ਓਨਟਾਰੀਓ, 9 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਦੇ ਉਸ ਪ੍ਰਸਤਾਵ ਨੂੰ ਓਨਟਾਰੀਓ ਦੇ ਸਿੱਖਿਆ ਮੰਤਰੀ ਸਟੀਫਨ ਲਿਚੇ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ ਜਿਸ ਵਿੱਚ ਬਜਟ ਨੂੰ ਸੰਤੁਲਿਤ ਕਰਨ ਲਈ ਕੁੱਝ ਸਕੂਲਾਂ ਨੂੰ ਬੰਦ ਕਰਨ ਦੀ ਗੱਲ ਕੀਤੀ ਗਈ ਸੀ।
ਟੀਡੀਐਸਬੀ ਨੂੰ ਬਜਟ ਸੰਤੁਲਿਤ ਕਰਨ ਲਈ ਅਗਲੇ ਸਕੂਲ ਵਰੇ੍ਹ ਵਾਸਤੇ 27 ਮਿਲੀਅਨ ਡਾਲਰ ਦੇ ਨੇੜੇ ਤੇੜੇ ਦੀ ਬਚਤ ਚਾਹੀਦੀ ਹੈ ਤੇ ਇਸੇ ਲਈ ਪ੍ਰੋਵਿੰਸ ਤੋਂ ਕੁੱਝ ਸਕੂਲਾਂ ਨੂੰ ਬੰਦ ਕਰਨ ਦੀ ਇਜਾਜ਼ਤ ਮੰਗੀ ਗਈ ਸੀ। ਇੱਕ ਬਿਆਨ ਵਿੱਚ ਲਿਚੇ ਨੇ ਆਖਿਆ ਕਿ ਇਹ ਸਪਸ਼ਟ ਹੈ ਕਿ ਬੋਰਡ ਆਪਣੇ ਬਜਟ ਨੂੰ ਮੈਨੇਜ ਕਰਨ ਦੀ ਸਮਰੱਥਾ ਨਹੀਂ ਰੱਖਦਾ ਤੇ ਨਾ ਹੀ ਵਿਦਿਆਰਥੀਆਂ ਲਈ ਸੇਵਾਵਾਂ ਨੂੰ ਤਰਜੀਹ ਦੇਣ ਵੱਲ ਹੀ ਗੰਭੀਰ ਹੈ।
ਉਨ੍ਹਾਂ ਆਖਿਆ ਕਿ 2019 ਤੋਂ ਸਰਕਾਰ ਵੱਲੋਂ ਟੀਡੀਐਸਬੀ ਨੂੰ 128 ਮਿਲੀਅਨ ਡਾਲਰ ਤੋਂ ਵੱਧ ਦੇ ਫੰਡ ਮੁਹੱਈਆ ਕਰਵਾਏ ਜਾ ਚੁੱਕੇ ਹਨ ਜਿਸ ਨਾਲ ਸਾਰੇ ਵਿਦਿਆਰਥੀ ਚੰਗੀ ਤਰ੍ਹਾਂ ਮੈਨੇਜ ਹੋ ਰਹੇ ਸਨ। ਉਨ੍ਹਾਂ ਆਖਿਆ ਕਿ ਉਹ ਟੀਡੀਐਸਬੀ ਨੂੰ ਇਹੋ ਸਲਾਹ ਦੇਣੀ ਚਾਹੁਣਗੇ ਕਿ ਪਿਛਲੇ 20 ਸਾਲਾਂ ਤੋਂ ਘਾਟਿਆਂ ਦੀ ਮਾਰ ਸਹਿ ਰਹੇ ਬੋਰਡ ਨੂੰ ਵਿਦਿਆਰਥੀਆਂ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤੇ ਗੈਰ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਲਈ ਸੇਵਾਵਾਂ ਵਿੱਚ ਕਟੌਤੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ।