-ਗਿਆਨ ਪਾਲ ਤੇ ਸ਼ਰਨਜੀਤ ਕੌਰ ਨੂੰ ‘ਸਿਟੀਜ਼ਨ ਆਫ਼ ਦ ਯੀਅਰ ਅਵਾਰਡ’ ਨਾਲ ਕੀਤਾ ਗਿਆ ਸਨਮਾਨਿਤ
-ਸਪੋਰਟਸ ਕੈਟੇਗਰੀ ਵਿਚ ਬਾਸਕਟ ਬਾਲ ਖਿਡਾਰੀ ਜਸਮਨ ਸਿੰਘ ਹੋਇਆ ਸਨਮਾਨਿਤ
-ਜੰਗੀਰ ਸਿੰਘ ਸੈਂਹਬੀ, ਅਜੈਪਾਲ ਸਿੰਘ, ਕੁਲਦੀਪ ਸਿੰਘ ਤੇ ਅਕਾਸ਼ ਸਿੱਧੂ ‘ਇੰਸਪੀਰੇਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤੇ ਗਏ
ਬਰੈਂਪਟਨ, (ਡਾ. ਝੰਡ) – ਲੰਘੇ ਵੀਰਵਾਰ 9 ਮਈ ਨੂੰ ਬਰੈਂਪਟਨ ਸਿਟੀ ਕੌਂਸਲ ਵੱਲੋਂ ਸਥਾਨਕ ‘ਰੋਜ਼ ਥੀਏਟਰ’ ਵਿੱਚ ਕਰਵਾਏ ਗਏ ਇਕ ਪ੍ਰਭਾਸ਼ਾਲੀ ਸਮਾਗ਼ਮ ਵਿੱਚ ਖੇਡਾਂ, ਕਲਾ ਤੇ ਸਮਾਜ-ਸੇਵਾ ਖ਼ੇਤਰਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਵਿਅੱਕਤੀਆਂ ਨੂੰ ਵੱਖ-ਵੱਖ ਕੈਟਾਗਰੀਆਂ ਦੇ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਭਾਈਚਾਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਸਮਾਗ਼ਮ ਵਿੱਚ ਇਨਾਮ ਲੈਣ ਵਾਲਿਆਂ ਵਿੱਚ ਬਹੁ-ਗਿਣਤੀ ਪੰਜਾਬੀਆਂ ਦੀ ਸੀ। ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਬਰੈਂਪਟਨ ਸਿਟੀ ਕੌਂਸਲ ਵੱਲੋਂ ਇਨਾਮ ਦੇਣ ਦਾ ਇਹ ਸਿਲਸਿਲਾ ਵੱਲੋਂ 1974 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਇਹ ਇਨਾਮ-ਵੰਡ ਸਮਾਗ਼ਮ ਇਸ ਲੜੀ ਦਾ 50’ਵਾਂ ਸਮਾਗ਼ਮ ਸੀ।
(MOREPIC2)
