ਰਿਆਦ, 20 ਜੂਨ (ਪੋਸਟ ਬਿਊਰੋ): ਸਾਊਦੀ ਅਰਬ ਦੇ ਮੱਕਾ ਸ਼ਹਿਰ 'ਚ ਹੱਜ ਕਰਨ ਗਏ 922 ਲੋਕਾਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ। (922 Haj pilgrims die due to heat in Saudi) ਇਹ ਵੱਖ-ਵੱਖ ਦੇਸ਼ਾਂ ਦੇ ਅੰਕੜਿਆਂ ਦੇ ਆਧਾਰ 'ਤੇ ਦਿੱਤੀ ਜਾਣਕਾਰੀ ਹੈ। ਇਕ ਅਰਬੀ ਡਿਪਲੋਮੈਟ ਨੇ ਦੱਸਿਆ ਕਿ ਮਾਰੇ ਗਏ ਲੋਕਾਂ ਵਿਚ ਲਗਭਗ 600 ਸ਼ਰਧਾਲੂ ਇਕੱਲੇ ਮਿਸਰ ਦੇ ਸਨ ਅਤੇ 1400 ਲੋਕ ਹਾਲੇ ਵੀ ਲਾਪਤਾ ਹਨ।
ਹਾਲਾਂਕਿ, ਸਾਊਦੀ ਅਰਬ ਵੱਲੋਂ, ਮੌਤਾਂ ਦੀ ਗਿਣਤੀ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਮੱਧ ਪੂਰਬ ਵਿਚ ਭਿਆਨਕ ਗਰਮੀ ਦੇ ਵਿਚਕਾਰ ਮੱਕਾ ਵਿਚ 17 ਜੂਨ ਨੂੰ ਤਾਪਮਾਨ 51.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਜਦਕਿ 18 ਜੂਨ ਨੂੰ ਪਾਰਾ 47 ਡਿਗਰੀ 'ਤੇ ਰਿਹਾ ਜਿਸ ਨਾਲ ਕੁਝ ਰਾਹਤ ਮਿਲੀ।
ਜਾਣਕਾਰੀ ਮੁਤਾਬਕ 12 ਤੋਂ 19 ਜੂਨ ਤੱਕ ਚੱਲੇ ਹੱਜ ਦੌਰਾਨ 68 ਭਾਰਤੀ ਸ਼ਰਧਾਲੂਆਂ ਦੀ ਮੌਤ ਵੀ ਹੋਈ ਹੈ। ਭਾਰਤ ਦੀ ਹੱਜ ਕਮੇਟੀ ਅਨੁਸਾਰ, ਇਸ ਸਾਲ ਸਭ ਤੋਂ ਵੱਧ 1,75,000 ਭਾਰਤੀ ਹੱਜ ਯਾਤਰਾ ਲਈ ਮੱਕਾ ਪਹੁੰਚੇ ਹਨ। ਕੇਰਲ ਦੇ ਮੰਤਰੀ ਅਬਦੁਰਹਿਮਾਨ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀਆਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾਣ।
ਜਾਣਕਾਰੀ ਅਨੁਸਾਰ ਉਨ੍ਹਾਂ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਜੇਦਾਹ ਸਥਿਤ ਭਾਰਤੀ ਵਣਜ ਦੂਤਘਰ ਨੂੰ ਪੱਤਰ ਲਿਖਿਆ ਹੈ। ਕੇਰਲ ਤੋਂ ਕਰੀਬ 18 ਹਜ਼ਾਰ 200 ਹਾਜੀ ਸਾਊਦੀ ਅਰਬ ਗਏ ਸਨ।