-ਐੱਮ.ਪੀਜ਼. ਸੋਨੀਆ ਸਿੱਧੂ, ਰੂਬੀ ਸਹੋਤਾ, ਸ਼ਫ਼ਕਤ ਅਲੀ, ਮਨਿੰਦਰ ਸਿੱਧੂ ਤੇ ਕਈ ਹੋਰਨਾਂ ਨੇ ਕੀਤੀ ਸ਼ਿਰਕਤ
ਬਰੈਂਪਟਨ, (ਡਾ. ਝੰਡ) – ਲੰਘੇ ਸ਼ਨੀਵਾਰ 6 ਜੁਲਾਈ ਨੂੰ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਬਰੈਂਪਟਨ ਦੇ ਪਾਲ ਪਲੈਸ਼ੀ ਰੀਕਰੀਏਸ਼ਨ ਸੈਂਟਰ ਵਿਚ ਕੈਨੇਡਾ-ਡੇਅ ਮਨਾਇਆ। ਕਲੱਬ ਵੱਲੋਂ ਇਸ ਦੀ “ਹੈੱਲਥ ਸੀਰੀਜ਼” ਦੇ ਅਗਲੇ ਭਾਗ ਵਜੋਂਡਾਇਬਟੀਜ਼ ਨਾਲ ਸਬੰਧਿਤ ਸ਼ਾਨਦਾਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੁੱਖ-ਬੁਲਾਰੇ ਵਜੋਂ ਸਰਟੀਫਾਈਡ ਡਾਇਬਟੀਜ਼ ਕਨਸਲਟੈਂਟ ਨੇਹਾ ਕੌਸ਼ਲ ਵੱਲੋਂ ਡਾਇਬਟੀਜ਼ ਦੇ ਕਾਰਨਾਂ ਅਤੇ ਇਸ ਦੇ ਨਾਲ ਜੁੜੀਆਂ ਧਾਰਨਾਵਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਡਾਇਬਟੀਜ਼ ਤੋਂ ਬਚਾਅ ਲਈ ਉਨ੍ਹਾਂ ਵੱਲੋਂ ਮਨੁੱਖੀ ਸਰੀਰ ਵਿਚ ਸ਼ੂਗਰ ਦੀ ਮਾਤਰਾ ਵਧਾਉਣ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਕਰਨ ਅਤੇ ਸਰੀਰਕ ਵਰਜਿਸ਼ ਉੱਪਰ ਜ਼ੋਰ ਦਿੱਤਾ ਗਿਆ। ਸਮਾਗ਼ਮ ਵਿਚ ਐੱਮ.ਪੀਜ਼ ਸੋਨੀਆ ਸਿੱਧੂ, ਰੂਬੀ ਸਹੋਤਾ, ਸ਼ਫ਼ਕਤ ਅਲੀ, ਮਨਿੰਦਰ ਸਿੱਧੂ, ਰੀਜਨਲ ਕੌਂਸਲਰ ਪਾਲ ਵਿਸੈਂਟ ਤੇ ਕਈ ਹੋਰ ਸਮਾਜਿਕ ਸ਼ਖ਼ਸੀਅਤਾਂ ਸਮੇਤ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੀ ਸ਼ੁਰੂਆਤ ਕੈਨੇਡਾ ਦੇ ਰਾਸ਼ਟਰੀ-ਗੀਤ ‘ਓ ਕੈਨੇਡਾ’ ਦੇ ਗਾਇਨ ਨਾਲ ਕੀਤੀ ਗਈ ਅਤੇ ਸੈਮੀਨਾਰ ਦਾ ਉਦਘਾਟਨ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਕੀਤਾ ਗਿਆ ਜੋ ਕਿ ਦੇਸ਼-ਭਰ ਵਿਚ ਡਾਇਬਟੀਜ਼ ਦੀ ਰੋਕਥਾਮ ਬਾਰੇ ਜ਼ੋਰਦਾਰ ਮੁਹਿੰਮ ਚਲਾ ਰਹੇ ਹਨ। ਆਪਣੇ ਸੰਬੋਧਨ ਵਿਚ ਉਨ੍ਹਾਂ ਹਾਜ਼ਰੀਨ ਨੂੰ ਡਾਇਬਟੀਜ਼ ਨੂੰ ਕੈਨੇਡਾ ਵਿੱਚੋਂ ਖ਼ਤਮ ਕਰਨ ਦਾ ਸੱਦਾ ਦਿੱਤਾ। ਸਮਾਗ਼ਮ ਦੇ ਚੀਫ਼-ਗੈੱਸਟ ਬਰੈਂਪਟਨ ਸੈਂਟਰ ਦੇ ਐੱਮ.ਪੀ. ਸ਼ਫ਼ਕਤ ਅਲੀ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਕਿਹਾ, “ਸਾਡੇ ਜੀਵਨ ਵਿਚ ਸਰੀਰਕ ਤੰਦਰੁਸਤੀ ਸੱਭ ਤੋਂ ਅਹਿਮ ਹੈ ਅਤੇ ਸਾਡੀਆਂ ਕਮਿਊਨਿਟੀਆਂ ਨੂੰ ਡਾਇਬਟੀਜ਼ ਬਾਰੇ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ।“
ਬਰੈਂਪਟਨ ਨਾਰਥ ਦੀ ਐੱਮ.ਪੀ. ਰੂਬੀ ਸਹੋਤਾ, ਬਰੈਂਪਟਨ ਈਸਟ ਦੇ ਐੱਮ.ਪੀ.ਮਨਿੰਦਰ ਸਿੱਧੂ ਅਤੇ ਰੀਜਨਲ ਕੌਂਸਲਰ ਰਵੀਨਾ ਸੈਟੋਸ ਨੇ ਵੀ ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕੀਤਾ।ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੱਲੋਂ ਆਇਆ ਹੋਇਆ ਸੰਦੇਸ਼ ਸਮਾਗ਼ਮ ਵਿਚ ਪੜ੍ਹ ਕੇ ਸੁਣਾਇਆ ਗਿਆ ਜਿਸ ਵਿਚ ਉਨ੍ਹਾਂ ਨੇ ਕਿਹਾ, “ਐੱਫ਼.ਸੀ.ਐੱਫ਼.ਸੀ. ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨ ਅਤੇ ਕੌਮੀ ਪੱਧਰ ਤੇ ਵਿਭਿੰਨਿਤਾ ਵਿਚ ਏਕਤਾ ਲਈ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਮੈਂ ਇਸ ਦੀ ਭਰਪੂਰ ਸ਼ਲਾਘਾ ਕਰਦਾ ਹਾਂ ਅਤੇ ਕਲੱਬ ਵੱਲੋਂਇਸ ਸਬੰਧੀ ਅੱਗੋਂ ਹੋਰ ਵਧੇਰੇ ਕੰਮ ਕਰਨ ਦੀ ਆਸ ਰੱਖਦਾ ਹਾਂ।“ ਸਮਾਗ਼ਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਗੀਤਾਂ, ਲੋਕ-ਗੀਤਾਂ, ਗਿੱਧਾ ਤੇ ਭੰਗੜਾ ਦੀਆਂ ਆਈਟਮਾਂ ਨੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।
ਸਮਾਗ਼ਮ ਦੇ ਅਖੀਰ ਵਿਚ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਵੱਲੋਂ ਆਏ ਮਹਿਮਾਨਾਂ ਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਆਪਣੇ ਸੰਬੋਧਨ ਵਿਚ ਉਨ੍ਹਾਂ ‘ਕੈਨੇਡਾ-ਡੇਅ’ ਨਾਲ ਜੁੜੇ ਕੈਨੇਡਾ ਦੇ ਗੌਰਵਮਈ ਇਤਿਹਾਸ ਅਤੇ ਸਿਹਤ ਸੰਭਾਲ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਮੈਂਬਰਾਂ ਨੂੰ ਕਲੱਬ ਦੇ ਆਉਣ ਵਾਲੇ ਸਮਾਗ਼ਮਾਂ ਬਾਰੇ ਵੀ ਜਾਣੂੰ ਕਰਵਾਇਆ।