ਇਸ ਇਨਾਮ-ਵੰਡ ਸਮਾਗ਼ਮ ਵਿੱਚ ਪ੍ਰਬੰਧਕਾਂ ਵੱਲੋਂ ਚਾਰ ਮੁੱਖ ਕੈਟਾਗਰੀਆਂ ਬਣਾਈਆਂ ਗਈਆਂ ਸਨ। ‘ਸਿਟੀਜ਼ਨ ਆਫ਼ ਦ ਯੀਅਰ’ ਦੀ ਪਹਿਲੀ ਕੈਟੇਗਰੀ ਵਿਚ ਤਿੰਨ ਵਿਅੱਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚੋਂ ਦੋ ਪੰਜਾਬੀ ਗਿਆਨ ਪਾਲ ਅਤੇ ਸ਼ਰਨਜੀਤ ਕੌਰ ਸ਼ਾਮਲ ਹਨ। ਇਸ ਕੈਟੇਗਰੀ ਵਿੱਚ ਇਨਾਮ ਪ੍ਰਾਪਤ ਕਰਨ ਵਾਲਾ ਤੀਸਰਾ ਵਿਅੱਕਤੀ ਬੈਲੇਗ ਨੋਲਨ ਹੈ। ਇਹ ਐਵਾਰਡ ਕਮਿਊਨਿਟੀਆਂ ਵਿੱਚ ਵਿਚਰਦਿਆਂ ਵੱਖ-ਵੱਖ ਵਿਅੱਕਤੀਆਂ ਵੱਲੋਂ ਲੋਕਾਂ ਲਈ ਕੀਤੀ ਗਈ ਵਿਸ਼ੇਸ਼ ਸੇਵਾ ਨੂੰ ਮੁੱਖ ਰੱਖ ਕੇ ਦਿੱਤਾ ਜਾਂਦਾ ਹੈ।
ਅਗਲੀ ਸਪੋਰਟਸ ਕੈਟੇਗਰੀ ਵਿਚ ਦੋ ਵਿਅੱਕਤੀ ਸਨਮਾਨਿਤ ਕੀਤੇ ਗਏ ਜਿਨ੍ਹਾਂ ਵਿਚੋਂ ਪਹਿਲਾ ਬਾਸਕਟ ਬਾਲ ਖਿਡਾਰੀ ਜਸਮਨ ਸਿੰਘ ਸੀ ਅਤੇ ਦੂਸਰੀ ਸਿਰੀਆ ਫ਼ਰੈਂਕਲਿਨ ਸੀ ਜਿਸ ਨੂੰ ‘ਬੈਟਨ ਟਵਿਰਲਿੰਗ’ ਖੇਡ ਲਈ ਸਨਮਾਨਿਤ ਕੀਤਾ ਗਿਆ।‘ਆਰਟ’ (ਕਲਾ) ਵਾਲੀ ਤੀਸਰੀ ਕੈਟੇਗਰੀ ਵਿੱਚ ਸਨਮਾਨਿਤ ਹੋਣ ਵਾਲਾ ਅੰਮ੍ਰਿਤ ਸਿੰਘ ਸੀ।ਸਮਾਜ-ਸੇਵਾ ਦੇ ਖ਼ੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲਿਆਂ ਦੀ ਚੌਥੀ ਕੈਟੇਗਰੀ ਵਿੱਚ ਚਾਰ ਪੰਜਾਬੀ ਸ਼ਖ਼ਸੀਅਤਾਂ ਜੰਗੀਰ ਸਿੰਘ ਸੈਂਹਬੀ, ਕੁਲਦੀਪ ਸਿੰਘ, ਅਜੈਪਾਲ ਸਿੰਘ ਅਤੇ ਅਕਾਸ਼ ਸਿੱਧੂ ਸ਼ਾਮਲ ਸਨ।
ਪੰਜਾਬ ਐਂਡ ਸਿੰਧ ਬੈਂਕ ਵਿੱਚ ਲੰਮੀ ਸੇਵਾ ਤੋਂ ਬਾਅਦ ਉੱਚ-ਅਧਿਕਾਰੀ ਵਜੋਂ ਸੇਵਾ-ਮੁਕਤ ਹੋਏ ਗਿਆਨ ਪਾਲ ਇੱਥੇ ਬਰੈਂਪਟਨ ਵਿੱਚ ਸਮਾਜ-ਸੇਵਾ ਵਿੱਚ ਕਾਫ਼ੀ ਸਰਗ਼ਰਮ ਹਨ। ਉਹ ਇੰਡੋ-ਕੈਨੇਡੀਅਨ ਗੌਲਫ਼ ਐਸੋਸੀਏਸ਼ਨ ਦੇ ਫ਼ਾਂਊਂਡਰ ਡਾਇਰੈੱਕਟਰ ਹਨ ਜੋ ਕੈਨੇਡਾ ਦੀਆਂ ਕਈ ਸਿਹਤ ਨਾਲ ਸਬੰਧਿਤ ਚੈਰਿਟੀਆਂ ਦੀ ਮਾਇਕ ਮਦਦ ਕਰਦੀ ਹੈ ਅਤੇ ‘ਮੁਕਤੀ ਫ਼ਾਂਊਂਡੇਸ਼ਨ’ ਦੇ ਪ੍ਰੈਜ਼ੀਡੈਂਟ ਹਨ ਜੋ ਲੋਕਾਂ ਨੂੰ ਕਾਫ਼ੀ ਸਸਤੀਆਂ ਫਿਊਨਰਲ-ਸੇਵਾਵਾਂ ਪ੍ਰਦਾਨ ਕਰਵਾਉਂਦੀ ਹੈ। ਇਸ ਦੇ ਨਾਲ ਹੀ ਉਹ ਇਸ ਸਮੇਂ ਫ਼ਲਾਵਰਸਿਟੀ ਫ਼ਰੈਂਡਜ਼ ਸੀਨੀਅਨ ਕਲੱਬ ਅਤੇ ਪੀਐੱਸਬੀ ਸੀਨੀਅਰਜ਼ ਕਲੱਬ ਦੇ ਡਾਇਰੈੱਕਟਰ ਵੀ ਹਨ ਜੋ ਬਰੈਂਪਟਨ ਵਿੱਚ ਅਕਸਰ ਆਪਣੀਆਂ ਸਰਗ਼ਰਮੀਆਂ ਕਰਦੀਆਂ ਰਹਿੰਦੀਆਂ ਹਨ।ਇਸ ਕੈਟਾਗਰੀ ਵਿੱਚ ਇਨਾਮ ਪ੍ਰਾਪਤ ਕਰਨ ਵਾਲੇ ਦੂਸਰੇ ਵਿਅੱਕਤੀ ਸ਼ਰਨਜੀਤ ਕੌਰ ਟੋਰਾਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਦੇ ਐੱਗਜ਼ੈੱਕਟਿਵ ਡਾਇਰੈੱਕਟਰ ਹਨ ਜਿਨ੍ਹਾਂ ਨੇ ਇਸ ਯੂਨੀਵਰਸਿਟੀ ਵਿੱਚ ਟੀਐੱਮਯੂ ਬਰੈਂਪਟਨ ਸਕੂਲ ਆਫ਼ ਮੈਡੀਸੀਨ ਸਥਾਪਿਤ ਕੀਤਾ ਹੈ ਅਤੇ ਤੀਸਰਾਵਿਅੱਕਤੀ ਹੈ ਜਿਸ ਦੇ ਆਰਟਵਰਕ ਨੇ ਬਰੈਂਪਟਨ ਸਿਟੀ ਹਾਲ ਦੀ ਖ਼ੂਬਸੂਰਤੀ ਵਿੱਚ ਚੋਖਾ ਵਾਧਾ ਕੀਤਾ ਹੈ।
ਜੰਗੀਰ ਸਿੰਘ ਸੈਂਹਬੀ ਬਰੈਂਪਟਨ ਦੀਆਂ ਤਿੰਨ ਦਰਜਨ ਤੋਂ ਵਧੀਕ ਸੀਨੀਅਰ ਕਲੱਬਾਂ ਦੀ ‘ਛਤਰੀ’ (ਅੰਬਰੇਲਾ) ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਦੇ ਪਹਿਲਾਂ ਡਾਇਰੈੱਕਟਰ ਤੇ ਫਿਰ ਪ੍ਰਧਾਨ ਵਜੋਂ ਪਿਛਲੇ ਕਾਫ਼ੀ ਸਮੇਂ ਤੋਂ ਸਰਗ਼ਰਮੀ ਨਾਲ ਸੇਵਾ ਨਿਭਾਅਰਹੇ ਹਨ। ਉਨ੍ਹਾਂ ਭਾਰਤੀ ਨੇਵੀ ਵਿੱਚ 10 ਸਾਲ ਇੰਜੀਨੀਅਰ ਵਜੋਂ ਸੇਵਾ ਕੀਤੀ ਅਤੇ ਸਤੰਬਰ 2000 ਇੱਥੇ ਕੈਨੇਡਾ ਆਏ। 