ਡਾ. ਸੁਖਦੇਵ ਸਿੰਘ ਝੰਡ
ਫ਼ੋਨ : +1 647-567-9128
ਡਾ. ਗੁਰਬਖ਼ਸ਼ ਭੰਡਾਲ ਕੱਚੇ ਤੇ ਪੱਕੇ ਦੋਹਾਂ ਤਰ੍ਹਾਂ ਦੇ ਰਾਹਾਂ ਦਾ ‘ਪਾਂਧੀ’ ਹੈ। ਉਸ ਦਾ ਇਹ ਸਫ਼ਰ ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਭੰਡਾਲ ਬੇਟ ਤੋਂਆਰੰਭ ਹੁੰਦਾ ਹੈ। ਇਹ ਲੰਮਾ ਸਫ਼ਰ ਧਾਲੀਵਾਲ ਬੇਟ, ਕਪੂਰਥਲਾ, ਜਲੰਧਰ, ਗੁਰੂਸਰ ਸੁਧਾਰ ਤੇ ਗੁਰੂ ਕੀ ਕਾਂਸ਼ੀ ਦਾ ‘ਕੱਚਾ ਰਸਤਾ’ ਤੈਅ ਕਰਕੇ ਹੁਸ਼ਿਆਰਪੁਰ ਦੀ ‘ਪੱਕੀ ਸੜਕ’ ਤੋਂ ਹੁੰਦਾ ਹੋਇਆ ਮੁੜ ਕਪੂਰਥਲਾ ਜਿੱਥੇ ਉਹ 1970’ਵਿਆਂ ਵਿੱਚ ‘ਪਰੈੱਪ’ (ਪ੍ਰੀ-ਯੂਨੀਵਰਸਿਟੀ) ਤੋਂ ਬੀ.ਐੱਸ. ਸੀ. ਤੱਕ ਵਿਦਿਆਰਥੀ ਰਿਹਾ ਹੈ, ਵਿਚ ਵਿਦਿਆਰਥੀਆਂ ਨੂੰ ਫਿਜ਼ਿਕਸ ਪੜ੍ਹਾਉਣ ਤੋਂ ਬਾਅਦ ਕਨੇਡਾ ਦਾ ‘ਹਵਾਈ ਮਾਰਗ’ ਫੜ੍ਹਦਾ ਹੈ। 2003 ਵਿਚ ਕੈਨੇਡਾ ਪਹੁੰਚ ਬਰੈਂਪਟਨ ਦੀਆਂ ਅਖ਼ਬਾਰਾਂ ‘ਪਰਵਾਸੀ’ ਤੇ ‘ਕੈਨੇਡੀਅਨ ਪੰਜਾਬੀ ਪੋਸਟ’ ਵਿੱਚ ਕੰਮ ਕਰਕੇਥੋੜ੍ਹਾ ਜਿਹਾਸਾਹ ਲੈਣ ਤੋਂ ਬਾਅਦ ਲੰਮੇਂ ਸਫ਼ਰ ਦਾ ਇਹ ‘ਪਾਂਧੀ’ 2015 ਵਿਚ ਅਮਰੀਕਾ ਦੇ ਸ਼ਹਿਰ ਕਲੀਵਲੈਂਡ ਨੂੰ ਚੱਲ ਪੈਂਦਾ ਹੈ ਅਤੇ ਉੱਥੇਉਡੀਕ ਰਹੀ ਕਲੀਵਲੈਂਡ ਸਟੇਟ ਯੂਨੀਵਰਸਿਟੀ ‘ਚ 40 ਸਾਲ ਬਾਅਦ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਆਪਣਾ ਸੁਨਹਿਰੀ ਸੁਪਨਾ ਪੂਰਾ ਕਰਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਉਣ ਤੇ ਖ਼ੁਦ ਲਿਖਣ ਪੜ੍ਹਨ ਦਾ ਉਸ ਦਾ ਇਹ ਸਫ਼ਰਬਾ-ਦਸਤੂਰ ਜਾਰੀ ਰਹਿੰਦਾ ਹੈ। ਤਾਂ ਹੀ ਇਸ ਪੁਸਤਕ ਦੇ ਮੁੱਖਬੰਦ ਵਿਚ ਉੱਘੇ-ਲੇਖਕ ਦਰਸ਼ਨ ਬੁੱਟਰ ਨੇ ਉਸ ਨੂੰ ‘ਜੀਵਨ-ਰਾਹਾਂ ਦਾ ਪੁਖ਼ਤਾ ਪਾਂਧੀ’ ਆਖਿਆ ਹੈ।
ਡਾ. ਭੰਡਾਲ ਅਤੀ ਸੰਵੇਦਨਸ਼ੀਲ ਲੇਖਕ ਹੈ ਅਤੇ ਉਸ ਦੀ ਇਹ ਸੰਵੇਦਨਸ਼ੀਲਤਾ ਉਸ ਦੀਆਂਇਸ ਤੋਂ ਪਹਿਲਾਂ ਛਪੀਆਂ 5 ਕਾਵਿ-ਪੁਸਤਕਾਂ, 14 ਵਾਰਤਕ ਪੁਸਤਕਾਂ ਤੇ ਇੱਕ ਸਫ਼ਰਨਾਮਾ ‘ਸੁਪਨਿਆਂ ਦੀ ਜੂਹ ਕੈਨੇਡਾ’ ਵਿਚ ਬਾਖ਼ੂਬੀ ਝਲਕਦੀ ਹੈ।ਵਿਗਿਆਨ ਸਬੰਧੀਉਸ ਦੀਆਂ ਦੋ ਕਿਤਾਬਾਂਡਾ. ਕੁਲਵੰਤ ਸਿੰਘ ਥਿੰਦ ਨਾਲ ਸਾਂਝੀਆਂ ਹਨ।ਇਸ ਹਿਸਾਬ ਨਾਲ ਇਹ ਪੁਸਤਕ ‘ਕੱਚੇ ਪੱਕੇ ਰਾਹ’ ਸਵੈ-ਜੀਵਨੀ ਦੇ ਰੂਪ ਵਿਚ ਡਾ. ਭੰਡਾਲ ਦੇ ਜੀਵਨ ਤੇ ਸਾਹਿਤਕ ਸਫ਼ਰ ਨੂੰ ਬਾਖ਼ੂਬੀ ਦਰਸਾਉਂਦੀ ਹੋਈ ਉਸ ਦੀ ਤੇਈਵੀਂ ਪੁਸਤਕ ਹੈ।
