Welcome to Canadian Punjabi Post
Follow us on

04

July 2025
 
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1

May 09, 2019 09:31 AM

ਲੜੀ ਜੋੜਨ ਲਈ ਪਿਛਲਾ ਭਾਗ ਦੇਖੋ.....  

ਕੱਲ ਅਸੀਂ ਸਾਬਕਾ ਪਾਰਲੀਮੈਂਟ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ ਵੱਲੋਂ ਪਿਛਲੇ ਸਮਿਆਂ ਵਿੱਚ ਪਾਈਆਂ ਪਿਰਤਾਂ ਦਾ ਜਿ਼ਕਰ ਕਰਦੇ ਹੋਏ ਇਸ ਰੁਝਾਨ ਵੱਲ ਝਾਤ ਮਾਰੀ ਸੀ ਕਿ ਸਿੱਖ ਸੰਸਥਾਵਾਂ ਅਤੇ ਜੱਥੇਬੰਦੀਆਂ ਦੇ ਸਮਾਗਮਾਂ ਵਿੱਚ ਸਿਆਸੀ ਚਹਿਲ ਪਹਿਲ ਵੱਧਣ ਦੇ ਬਾਵਜੂਦ ਕਮਿਉਨਿਟੀ ਦਾ ਸਮੂਹਿਕ ਪ੍ਰਭਾਵ ਕਮਜ਼ੋਰ ਕਿਉਂ ਵੇਖਣ ਨੂੰ ਮਿਲਦਾ ਹੈ। ਸਿਆਸਤਦਾਨ ਧਾਰਮਿਕ ਸਥਾਨਾਂ ਤੱਕ ਆਪੋ ਆਪਣੇ ਮਕਸਦਾਂ ਲਈ ਪਹੁੰਚ ਕਰਦੇ ਚਲੇ ਜਾ ਰਹੇ ਹਨ ਅਤੇ ਸੰਸਥਾਵਾਂ ਆਪਣੇ ਨਿੱਜੀ ਦ੍ਰਿਸ਼ਟੀਕੋਣ ਤੋਂ ਕਮਿਉਨਿਟੀ ਦੇ ਇੱਕਠ ਨੂੰ ਵਰਤਦੀਆਂ ਹਨ। ਮਿਸਾਲ ਵਜੋਂ ਹਰ ਵੱਖ 2 ਗੁਰੁਦਆਰਿਆਂ ਦੇ ਜੁੜਾਵ ਵੱਖੋ ਵੱਖਰੇ ਟੀਚੇ ਵਾਲੀਆਂ ਵਿਚਾਰਧਾਰਕ ਜੱਥੇਬੰਦੀਆਂ ਨਾਲ ਮੁਕਰੱਰ ਹੋਣੇ ਹੁਣ ਅਪਵਾਦ ਨਹੀਂ ਸਗੋਂ ਨੇਮ (rule not an exception) ਬਣ ਚੁੱਕੇ ਹਨ। ਨਤੀਜਾ ਇਹ ਕਿ ਕੌਮੀ ਸਿੱਖ ਚਿਹਰੇ ਮੁਹਰਿਆਂ ਨੂੰ ਲੈ ਕੇ ਬਾਹਰਲੀਆਂ ਕਮਿਉਨਿਟੀਆਂ ਨੇ ਕਿਹੋ ਜਿਹਾ ਪ੍ਰਭਾਵ ਮਨਾਂ ਵਿੱਚ ਵਸਾਉਣਾ ਹੈ, ਉਹ ਇੱਕ ਵੱਖਰੀ ਚਰਚਾ ਦਾ ਵਿਸ਼ਾ ਹੈ, ਸਿੱਖ ਭਾਈਚਾਰੇ ਅੰਦਰ ਵੀ ਅਖੌਤੀ ਲੀਡਰਾਂ ਵੱਲੋਂ ਤਿੜਕੀ ਦ੍ਰਿਸ਼ਟੀ ਦਾ ਲੈਂਜ਼ ਪਹਿਨ ਕੇ ਟਿੱਪਣੀਆਂ ਹੋਣ ਲੱਗ ਪਈਆਂ। ਭਾਵ ਆਪਣਿਆਂ ਹੱਥੋਂ ਆਪਣਿਆਂ ਦਾ ਚੀਰਹਰਨ।

 

ਤਿੜਕੀ ਦ੍ਰਿਸ਼ਟੀ ਦੇ ਲੈਂਜ ਵਿੱਚੋਂ ਪੈਦਾ ਹੁੰਦੀਆਂ ਟਿੱਪਣੀਆਂ ਦੀ ਇੱਕ ਮਿਸਾਲ ਐਡਮਿੰਟਨ-ਸੇ਼ਰਵੁੱਡ ਰਾਈਡਿੰਗ ਤੋਂ ਜਿੱਤ ਕੇ ਆਇਆ ਨੌਜਵਾਨ ਐਮ ਪੀ ਟਿੱਮ ਉੱਪਲ ਦੀ ਲਈ ਜਾ ਸਕਦੀ ਹੈ। ਗੁਰਬਖਸ਼ ਸਿੰਘ ਮੱਲ੍ਹੀ ਤੋਂ ਬਾਅਦ ਟਿੱਮ ਉੱਪਲ ਨੂੰ ਸਿਹਰਾ ਜਾਂਦਾ ਹੈ ਕਿ ਉਸਨੂੰ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਦੇ ਐਨ ਪਿੱਛੇ ਵਾਲੀ ਕਤਾਰ ਵਿੱਚ ਅਜਿਹੀ ਥਾਂ ਕੁਰਸੀ ਦਿੱਤੀ ਜਾਂਦੀ ਸੀ ਜਿੱਥੇ ਤੋਂ ਕੈਮਰੇ ਦੀ ਅੱਖ ਤੋਂ ਉਸਦੀ ਨੀਲੀ ਦਸਤਾਰ ਬੱਚ ਨਾ ਸਕੇ। ਉੱਥੇ ਬੈਠਣ ਦਾ ਸਬੱਬ ਸਿੱਖ ਪਹਿਚਾਣ ਨੂੰ ਇੱਕ ਅਜਿਹਾ ਬਿੰਬ ਪ੍ਰਦਾਨ ਕਰਦਾ ਸੀ ਜੋ ਇੱਕਲੇ ਕੈਨੇਡਾ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਵਿੱਚ ਸਿੱਖਾਂ ਬਾਰੇ ਹਾਂ ਪੱਖੀ ਪ੍ਰਭਾਵ ਪਾਉਣ ਲਈ ਲੋਕਾਂ ਦੀਆਂ ਅੱਖਾਂ ਸਾਹਮਣੇ ਨੱਚਦਾ ਟੱਪਦਾ ਹੈ। ਬਿਲਕੁਲ ਉਵੇਂ ਹੀ ਜਿਵੇਂ ਗੁਰਬਖਸ਼ ਸਿੰਘ ਮੱਲ੍ਹੀ ਦੀ ਲਾਲ ਦਸਤਾਰ ਚਮਕਾਂ ਮਾਰਿਆ ਕਰਦੀ ਸੀ।

 

ਪਰ ਟਿੱਮ ਉੱਪਲ ਦਾ ਵਕਤ ਆਉਣ ਤੱਕ ਕਮਿਉਨਿਟੀ ਅੰਦਰ ਤਿੜਕੀ ਨਜ਼ਰ ਐਨੀ ਕੁ ਮਜ਼ਬੂਤ ਹੋ ਚੁੱਕੀ ਸੀ ਕਿ ਉਸਦੀ ਕੁਰਸੀ, ਉਸਦੇ ਰੋਲ ਅਤੇ ਦਿੱਖ ਦਾ ਬਾਹਰਲਿਆਂ ਵੱਲੋਂ ਨਹੀਂ ਸਗੋਂ ਭਾਈਚਾਰੇ ਵਿੱਚੋਂ ਭਾਈਚਾਰਾ ਦਾ ਹਿੱਤ ਪੂਰਨ ਦਾ ਦਾਅਵਾ ਕਰਨ ਵਾਲਿਆਂ ਵੱਲੋਂ ਮਜਾਕ ਉਡਾਇਆ ਜਾਂਦਾ ਸੀ। ਟਿੱਪ ਉੱਪਲ ਦਾ ਮਜਾਕ ਉਸੇ ਸੋਚ ਵੱਸ ਉਡਾਇਆ ਜਾਂਦਾ ਜਿਸ ਦੇ ਹੱਥੋਂ ਚੱਲੇ ਕਟਾਕਸ਼ ਦੇ ਤੀਰਾਂ ਕਾਰਣ ਅੱਜ ਦੇ ਕਈ ਲਿਬਰਲ ਸਿੱਖ ਐਮ ਪੀਆਂ/ਮੰਤਰੀਆਂ ਦਾ ਕਈ ਗੁਰਦੁਆਰਿਆਂ ਵਿੱਚ ਸ਼ਾਮਲ ਹੋਣਾ ਲੱਗਭੱਗ ਅਸੰਭਵ ਸਮਝਿਆ ਜਾਂਦਾ ਹੈ। ਟਿੱਮ ਉੱਪਲ ਬਾਰੇ ਐਨਾ ਕੁ ਦੱਸਣਾ ਲਾਜ਼ਮੀ ਬਣਦਾ ਹੈ ਕਿ ਉਹ ਜਿਸ ਰਾਈਡਿੰਗ ਵਿੱਚੋਂ ਜਿੱਤ ਕੇ ਆਇਆ ਸੀ, ਉਸ ਵਿੱਚ ਸਿੱਖ ਵੋਟ 5% ਤੋਂ ਵੀ ਘੱਟ ਰਹੀ ਹੋਵੇਗੀ ਭਾਵ ਉਹ ਆਪਣੇ ਦਮਖਮ ਸਹਾਰੇ ਕੈਨੇਡੀਅਨ ਸਿਆਸਤ ਦੀ ਪੈਦਾਇਸ਼ ਵਜੋਂ ਉੱਭਰਿਆ ਸੀ ਨਾ ਕਿ ਗੁਰਦੁਆਰਾ ਵਿੱਚੋਂ।

 

ਇਸ ਸਾਲ ਟੋਰਾਂਟੋ ਅਤੇ ਵੈਨਕੂਵਰ ਵਿੱਚ ਆਯੋਜਿਤ ਹੋਏ ਚਾਰ ਵੱਡੇ ਨਗਰ ਕੀਰਤਨਾਂ ਦੀ ਬਣਤਰ ਅਤੇ ਸ਼ਮੂਲੀਅਤ ਬਾਰੇ ਗੱਲ ਕਰਨੀ ਕੁਥਾਂ ਨਹੀਂ ਹੋਵੇਗੀ। ਟੋਰਾਂਟੋ ਡਾਊਨ ਟਾਊਨ ਨਗਰ ਅਤੇ ਵੈਨਕੂਵਰ ਦੇ ਰੌਸ ਗੁਰਦੁਆਰਾ ਸਾਹਿਬ ਨਗਰ ਕੀਰਤਨ ਵਿੱਚ ਲਗਭੱਗ ਹਰ ਸਿਆਸੀ ਰੰਗਤ ਵਾਲੇ ਸਿਆਸਤਦਾਨ ਨੇ ਹਿੱਸਾ ਲਿਆ। ਵੈਨਕੂਵਰ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਦਿ ਦੀ ਹਾਜ਼ਰੀ ਨੂੰ ਫੈਡਰਲ ਪਬਲਿਕ ਸੇਫਟੀ ਮਹਿਕਮੇ ਦੀ ਅਤਿਵਾਦ ਬਾਰੇ 2018 ਦੀ ਰਿਪੋਰਟ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਇੱਕ ਕਿਸਮ ਨਾਲ ਭੁੱਲ ਬਖਸ਼ਾਊ ਗੇੜਾ ਹੀ ਆਖਿਆ ਜਾ ਸਕਦਾ ਹੈ। ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀਅਰ ਅਤੇ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਵੀ ਜਰੂਰ ਹਾਜ਼ਰੀ ਭਰੀ ਪਰ ਨਗਰ ਕੀਰਤਨ ਵਿੱਚੋਂ ਮਿਲਣ ਵਾਲੀ ਚਕਾਚੌਂਧ ਵਿੱਚ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਸਾਥੀਆਂ ਨੇ ਖੂਬ ਲਿਸ਼ਕਾਂ ਮਾਰੀਆਂ। ਇਵੇਂ ਦਾ ਹੀ ਕੁੱਝ ਡਾਊਨ ਟਾਊਨ ਟੋਰਾਂਟੋ ਦੇ ਨਗਰ ਕੀਰਤਨ ਵਿੱਚ ਹੋਇਆ ਜਿੱਥੇ ਬਣਦੀ ਸਰਦੀ ਗਿਣਤੀ ਵਿੱਚ ਲਿਬਰਲ ਐਮ ਪੀ ਅਤੇ ਮੰਤਰੀ ਉੱਮੜੇ ਪਰ ਦੂਜੀਆਂ ਪਾਰਟੀਆਂ ਨੂੰ ਵੀ ਰਸਮੀ ਹਾਜ਼ਰੀ ਭਰਨ ਦੀ ਆਗਿਆ ਦਿੱਤੀ ਗਈ। ਕੀ ਹਾਜ਼ਰੀ ਭਰਨ ਦੇ ਅਵਸਰ ਖਾਲਸੇ ਦੇ ਬਰਾਬਰੀ ਦੇ ਸਿਧਾਂਤ ਉੱਤੇ ਟਿਕੇ ਸਨ, ਇਹ ਸੁਆਲ ਹੈ ਜਿਸਦਾ ਜਵਾਬ ਉੱਨਾ ਹੀ ਖੁੱਲਾ ਅਤੇ ਮੋਕਲਾ ਹੋ ਸਕਦਾ ਹੈ ਜਿੰਨਾ ਕਿਸੇ ਦਾ ਨਗਰ ਕੀਰਤਨਾਂ ਦੀ ਸਿਆਸਤ ਨਾਲ ਵਾਹ ਵਾਸਤਾ।

 

ਮਜ਼ੇਦਾਰ ਸੁਆਲ ਉੱਠਦਾ ਹੈ ਕਿ ਉਪਰੋਕਤ ਜਿ਼ਕਰ ਕੀਤੇ ਦੋਵਾਂ ਨਗਰ ਕੀਰਤਨਾਂ ਨਾਲੋਂ ਵੱਧ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਇੱਕਤਰ ਕਰਨ ਵਾਲੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਡੇਲ ਅਤੇ ਸਰੀ (ਵੈਨਕੂਵਰ) ਦੇ ਨਗਰ ਕੀਰਤਨਾਂ ਵਿੱਚ ਸਿਆਸਤਦਾਨਾਂ ਦਾ ਲੱਗਭੱਗ ਖੁਦ ਹੀ ਗੈਰਹਾਜ਼ਰ ਹੋਣਾ ਜਾਂ ਕਰ ਦਿੱਤਾ ਜਾਣਾ ਕਿਵੇਂ ਸੰਭਵ ਹੋਇਆ? ਇਹਨਾਂ ਨਗਰ ਕੀਰਤਨਾਂ ਵਿੱਚ ਸਿਆਸਤ ਜਾਂ ਸਿਆਸਤ ਦੀ ਗੈਰਹਾਜ਼ਰੀ ਨੂੰ ਵੇਖਕੇ ਕੀ ਮੰਨ ਲਿਆ ਜਾਵੇ ਕਿ ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਦੋ ਸਪੱਸ਼ਟ ਧਿਰਾਂ ਹਨ, ਜਿਹਨਾਂ ਵਿੱਚੋਂ ਇੱਕ ਨਿਰੋਲ ਧਾਰਮਿਕ ਅਤੇ ਦੂਜੀ ਸਿਆਸੀ ਰੁਖ ਵਾਲੀ ਹੈ? ਇਸ ਬਾਰੇ ਯਕੀਨੀ ਰੂਪ ਵਿੱਚ ਕੁੱਝ ਆਖਣਾ ਮੁਸ਼ਕਲ ਹੈ ਕਿਉਂਕਿ ਗੁਰਦੁਆਰਾ ਸਿਆਸਤ ਦੀਆਂ ਗਰਾਰੀਆਂ ਐਨੀ ਜਲਦੀ ਘੁੰਮ ਜਾਂਦੀਆਂ ਹਨ ਕਿ ਪਤਾ ਲਾਉਣਾ ਔਖਾ ਹੁੰਦਾ ਹੈ ਕਿ ਕੌਣ ਸਿਆਸਤ ਪੱਖੀ ਹੈ ਅਤੇ ਕੌਣ ਨਿਰੱਪਖੀ?