2010 ਤੱਕ ਇੱਕ ਗੈਸ ਸਟੇਸ਼ਨ ‘ਤੇ ਕੰਮ ਕਰਨ ਦੌਰਾਨ ਪੈਨਹਹਿੱਲ ਸੀਨੀਅਰਜ਼ ਕਲੱਬ ਦੀ ਸਥਾਪਨਾ ਕਰਕੇ ਸਮਾਜ ਸੇਵੀ ਦਾ ਕੰਮ ਆਰੰਭ ਕੀਤਾ।ਗਲੀਆਂ ਤੇ ਪਾਰਕਾਂ ਦੀ ਸਫ਼ਾਈ ਦੇ ਨਾਲ-ਨਾਲ ਉਹ ਆਪਣੇ ਸਾਥੀਆਂ ਨਾਲ ਮਿਲ ਕੇ ‘ਕੈਨੇਡਾ ਡੇਅ’, ਭਾਰਤ ਦਾ ਆਜ਼ਾਦੀ-ਦਿਵਸ ਅਤੇ ਹੋਰ ਸਮਾਜਿਕ ਤੇ ਸੱਭਿਆਚਾਰਕ ਦਿਨ ਮਨਾਉਂਦੇ। ਉਨ੍ਹਾਂ ਦੀ ਯੋਗ ਅਗਵਾਈ ਹੇਠ ਸਾਰੀਆਂ ਕਲੱਬਾਂ ਵੱਲੋਂ ਮਿਲ ਕੇ ਵੱਡੀ ਪੱਧਰ ਤੇ ਸਲਾਨਾ ਪ੍ਰੋਗਰਾਮ ਕੀਤਾ ਜਾਂਦਾ ਹੈ ਜਿੱਥੇ ਸੀਨੀਅਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਹੁੰਦਾ ਹੈ ਅਤੇ ਇਨ੍ਹਾਂ ਦੇ ਸਮਾਧਾਨ ਲਈ ਅੱਗੋਂ ਯੋਗ ਕਦਮ ਪੁੱਟੇ ਜਾਣ ਬਾਰੇ ਫ਼ੈਸਲੇ ਕੀਤੇ ਜਾਂਦੇ ਹਨ। ਸਮਾਜ-ਸੇਵਾ ਦੇ ਕੰਮ ਕਰਨ ਵਾਲੇ ਸੀਨੀਅਰਜ਼ ਨੂੰ ਇਨ੍ਹਾਂ ਸਮਾਗ਼ਮਾਂ ਵਿੱਚ ਸਬਮਾਨਿਤ ਵੀ ਕੀਤਾ ਜਾਂਦਾ ਹੈ। ਉਹ ਐਸੋਏਸ਼ਨ ਵੱਲੋਂ ਮੈਂਟਲ ਹੈੱਲਥ, ਡਾਇਬਟੀਜ਼ ਤੇ ਐੱਲਡਰ ਅਬਿਊਜ਼ ਰੋਕਣ ਸਬੰਧੀ ਵਿਸ਼ਿਆਂ ਤੇ ਸੈਮੀਨਾਰ ਕਰਵਾਉਂਦੇ ਹਨ ਅਤੇ ਸੀਨੀਅਰਜ਼ ਲਈ ਯੋਗਾ ਕੈਂਪ ਵੀ ਲਗਾਉਂਦੇ ਹਨ।
ਖੇਡਾਂ ਦੇ ਖ਼ੇਤਰ ਵਿਚ ਅੱਜਕੱਲ੍ਹ ਪੰਜਾਬੀ ਖਿਡਾਰੀ ਵਧੀਆ ਯੋਗਦਾਨ ਪਾ ਰਹੇ ਹਨ ਅਤੇ ਜਸਮਨ ਸਿੰਘ ਨੇ ਬਾਸਕਟਬਾਲ ਦੀ ਖੇਡ ਵਿੱਚ ਆਪਣਾ ਵਧੀਆ ਨਾਂ ਬਣਾਇਆ ਹੈ। ਹੋਰ ਕਈ ਖ਼ੇਤਰਾਂ ਵਿੱਚ ਵੀ ਪੰਜਾਬੀ ਵਧੀਆ ਮੱਲਾਂ ਮਾਰ ਰਹੇ ਹਨ। ਰਾਜਨੀਤੀ ਦੇ ਖ਼ੇਤਰ ਵਿੱਚ ਤਾਂ ਇਨ੍ਹਾਂ ਦੀ ਪਹਿਲਾਂ ਹੀ ਝੰਡੀ ਰਹੀ ਹੈ ਤੇ ਇਹ ਹੁਣ ਹੋਰ ਖ਼ੇਤਰਾਂ ਵੱਲ ਵੱਧ ਰਹੇ ਹਨ ਜਿਨ੍ਹਾਂ ਵਿਚ ਸਮਾਜ-ਸੇਵਾ ਵੀ ਸ਼ਾਮਲ ਹੈ।