ਨਵੀਂ ਦਿੱਲੀ, 21 ਮਾਰਚ (ਪੋਸਟ ਬਿਊਰੋ): ਪਤੰਜਲੀ ਆਯੁਰਵੇਦ ਦੀ ਗੁੰਮਰਾਹਕੁੰਨ ਦਵਾਈ ਦੇ ਇਸ਼ਤਿਹਾਰ ਨੂੰ ਲੈ ਕੇ ਸੁਪਰੀਮ ਕੋਰਟ 'ਚ ਚੱਲ ਰਹੇ ਮਾਮਲੇ 'ਚ ਕੰਪਨੀ ਨੇ ਹੁਣ ਆਪਣੀ ਗਲਤੀ ਲਈ ਮੁਆਫ਼ੀ ਮੰਗ ਲਈ ਹੈ। ਪਤੰਜਲੀ ਆਯੁਰਵੇਦ ਅਤੇ ਇਸਦੇ ਐਮਡੀ ਆਚਾਰੀਆ ਬਾਲਕ੍ਰਿਸ਼ਨ ਨੇ ਗੁੰਮਰਾਹਕੁੰਨ ਅਤੇ ਧੋਖੇਬਾਜ਼ ਦਵਾਈਆਂ ਦੇ ਇਸ਼ਤਿਹਾਰ ਦੇਣ ਲਈ ਸੁਪਰੀਮ ਕੋਰਟ ਤੋਂ ਬਿਨ੍ਹਾਂ ਸ਼ਰਤ ਮੁਆਫੀ ਮੰਗੀ ਹੈ।
ਅਦਾਲਤ ਨੇ ਸਵਾਮੀ ਰਾਮਦੇਵ (ਪਤੰਜਲੀ ਦੇ ਸਹਿ-ਸੰਸਥਾਪਕ) ਅਤੇ ਪਤੰਜਲੀ ਦੇ ਐਮਡੀ ਆਚਾਰੀਆ ਬਾਲਕ੍ਰਿਸ਼ਨ ਨੂੰ ਪਤੰਜਲੀ ਆਯੁਰਵੇਦ ਦੇ ਗੁੰਮਰਾਹਕੁੰਨ ਦਵਾਈ ਦੇ ਇਸ਼ਤਿਹਾਰ ਮਾਮਲੇ ਵਿੱਚ 2 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਕੰਪਨੀ ਅਤੇ ਅਚਾਰੀਆ ਬਾਲਕ੍ਰਿਸ਼ਨ ਨੇ ਨੋਟਿਸ ਦਾ ਜਵਾਬ ਦਾਇਰ ਨਹੀਂ ਕੀਤਾ, ਜਿਸ ਕਾਰਨ ਇਹ ਹੁਕਮ ਜਾਰੀ ਕੀਤਾ ਗਿਆ। ਹੁਣ ਉਨ੍ਹਾਂ ਨੂੰ ਅਗਲੀ ਤਰੀਕ 'ਤੇ ਅਦਾਲਤ 'ਚ ਪੇਸ਼ ਹੋਣਾ ਪੈ ਸਕਦਾ ਹੈ।
ਇਸ ਮੁਆਫ਼ੀਨਾਮੇ ਵਿੱਚ ਇਸ਼ਤਿਹਾਰ ਦੁਬਾਰਾ ਨਾ ਪ੍ਰਸਾਰਿਤ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ। ਆਚਾਰੀਆ ਬਾਲਕ੍ਰਿਸ਼ਨ ਦਾ ਕਹਿਣਾ ਹੈ ਕਿ ਕੰਪਨੀ ਦੇ ਮੀਡੀਆ ਵਿਭਾਗ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਜਾਣਕਾਰੀ ਨਹੀਂ ਸੀ। ਉਹ ਕਹਿੰਦਾ ਹੈ ਕਿ ਇਸਦਾ ਉਦੇਸ਼ ਨਾਗਰਿਕਾਂ ਨੂੰ ਪਤੰਜਲੀ ਉਤਪਾਦਾਂ ਦਾ ਸੇਵਨ ਕਰਕੇ ਸਿਹਤਮੰਦ ਜੀਵਨ ਜਿਉਣ ਲਈ ਉਤਸ਼ਾਹਿਤ ਕਰਨਾ ਸੀ।