ਇਸਲਾਮਾਬਾਦ, 30 ਜੁਲਾਈ (ਪੋਸਟ ਬਿਊਰੋ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਕੁਰੱਮ ਜਿ਼ਲੇ 'ਚ ਸ਼ੀਆ ਅਤੇ ਸੁੰਨੀ ਭਾਈਚਾਰਿਆਂ ਵਿਚਾਲੇ ਜ਼ਮੀਨੀ ਵਿਵਾਦ 'ਚ 49 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 200 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਇਸ ਝਗੜੇ ਦੀ ਜੜ੍ਹ 30 ਏਕੜ ਜ਼ਮੀਨ ਹੈ। ਕੁਰੱਮ ਜਿ਼ਲ੍ਹੇ ਦੇ ਪਿੰਡ ਬੁਸ਼ਹਿਰਾ ਵਿੱਚ ਦੋ ਕਬੀਲਿਆਂ ਵਿੱਚ ਮਾਲਕੀ ਹੱਕ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਇਹ ਲੜਾਈ ਪਿਛਲੇ ਹਫਤੇ ਬੁੱਧਵਾਰ ਨੂੰ ਦੋ ਪਰਿਵਾਰਾਂ ਵਿਚਾਲੇ ਸ਼ੁਰੂ ਹੋਈ ਸੀ, ਜੋ ਜਲਦੀ ਹੀ ਦੋ ਕਬੀਲਿਆਂ ਵਿਚਾਲੇ ਫੈਲ ਗਈ। ਹੁਣ ਇਸ ਨੂੰ ਲੈ ਕੇ ਪੂਰੇ ਜਿ਼ਲ੍ਹੇ ਵਿੱਚ ਤਣਾਅ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਸੁੰਨੀ ਭਾਈਚਾਰੇ ਨੂੰ ਸਰਹੱਦ ਪਾਰੋਂ ਅਫ਼ਗਾਨ ਕਬੀਲਿਆਂ ਦਾ ਸਮਰਥਨ ਮਿਲ ਰਿਹਾ ਹੈ, ਜਿਸ ਕਾਰਨ ਉਹ ਹਾਵੀ ਹੋ ਰਹੇ ਹਨ।
ਕੁਰੱਮ ਦੇ ਡਿਪਟੀ ਕਮਿਸ਼ਨਰ ਜਾਵੇਦੁੱਲ੍ਹਾ ਮੇਸ਼ੁਦ ਨੇ ਦੱਸਿਆ ਕਿ ਦੋ ਭਾਈਚਾਰਿਆਂ ਵਿਚਾਲੇ ਇਹ ਲੜਾਈ 6 ਦਿਨਾਂ ਤੋਂ ਚੱਲ ਰਹੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨਾਲ ਮਿਲ ਕੇ ਕਬਾਇਲੀ ਭਾਈਚਾਰੇ ਦੇ ਬਜ਼ੁਰਗਾਂ ਜਿਰਗਾ ਅਤੇ ਹੋਰਾਂ ਦੀ ਮਦਦ ਨਾਲ ਦੋਵਾਂ ਭਾਈਚਾਰਿਆਂ ਵਿਚਕਾਰ ਸਮਝੌਤਾ ਕਰਵਾ ਲਿਆ ਹੈ ਪਰ ਜਿ਼ਲ੍ਹੇ ਦੇ ਹੋਰ ਹਿੱਸਿਆਂ ਵਿਚ ਹਾਲੇ ਵੀ ਗੋਲੀਬਾਰੀ ਦੀਆਂ ਖ਼ਬਰਾਂ ਹਨ।