Welcome to Canadian Punjabi Post
Follow us on

30

May 2024
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਵਧਾਉਣ ਵਾਲੀ ਪਟੀਸ਼ਨ ਕੀਤੀ ਰੱਦਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓਯੂ.ਐੱਸ. ਨੇ ਕਿਹਾ:ਮਨੁੱਖੀ ਤਸਕਰਾਂ ਨੇ ਬੀ.ਸੀ. ਤੋਂ ਲੋਕਾਂ ਨੂੰ ਸਰਹੱਦ ਪਾਰ ਕਰਨ ਲਈ ਮਾਲ ਗੱਡੀਆਂ ਦੀ ਵਰਤੋਂ ਕੀਤੀ, 2 ਕਾਬੂਓਟਵਾ ਨਦੀ ਤੋਂ ਬਚਾਏ ਜਾਣ ਤੋਂ ਬਾਅਦ ਵਿਅਕਤੀ ਦੀ ਮੌਤਇਕ ਯਾਤਰੀ ਦੇ ਬੁਰੇ ਵਰਤਾਓ ਦੇ ਚਲਦੇ ਕੈਲਗਰੀ ਜਾ ਰਹੀ ਵੈਸਟਜੈੱਟ ਦੀ ਉਡਾਣ ਨੇ ਬੀ.ਸੀ. ਵਿੱਚ ਕੀਤੀ ਐਮਰਜੈਂਸੀ ਲੈਂਡਿੰਗ ਪੈਰਾਮੈਡਿਕਸ ਨੂੰ ਬਹਾਦਰੀ ਦੇ ਮੈਡਲਾਂ ਨਾਲ ਕੀਤਾ ਗਿਆ ਸਨਮਾਨਿਤਰਾਹੁਲ ਗਾਂਧੀ ਨੇ ਲੁਧਿਆਣਾ ਰੈਲੀ ਦੌਰਾਨ 4 ਜੂਨ ਨੂੰ ਦੇਸ਼ `ਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਦਾ ਕੀਤਾ ਦਾਅਵਾਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਚੋਣ ਰੈਲੀ ਲੁਧਿਆਣਾ `ਚ ਭਲਕੇ, ਰਵਨੀਤ ਬਿੱਟੂ ਲਈ ਮੰਗਣਗੇ ਵੋਟਾਂ
 
ਨਜਰਰੀਆ

ਚੁੱਪ ਦਾ ਮਰਮ ਪਛਾਣੀਏ : ਜੀਵਨ ਸੰਘਰਸ਼, ਤਰਕ-ਵਿਤਰਕ ਅਤੇ ਦੇਸ਼-ਪਰਦੇਸ ਦਾ ਪ੍ਰਵਚਨ

December 06, 2023 12:50 AM

ਡਾ. ਹਰਿੰਦਰ ਸਿੰਘ ਤੁੜ
ਸੰਪਰਕ: +91 81465 42810