 

ਇੱਕ ਗੱਲ ਪੱਕੀ ਹੈ ਕਿ ਸਿੱਖ ਸੰਗਤਾਂ, ਸਿਆਸਤ ਪੱਖੀਆਂ ਜਾਂ ਨਿਰੱਪਖੀਆਂ ਤੋਂ ਨਿਰਲੇਪ, ਦੋਵਾਂ ਕਿਸਮਾਂ ਦੇ ਨਗਰ ਕੀਰਤਨਾਂ ਵਿੱਚ ਬਰਾਬਰ ਦੀ ਸ਼ਰਧਾ ਨਾਲ ਹਾਜ਼ਰੀ ਭਰਦੀਆਂ ਹਨ। ਇਹੀ ਸੁਆਲ ਅਸੀਂ ਕੱਲ ਖੜਾ ਕੀਤਾ ਸੀ ਕਿ ਜੇ ਭਾਈਚਾਰੇ ਵੱਲੋਂ ਬਿਨਾ ਕਿਸੇ ਵਿਸ਼ੇਸ਼ ਸੋਚ ਨੂੰ ਪ੍ਰਣਾਏ ਹਾਜ਼ਰੀ ਭਰੀ ਜਾਂਦੀ ਹੈ ਤਾਂ ਇਹ ਅਰਥ ਕੱਢਿਆ ਜਾਣਾ ਸਹਿਗ ਗੱਲ ਹੈ ਕਿ ਆਮ ਸਿੱਖ ਦਾ ਲਗਾਵ ਅਤੇ ਜੁੜਾਵ ਸਿਰਫ਼ ਗੁਰੂ ਨਾਲ ਹੈ ਨਾ ਕਿ ਗੁਰਦੁਆਰਿਆਂ ਦੀਆਂ ਸਿਆਸਤਾਂ ਨਾਲ?

 

ਸਿੱਖ ਸੰਸਥਾਵਾਂ ਦੀ ਆਪਣੇ ਨਿੱਜੀ ਮੁਫਾਦਾਂ ਦੀ ਪੂਰਤੀ ਵਾਲੀ ਪਹੁੰਚ ਦਾ ਨਤੀਜਾ ਹੈ ਕਿ ਅੱਜ ਕਮਿਉਨਿਟੀ ਕੋਈ ਅਜਿਹਾ ਲਾਭ ਨਹੀਂ ਪ੍ਰਾਪਤ ਕਰ ਪਾ ਰਹੀ ਜਿਸਨੂੰ ਸਿੱਖੀ ਦਾ ਮਾਣ ਆਖਿਆ ਜਾ ਸਕੇ। ਮਿਸਾਲ ਵਜੋਂ ਇਸ ਸਾਲ ਸਾਰੇ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਨੂੰ ਸਮ੍ਰਪਿਤ ਸਨ ਪਰ ਅਜਿਹਾ ਕੋਈ ਉੱਦਮ ਜਾਂ ਚਾਰਾਜੋਈ ਨਹੀਂ ਕੀਤੀ ਗਈ ਵਿਖਾਈ ਦਿੱਤੀ ਜਿਸ ਨਾਲ ਉਸ ਮਹਾਨ ਗੁਰੂ ਦੀ ਯਾਦ ਵਿੱਚ ਕੈਨੇਡਾ ਭਰ ਵਿੱਚ ਕੋਈ ਯਾਦਗਾਰ ਜਾਂ ਯਾਦਗਾਰੀ ਚਿੰਨ ਉੱਭਰ ਕੇ ਸਮੂਹ ਕੈਨੇਡੀਅਨਾਂ ਦੇ ਸਾਹਮਣੇ ਆ ਸਕਦਾ। ਜਦੋਂ ਖਾਲਸੇ ਦਾ 300 ਸਾਲਾ ਵਰ੍ਹਾ ਆਇਆ ਤਾਂ ਖੰਡੇ ਵਾਲੀ ਟਿਕਟ ਜਾਰੀ ਹੋਈ, ਕਾਮਾਗਾਟਾਮਾਰੂ ਦੀ ਸ਼ਤਾਬਦੀ ਮੌਕੇ ਗੁਰਦਿੱਤ ਸਿੰਘ ਹੋਰਾਂ ਦੀ ਤਸਵੀਰ ਵਾਲੀ ਟਿਕਟ ਜਾਰੀ ਹੋਈ ਪਰ ਇਸ ਵਾਰ ਕਹਾਣੀ ਪਾਕਿਸਤਾਨੀ ਗੀਤ ਦੇ ਬੋਲਾਂ ਵਰਗੀ ਹੋ ਮੁੱਕੀ, “ਤੂੰ ਗੱਲ ਗੱਲਾਂ ਚ’ ਮੁਕਾ ਛੋੜੀ, ਮੋਹ ਤੇਰਾ ਡੁੰਨ ਮਾਹੀਆ ਹਰਿਆਈ ਜਿੰਦ ਤੁੰ ਸੁਕਾ ਛੋੜੀ’।

