ਨਵੀਂ ਦਿੱਲੀ, 26 ਸਤੰਬਰ (ਪੋਸਟ ਬਿਊਰੋ): ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿ਼ਲਮ 'ਪੰਜਾਬ 95' ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ। ਫਿ਼ਲਮ 'ਚ ਦਿਲਜੀਤ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਸੰਵੇਦਨਸ਼ੀਲ ਮੁੱਦਿਆਂ ਦੇ ਕਾਰਨ, ਸੈਂਸਰ ਬੋਰਡ ਨੇ ਫਿਲਮ ਵਿੱਚ 85 ਕੱਟਾਂ ਦੀ ਮੰਗ ਕੀਤੀ ਸੀ, ਹਾਲਾਂਕਿ, ਹੁਣ ਰਿਵਾਈਜ਼ਡ ਕਮੇਟੀ ਨੇ 85 ਨਹੀਂ, ਸਗੋਂ 120 ਕੱਟਾਂ ਦਾ ਹੁਕਮ ਦਿੱਤਾ ਹੈ। ਕਮੇਟੀ ਨੂੰ ਫਿਲਮ ਦੇ ਟਾਈਟਲ ਨੂੰ ਲੈ ਕੇ ਵੀ ਸਮੱਸਿਆ ਹੈ, ਜਿਸ 'ਚ ਬਦਲਾਅ ਦੀ ਮੰਗ ਕੀਤੀ ਗਈ ਹੈ।
ਸੈਂਸਰ ਬੋਰਡ ਦੀ ਨਵੀਂ ਕਮੇਟੀ ਨੇ ਫਿਲਮ ਨਿਰਮਾਤਾਵਾਂ ਨੂੰ ਫਿਲਮ ਦੇ ਉਨ੍ਹਾਂ ਸਾਰੇ ਦ੍ਰਿਸ਼ਾਂ 'ਚ ਬਦਲਾਅ ਕਰਨ ਦੇ ਹੁਕਮ ਦਿੱਤੇ ਹਨ, ਜਿੱਥੇ ਪੰਜਾਬ ਅਤੇ ਇਸ ਦੇ ਜਿ਼ਲ੍ਹਾ ਤਰਨਤਾਰਨ ਦਾ ਜਿ਼ਕਰ ਕੀਤਾ ਗਿਆ ਹੈ। ਫਿਲਮ ਵਿੱਚ ਦਿਖਾਏ ਗਏ ਕੈਨੇਡਾ ਅਤੇ ਯੂਕੇ ਦੇ ਹਵਾਲੇ ਹਟਾਉਣ ਦੀ ਵੀ ਮੰਗ ਕੀਤੀ ਗਈ ਹੈ।
ਫਿਲਮ ਦਾ ਟਾਈਟਲ ਪੰਜਾਬ 95 ਰੱਖਿਆ ਗਿਆ ਹੈ। ਜਸਵੰਤ ਸਿੰਘ ਖਾਲੜਾ ਸਾਲ 1995 ਵਿੱਚ ਲਾਪਤਾ ਹੋ ਗਏ ਸਨ, ਇਸ ਲਈ ਸੈਂਸਰ ਬੋਰਡ ਕਮੇਟੀ ਨੇ ਸਿਰਲੇਖ ਬਦਲਣ ਦੀ ਮੰਗ ਕੀਤੀ ਸੀ। ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਕਮੇਟੀ ਮੰਗ ਕਰਦੀ ਹੈ ਕਿ ਫਿਲਮ ਦੇ ਮੁੱਖ ਕਿਰਦਾਰ ਜਸਵੰਤ ਸਿੰਘ ਖਾਲੜਾ ਦਾ ਨਾਂ ਵੀ ਬਦਲਿਆ ਜਾਵੇ। ਫਿਲਮ ਵਿੱਚੋਂ ਗੁਰਬਾਣੀ ਦੇ ਦ੍ਰਿਸ਼ ਵੀ ਹਟਾਉਣ ਲਈ ਕਿਹਾ।
ਖਬਰਾਂ ਮੁਤਾਬਕ ਫਿਲਮ ਨਿਰਮਾਤਾਵਾਂ ਨੇ ਸੈਂਸਰ ਬੋਰਡ ਵੱਲੋਂ ਕਹੇ ਗਏ ਬਦਲਾਅ 'ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਸਵੰਤ ਸਿੰਘ ਖਾਲੜਾ ਪੰਜਾਬ ਦੇ ਸਤਿਕਾਰਤ ਵਿਅਕਤੀ ਸਨ, ਜਿਨ੍ਹਾਂ ’ਤੇ ਇਹ ਫਿਲਮ ਬਣੀ ਹੈ। ਅਜਿਹੇ 'ਚ ਉਨ੍ਹਾਂ ਦਾ ਨਾਂ ਫਿਲਮ ਤੋਂ ਹਟਾਉਣਾ ਗਲਤ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਲਮ ਪੰਜਾਬ 95 ਵਿਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿਚ ਹਨ। ਫਿਲਮ ਰੋਨੀ ਸਕਰੂਵਾਲਾ ਦੁਆਰਾ ਨਿਰਮਤ ਹੈ ਅਤੇ ਹਨੀ ਤ੍ਰੇਹਨ ਦੁਆਰਾ ਡਾਇਰੈਕਟ ਕੀਤੀ ਗਈ ਹੈ।