ਮਲਵਿੰਦਰ ਦਾ ਪੰਜਾਬੀ ਸਾਹਿਤਕ ਜਗਤ ਵਿਚ ਵਿਸ਼ੇਸ਼ ਸਥਾਨ ਹੈ।ਕਾਵਿ-ਖੇਤਰ ਵਿਚ ਉਹਨਾਂ ਦੀ ਨਿਵੇਕਲੀ ਪਛਾਣ ਕਾਇਮ ਹੋ ਚੁੱਕੀ ਹੈ।ਉਸ ਦੇ ਪ੍ਰਮੁੱਖ ਕਾਵਿ-ਸੰਗ੍ਰਹਿ ਗ਼ੇਰਹਾਜ਼ਰ ਪੈੜਾਂ ਦੀ ਕਥਾ (2002), ਕਾਇਆ ਦੇ ਹਰਫ਼ (2006), ਬਿਨ ਸਿਰਲੇਖ (2011) ਸਵਾਲ ਨਾ ਕਰ (2014), ਸੁਪਨਿਆਂ ਦਾ ਪਿੱਛਾ ਕਰਦਿਆਂ (2018), ਫੁੱਲਝੜੀ ਬਾਲ-ਕਵਿਤਾ (2019), ਚੁੱਪ ਦੇ ਬਹਾਨੇ (2020), ਹਾਇਕੂ ਚਿੜੀਆਂ ਦਾ ਪਿੰਡ (2012) ਆਦਿ ਹਨ।ਅਧਿਆਪਕ ਵਜੋਂ ਕਾਰਜਸ਼ੀਲ ਭੁਮਿਕਾ ਨਿਭਾਉਣ ਕਰਕੇ ਉਹਨਾਂ ਦਾ ਚਿੰਤਨ ਤੇ ਚੇਤਨਾ ਨਾਲ਼ ਰਿਸ਼ਤਾ ਸਦੀਵੀ ਕਾਇਮ ਰਹੇਗਾ।ਮਲਵਿੰਦਰ ਦੀ ਜੀਵਨ ਹਯਾਤੀ ਤਜ਼ਰਬਿਆਂ ਤੇ ਸੰਘਰਸ਼ ਭਰਪੂਰ ਰਹੀ, ਜਿਸ ਕਾਰਣ ਉਹਨਾਂ ਦੀ ਲੇਖਣੀ ਵਿਚ ਤਜ਼ਰਬਿਆਂ ਦੀ ਯਥਾਰਥਵਾਦੀ ਪੁੱਠ ਕਾਇਮ ਰਹਿੰਦੀ ਹੈ।ਉਸ ਨੇ ਕਾਵਿ-ਸੰਗ੍ਰਹਿ ‘ਚੁੱਪ ਦੇ ਬਹਾਨੇ’ ਵਿਚ ਲੰਮੀ ਕਵਿਤਾ ਲਿਖਣ ਦਾ ਤਜਰਬਾ ਕੀਤਾ ਹੈ। ਡਾ. ਹੀਰਾ ਸਿੰਘ ਮਲਵਿੰਦਰ ਦੀ ਲਿਖਤ ਬਾਰੇ ਵਿਚਾਰ ਦਿੰਦੇ ਹਨ ਕਿ “ਮਲਵਿੰਦਰ ਨੇ ਚੁੱਪ ਦੇ ਬਹੁ-ਪਰਤੀ ਅਰਥਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ।ਉਹ ਚੁੱਪ ਨਹੀਂ ਰਿਹਾ, ਨਾ ਹੀ ਇਸ ਪੁਸਤਕ ਨੂੰ ਪੜ੍ਹਨ ਵਾਲ਼ਾ ਚੁੱਪ ਰਹਿੰਦਾ ਹੈ।ਉਹ ਅੱਗੋਂ ਕਈ ਰੰਗਾਂ ਵਿਚ ਸੋਚਣ ਲੱਗ ਪੈਂਦਾ ਹੈ।ਮੌਤ ਹੀ ਅਸਲ ਚੁੱਪ ਵੱਲ ਵੱਧਦੀ ਹੈ।ਜੀਵਨ ਵਿਚਾਰ ਚਰਚਾ ਵੱਲ ਵੱਧਦਾ ਹੈ।“
ਮਲਵਿੰਦਰ ਦੀ ਪਲੇਠੀ ਵਾਰਤਕ ਪੁਸਤਕ ‘ਚੁੱਪ ਦਾ ਮਰਮ ਪਛਾਣੀਏ’ ਉਸ ਦੀ ਕਾਵਿ-ਪੁਸਤਕ ‘ਚੁੱਪ ਦੇ ਬਹਾਨੇ’ ਦਾ ਅਗਲੇਰਾ ਕਦਮ ਹੈ ਜਿਸ ਵਿਚ ਉਹ ਕਾਵਿਕ ਨਿਬੰਧਾਂ ਰਾਹੀਂ ਚੁੱਪ ਦੇ ਮਰਮ ਨੂੰ ਪਛਾਣਨ ਉੱਤੇ ਫੋਕਸ ਕਰਦਾ ਹੈ।