ਸਮੀਖਿਆਕਾਰ ਡਾ. ਸੁਖਦੇਵ ਸਿੰਘ ਝੰਡ
ਫ਼ੋਨ : +1 647-567-9128
ਜਸਵਿੰਦਰ ਸਿੰਘ ਰੁਪਾਲ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਵਿਗਿਆਨ ਤੇ ਅਰਥ-ਸ਼ਾਸਤਰ ਦਾ ਅਧਿਆਪਕ ਰਿਹਾ ਹੈ। ਪੰਜਾਬੀ, ਅੰਗਰੇਜ਼ੀ, ਮਨੋਵਿਗਿਆਨ, ਅਰਥ-ਸ਼ਾਸਤਰ ਅਤੇ ਜਰਨਲਿਜ਼ਮ ਵਿਸ਼ਿਆਂ ਵਿੱਚ ਐੱਮ.ਏ. ਪੱਧਰ ਦੀ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਗੁਰਬਾਣੀ ਅਧਿਐੱਨ ਵੀ ਉਸ ਦੀ ਡੂੰਘੀ ਦਿਲਚਸਪੀ ਦਾ ਖ਼ੇਤਰ ਰਿਹਾ ਹੈ। ਗੁਰਬਾਣੀ ‘ਗਿਆਨ ਦਾ ਸਾਗਰ’ ਹੈ। ਇਸ ਸਾਗਰ ਵਿੱਚ ਟੁੱਭੀ ਮਾਰਨ ਵਾਲਾ ਜਗਿਆਸੂ ਇਸ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ‘ਮੋਤੀ’ ਲੱਭ ਲਿਆਉਂਦਾ ਹੈ ਅਤੇ ਜਿੰਨੀ ਵੀ ਕੋਈ ਡੂੰਘੀ ਚੁੱਭੀ ਮਾਰਦਾ ਹੈ, ਓਨੇ ਹੀ ਕੀਮਤੀ ਹੀਰੇ ਮੋਤੀ ਉਸ ਦੇ ਹੱਥ ਆਉਂਦੇ ਹਨ। ਜਸਵਿੰਦਰ ਰੁਪਾਲ ਨੇ ਇਸ ਸਾਗਰ ‘ਚ ਡੂੰਘੀਆਂ ਚੁੱਭੀਆਂ ਲਗਾਈਆਂ ਹਨ ‘ਸ਼ਬਦ-ਰੂਪੀ ਮੋਤੀ’ ਲੱਭ ਕੇ ਇਸ ਪੁਸਤਕ ਵਿਚ ਬੜੀ ਸੁਹਜ ਤੇ ਸਿਆਣਪ ਨਾਲ ਸਜਾਏ ਹਨ।
ਇਸ ਪੁਸਤਕ ਵਿਚ ਲੇਖਕ ਨੇ 30 ਲੇਖ ਸ਼ਾਮਲ ਕੀਤੇ ਹਨ। ਪੁਸਤਕ ਦਾ ਕੇਂਦਰੀ-ਧੁਰਾ ਇਸ ਦਾ ਲੇਖ ‘ਕੀਤੋਸ ਆਪਣਾ ਪੰਥ ਨਿਰਾਲਾ’ ਹੈ ਜਿਸ ਨੂੰ ਉਸ ਦੇ ਵੱਲੋਂ ਇਸ ਪੁਸਤਕ ਦਾ ਸਿਰਲੇਖ ਬਣਾਇਆ ਗਿਆ ਹੈ। ਜਸਵਿੰਦਰ ਸਿੰਘ ਰੁਪਾਲ ਅਨੁਸਾਰ “ਸ਼ਬਦ-ਰੂਪ ਪਾਰਬ੍ਰਹਮ ਨੂੰ ਪਹਿਚਾਣ ਕੇ, ਸ਼ਬਦ ਵਿਚ ਸੁਰਤਿ ਲਗਾ ਕੇ ਉਸ ਦੀ ਪ੍ਰਾਪਤੀ ਅਤੇ ਇਸੇ ਸ਼ਬਦ ਦੇ ਗਿਆਨ ਨਾਲ ਮਨੁੱਖੀ ਮਨ ਨੂੰ ਵਿਕਾਰਾਂ ਤੋਂ ਮੋੜ ਕੇ ਉਸ ਇੱਕ ਨਿਰਾਕਾਰ ਦੇ ਨਾਮ ਵਿੱਚ ਲੀਨ ਹੋ ਕੇ ਅਸਲ ਅਨੰਦ ਦੀ ਵਿਆਖਿਆ ਕਰਨਾ ਗੁਰੂ ਨਾਨਕ ਦੇਵ ਜੀ ਦੇ ਹਿੱਸੇ ਆਇਆ ਹੈ। ਭਾਈ ਗੁਰਦਾਸ ਜੀ ਨੇ ਇਸ ਜੀਵਨ ਜੁਗਤ ਨੂੰ ‘ਨਾਨਕ ਨਿਰਮਲ ਪੰਥ ਚਲਾਇਆ’ ਆਖਿਆ ਹੈ ਅਤੇ ਇਸ ਨੂੰ ‘ਨਿਰਾਲਾ ਪੰਥ’ ਕਹਿ ਕੇ ਵਡਿਆਇਆ ਹੈ।“ (ਪੰਨਾ-47)
ਗੁਰੂ ਨਾਨਕ ਦਾ ਇਹ ਨਿਰਾਲਾ ਪੰਥ ਸਾਰੇ ਧਰਮਾਂ ਤੇ ਮੱਤਾਂ ਦਾ ਸਤਿਕਾਰ ਕਰਦਾ ਹੈ। ਇਸ ਦੇ ਨਾਲ ਹੀ ਇਹ ਪਾਖੰਡ ਅਤੇ ਵਿਖਾਵੇ ਦੀ ਭਰਪੂਰ ਵਿਰੋਧਤਾ ਕਰਦਾ ਹੈ। ਇਸ ਪੰਥ ਦਾ ‘ਪਾਂਧੀ’ ਇਸ ਵਿੱਚੋਂ “ਦੁਖ ਨਾ ਦੇਈ ਕਿਸੈ ਜੀਅ ਪਾਰਬ੍ਰਹਮ ਚਿਤਾਰੈ” ਦੀ ਲੋਅ ਲੈ ਕੇ “ਵਿਚ ਦੁਨੀਆ ਸੇਵ ਕਮਾਈਐ ਤਾ ਦਰਗਾਹ ਬੈਸਣ ਪਾਈਐ” ਦੇ ਹੁਕਮ ਦੀ ਪਾਲਣਾ ਕਰਦਾ ਹੋਇਆ ਇਸ ਸੰਸਾਰ ਵਿੱਚ ਆ ਕੇ ਗ੍ਰਹਿਸਤ ਆਸ਼ਰਮ ‘ਚ ਵਿਚਰਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੀ ਤਰਤੀਬ ਅਤੇ ਇਸ ਦੀਆਂ ਸੰਪਾਦਕੀ ਜੁਗਤਾਂ ਦੀ ਗੱਲ ਕਰਦਿਆਂ ਜਸਵਿੰਦਰ ਰੁਪਾਲ ਦੱਸਦਾ ਹੈ ਕਿ ਇਸ ਵਿੱਚ 35 ਬਾਣੀਕਾਰਾਂ ਦੀ ਬਾਣੀ ਸ਼ਾਮਲ ਹੈ ਜਿਨ੍ਹਾਂ ਵਿੱਚ ਛੇ ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 3 ਗੁਰਸਿੱਖ ਸ਼ਾਮਲ ਹਨ। ਇਸ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਬਾਣੀਕਾਰਾਂ ਦੀ ਵਿਚਾਰਧਾਰਾ ਨੂੰ ਸਨਮੁੱਖ ਰੱਖਿਆ ਹੈ। ਬਾਣੀ ਨੂੰ ਵੱਖ-ਵੱਖ ਰਾਗਾਂ ਦੇ ਅਧਾਰ ‘ਤੇ ਇਸ ਵਿੱਚ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ ਗਈ ਹੈ ਅਤੇ ਫਿਰ ਵੱਖ-ਵੱਖ ਭਗਤ ਸਾਹਿਬਾਨ ਤੇ ਗੁਰਸਿੱਖਾਂ ਦੀ। ਰਾਗ-ਮੁਕਤ ਬਾਣੀ ਨੂੰ ਓਸੇ ਹੀ ਕਰਮ ਅਨੁਸਾਰ ਵੱਖਰਾ ਰੱਖਿਆ ਗਿਆ ਹੈ। ਇਸ ਗੁਰਬਾਣੀ ਵਿੱਚ ਬਹੁਤ ਸਾਰੇ ਕਾਵਿ-ਰੂਪ ਵਰਤੇ ਗਏ ਹਨ। ਇਸ ਦੇ ਨਾਲ ਹੀ ਜਸਵਿੰਦਰ ਰੁਪਾਲ ਵੱਲੋਂ ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ, ਇਸ ਵਿੱਚ ਸੂਰੇ ਦਾ ਸੰਕਲਪ ਤੇ ਕਰਾਮਾਤ ਦੇ ਸਥਾਨ ਦੀ ਗੱਲ ਬਾਖ਼ੂਬੀ ਕੀਤੀ ਗਈ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦੱਸੀ ਗਈ ਜੀਵਨ-ਜਾਚ ਦੀ ਗੱਲ ਕਰਦਿਆਂ ਉਹ ਕਹਿੰਦਾ ਹੈ ਕਿ ਇਨਸਾਨ ਇਸ ਦੁਨੀਆਂ ਵਿੱਚ ਆ ਕੇ ਇਸ ਦੇ ਰੰਗ-ਤਮਾਸ਼ਿਆਂ ਵਿੱਚ ਰੁਚਿਤ ਹੋ ਜਾਂਦਾ ਹੈ ਅਤੇ ਉਹ ਆਪਣੇ ਜੀਵਨ ਦੇ ਅਸਲ ਮਕਸਦ ਨੂੰ ਭੁੱਲ ਜਾਂਦਾ ਹੈ। ਗੁਰਬਾਣੀ ਉਸ ਨੂੰ ਇਹ ਸਾਰੀ ਕਾਇਨਾਤ ‘ਇੱਕ ਨੂਰ’ ਤੋਂ ਹੀ ਉਪਜੀ ਹੋਣ ਦਾ ਅਹਿਸਾਸ ਕਰਾਉਂਦੀ ਹੈ। “ਏਕ ਪਿਤਾ ਏਕਸ ਕੇ ਹਮ ਬਾਰਿਕ” ਹੋਣ ਕਰਕੇ ਸਾਰਿਆਂ ਨੂੰ ਭੈਣ-ਭਰਾ ਸਮਝ ਕੇ ਇਨਸਾਨ ਦਾ ਦੂਈ-ਦਵੈਤ, ਭੇਦ-ਭਾਵ, ਈਰਖਾ ਤੇ ਸਾੜਾ ਦੂਰ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਾਂਝੀਵਾਲਤਾ ਦਾ ਇਹ ਸੱਭ ਤੋਂ ਵੱਡਾ ਉਪਦੇਸ਼ ਹੈ ਜੋ ਹੋਰ ਗ੍ਰੰਥਾਂ ਵਿਚ ਉਪਲੱਭਧ ਨਹੀਂ ਹੈ। ਇਸ ਮਹਾਨ ਗ੍ਰੰਥ ਵਿਚ ਭਗਤ ਕਬੀਰ ਦਾ ਇਹ ਸ਼ਬਦ ਇਸ ਦੀ ਹੋਰ ਵਿਆਖਿਆ ਕਰਦਾ ਹੈ :
ਅਵਲਿ ਅਲਾਹ ਨੂਰ ਉਪਾਇਆ ਕੁਦਰਤ ਕੇ ਸੱਭ ਬੰਦੇ ।।
ਏਕਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ।। (ਪ੍ਰਭਾਤੀ, ਕਬੀਰ ਜੀ, ਪੰਨਾ-1349)
