ਬੁਡਾਪੈਸਟ, 11 ਫਰਵਰੀ (ਪੋਸਟ ਬਿਊਰੋ): ਹੰਗਰੀ ਦੀ ਰਾਸ਼ਟਰਪਤੀ ਕੈਟਾਲਿਨ ਨੋਵਾਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੈਟਾਲਿਨ ਨੋਵਾਕ ਨੇ ਸ਼ਨੀਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕੀਤਾ। ਦਰਅਸਲ ਕੈਟਾਲਿਨ ਨੋਵਾਕ ਨੇ ਬਾਲ ਯੌਨ ਸ਼ੋਸ਼ਣ ਮਾਮਲੇ 'ਚ ਦੋਸ਼ੀ ਦੀ ਸਜ਼ਾ ਮੁਆਫ ਕਰ ਦਿੱਤੀ ਸੀ, ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਸੀ ਅਤੇ ਇਸ ਵਿਰੋਧ ਕਾਰਨ ਕੈਟਲਿਨ ਨੋਵਾਕ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।
ਦੱਸਣਯੋਗ ਹੈ ਕਿ 46 ਸਾਲਾ ਕੈਟਾਲਿਨ ਨੋਵਾਕ ਨੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ ਅਤੇ ਇਸ ਕਾਰਨ ਉਸ ਨੇ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਨੋਵਾਕ ਨੇ ਕਿਹਾ, 'ਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਦੀ ਹਾਂ ਜਿਨ੍ਹਾਂ ਨੂੰ ਮੇਰੇ ਫੈਸਲੇ ਕਾਰਨ ਦੁੱਖ ਹੋਇਆ। ਮੈਂ ਹਮੇਸ਼ਾ ਬੱਚਿਆਂ ਅਤੇ ਪਰਿਵਾਰਾਂ ਦੀ ਸੁਰੱਖਿਆ ਦੇ ਹੱਕ ਵਿੱਚ ਰਹੀ ਹਾਂ ਅਤੇ ਰਹਾਂਗੀ।
ਚਿਲਡਰਨ ਹੋਮ ਦੇ ਸਾਬਕਾ ਡਿਪਟੀ ਡਾਇਰੈਕਟਰ ਨੂੰ ਆਪਣੇ ਬੌਸ ਵੱਲੋਂ ਚਿਲਡਰਨ ਹੋਮ ਦੇ ਬੱਚਿਆਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਜੁਰਮ ਨੂੰ ਛੁਪਾਉਣ ਦਾ ਦੋਸ਼ੀ ਪਾਇਆ ਗਿਆ ਸੀ। ਜਿਸ ਦੀ ਸਜ਼ਾ ਨੋਵਾਕ ਨੇ ਮੁਆਫ ਕਰ ਦਿੱਤੀ ਸੀ। ਜਦੋਂ ਮੀਡੀਆ ਨੇ ਇਸ ਗੱਲ ਦਾ ਖੁਲਾਸਾ ਕੀਤਾ ਤਾਂ ਲੋਕ ਗੁੱਸੇ 'ਚ ਆ ਗਏ। ਵਿਰੋਧੀ ਧਿਰ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਕੈਟਾਲਿਨ ਨੋਵਾਕ ਦੇ ਅਸਤੀਫੇ ਦੀ ਮੰਗ ਕੀਤੀ। ਵਧਦੇ ਵਿਰੋਧ ਕਾਰਨ ਕੈਟਾਲਿਨ ਨੋਵਾਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।