ਮੇਰੇ ਖੋਜ-ਪੱਤਰ ਦਾ ਦਾ ਫੋਕਸ ‘ਚੁੱਪ ਦਾ ਮਰਮ ਪਛਾਣੀਏ: ਜੀਵਨ ਸੰਘਰਸ਼, ਤਰਕ-ਵਿਤਰਕ, ਅਤੇ ਦੇਸ਼-ਪਰਦੇਸ਼ ਦੇ ਪ੍ਰਵਚਨ’ ਉੱਤੇ ਹੈ।ਇਹ ਨਿਬੰਧ ਉਸਦੇ ਜੀਵਨ ਦੇ ਵਿਭਿੰਨ ਪੱਖਾਂ ਨੂੰ ਬਿਆਨਦੇ ਹਨ।ਇਹ ਨਿਬੰਧਾਂ ਦੀ ਪੁਸਤਕ ਉਸ ਦੀ ਸਵੈ-ਜੀਵਨੀ ਹੀ ਪ੍ਰਤੀਤ ਹੁੰਦੀ ਹੈ ਕਿਉਂਕਿ ਇਸ ਵਿਚ ਉਸ ਦੇ ਜੀਵਨ ਸੰਘਰਸ਼ ਦੇ ਤਜ਼ਰਬੇ ਰੂਪਮਾਨ ਹੁੰਦੇ ਹਨ।ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿਚ 23 ਨਿਬੰਧ ਅਤੇ ਦੂਜੇ ਭਾਗ ਵਿਚ 11 ਨਿਬੰਧ ਦਰਜ਼ ਹਨ।ਪਹਿਲੇ ਭਾਗ ਵਿਚ ਸਵੈ ਤੇ ਸਮਾਜ ਦੇ ਸਰੋਕਾਰ ਨਾਲ਼ ਸਬੰਧਤ ਲੇਖ ਹਨ।ਇਹਨਾਂ ਦੇ ਸਿਰਲੇਖ ਹਨ, ‘ਚੁੱਪ ਦਾ ਮਰਮ ਪਛਾਣੀਏ’, ਸਿਖਿਆ, ਭਾਸ਼ਾ ਤੇ ਸਾਹਿਤ, ਕਵੀ ਅਤੇ ਭਾਸ਼ਾ, ਕਵਿਤਾ ਦੇ ਸਵੈ ਸੰਵਾਦ, ਮੇਰੀ ਪਹਿਲੀ ਰਚਨਾ, ਆਓ ਵਾਰਤਕ ਲਿਖੀਏ, ਸੁਚੱਜ,ਸੰਜਮ ਤੇ ਸੁਹਜ, ਭੀੜ, ਬਚਪਨ ਦੇ ਚੇਤਿਆਂ ਵਿਚ ਅਧਿਆਪਕ, ਨਾਗ ਦੇ ਸਾਏ ਦਾ ਨਾਗਵਲ਼, ਇੰਝ ਬਣਿਆਂ ਸ਼ਹਿਰ ਵਿਚ ਮੇਰਾ ਘਰ, ਮੇਰੇ ਬਚਪਨ ਦੇ ਗਵਾਂਢ, ਪੱਕੀ ਗਲ਼ੀ ਦੀ ਕਹਾਣੀ, ਟਾਲ-ਮਟੋਲ ਕਰਦਿਆਂ ਬੀਤ ਰਹੇ ਵਕਤ ਦੀ ਕਹਾਣੀ, ਹੋਂਦ ਦਾ ਸਵਾਲ,ਵੱਖਰੀ ਤਰ੍ਹਾਂ ਸੋਚਣ ਦੀ ਲੋੜ, ਡਰ ਰਹਿਤ ਸਮਾਜ ਸਿਰਜੀਏ, ਨਫ਼ਰਤ ਦੇ ਪਸਾਰ, ਬਾਲ-ਮਜ਼ਦੂਰੀ, ਕੂੜਾ, ਕੈਨੇਡਾ ਤੇ ਕਵਿਤਾ, ਕਿਛੁ ਸੁਣੀਏ ਕਿਛੁ ਕਹੀਏ, ਸੈਰ ਨੂੰ ਸਲਾਹ ਦੀ ਲੋੜ ਨਹੀਂ ਹੁੰਦੀ, ਸਾਡੀ ਸੋਚ ਸਾਡਾ ਵਿਅਕਤੀਤਵ ਹੁੰਦਾ ਹੈ ਆਦਿ ਭਾਵਪੂਰਤ ਲੇਖ ਹਨ।