 

ਸਿੱਖ ਅਦਾਰਿਆਂ ਅਤੇ ਸਥਾਨਾਂ ਉੱਤੇ ਪ੍ਰਬੰਧਕੀ ਕਾਬਜ਼ ਧੜਿਆਂ ਵੱਲੋਂ ਆਪਣੇ ਸਖੀਆਂ ਜਾਂ ਵਿਰੋਧੀਆਂ ਲਈ ਦੁਆਰਾਂ ਨੂੰ ਇੰਝ ਗਿਣਤੀਾਂ ਮਿਣਤੀਆਂ ਕਰਕੇ ਖੋਲਿਆ ਜਾਂਦਾ ਹੈ ਜਿਵੇਂ ਉਹ ਕਮਿਉਨਿਟੀ ਦੇ ਮੁਕਾਮ ਨਾ ਹੋ ਨਿੱਜੀ ਅਸਾਸੇ ਹੋਣ। ਜੇ ਇਸ ਤੱਥ ਦੀ ਪੜਤਾਲ ਕਰਨੀ ਹੋਵੇ ਤਾਂ ਟੋਰਾਂਟੋ ਏਰੀਆ ਦੇ ਲਿਬਰਲ ਐਮ ਪੀਆਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਉਹ ਕਿੱਥੇ ਜਾ ਕੇ ਸੰਗਤਾਂ ਨੂੰ ਸੰਬੋਧਨ ਕਰਨਾ ਮਹਿਫੂਜ਼ ਸਮਝਦੇ ਹਨ ਅਤੇ ਕਿੱਥੇ ਨਹੀਂ। ਕੰਜ਼ਰਵੇਟਿਵ ਨੂੰ ਤਾਂ ਹਮੇਸ਼ਾ ਹੀ ‘ਤੂੰ ਹੋਰ ਤੋਂ ਬਣ ਗਿਆ ਹੋਰ ਵੇ ਮਾਹੀਆ’ ਵਾਲੇ ਸੁਆਲੀਆ ਚਿੰਨ ਨਾਲ ਇੱਧਰ ਉੱਧਰ ਵੇਖਣਾ ਪੈਂਦਾ ਹੈ। ਸੁਆਲ ਇਹ ਵੀ ਹੈ ਕਿ ਕੀ ਧਾਰਮਿਕ ਅਦਾਰੇ ਸੱਚਮੁੱਚ ਸਿਆਸੀ ਉਥਲ ਪੁਥਲ ਕਰ ਸੱਕਣ ਦੀ ਸਮਰੱਥਾ ਰੱਖਦੇ ਹਨ? ਕਿਸੇ ਹੱਦ ਤੱਕ ਅਜਿਹਾ ਮੁਮਕਿਨ ਹੋ ਸਕਦਾ ਹੈ ਪਰ ਇਸ ਪ੍ਰਭਾਵ ਬਾਰੇ ਭਰਮ ਭੁਲੇਖੇ ਹਕੀਕਤ ਦੇ ਕੱਦਕਾਠ ਨਾਲੋਂ ਵੱਡੇ ਪਾਲੇ ਹੋਏ ਹਨ। ਇਹਨਾਂ ਭਰਮ ਭੁਲੇਖਿਆਂ ਦੇ ਕਮਜ਼ੋਰ ਹੋਣ ਦਾ ਨਤੀਜਾ ਇਸ ਗੱਲੋਂ ਆਂਕਿਆ ਜਾ ਸਕਦਾ ਹੈ ਕਿ ਅੱਜ ਕੱਲ ਬਰੈਂਪਟਨ ਮਿਸੀਸਾਗਾ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਵਿੱਚ ਹੋਰ ਕਮਿਉਨਿਟੀਆਂ ਵੀ ਆਪਣੇ ਹੱਕ ਜਤਾਉਣ ਅੱਗੇ ਆਉਣ ਲੱਗ ਪਈਆਂ ਹਨ। ਬਾਕੀ ਕੱਲ

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