ਪੁਸਤਕ ਦੇਮੁੱਢਲੇਦੋ ਅਧਿਆਏ ਡਾ. ਭੰਡਾਲ ਵੱਲੋਂ ਆਪਣੇ ਮਾਤਾ-ਪਿਤਾਦੀ ਨਿੱਘੀ ਯਾਦ ਨੂੰ ਸਮਰਪਿਤ ਕੀਤੇ ਗਏ ਹਨ। ਪਹਿਲੇ ਅਧਿਆਏ ‘ਮਾਂ! ਤੈਨੂੰ ਦੱਸਣਾ ਸੀ’ ਵਿੱਚ ਉਹ ਭਾਸ਼ਾ ਵਿਭਾਗ ਪੰਜਾਬ ਵੱਲੋਂ ਉਸ ਨੂੰ ‘ਪਰਵਾਸੀ ਪੰਜਾਬੀ ਸਾਹਿਤਕਾਰ ਐਵਾਰਡ’ ਮਿਲਣ ਬਾਰੇ ਛੇ ਸਾਲ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਆਪਣੀ ਮਾਂ ਦੇ ਰੂ-ਬ-ਰੂ ਹੁੰਦਾ ਹੁੰਦਿਆਂ ਸੋਚਦਾ ਹੈ ਕਿਮਾਂ ਨੂੰ ਭਾਵੇਂ ਅੱਖਰਾਂ ਤੇ ਐਵਾਰਡਾਂ ਬਾਰੇ ਕੁੱਝ ਵੀ ਗਿਆਨਨਹੀਂ ਸੀ ਪਰ ਉਸ ਨੇ ਇਸ ਇਨਾਮ ਬਾਰੇ ਸੁਣ ਕੇ ਕਿੰਨਾ ਖ਼ੁਸ਼ ਹੋਣਾ ਸੀ। ਉਸ ਦੇ ਕਹਿਣ ਅਨੁਸਾਰ “ਮਾਂ ਭਾਵੇਂ ਕੋਰੀ ਅਨਪੜ੍ਹ ਸੀ ਪਰ ਉਹ ਆਪਣੇ ਅਧੂਰੇ ਸੁਪਨਿਆਂ ਦੀ ਪੂਰਤੀ ਆਪਣੇ ਬੱਚਿਆਂ ‘ਚੋਂ ਵੇਖਦੀ ਸੀ ਅਤੇ ਇਨ੍ਹਾਂ ਦੀ ਪੂਰਤੀ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਸੀ।ਘਰ ਦੀ ਵੰਡ-ਵੰਡਾਈ ਸਮੇਂ ਆਪਣੇ ਬੱਚਿਆਂ ਨੂੰ ਸੁਰੱਖ਼ਿਅਤ ਆਲ੍ਹਣਾ ਦੇਣ ਲਈ ਉਸ ਨੇ ਕਿਵੇਂ ਘਾਟੇ ਵਿੱਚ ਰਹਿ ਕੇ ਪਿੰਡ ਵਿਚਲਾ ਘਰ ਲੈ ਲਿਆ ਸੀ ਅਤੇ ਇਸਦੀ ਇੱਕ ਕੋਠੜੀ ਨੂੰ ਸ਼ਰੀਕਾਂ ਵੱਲੋਂ ਲਗਾਇਆ ਗਿਆਜਿੰਦਰਾ ਪੇਕਿਆਂ ਤੋਂ ਪੈਸੇ ਲਿਆ ਕੇ ਖੁੱਲ੍ਹਵਾਇਆ ਸੀ।“ (ਪੰਨਾ-12)
ਦੂਸਰੇ ਅਧਿਆਇ ‘ਬਾਪ ਬਿਨਾਂ ਪੁੱਤ ਕੀਹਨੇ ਕਹਿਣਾ’ ਵਿਚ ਡਾ. ਭੰਡਾਲ ਆਪਣੇ ਬਾਪ ਨੂੰ ਬੜੀ ਸ਼ਿੱਦਤ ਨਾਲ ਯਾਦ ਕਰਦਾ ਹੈ। ਉਹ 2019 ਦੀਆਂ ਗਰਮੀਆਂ ਵਿੱਚ ਤਿੰਨ ਮਹੀਨੇ ਲਈ ਜਾ ਕੇਉਸ ਦੇ ਨਾਲ ਰਹਿ ਕੇ ਉਸ ਦੇ ਦਿਲ ਦੀਆਂ ਗੱਲਾਂਸੁਣਨਦਾ ਪ੍ਰੋਗਰਾਮ ਬਣਾਉਂਦਾ ਹੈ ਪਰਇਸ ਦੌਰਾਨ ਹੀ ਅਚਾਨਕ ਛੋਟੇ ਭਰਾ ਦਾ ਫ਼ੋਨ ਆਉਂਦਾ ਹੈ ਕਿ ਬਾਪ ਦੇ ਦਿਮਾਗ਼ ਦੀ ਨਾੜੀ ਫਟ ਗਈ ਹੈ ਅਤੇ ਉਹ ਉਸਨੂੰ ਜਲੰਧਰ ਹਸਪਤਾਲ ਲੈ ਕੇ ਜਾ ਰਹੇ ਹਨ। ਇਹ ਸੁਣ ਕੇ ਭੰਡਾਲਦੇ ਮਨ ‘ਤੇ ਕੀ ਗੁਜ਼ਰਦੀ ਹੈ, ਇਹ ਤਾਂ ਓਹੀ ਜਾਣਦਾ ਹੈ। ਉਹ ਅਗਲੇ ਦਿਨ ਹੀ ਸਵੇਰੇ ਸੱਤ ਵਜੇ ਦੀ ਫਲਾਈਟ ਲੈ ਕੇ ਪਤਨੀ ਤੇ ਵੱਡੀ ਬੇਟੀ ਨਾਲ ਦਿੱਲੀ ਅਤੇ ਅੱਗੋਂ ਕੈਨੇਡਾ ਤੋਂ ਓਸੇ ਦਿਨ ਦਿੱਲੀ ਪਹੁੰਚੀ ਛੋਟੀ ਭੈਣ ਦੇ ਨਾਲ ਜਲੰਧਰ ਪਹੁੰਚ ਜਾਂਦਾ ਹੈ। ਹਸਪਤਾਲ ਦੇ ਆਈ. ਸੀ. ਯੂ. ਵਿੱਚ ‘ਕੌਮਾ’ ਦੀ ਹਾਲਤ ਵਿੱਚ ਅਹਿੱਲ ਪਏ ਬਾਪ ਨੂੰ ਵੇਖ ਕੇ ਉਸਦੇ ਲਈ ਕਿਆਸ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿਰੋਜ਼ਾਨਾ ਸਾਈਕਲ ਚਲਾ ਕੇ ਤਿੰਨ ਮੀਲ ਦੂਰ ਗੁਰਦੁਆਰੇ ਜਾਣ ਵਾਲਾ, ਕਵਿੰਟਲ ਕਣਕ ਦੀ ਬੋਰੀ ਪਿੱਠ ‘ਤੇ ਟਿਕਾ ਚੁਬਾਰੇ ਤੋਂ ਲੱਕੜ ਦੀ ਪੌੜੀ ‘ਤੇ ਪੈਰ ਧਰਦਿਆਂ ਹੋਇਆਂ ਹੇਠਾਂ ਜਾ ਕੇ ਗੱਡੇ ‘ਤੇ ਰੱਖਣ ਵਾਲਾ ਤੇ ਥੱਕੇ ਹੋਏ ਬਲ਼ਦ ਦਾ ਜੂਲ਼ਾ ਆਪਣੇ ਮੋਢਿਆਂ ‘ਤੇ ਧਰ ਕਈ ਮੀਲ ਚੱਲਣ ਵਾਲਾ ਉਸ ਦਾ ਬਾਪ ਇੰਜ ਬੇਸੁੱਧ ਤੇ ਨਿਢਾਲਪਿਆ ਹੋਵੇਗਾ।ਉਸ ਦਾ ਖੱਬਾ ਪਾਸਾਬਿਲਕੁਲ ਨਿਰਜਿੰਦ ਹੋਇਆ ਹੋਵੇਗਾ। ਪਰ ਇਹ ਤਾਂ ਹਕੀਕਤ ਸੀ ਜਿਸ ਤੋਂ ਮੁੱਨਕਰ ਨਹੀਂ ਹੋਇਆ ਜਾ ਸਕਦਾ।ਬਾਪ ਦੇ ਸੱਜੇ ਹੱਥ ਵਿੱਚ ਕਦੇ ਕਦੇ ਮਾੜੀ ਜਿਹੀ ਹਰਕਤ ਹੁੰਦੀ ਹੈ ਜੋ ਉਸ ਦੇ ਚੱਲਦੇ ਸਾਹਾਂ ਦੀ ਹਾਮੀ ਭਰਦੀ ਹੈ।
ਪਰ ਡਾ. ਭੰਡਾਲ ਦੀਆਂ ਨਜ਼ਰਾਂ ਵਿੱਚ:
ਨਬਜ਼ ਦਾ ਚੱਲਣਾ
ਸਾਹਾਂ ਦਾ ਨਿਰੰਤਰ ਆਣਾ-ਜਾਣਾ
ਨੱਕ ਰਾਹੀਂ ਜਾਂਦੀ ਤਰਲ ਖ਼ੁਰਾਕ
ਗੁਲੂਕੋਜ਼ ਦੀ ਤਿੱਪ-ਤਿੱਪ
ਸੱਜੇ ਹੱਥ ਦਾ ਹਿੱਲਣਾ
ਤੇ ਕਦੇ-ਕਦੇ ਅੱਖ ਦਾ ਝਪਕਣਾ
ਜੀਵਨ ਨਹੀਂ ਹੁੰਦਾ (ਪੰਨਾ- 36)
ਬਾਪ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੁੰਦਾ ਵੇਖ ਕੇ ਡਾਕਟਰ ਉਸ ਨੂੰ ਘਰੇ ਲਿਜਾ ਕੇ ਸੇਵਾ ਕਰਨ ਦਾ ਮਸ਼ਵਰਾ ਦਿੰਦੇ ਹਨ। ਟਰੇਂਡ ਨਰਸ ਲੱਗੀ ਹੋਈਗੁਲੂਕੋਜ਼ ਦੀ ਡਰਿੱਪ, ਆਕਸੀਜਨ ਤੇ ਹੋਰ ਮੈਡੀਕਲ ਸਹੂਲਤ ਦਾ ਪੂਰਾ ਖ਼ਿਆਲ ਰੱਖਦੀ ਹੈ ਪਰ ਹਫ਼ਤੇ ਬਾਅਦ 31 ਮਾਰਚ 2019 ਨੂੰ ਬਾਪ ਨੂੰ ਧੁਰ-ਦਰਗਾਹੋਂ ਇਸ ਸੰਸਾਰ ਤੋਂ ਜਾਣ ਦਾ ਸੱਦਾ ਆ ਜਾਂਦਾ ਹੈ।ਉਸ ਦੀਆਂ ਅਸਥੀਆਂ ਨੂੰ ਬਿਆਸ ਦਰਿਆ ਦੇ ਹਵਾਲੇ ਕਰਕੇ ਅਤੇ ਅੰਤਮ ਰਸਮਾਂ ਪੂਰੀਆਂ ਕਰਦਿਆਂ ਡਾ. ਭੰਡਾਲਨੂੰਬਾਪ ਬਾਰੇ ਲਿਖੀ ਆਪਣੀ ਕਵਿਤਾ ਦੇ ਬੋਲ ਯਾਦ ਆਉਂਦੇ ਹਨ :