ਦੂਜੇ ਭਾਗ: ਪਰਵਾਸ ਦੇ ਸਰੋਕਾਰ ਵਿਚ 11 ਨਿਬੰਧ ਦਰਜ ਹਨ ਜਿਨ੍ਹਾਂ ਵਿਚ ਕੈਨੇਡਾ ਤੇ ਪਰਵਾਸ ਦੇ ਸਰੋਕਾਰ, ਪਾਰਕਾਂ ਨੂੰ ਦੁੱਖ ਦੱਸਦੇ, ਫੁੱਲਾਂ ਦਾ ਸ਼ਹਿਰ ਬਰੈਂਪਟਨ, ਕੈਨੇਡਾ ਪਹੁੰਚਣ ਦੀ ਚਾਹਤ ਦੇ ਅਰਥ, ਮਾਪਿਆਂ ਦੀ ਅੱਖ ਵਿਚ ਰੜਕਦਾ ਕੈਨੇਡਾ, ਪਾਰਕਾਂ ਸੰਗ ਸੰਵਾਦ, ਡੂੰਘਾ ਵਾਹ ਲੈ ਹਲ਼ ਵੇ, ਸੁਪਨੇ ਅੰਦਰ ਬੈਠੇ ਡਰ, ਬਦਲਦੇ ਅਰਥਾਂ ਵਿਚ ਪਰਵਾਸ ਦੇ ਸਰੋਕਾਰ, ਓਨਟਾਰੀਉ ਝੀਲ ਕੰਢੇ ਵੱਸਿਆ ਖੁਬਸੂਰਤ ਸ਼ਹਿਰ ਟੋਰਾਂਟੋ, ਕੈਲਸੋ ਬੀਚ ਦੀ ਕੁਦਰਤ ਨਾਲ਼ ਬਿਤਾਏ ਕੁਝ ਪਲ ਆਦਿ ਪਰਵਾਸ ਵਿਚ ਵਿਚਰਦੇ ਪੰਜਾਬੀ ਮਨੁੱਖ ਦੀ ਹੋਣੀ ਨੂੰ ਬਿਆਨ ਕਰਦੇ ਹਨ।
ਮਲਵਿੰਦਰ ਨੂੰ ਅਧਿਆਪਨ ਖੇਤਰ ਦਾ ਲੰਮਾ ਤਜਰਬਾ ਹੋਣ ਕਰਕੇ ਸਿਖਿਆ, ਭਾਸ਼ਾ ਤੇ ਸਾਹਿਤ ਦੀ ਕਾਰਜ-ਪ੍ਰਣਾਲੀ ਦੇ ਮਹੱਤਵ ਨੂੰ ਸਮਝਦਾ ਹੈ।ਸਿੱਖਣ ਦੀ ਕਲਾ ਆਦਿ-ਜੁਗਾਦੀ ਹੈ।ਭਾਸ਼ਾ ਸੰਚਾਰ ਦਾ ਮੁੱਖ ਸਾਧਨ ਹੈ ਤੇ ਸਾਹਿਤ ਸੁਹਜ-ਤ੍ਰਿਪਤੀ ਦਾ ਸੋਮਾ ਹੈ।ਲੇਖਕ ਨੇ ਇਹਨਾਂ ਤਿੰਨਾਂ ਦੀ ਜ਼ਰੂਰਤ ਤੇ ਸਥਾਪਤੀ ਉੱਤੇ ਜ਼ੋਰ ਦਿੱਤਾ ਹੈ। ਵਾਰਤਾਕਾਰ ਸਲੀਕੇ ਬਾਰੇ ਜ਼ਿਕਰ ਕਰਦਾ ਹੈ : “ਸਾਡੇ ਖ਼ੁਸ਼ ਹੋਣ, ਉਦਾਸ ਹੋਣ,ਹੱਸਣ, ਰੋਣ, ਗੁੱਸਾ ਕਰਨ, ਹਲੀਮੀ ਵਰਤਣ, ਪਿਆਰ ਤੇ ਨਫ਼ਰਤ ਕਰਨ ਮੌਕੇ ਯੋਗ ਭਾਵਾਂ ਨੂੰ ਵਰਤਣਾ ਆਉਣਾ ਚਾਹੀਦਾ ਹੈ।“
ਪੁਸਤਕਾਂ ਦੇ ਮਹੱਤਵ ਨੇ ਮਨੁੱਖ ਨੂੰ ਜਿਉਣ ਜੋਗਾ ਬਣਾਇਆ ਹੈ।