤਰਤ ਨੇ ਕਿਹਾ ਕਿ ਅਫਗਾਨਿਸਤਾਨ 'ਚ ਔਰਤਾਂ ਦੇ ਮਨੁੱਖੀ ਅਧਿਕਾਰ ਸੁਰੱਖਿਅਤ ਹਨ। ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾਂਦਾ। ਕੁਝ ਔਰਤਾਂ ਨੇ ਤਾਲਿਬਾਨ ਵਿਰੁੱਧ ਪ੍ਰਚਾਰ ਕੀਤਾ।
ਤਾਲਿਬਾਨ ਦੇ ਇਕ ਹੋਰ ਬੁਲਾਰੇ ਸੁਹੇਲ ਸ਼ਾਹੀਨ ਨੇ ਦੱਸਿਆ ਕਿ ਔਰਤਾਂ ਨੂੰ ਉਨ੍ਹਾਂ ਅਧਿਕਾਰਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਜੋ ਇਸਲਾਮ ਨੇ ਉਨ੍ਹਾਂ ਨੂੰ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਔਰਤਾਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਇਸਲਾਮੀ ਸ਼ਰੀਅਤ ਕਾਨੂੰਨ ਦੇ ਮੁਤਾਬਕ ਹਨ।
ਇਸ ਤੋਂ ਪਹਿਲਾਂ ਮੈਰਿਲ ਸਟ੍ਰੀਪ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਸ਼ਣ ਦਿੱਤਾ ਸੀ। ਉਸ ਨੇ ਕਿਹਾ ਸੀ ਕਿ ਅਫਗਾਨਿਸਤਾਨ ਵਿਚ ਬਿੱਲੀਆਂ ਅਤੇ ਗਿਲਹਰੀਆਂ ਨੂੰ ਔਰਤਾਂ ਨਾਲੋਂ ਜਿ਼ਆਦਾ ਆਜ਼ਾਦੀ ਹੈ।
ਸਟ੍ਰੀਪ ਨੇ ਕਿਹਾ ਕਿ ਅਫਗਾਨਿਸਤਾਨ 'ਚ ਤਾਲਿਬਾਨ ਦੇ ਆਉਣ ਤੋਂ ਬਾਅਦ ਔਰਤਾਂ 'ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ। ਅਫਗਾਨਿਸਤਾਨ ਵਿੱਚ ਜਾਨਵਰ ਵੀ ਆਜ਼ਾਦ ਘੁੰਮ ਸਕਦੇ ਹਨ, ਅਫਗਾਨ ਔਰਤਾਂ ਨੂੰ ਲੁਕਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਬਹੁਤ ਅਜੀਬ ਹੈ ਅਤੇ ਕੁਦਰਤ ਦੇ ਨਿਯਮਾਂ ਦੇ ਵਿਰੁੱਧ ਵੀ।
ਮੈਰਿਲ ਸਟ੍ਰੀਪ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਜਿਸ ਤਰ੍ਹਾਂ ਸਮਾਜਿਕ ਢਹਿ-ਢੇਰੀ ਹੋਈ ਹੈ, ਉਹ ਪੂਰੀ ਦੁਨੀਆਂ ਲਈ ਸਬਕ ਹੈ। ਉੱਥੇ 70 ਦੇ ਦਹਾਕੇ ਵਿੱਚ, ਔਰਤਾਂ ਜੱਜ ਅਤੇ ਵਕੀਲ ਹੁੰਦੀਆਂ ਸਨ। ਉਹ ਲਗਭਗ ਹਰ ਖੇਤਰ ਵਿੱਚ ਕੰਮ ਕਰ ਰਹੀਆਂ ਸਨ। ਹੁਣ ਉਨ੍ਹਾਂ ਦੇ ਸਾਰੇ ਅਧਿਕਾਰ ਖੋਹ ਲਏ ਗਏ ਹਨ।