ਮਾਂ ਦੀ ਮੌਤ ਤੋਂ ਬਾਅਦ
ਪਹਿਲੀ ਵਾਰ ਪਿੰਡ ਆਇਆ ਹਾਂ
ਘਰ ਦੇ ਜੀਅ
ਪੀਰ ਦੀ ਦਰਗਾਹ ‘ਤੇ ਗਏ ਹੋਏ ਨੇ
ਮੈਂ ਇਕੱਲਾ ਸਿਮਰਤੀਆਂ ‘ਚ
ਗਵਾਚ ਜਾਂਦਾ ਹਾਂ
ਪੈਰਾਂ ਦੀ ਬਿੜਕ
ਮੇਰੀ ਨਮ-ਚੁੱਪ ਨੂੰ ਤੋੜਦੀ ਹੈ
ਨੰਗੇ ਪੈਰੀਂ ਘਰ ਵੜਦਾ ਬਾਪ
ਬੋਝੇ ‘ਚੋਂ ਅੰਬ ਕੱਢ
ਮੈਨੂੰ ਦਿੰਦਿਆਂ ਕਹਿੰਦਾ ਹੈ:
“ਮੈਨੂੰ ਪਤਾ ਸੀ ਤੂੰ ਆਇਆ ਹੋਵੇਂਗਾ
ਤੈਨੂੰ ਖੂਹ ਵਾਲੇਬੂਟੇ ਦੇ ਅੰਬ ਬਹੁਤ ਪਸੰਦ ਹਨ
ਅੱਜ ਇੱਕ ਅੰਬ ਲੱਭਾ ਸੀ
ਲੈ ਫੜ੍ਹ, ਚੂਪ ਲੈ।“
ਤੇ ਮੈਂ ਬਾਪ ਦੇ ਝੁਰੜੀਆਂ ਭਰੇ
ਕੰਬਦੇ ਹੱਥੋਂ ਅੰਬ ਫੜ੍ਹਦਿਆਂ ਸੋਚਦਾ ਹਾਂ ...
ਮਾਂ ਦੀ ਮੌਤ ਤੋਂ ਬਾਅਦ
ਮੇਰਾ ਬਾਪ
ਮਾਂ ਵੀ ਬਣ ਗਿਆ ਹੈ। (ਪੰਨਾ : 47-48)
ਅਗਲੇ ਦੋ-ਤਿੰਨ ਅਧਿਆਵਾਂ ਵਿਚ ਡਾ. ਭੰਡਾਲ ਆਪਣੇ ਪਿੰਡ ਤੇ ਆਪਣੇ ਘਰ ਨੂੰ ਮਿਲਣਾ ਲੋਚਦਾ ਹੈਉਹ ਬੂਹੇ-ਬਾਰੀਆਂ ਤੋਂ ਵਿਰਵੇ ਆਪਣੇ ਚੁਬਾਰੇ ਨੂੰ ਯਾਦ ਕਰਦਾ ਹੈ ਜੋ ਕਦੇ ਉਸ ਦਾ ‘ਸਟੱਡੀ-ਰੂਮ’ ਤੇ ‘ਬੈੱਡ-ਰੂਮ’ ਹੁੰਦਾ ਸੀ।ਆਪਣੇ ਸਕੂਲ ਦੇ ਦਿਨਾਂ ਨੂੰ ਚਿਤਵਦਾ ਹੈ, ਕਿਵੇਂ ਉਹ ਸਵੇਰੇ ਬਾਪ ਨੂੰ ਖੇਤਾਂ ਵਿਚ ਰੋਟੀ ਦੇ ਕੇ ਸਕੂਲ ਪਹੁੰਚਦਾ ਸੀ ਤੇ ਅੱਧੀ ਛੁੱਟੀ ਵੇਲੇ ਘਰ ਆ ਕੇ ਡੰਗਰਾਂ ਨੂੰ ਨਲ਼ਕਾ ਗੇੜ ਕੇ ਪਾਣੀ ਡਾਹੁੰਦਾ ਸੀ। ਮਿਡਲ ਸਕੂਲ ਦੇ ਆਪਣੇ ਉਸਤਾਦ ਉੱਘੇ ਕਵੀ ਹਰਭਜਨ ਹੁੰਦਲ ਨੂੰ ਯਾਦ ਕਰਦਾ ਹੈ ਜੋ ਉਸ ਨੂੰ ਅੰਗਰੇਜ਼ੀ ਪੜ੍ਹਾਉਂਦੇ ਰਹੇ ਸਨ ਤੇ ਉਨ੍ਹਾਂ ਵਰਗੇ ਹੀ ਮਿਹਨਤੀ ਅਧਿਆਪਕਾਂ ਚੰਨਣ ਸਿੰਘ, ਰਤਨ ਚੰਦ ਤੇ ਅਯੁੱਧਿਆ ਦਾਸ ਨੂੰ ਚੇਤੇ ਕਰਦਾ ਹੈ।
ਬੋਰੀਆਂ ਤੇ ਤੱਪੜਾਂ ਵਾਲੇ ਸਕੂਲਾਂ ਤੋਂ ਪ੍ਰਾਇਮਰੀ ਤੇ ਮਿਡਲ ਤੱਕ ਪੜ੍ਹਾਈ ਕਰਨ ਤੋਂ ਬਾਅਦ ਸਾਡੇ ਮਿੱਤਰ ਭੰਡਾਲ ਨੇ ਨੌਵੀਂ ਤੇ ਦਸਵੀਂਨਵੇਂ-ਨਵੇਂ ਅੱਪਗਰੇਡ ਹੋਏ ਹਾਈ ਸਕੂਲ ਧਾਲੀਵਾਲ ਬੇਟ ਤੋਂ ਕੀਤੀ ਤੇ ਫਿਰ ਪਿੰਡ ਦੇ ਪੜ੍ਹੇ-ਲਿਖੇ ਨੌਜੁਆਨ ਜਰਨੈਲ ਸਿੰਘ ਭੰਡਾਲ ਦੀ ਯੋਗ ਅਗਵਾਈ ਵਿੱਚਰਣਧੀਰ ਕਾਲਜ ਕਪੂਰਥਲਾ ਵਿਚ ਗਿਆਰ੍ਹਵੀਂ ਜਮਾਤ ‘ਪਰੈੱਪ’ ਦੇ ਨਾਨ-ਮੈਡੀਕਲਗਰੁੱਪ ਵਿੱਚ ਦਾਖ਼ਲਾ ਲੈ ਲਿਆ। ਮੈਟ੍ਰਿਕ ‘ਚ ਚੰਗੇ ਨੰਬਰ ਆਉਣ ਕਰਕੇ ਦਾਖ਼ਲਾ ਤਾਂ ਆਸਾਨੀ ਨਾਲ ਮਿਲ ਗਿਆ ਪਰਪੜ੍ਹਾਈ ਦਾ ਮਾਧਿਅਮ ਅੰਗੇਰੇਜ਼ੀ ਵਿੱਚ ਹੋਣ ਕਾਰਨ ਇਹ ਪੜ੍ਹਾਈ ਮੁਸ਼ਕਲ ਲੱਗੀ ਤੇ ਇਸ ਤੋਂ ਡਰਦਿਆਂ ਆਰਟਸ ਗਰੁੱਪ ਲੈ ਲਿਆ। ਪਰ ਆਸਾਨ ਪੜ੍ਹਾਈ ਦੀ ਇਹ ‘ਮੌਜ’ਬਹੁਤਾ ਚਿਰ ਨਾ ਮਾਣੀ ਜਾ ਸਕੀ, ਕਿਉਂਕਿ ਮਹੀਨੇ ਕੁ ਬਾਅਦ ਹੀ ਇੱਕ ਦਿਨ ਭੰਡਾਲ ਦੇ ਮਾਮਾ ਜੀ ਹੈੱਡਮਾਸਟਰ ਪਿਆਰਾ ਸਿੰਘ ਪੱਡਾ ਹੁਰਾਂ ਦੇ ਅਚਾਨਕ ਕਾਲਜ ਆ ਜਾਣ ‘ਤੇ ਉਨ੍ਹਾਂ ਦੇ ਸਖ਼ਤ ਹੁਕਮ “ਗੁਰਬਖ਼ਸ਼, ਜੇਕਰ ਅੱਗੇ ਪੜ੍ਹਨਾ ਹੈ ਤਾਂ ਸਾਇੰਸ ਹੀਪੜ੍ਹਨੀ ਹੈ, ਨਹੀਂ ਤਾਂ ਫੜ੍ਹ ਆਪਣਾ ਬਸਤਾ ਤੇ ਪਿੰਡ ਜਾ ਕੇ ਬਾਪਨਾਲ ਹਲ਼ ਦੀ ਜੰਘੀ ਫੜ੍ਹ ਤੇ ਵਾਹੀ ਕਰ”, ਨੇ ਉਸਨੂੰ ਮੁੜ ਸਾਇੰਸ ਵੱਲ ਮੋੜ ਦਿੱਤਾ।
ਇੱਥੇ ਹੀ ਡਾ. ਭੰਡਾਲ ਸਾਹਿਬ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਆਉਂਦਾ ਹੈ ਜਦੋਂ ਉਹ ਦੁਚਿੱਤੀ, ਅੰਗਰੇਜ਼ੀ ਮੀਡੀਅਮਤੇ ਮਹੀਨੇ ਤੋਂ ਵੀ ਵੱਧਸਮਾਂ ਲੰਘਣ ਕਰਕੇ ਮੁੜ ਆਰੰਭ ਹੋਈ ਸਾਇੰਸ ਦੀ ਪੜ੍ਹਾਈ ਪਿੱਛੇ ਪੈ ਜਾਣ ਕਰਕੇ‘ਪਰੈੱਪ’ ਵਿੱਚੋਂ ਫੇਲ੍ਹ ਹੋ ਜਾਂਦਾ ਹੈ ਜਿਸ ਦੇ ਨਤੀਜੇ ਬਾਰੇ ਪਤਾ ਉਸ ਨੂੰ ਆਪਣੇ ਬਾਪ ਦੇ ਨਾਲ ਖੇਤਾਂ ਵਿੱਚ ਰੂੜੀ ਖਿਲਾਰਦਿਆਂ ਲੱਗਦਾ ਹੈ। ਇਹ ਸੁਣ ਕੇ ਬਾਪ ਦੀਆਂ ਅੱਖਾਂ ਵਿੱਚ ਆਏ ਹੋਏ ਹੰਝੂ ਜਿਨ੍ਹਾਂ ਨੂੰ ਉਹਬਾਹਰ ਨਹੀਂ ਆਉਣ ਦਿੰਦਾ,ਗੁਰਬਖ਼ਸ਼ ਭੰਡਾਲ ਨੂੰ ਬਹੁਤ ਵੱਡਾਸੁਨੇਹਾ ਦਿੰਦੇ ਹਨ ਤੇ ਉਹ ਉੱਥੇਅੱਗੋਂ ਸਖ਼ਤ ਮਿਹਨਤ ਕਰਨ ਦੀ ਠਾਣ ਲੈਂਦਾ ਹੈ। ਨਤੀਜੇ ਵਜੋਂ, ਅਗਲੇ ਸਾਲ ਬਹੁਤ ਵਧੀਆ ਨੰਬਰ ਲੈ ਕੇ ਇੱਥੋਂ ਬੀ.ਐੱਸ.ਸੀ. ਤੇ ਅੱਗੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ. ਐੱਸ. ਸੀ. ਮੈਰਿਟ ਸਕਾਲਰਸ਼ਿਪ ਪ੍ਰਾਪਤ ਕਰਕੇ ਕਰਦਾ ਹੈ। ਇਸ ਸਾਰੇ ਬ੍ਰਿਤਾਂਤਨੂੰ ਇਸ ਪੁਸਤਕ ਦੇਅਹਿਮ ਅਧਿਆਇ ‘ਫੇਲ੍ਹ ਹੋਣ ਦਾ ਵਰਦਾਨ’ ਵਿੱਚ ਬਾਖ਼ੂਬੀ ਬਿਆਨਿਆ ਗਿਆਹੈ।
ਡਾ. ਭੰਡਾਲ ਦਾ ਅਗਲਾ ਇਮਤਿਹਾਨ ਐੱਮ.ਐੱਸ.ਸੀ. ਤੋਂ ਬਾਅਦ ਨੌਕਰੀ ਲੱਭਣ ਤੇ ਇਸ ਨੂੰ ਜਾਰੀ ਰੱਖਣ ਲਈ ਹੁੰਦਾ ਹੈ।ਕੁਝ ਸਮਾਂ ਬੇਰੁਜ਼ਗਾਰ ਰਹਿਣ ਪਿੱਛੋਂ ਖਾਲਸਾ ਕਾਲਜ ਸੁਧਾਰ ਵਿਖੇ ਰੈਗੂਲਰ ਸਮਝੀ ਜਾਣ ਵਾਲੀ ਲੈੱਕਚਰਾਰ ਦੀ ਨੌਕਰੀ ਮਿਲਣ ‘ਤੇ ਉਸ ਦੇ ਜੀਵਨ ਦਾ ਸਫ਼ਰ ਮਸਾਂ ਹੀ ਰਵਾਂ ਹੋਣ ਲੱਗਦਾ ਹੈ ਕਿ ਇੱਕ ਤੋਂ ਦੋ ਸਾਲ ਕੀਤੀ ਗਈ ਉਸ ਦੀ‘ਪ੍ਰੋਬੇਸ਼ਨ’ਨੂੰ ਨਜ਼ਰਅੰਦਾਜ਼ ਕਰਦਿਆਂ ਹੋਇਆਂ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਅੱਖੜ ਪ੍ਰਧਾਨ ਬਖਤਾਵਰ ਸਿੰਘਵੱਲੋਂ ਉਸ ਨੂੰ ਦੋ ਹੋਰ ਪ੍ਰੋਫ਼ੈਸਰਾਂ ਨੂੰ ਨੌਕਰੀ ਤੋਂ ਫ਼ਾਰਗ ਕਰ ਦਿੱਤਾ ਜਾਂਦਾ ਹੈ।ਮੁੜ ਬੇਰੁਜ਼ਗਾਰ ਹੋ ਜਾਣ ਕਾਰਨ ਕਈ ਉਸ ਨੂੰ ਬੀ.ਐੱਡ. ਕਰਕੇ ਸਕੂਲ ਮਾਸਟਰ ਬਣਨ ਦੀ ਸਲਾਹ ਦਿੰਦੇ ਹਨ, ਪਰ ਉਹ ਆਪਣੇ ਸਿਰੜ ‘ਚ ਸਾਬਤ ਰਹਿੰਦਿਆਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਚ ਸਾਲ-ਛੇ ਮਹੀਨੇ ਵਾਲੀਆਂ ਐਡਹਾਕ ਨੌਕਰੀਆਂ ਕਰਕੇ ਆਪਣੀ ਜੀਵਨ-ਗੱਡੀ ਨੂੰ ਅੱਗੇ ਤੋਰਦਾ ਹੈ।
ਇੱਥੇ ਇਹ ਵੇਖਣ ਵਾਲੀ ਗੱਲ ਹੈ ਕਿ ਜਿੱਥੇ ਬਖਤਾਵਰ ਸਿੰਘ ਵਰਗਾ ਕਾਲਜ ਦੀ ਕਮੇਟੀ ਦਾਕੁਰੱਖ਼ਤ ਪ੍ਰਧਾਨ ਉਸ ਦੀਜੀਵਨ-ਗੱਡੀ ਨੂੰ ਲੀਹੋਂ ਉਤਾਰਦਾ ਹੈ, ਉੱਥੇ ਇਸ ਕਾਲਜ ਵਿੱਚ ਰਹੇ ਡਾ. ਭੰਡਾਲ ਦੇ ਸਹਿਕਰਮੀ ਰਹੇ ਪ੍ਰੋਫ਼ੈੱਸਰ ਹਰਭਜਨ ਸਿੰਘ ਦਿਓਲ ਅਤੇ ਗੁਰੂ ਕਾਂਸ਼ੀ ਕਾਲਜ ਦੇ ਪ੍ਰਿੰਸੀਪਲ ਡਾ. ਹਰਬੰਤ ਸਿੰਘ ਵਰਗੇ ਨੇਕ ਇਨਸਾਨ ਉਸ ਦੀ ਇਸ ਡੱਕੋ-ਡੋਲ਼ੇ ਖਾਂਦੀਗੱਡੀ ਨੂੰ ਮੁੜ ਲੀਹੇ ਪਾਉਣ ਵਿੱਚ ਉਸ ਦੀ ਮਦਦ ਕਰਦੇ ਹਨ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਹੁੰਦਿਆਂ ਡਾ. ਹਰਭਜਨ ਸਿੰਘ ਦਿਓਲ ਭੰਡਾਲ ਦੀ ਸਰਕਾਰੀ ਕਾਲਜਾਂ ਲਈ ਪ੍ਰੋਫੈਸਰ ਦੀ ਚੋਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।ਪਹਿਲੀ ਨਿਯੁੱਕਤੀ ਸਰਕਾਰੀ ਕਾਲਜਹੁਸ਼ਿਆਰਪੁਰ ਵਿੱਚ ਹੁੰਦੀ ਹੈ ਜਿੱਥੇ ਉਸ ਨੂੰ ਡਾ. ਜਗਤਾਰ, ਡਾ. ਦੀਦਾਰ, ਡਾ. ਪ੍ਰਿਤਪਾਲ ਮਹਿਰੋਕ ਤੇਕਹਾਣੀਕਾਰ ਜਸਵੰਤਸਿੰਘ ਵਿਰਦੀ ਵਰਗੇ ਸੁਹਿਰਦ ਪ੍ਰੋਫ਼ੈਸਰਾਂ ਦਾ ਸਾਥ ਤੇ ਸਹਿਯੋਗ ਮਿਲਦਾ ਹੈ। ਰਣਧੀਰ ਕਾਲਜ ਕਪੂਰਥਲਾ ਵਿੱਚ ਹੋਈ ਬਦਲੀ ਉਸ ਦੀ ਇਸ ਜੀਵਨ-ਗੱਡੀ ਨੂੰਫਿਰ ‘ਰਵਾਂ’ ਤੋਰਦੀ ਹੈ।
ਇੱਥੇ ਹੀ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਬੀ.ਐੱਸ.ਸੀ. ਤੇ ਐੱਮ.ਐੱਸ.ਸੀ. ਵਿੱਕ ਇੱਕ ਸਾਲ ਜੂਨੀਅਰ ਰਹੇ ਆਪਣੇ ਪਿਆਰੇ ਮਿੱਤਰ ਡਾ. ਕੁਲਵੰਤ ਸਿੰਘ ਥਿੰਦ ਦੀ ਨਿਗਰਾਨੀ ਵਿੱਚ ਪਾਰਟ-ਟਾਈਮ ਪੀਐੱਚ.ਡੀ. ਕਰਨ ਦਾ ਆਪਣਾ ਸੁਪਨਾ ਪੂਰਾ ਕਰਨ ਦੀ ਸੁੱਝਦੀ ਹੈ। ਉਹ ਕਾਲਜ ਤੋਂ ਕਿਸੇ ਕਿਸਮ ਦੀ ਕੋਈ ਛੁੱਟੀ ਲਏ ਬਗ਼ੈਰ ਸ਼ਨੀਵਾਰ ਤੇ ਐਤਵਾਰ ਬਾਕਾਇਦਾ ਅੰਮ੍ਰਿਤਸਰ ਜਾ ਕੇ ਯੂਨੀਵਰਸਿਟੀ ਦੇ ਫ਼ਿਜ਼ਿਕਸ ਵਿਭਾਗ ਦੀਆਂ ਲੈਬਾਰਟਰੀਆਂ ਵਿੱਚ ਆਪਣੀ ਖੋਜ ਨਾਲ ਸਬੰਧਿਤ ਤਜਰਬੇ ਦਿਲ ਲਾ ਕੇ ਕਰਦਾ ਹੈ ਅਤੇ ਇਨ੍ਹਾਂ ਦੇ ਨਤੀਜੇ ਆਪਣੇ ਨਿਗਰਾਨ ਦੋਸਤ ਡਾ. ਥਿੰਦ ਨਾਲ ਵਿਚਾਰਦਾ ਹੈ। ਪੰਜਾਂ ਸਾਲਾਂ ਦੀ ਖੋਜ ਦੇ ਆਧਾਰਿਤ ਜਿੱਥੇ ਯੂਨੀਵਰਸਿਟੀ ਕਾਨਵੋਕੇਸ਼ਨ ਵਿੱਚ ਲਾਲ ਗਾਊਨ ਪਾ ਕੇ ਪੀਐੱਚ.ਡੀ. ਦੀ ਡਿਗਰੀ ਲੈਣ ਦੀ ਆਪਣੀ ਸੱਧਰ ਪੂਰੀ ਕਰਦਾ ਹੈ ਜੋ ਘਰੇਲੂ ਆਰਥਿਕ ਤੰਗੀ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋ. ਖੁਰਾਨਾ ਦੇ ਸੁਹਿਰਦ ਮਸ਼ਵਰੇ ਦੇ ਬਾਵਜੂਦ ਅਧੂਰੀ ਰਹਿ ਗਈ ਸੀ।ਡਾ. ਭੰਡਾਲ ਦੇ ਜਨੂੰਨ ਦੀ ਹੱਦ ਤੱਕ ਪਹੁੰਚੀ ਪੀਐੱਚ.ਡੀ. ਦੀਇਹ ਡਿਗਰੀ ਉਸ ਨੂੰ ਭਾਰਤ ਦੀ ਕਿਸੇ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਤੇ ਖੋਜ ਕਰਨ ਵਿੱਚ ਤਾਂ ਸਹਾਈ ਨਹੀਂ ਹੁੰਦੀ, ਪਰ ਅਮਰੀਕਾ ਦੀ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਇਹ ਉਸ ਨੂੰ ‘ਪ੍ਰੋਫ਼ੈੱਸਰ’ਦਾ ਰੁਤਬਾ ਦਿਵਾਉਣ ਵਿੱਚਭਰਪੂਰ ਯੋਗਦਾਨ ਪਾਉਂਦੀ ਹੈ।
ਡਾ. ਭੰਡਾਲ ਬਹੁਤ ਮਿਹਨਤੀ ਤੇ ਸਿਰੜੀਹੈ। ਯੂਨੀਵਰਸਿਟੀ ਵਿੱਚ ਪੜ੍ਹਾਉਣ ਦੇ ਨਾਲ-ਨਾਲ ਉਸ ਦੀਆਂ ਸਾਹਿਤਕ ਕਿਰਤਾਂ ਅਖ਼ਬਾਰਾਂ ਤੇ ਰਿਸਾਲਿਆਂ ਦਾ ਲਗਾਤਾਰ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਅਮਰੀਕਾ ਦੇ ਅਖ਼ਬਾਰ ‘ਪੰਜਾਬ ਟਾਈਮਜ਼’ ਵਿਚ ਉਸ ਦਾ ਆਰਟੀਕਲ ਹਰ ਹਰ ਹਫ਼ਤੇ ਬਾ-ਕਾਇਦਗੀ ਨਾਲ ਛਪਦਾ ਹੈ। ਉਸ ਦੀਆਂ ਕਵਿਤਾਵਾਂ ਤੇ ਵਾਰਤਕ ਦੀਆਂ ਪੁਸਤਕਾਂ ਦਾ ਜ਼ਿਕਰਪਹਿਲਾਂਹੋ ਚੁੱਕਾ ਹਾਂ। ਉਸ ਦੀ ਕਵਿਤਾ ਤਾਂ ਰਸਦਾਇਕ ਹੈ ਈ, ਪਰ ਉਸ ਦੀ ਵਾਰਤਕ ਵਿੱਚੋਂ ਵੀ ਕਾਵਿ-ਮਈ ਝਲਕ ਮਿਲਦੀ ਹੈ। ਲਹਿੰਦੇ ਪੰਜਾਬ ਦੇ ਓਰੀਐਂਟਲ ਕਾਲਜ ਲਾਹੌਰ ਦੀ ਪ੍ਰਿੰਸੀਪਲਤੇਪਾਕਿਸਤਾਨ ਦੀ ਝੰਗ ਯੂਨੀਵਰਸਿਟੀ ਦੀ ਵਾਈਸ-ਚਾਂਸਲਰਡਾ. ਨਾਬੀਲਾ ਰਹਿਮਾਨ ਦਾ ਇਸ ਬਾਰੇ ਕਹਿਣਾ ਹੈ, “ਭੰਡਾਲ ਸਾਹਿਬ, ਤੁਸੀਂ ਤਾਂ ਨਸਰੀ-ਨਜ਼ਮ ਲਿਖਦੇ ਹੋ।“ (ਪੰਨਾ-162)
ਡਾ. ਭੰਡਾਲਦੀ ਵਾਰਤਕ ਤੇ ਕਵਿਤਾ ਵਿੱਚ ਨਦੀਆਂ ਦੇ ਵਹਿੰਦੇ ਪਾਣੀਆਂ ਦੀ ਰਵਾਨੀ ਹੈ। ਉਸ ਕੋਲ ਸ਼ਬਦਾਂ ਦਾ ਅਥਾਹ ਭੰਡਾਰ ਹੈ। ਰਚਨਾਵਾਂ ਵਿਚ ਸ਼ਬਦ ਆਪਣੇ ਆਪ ‘ਕਿਰ-ਕਿਰ’ ਪੈਂਦੇ ਹਨ। ਉਸ ਦਾ ਅਧਿਆਪਨ ਤੇ ਲਿਖਣ-ਪੜ੍ਹਨ ਦਾਸਫ਼ਰ ਬਾ-ਦਸਤੂਰ ਜਾਰੀ ਹੈ। ਇਸ ਪੁਸਤਕ ਵਿੱਚ ਉਸਦਾ ਆਪਣਾ ਕਥਨ ਹੈ, “ਹਾਲੇ ਤਾਂ ਮੈਂ ਹਰਫ਼ਾਂ ਦੀ ਜੂਹ ਵਿੱਚ ਜੋਗੀ ਵਾਲ਼ਾ ਹੋਕਰਾਲਾਉਣਾ ਹੈ। ਸ਼ਬਦਾਂ ਵਿੱਚ ਅਰਥਾਂ ਦੇ ਦੀਵੇ ਜਗਾਉਣੇ ਨੇ ਤੇ ਖ਼ੁਦ ਨੂੰ ਕੋਰੇ ਵਰਕਿਆਂ ‘ਤੇ ਫ਼ੈਲੀ ਅਜਿਹੀ ਇਬਾਰਤ ਦੇ ਸਪੁਰਦ ਦੇ ਕਰਨਾ ਹੈ ਜੋ ਕਦੇ ਇਬਾਦਤ ਬਣਨ ਦੇ ਕਾਬਿਲ ਹੋ ਸਕੇ।“(ਪੰਨਾ-165)
ਰੱਬ ਕਰੇ! ਉਸ ਦਾ ਇਹ ‘ਸਫ਼ਰ’ ਨਿਰਵਿਘਨ ਚੱਲਦਾ ਰਹੇ। ਨਾਲੇਹੁਣਇਸ ਵੇਲੇ ਉਹ ਪੰਜਾਬ ਦੇ ‘ਕੱਚੇ ਪੱਕੇ ਰਾਹਾਂ ‘ਤੇ ਨਹੀਂ ਚੱਲ ਰਿਹਾ, ਸਗੋਂ ਅਮਰੀਕਾ ਦੇ ‘ਫ਼ਰੀਵੇਜ਼’ (ਕੈਨੇਡਾ ਦੇ ‘ਹਾਈਵੇਜ਼’) ‘ਤੇ ਸਪਾਟ ਦੌੜ ਰਿਹਾ ਹੈ। ਇਨ੍ਹਾਂ ਦੇਸ਼ਾਂ ਵਿੱਚ ਕਿਹੜੀ ਕੰਮ ਤੋਂ ਸੇਵਾ-ਮੁਕਤੀ ਦੀ ਕੋਈ ਬੰਦਿਸ਼ ਹੈ। ਅੱਸੀ-ਅੱਸੀ, ਨੱਬੇ-ਨੱਬੇ ਸਾਲ ਦੇ ਪ੍ਰੋਫ਼ੈਸਰ ਯੂਨੀਵਰਸਿਟੀਆਂ ਵਿਚ ਪੜ੍ਹਾ ਰਹੇ ਹਨ।
ਪ੍ਰਮਾਤਮਾ ਡਾ. ਭੰਡਾਲ ਨੂੰ ਲੰਮੀਂ ਆਯੂ ਤੇ ਤੰਦਰੁਸਤੀ ਬਖ਼ਸ਼ੇ।... ਤੇ ਉਸ ਦਾ ਇਹ ‘ਕੱਚਾ ਪੱਕਾ ਸਫ਼ਰ’ ਇੰਜ ਹੀ ਜਾਰੀ ਰਹੇ।