ਲੋਕਾਂ ਵਿੱਚ ਇਹ ਆਮ ਧਾਰਨਾ ਬਣ ਚੁੱਕੀ ਹੈ ਕਿ ‘ਖਾਲਸਾ’ ਸ਼ਬਦ ਗੁਰੂ ਗੋਬਿੰਦ ਸਿੰਘ ਜੀ ਵੱਲੋਂ 30 ਮਾਰਚ 1699 ਦੀ ਇਤਿਹਾਸਕ ਵਿਸਾਖੀ ਵਾਲੇ ਦਿਨ ਅੰਮ੍ਰਿਤ ਸੰਚਾਰ ਕਰਨ ਸਮੇਂ ਪਹਿਲੀ ਵਾਰ ਵਰਤਿਆ ਗਿਆ, ਜਦਕਿ ਇਹ ਪੁਰਾਤਨ ਸਮੇਂ ਤੋਂ ਚੱਲਿਆ ਆ ਰਿਹਾ ਹੈ। ਭਗਤ ਕਬੀਰ ਜੀ ਅਨੁਸਾਰ ਖਾਲਸਾ ਉਹ ਮਨੁੱਖ ਹੈ ਜੋ ਪ੍ਰਭੂ ਭਗਤੀ ਵਿੱਚ ਲੀਨ ਹੈ ਅਤੇ ਅਜਿਹਾ ਵਿਅੱਕਤੀ ਨਿਰਭਉ ਤੇ ਨਿਰਵੈਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ 1699 ਨੂੰ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਨਿਰਭਉ ਤੇ ਨਿਰਵੈਰ ਬਣਾਇਆ ਅਤੇ ਖਾਲਸਾ ਪੰਥ ਦੀ ਨੀਂਹ ਰੱਖੀ। ਪੁਸਤਕ ਦੇ ‘ਕਹੋ ਕਬੀਰ ਜਨ ਭਏ ਖਾਲਸੇ’ ਵਾਲੇ ਅਧਿਆਇ ਵਿਚ ਜਸਵਿੰਦਰ ਰੁਪਾਲ ਨੇ ਗੁਰਬਾਣੀ ਦੇ ਹਵਾਲੇ ਨਾਲ ਇਹ ਦੱਸਿਆ ਹੈ ਕਿ ਭਗਤ ਕਬੀਰ ਜੀ (1398-1448) ਨੇ ਇਸ ਸ਼ਬਦ ‘ਖਾਲਸੇ’ ਦੀ ਵਰਤੋਂ ਬਹੁਤ ਸਮਾਂ ਪਹਿਲਾਂ ਪੰਦਰਵੀਂ ਸਦੀ ਵਿਚ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸੋਰਠਿ ‘ਚ ਦਰਜ ਉਨ੍ਹਾਂ ਦਾ ਇਹ ਸ਼ਬਦ ਇਸ ਦੀ ਭਰਪੂਰ ਗਵਾਹੀ ਭਰਦਾ ਹੈ ਜਿਸ ਦੀ ਅਖ਼ੀਰਲੀ ਤੁਕ ਹੈ :
ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ।।
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਨ ਜਾਨੀ ।।
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ-654)
‘ਕਮਿਊਨਿਜ਼ਮ ਬਨਾਮ ਗੁਰਮਤਿ’ ਅਧਿਆਇ ਵਿੱਚ ‘ਕਮਿਊਨਿਜ਼ਮ’ ਮਾਰਕਸਵਾਦ ਅਤੇ ਲੈਨਿਨਵਾਦ ਦੇ ਸਿਧਾਂਤਾਂ ਅਨੁਸਾਰ ਉਸਰਿਆ ਹੋਇਆ ਸਮਾਜਿਕ ਤੇ ਰਾਜਨੀਤਿਕ ਪ੍ਰਬੰਧ ਹੈ ਅਤੇ ਇਸ ਵਿੱਚ ਊਚ-ਨੀਚ ਤੇ ਜ਼ਾਤ-ਪਾਤ ਦੇ ਵਿਤਕਰੇ ਦੀ ਗੁੰਜਾਇਸ਼ ਨਹੀਂ ਹੈ। ਸਰਬ-ਸ਼ਕਤੀਮਾਨ ਪ੍ਰਮਾਤਮਾ ਦੀ ਗੱਲ ਕਰਦੀ ਗੁਰਬਾਣੀ ਵੀ ਤਾਂ ਸਮਾਜਿਕ ਨਿਆਂ ਤੇ ਊਚ-ਨੀਚ ਤੇ ਜ਼ਾਤ-ਪਾਤ ਦਾ ਵਿਰੋਧ ਕਰਦੀ ਹੈ ਅਤੇ ਬਰਾਬਰੀ ਦਾ ਸੰਦੇਸ਼ ਦਿੰਦੀ ਹੈ। ਪਰ ਆਪਣੇ ਆਪ ਨੂੰ ‘ਕਮਿਊਨਿਸਟ’ ਅਖਵਾਉਣ ਵਾਲੇ ਸਾਡੇ ਬਹੁਤ ਸਾਰੇ ਵੀਰ ਆਪਣਾ ਸਾਰਾ ਜ਼ੋਰ ਪ੍ਰਮਾਤਮਾ ਦੀ ਹੋਂਦ ਨੂੰ ਨਿਕਾਰਨ ‘ਤੇ ਹੀ ਲਗਾ ਦਿੰਦੇ ਹਨ। ਲੋਕਾਂ ਵਿੱਚ ਵਿਗਿਆਨਕ ਸੋਚ ਲਿਆਉਣੀ ਤੇ ਤਰਕ ਨਾਲ ਗੱਲ ਕਰਨਾ ਮਾੜੀ ਗੱਲ ਨਹੀਂ ਹੈ ਅਤੇ ਗੁਰਮਤਿ ਵੀ ਵਿਗਿਆਨ ਦੇ ਵਿਰੁੱਧ ਨਹੀਂ ਹੈ। ਰੁਪਾਲ ਅਨੁਸਾਰ, “ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂ ਸਾਹਿਬਾਨ ਨੇ ਨਾ ਕੇਵਲ ਆਪਣੀ ਗੱਲ ਤਰਕ ਨਾਲ ਕੀਤੀ ਹੈ, ਬਲਕਿ ਗੁਰਮਤਿ ਤਾਂ ਤਰਕ ਦੀ ਥਾਂ ‘ਤੇ ਵਿਵੇਕ (ਤਰਕ+ਅਕਲ) ਦੇ ਆਧਾਰਿਤ ਹੈ। ਨਿਰੋਲ ਤਰਕ ਸਿਰਫ਼ ਬਹਿਸਾਂ ਨੂੰ ਸਨਮ ਦਿੰਦਾ ਹੈ।“ (ਪੰਨਾ-35)
ਪੁਸਤਕ ਵਿਚ ਸ਼ਾਮਲ ਲੇਖ ‘ਨਾਨਕ ਚਿੰਤਨ ਦੇ ਇਨਕਲਾਬੀ ਪਹਿਲੂ’, ਨਿਰਭੈ ਯੋਧੇ ਸਨ ਗੁਰੂ ਅਰਜਨ ਦੇਵ ਜੀ’, ‘ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵਿਚਲੇ ਦਰਸ਼ਨ ਸ਼ਾਸਤਰ ਦਾ ਆਧੁਨਿਕ ਸਿੱਖਿਆ ਵਿੱਚ ਮਹੱਤਵ’, ‘ਗੁਰੂ ਗੋਬਿੰਦ ਸਿੰਘ ਜੀ ਦਾ ਦਰਵੇਸ਼ ਰੂਪ’ ਅਤੇ ‘ਭਗਤ ਰਵੀਦਾਸ ਜੀ ਦਾ ਜੀਵਨ ਤੇ ਬਾਣੀ ਦਾ ਸੰਦੇਸ਼’ ਇਨ੍ਹਾਂ ਗੁਰੂ ਸਾਹਿਬਾਨ ਤੇ ਭਗਤ ਰਵੀਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਮਨੁੱਖਤਾ ਨੂੰ ਦਿੱਤੀਆਂ ਗਈਆਂ ਸਿੱਖਿਆਵਾਂ ‘ਤੇ ਭਰਪੂਰ ਰੌਸ਼ਨੀ ਪਾਉਂਦੇ ਹਨ। ਇੱਕ ਹੋਰ ਲੇਖ ‘ਗੁਰੂ ਨਾਨਕ ਦਾ ਚਿੰਤਨ ਅਤੇ ਡੇਰਾਵਾਦ’ ਵਿੱਚ ਭਾਰਤ ਤੇ ਖ਼ਾਸ ਕਰਕੇ ਇਸ ਦੇ ਸੂਬੇ ਪੰਜਾਬ ’ਚ ਫ਼ੈਲੇ ਅਜੋਕੇ ਡੇਰਾਵਾਦ ਤੇ ਬਾਬਾਵਾਦ ਦੀ ਗੱਲ ਬਹੁਤ ਵਧੀਆ ਢੰਗ ਨਾਲ ਕੀਤੀ ਗਈ ਹੈ। ‘ਗੁਰੂਡੰਮ’ ਦੇ ਰੂਪ ਵਿੱਚ ਇਹ ਰਾਧਾ ਸੁਆਮੀ, ਨਕਲੀ ਨਿਰੰਕਾਰੀ ਤੇ ਨਾਮਧਾਰੀ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਵਿੱਚ ਪ੍ਰਗਟ ਹੁੰਦੇ ਹਨ। ਪ੍ਰਮਾਤਮਾ ਦੇ ਨਿਰਗੁਣ ਸਰੂਪ ਨਾਲੋਂ ਸਰਗੁਣ ਸਰੂਪ ਨੂੰ ਵਧੇਰੇ ਮਹੱਤਤਾ ਦਿੰਦਿਆਂ ‘ਬਾਬਾਵਾਦ’ ਦੇ ਰੂਪ ਵਿੱਚ ਇਹ ਅਜੋਕੇ ਬਾਬਿਆਂ ਤੇ ਪਖੰਡੀ ਸਾਧਾਂ ਤੇ ਸੰਤਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜੋ ਆਪੋ-ਆਪਣੇ ਡੇਰਿਆਂ ਵਿੱਚ ਗੁਰਬਾਣੀ ਦੀਆਂ ਤੁਕਾਂ ਦੀ ਆਪਣੇ ਹੀ ਹਿਸਾਬ ਨਾਲ ਵਿਆਖਿਆ ਕਰਕੇ ਭੋਲ਼ੇ-ਭਾਲ਼ੇ ਲੋਕਾਂ ਨੂੰ ਆਪਣੇ ਮਗਰ ਲਾ ਲੈਂਦੇ ਹਨ।
ਜਸਵਿੰਦਰ ਰੁਪਾਲ ਇਨ੍ਹਾਂ ਡੇਰਿਆਂ ਅਤੇ ਪਖੰਡੀ ਸਾਧਾਂ-ਸੰਤਾਂ ਦੀਆਂ ‘ਵਿਸ਼ੇਸ਼ਤਾਈਆਂ’ ਦਾ ਬੜੀ ਖ਼ੂਬਸੂਰਤੀ ਨਾਲ ਜ਼ਿਕਰ ਕਰਦਾ ਹੈ, ਜਦੋਂ ਉਹ ਕਹਿੰਦਾ ਹੈ, “ਇਹ ਸੰਪਟ-ਪਾਠ, ਇਕੋਤਰੀਆਂ, 21, 51, 101 ਪਾਠਾਂ ਦੀਆਂ ਲੜੀਆਂ ਕਰਦੇ/ਕਰਵਾਉਂਦੇ ਹਨ। ਆਪਣੇ ਪਾਠਾਂ ਦੌਰਾਨ ਇਹ ਧੂਫ਼ਾਂ, ਕੁੰਭ, ਜੋਤ, ਨਾਰੀਅਲ, ਆਦਿ ਦੀ ਵਰਤੋਂ ਜ਼ਰੂਰੀ ਸਮਝਦੇ ਹਨ। ਆਪਣੇ ਨਾਵਾਂ ਦੇ ਨਾਲ ਇਹ ‘ਸੰਤ’, ਗਿਆਨੀ’, ‘ਬ੍ਰਹਮ ਗਿਆਨੀ’ ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹਨ ਅਤੇ ਆਪਣੇ ਸ਼ਰਧਾਲੂਆਂ ਤੇ ਚੇਲਿਆਂ ਤੋਂ ਕਰਵਾਉੰਦੇ ਹਨ। ਇਨ੍ਹਾਂ ਦੇ ਹਰੇਕ ਡੇਰੇ ਦੀ ਮਰਿਆਦਾ ਵੱਖੋ-ਵੱਖਰੀ ਹੈ ਅਤੇ ਇਨ੍ਹਾਂ ਦਾ ਲਿਬਾਸ ਵੀ ਵੱਖਰਾ ਹੈ। ਇਨ੍ਹਾਂ ਵਿੱਚੋਂ ਕਈ ਗੋਲ਼ ਪੱਗ ਬੰਨ੍ਹਦੇ ਹਨ, ਲੰਮੇਂ ਸਫ਼ੈਦ ਚੋਲ਼ੇ ਪਾਉੰਦੇ ਹਨ, ਜੁੱਤੀ ਦੀ ਥਾਂ ਪੈਰੀਂ ਖੜਾਵਾਂ ਪਾਉਂਦੇ ਹਨ ਤੇ ਹੱਥ ਵਿੱਚ ਸਿਮਰਨਾ ਰੱਖਦੇ ਹਨ ਅਤੇ ਆਪਣਾ ‘ਨਾਮ’ (ਕੁਝ ਸ਼ਬਦਾਂ ਦਾ ਸਮੂਹ) ਦਿੰਦੇ ਹਨ ਜੋ ਇਹ ਲੋਕਾਂ ਦੇ ਕੰਨਾਂ ਵਿੱਚ ਦੱਸਦੇ ਹਨ ਤੇ ਉਹ ਉਨ੍ਹਾਂ ਵੱਲੋਂ ਗੁਪਤ ਰੱਖਿਆ ਜਾਂਦਾ ਹੈ, ਵਗ਼ੈਰਾ, ਵਗ਼ੈਰਾ। (ਪੰਨਾ 152-154)
208 ਪੰਨਿਆਂ ਵਿੱਚ ਫ਼ੈਲੀ ਇਸ ਪੁਸਤਕ ਦੇ 30 ਲੇਖਾਂ ਬਾਰੇ ਇਸ ਛੋਟੇ ਜਿਹੇ ਆਰਟੀਕਲ ਵਿੱਚ ਗੱਲ ਕਰਨੀ ਬਹੁਤ ਮੁਸ਼ਕਲ ਹੈ। ਇਸ ਦੇ ਕੁਝ ਲੇਖਾਂ ਨੂੰ ਆਧਾਰ ਬਣਾ ਕੇ ਸੰਖੇਪ ਰੂਪ ਵਿੱਚ ਹੀ ਚਰਚਾ ਕੀਤੀ ਗਈ ਹੈ। ਇਸ ਦੇ ਬਾਰੇ ਪੂਰੀ ਜਾਣਕਾਰੀ ਤਾਂ ਪੁਸਤਕ ਪੜ੍ਹ ਕੇ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਮੇਰੀ ਜਾਚੇ ਗੁਰਮਤਿ ਬਾਰੇ ਵਿਚਾਰ ਸਾਂਝੇ ਕਰਨ ਦਾ ਜਸਵਿੰਦਰ ਸਿੰਘ ਰੁਪਾਲ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਸਧਾਰਨ ਵਿਅੱਕਤੀ ਜਿਸ ਦੀ ਗੁਰਬਾਣੀ ਤੇ ਗੁਰਮਤਿ ਬਾਰੇ ਅਜੇ ਓਨੀ ਸਮਝ ਨਹੀਂ ਬਣੀ, ਇਸ ਪੁਸਤਕ ਵਿੱਚੋਂ ਇਸ ਦੀ ਸੋਝੀ ਦੀ ਝਲਕ ਬਾਖ਼ੂਬੀ ਪ੍ਰਾਪਤ ਕਰ ਸਕਦਾ ਹੈ। ਘੱਟੋ-ਘੱਟ ਆਪਣੇ ਬਾਰੇ ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਮੈਨੂੰ ਇਹ ਪੁਸਤਕ ਪੜ੍ਹ ਕੇ ਕਾਫ਼ੀ ਕੁਝ ਸਮਝ ਆਇਆ ਹੈ। ਜਸਵਿੰਦਰ ਰੁਪਾਲ ਨੂੰ ਇਹ ਪੁਸਤਕ ਲਿਆਉਣ ‘ਤੇ ਮੁਬਾਰਕਬਾਦ ਦਿੰਦਾ ਹਾਂ ਅਤੇ ਇਸ ਦੇ ਨਾਲ ਹੀ ਮੈਂ ਪੰਜਾਬੀ ਪਾਠਕਾਂ ਨੂੰ ਇਸ ਨੂੰ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਿਸ਼ ਵੀ ਕਰਦਾ ਹਾਂ।