ਕੀਵ, 11 ਅਗਸਤ (ਪੋਸਟ ਬਿਊਰੋ): ਰੂਸ ਅਤੇ ਯੂਕਰੇਨ ਵਿਚਾਲੇ ਢਾਈ ਸਾਲ ਤੋਂ ਚੱਲ ਰਹੀ ਜੰਗ ਦਰਮਿਆਨ ਯੂਕਰੇਨ ਨੇ ਹੁਣ ਰੂਸ 'ਚ ਦਾਖਲ ਹੋ ਕੇ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਯੂਕਰੇਨ ਦੀ ਫੌਜ ਰੂਸੀ ਸਰਹੱਦ ਅੰਦਰ 10 ਕਿਲੋਮੀਟਰ ਤੱਕ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਰੂਸੀ ਸੂਬੇ ਕੁਰਸਕ ਦੇ ਗਵਰਨਰ ਅਲੈਕਸੀ ਸਮਿਰਨੋਵ ਨੇ ਕਿਹਾ ਕਿ ਹਮਲਿਆਂ ਦੇ ਮੱਦੇਨਜ਼ਰ 76 ਹਜ਼ਾਰ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਹਨ।
ਜਾਣਕਾਰੀ ਅਨੁਸਾਰ, ਰੂਸ ਵਿੱਚ 1 ਹਜ਼ਾਰ ਤੋਂ ਵੱਧ ਯੂਕਰੇਨੀ ਸੈਨਿਕ, 20 ਬਖਤਰਬੰਦ ਵਾਹਨ ਅਤੇ 11 ਟੈਂਕ ਮੌਜੂਦ ਹਨ। ਉਨ੍ਹਾਂ ਨੇ ਕਈ ਪਿੰਡਾਂ 'ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਦਾ ਅਗਲਾ ਨਿਸ਼ਾਨਾ ਸੁਦਜਾ ਸ਼ਹਿਰ ਦੱਸਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਰੂਸ ਦੇ ਓਕਟਾਬ੍ਰਾਸਕੋ ਸ਼ਹਿਰ 'ਚ 15 ਫੌਜੀ ਵਾਹਨਾਂ ਦੇ ਕਾਫਲੇ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਇਹ ਸ਼ਹਿਰ ਰੂਸੀ ਸਰਹੱਦ ਤੋਂ ਲਗਭਗ 38 ਕਿਲੋਮੀਟਰ ਦੂਰ ਹੈ। ਹਮਲਿਆਂ ਦੇ ਮੱਦੇਨਜ਼ਰ ਰੂਸ ਨੇ ਕਈ ਟੈਂਕ ਅਤੇ ਰਾਕੇਟ ਲਾਂਚਰ ਕੁਰਸਕ ਭੇਜੇ ਹਨ। ਰੂਸ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਐਤਵਾਰ ਨੂੰ ਪਹਿਲੀ ਵਾਰ ਰੂਸ 'ਤੇ ਹਮਲੇ ਨੂੰ ਸਵੀਕਾਰ ਕੀਤਾ ਹੈ।
ਜ਼ੇਲੇਂਸਕੀ ਨੇ ਕਿਹਾ ਕਿ ਸਾਡੀਆਂ ਫ਼ੌਜਾਂ ਜੰਗ ਨੂੰ ਰੂਸ ਦੀ ਧਰਤੀ 'ਤੇ ਲਿਜਾਅ ਰਹੀਆਂ ਹਨ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਨਿਆਂ ਬਹਾਲ ਕਰਦੇ ਹੋਏ ਹਮਲਾਵਰਾਂ 'ਤੇ ਲੋੜੀਂਦਾ ਦਬਾਅ ਪਾਉਣ ਦੇ ਸਮਰੱਥ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਸੈਨਿਕਾਂ ਦਾ ਧੰਨਵਾਦ ਕੀਤਾ।