ਮਾਸਕੋ, 24 ਅਪ੍ਰੈਲ (ਪੋਸਟ ਬਿਊਰੋ): ਰੂਸ ਦੇ ਉਪ ਰੱਖਿਆ ਮੰਤਰੀ ਤੈਮੂਰ ਇਵਾਨੋਵ ਨੂੰ ਫੇਡਰਲ ਸਿਕਿਓਰਿਟੀ ਸਰਵਿਸ ਨੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਮੰਗਲਵਾਰ 23 ਅਪ੍ਰੈਲ ਨੂੰ ਫੜ੍ਹਿਆ ਗਿਆ ਸੀ। ਉਨ੍ਹਾਂ ਨੂੰ ਬੁੱਧਵਾਰ 24 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ 23 ਜੂਨ ਤੱਕ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ।
ਜਾਣਕਾਰੀ ਮੁਤਾਬਕ ਇਵਾਨੋਵ 'ਤੇ 2022 'ਚ ਰੂਸ-ਯੂਕਰੇਨ ਜੰਗ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਹਨ। ਬੁੱਧਵਾਰ ਨੂੰ ਇਵਾਨੋਵ ਨੂੰ ਮਾਸਕੋ ਦੀ ਬਾਸਮੈਨੀ ਜਿ਼ਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ।
48 ਸਾਲਾ ਇਵਾਨੋਵ 'ਤੇ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਸਰਕਾਰ ਖਿਲਾਫ ਕਿਸੇ ਤੀਜੀ ਧਿਰ ਨਾਲ ਮਿਲ ਕੇ ਸਾਜਿ਼ਸ਼ ਰਚੀ ਸੀ। ਜੇਕਰ ਉਹ ਹੁਣ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ 15 ਸਾਲ ਦੀ ਜੇਲ ਹੋਵੇਗੀ। ਹਾਲਾਂਕਿ, ਇਵਾਨੋਵ ਦਾ ਕਹਿਣਾ ਹੈ ਕਿ ਉਹ ਬੇਕਸੂਰ ਹੈ।