ਇਸਲਾਮਾਬਾਦ, 2 ਅਪ੍ਰੈਲ (ਪੋਸਟ ਬਿਊਰੋ): ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਉਮੀਦ ਜਤਾਈ ਹੈ ਕਿ ਭਾਰਤ 'ਚ ਆਮ ਚੋਣਾਂ ਤੋਂ ਬਾਅਦ ਗੁਆਂਢੀ ਦੇਸ਼ ਨਾਲ ਸਬੰਧਾਂ 'ਚ ਸੁਧਾਰ ਹੋਵੇਗਾ। ਆਸਿਫ਼ ਦੀਆਂ ਟਿੱਪਣੀਆਂ ਤੋਂ ਕੁਝ ਦਿਨ ਪਹਿਲਾਂ, ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਿੰਗਾਪੁਰ ਵਿੱਚ ਕਿਹਾ ਸੀ ਕਿ ਪਾਕਿਸਤਾਨ ਲਗਭਗ "ਉਦਯੋਗਿਕ ਪੱਧਰ" 'ਤੇ ਅੱਤਵਾਦ ਨੂੰ ਸਪਾਂਸਰ ਕਰ ਰਿਹਾ ਹੈ ਅਤੇ ਭਾਰਤ ਹੁਣ ਅੱਤਵਾਦੀਆਂ ਨੂੰ ਨਜ਼ਰਅੰਦਾਜ਼ ਕਰਨ ਦੇ ਮੂਡ ਵਿਚ ਨਹੀਂ ਹੈ, ਇਸ ਲਈ ਉਹ "ਹੁਣ ਨਜ਼ਰਅੰਦਾਜ਼ ਨਹੀਂ ਕਰੇਗਾ।
ਇਸਲਾਮਾਬਾਦ 'ਚ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਵਾਜਾ ਆਸਿਫ ਨੇ ਸੋਮਵਾਰ ਨੂੰ ਕਿਹਾ ਕਿ ਚੋਣਾਂ ਤੋਂ ਬਾਅਦ ਭਾਰਤ ਨਾਲ ਸਾਡੇ ਸਬੰਧ ਸੁਧਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਦਾ ਆਪਣਾ ‘ਪਿੱਠਭੂਮੀ’ ਹੈ।ਅਫ਼ਗਾਨਿਸਤਾਨ ਬਾਰੇ ਗੱਲ ਕਰਦਿਆਂ ਰੱਖਿਆ ਮੰਤਰੀ ਆਸਿਫ਼ ਨੇ ਕਿਹਾ ਕਿ ਉਨ੍ਹਾਂ ਨੇ ਉੱਚ ਪੱਧਰੀ ਵਫ਼ਦ ਨਾਲ ਅਫ਼ਗਾਨਿਸਤਾਨ ਦਾ ਦੌਰਾ ਕੀਤਾ ਹੈ ਅਤੇ ਉੱਥੇ ਦੀ ਤਾਲਿਬਾਨ ਸਰਕਾਰ ਨੂੰ ਅੱਤਵਾਦ ਨੂੰ ਰੋਕਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।