ਨਾਸਿਕ, 14 ਮਾਰਚ (ਪੋਸਟ ਬਿਊਰੋ): ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਏ ਯਾਤਰਾ ਮਹਾਰਾਸ਼ਟਰ ਵਿੱਚ ਅੰਤਿਮ ਪੜਾਅ ਵਿੱਚ ਦਾਖ਼ਲ ਹੋ ਗਈ ਹੈ। ਅੱਜ ਰਾਹੁਲ ਨੇ ਨਾਸਿਕ ਵਿੱਚ ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀ ਵਿੱਚ ਕਿਸਾਨਾਂ ਦੀ ਮੀਟਿੰਗ ਕੀਤੀ। ਇਸ ਵਿੱਚ ਐੱਨਸੀਪੀ ਮੁਖੀ ਸ਼ਰਦ ਪਵਾਰ, ਸਿ਼ਵ ਸੈਨਾ (ਊਧਵ ਧਿਰ) ਦੇ ਆਗੂ ਸੰਜੇ ਰਾਊਤ ਵੀ ਮੌਜੂਦ ਸਨ।
ਰਾਹੁਲ ਨੇ ਮੀਟਿੰਗ ਵਿੱਚ ਕਿਹਾ ਕਿ ਜਦੋਂ ਤੱਕ ਕੋਈ ਵਿਅਕਤੀ ਕਿਸਾਨ ਦਾ ਦੁੱਖ ਨਹੀਂ ਸਮਝਦਾ ਅਤੇ ਕਿਸਾਨ ਦੀ ਮਿਹਨਤ ਦਾ ਸਨਮਾਨ ਨਹੀਂ ਕਰਦਾ, ਉਹ ਕਿਸਾਨ ਦੀ ਮੱਦਦ ਨਹੀਂ ਕਰ ਸਕਦਾ। ਸਾਡੀ ਸਰਕਾਰ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਰਹਿਣਗੇ। ਤੁਸੀਂ ਮਹਿਸੂਸ ਕਰੋਗੇ ਕਿ ਦਿੱਲੀ ਵਿੱਚ ਕਿਸਾਨਾਂ ਦੀ ਸੁਰੱਖਿਆ ਕਰਨ ਵਾਲੀ ਸਰਕਾਰ ਹੈ।
ਇਸ ਮੌਕੇ ਸੰਜੇ ਰਾਊਤ ਨੇ ਕਿਹਾ ਕਿ ਰਾਹੁਲ ਗਾਂਧੀ ਆਮ ਲੋਕਾਂ ਦੀ ਗੱਲ ਸੁਣਦੇ ਹਨ ਅਤੇ ਉਨ੍ਹਾਂ 'ਤੇ ਆਪਣੇ ਵਿਚਾਰ ਨਹੀਂ ਥੋਪਦੇ। ਪਹਿਲਾਂ ਅਸੀਂ ਕਹਿੰਦੇ ਸੀ-ਇੰਦਰਾ ਗਾਂਧੀ ਆਏ ਹਨ, ਨਵੀਂ ਰੌਸ਼ਨੀ ਲੈ ਕੇ ਆਏ ਹਨ। ਅੱਜ ਦੇ ਸਮੇਂ ਵਿੱਚ ਭਾਰਤ ਅਤੇ ਮਹਾਰਾਸ਼ਟਰ ਲਈ ਉਹ ਰੌਸ਼ਨੀ ਰਾਹੁਲ ਗਾਂਧੀ ਹਨ।