ਮਨੁੱਖ ਦੇ ਇਕੱਲਤਾ, ਦੁੱਖ, ਪਰੇਸ਼ਾਨੀਆਂ, ਚਿੰਤਾਵਾਂ, ਨਿਵਾਣਾ, ਘਾਟਾਂ, ਉਦਾਸੀਆਂ ਵਿਚੋਂ ਕੱਢਣ ਲਈ ਪੁਸਤਕ ਨੇ ਮਨੁੱਖ ਨੂੰ ਠੁੰਮਣਾ ਦਿੱਤਾ ਹੈ। ਮਨੁੱਖੀ ਭਾਵਨਾਵਾਂ ਦਾ ਕਥਾਰਸਿਸ ਕਰਕੇ ਸਮੇਂ ਦੇ ਹਾਣ ਦਾ ਦ੍ਰਿੜ ਨਿਸ਼ਚਾ ਪ੍ਰਦਾਨ ਕੀਤਾ ਹੈ। ਅੰਦਰਲੇ ਤੇ ਬਾਹਰਲੇ ਵਰਤਾਰਿਆਂ ਨੂੰ ਸਮਝਣ ਦਾ ਨਜ਼ਰੀਆਂ ਪੁਸਤਕਾਂ ਤੋਂ ਹੀ ਪ੍ਰਾਪਤ ਹੁੰਦਾ ਹੈ।ਪੱਥਰਾਂ ਵਿਚੋਂ ਉੱਗਣ ਦੀ ਸਮਰੱਥਾ , ਸ਼ਕਤੀ ਤੇ ਸਾਹਸ ਮਿਲਦਾ ਹੈ।ਮਲਵਿੰਦਰ ਦਾ ਨਿਬੰਧ ‘ਇੰਝ ਬਣਿਆਂ ਮੇਰਾ ਸ਼ਹਿਰ ‘ਚ ਘਰ’ ਵਿਚ ਘਰ ਦੀ ਹੋਂਦ ਦਾ ਜ਼ਿਕਰ ਕੀਤਾ ਹੈ।ਇਸ ਲੇਖ ਨੂੰ ਵਾਚਦਿਆਂ ਸਾਡੀ ਮਾਨਸਿਕਤਾ ਪਿ੍ਰੰਸੀਪਲ ਤੇਜਾ ਸਿੰਘ ਦੇ ਨਿਬੰਧ ‘ਘਰ ਦਾ ਪਿਆਰ’ ਨਾਲ਼ ਜਾ ਜੁੜਦੀ ਹੈ: ‘ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਢਾਚੇ ਨੂੰ ਨਹੀਂ ਕਹਿੰਦੇ।ਘਰ ਮਨੁੱਖੀ ਚਾਵਾਂ ਦੇ ਪਲਣ ਦੀ ਥਾਂ ਹੁੰਦੀ ਹੈ।ਘਰ ਇੱਕ ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖ ਮਾਂ, ਬਾਪ,ਭੈਣਾਂ,ਭਰਾਵਾਂ ਅਤੇ ਹੋਰ ਰਿਸ਼ਤਿਆਂ ਤੋਂ ਪਿਆਰ ਹਾਸਲ ਕਰਦਾ ਹੈ।ਘਰ ਪਹੁੰਚ ਕੇ ਮਨੁੱਖ ਨੂੰ ਉਹੋ ਜਿਹੇ ਸਵਾਦ ਦੀ ਪ੍ਰਤੀਤੀ ਹੁੰਦੀ ਹੈ ਜੋ ਸਵਾਦ ਉਸ ਨੇ ਬਚਪਨ ਵਿਚ ਮਾਂ ਦੀ ਝੋਲੀ ਵਿਚ ਮਾਣਿਆਂ ਹੁੰਦਾ ਹੈ’।ਮਲਵਿੰਦਰ ਨੂੰ ਅੰਮ੍ਰਿਤਸਰ ਵਿਚ ਘਰ ਬਣਾਉਣ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।ਪਰ ਉਸਦੇ ਦੋਸਤ ਗੁਰਮੇਜ ਨੇ ਉਸ ਦੀ ਹਰ ਸਮੱਸਿਆ ਦਾ ਹੱਲ ਸੁਚੱਜੇ ਤਰੀਕੇ ਨਾਲ਼ ਕੀਤਾ।ਇਹੋ ਕਾਰਣ ਹੈ ਕਿ ਉਹ ਗੁਰਮੇਜ ਸਿੰਘ ਉੱਤੇ ਮਾਣ ਮਹਿਸੂਸ ਕਰਦਾ ਹੈ। ਅੋਕੜਾਂ ਸਰ ਕਰਕੇ ਹੀ ਉਹ ਮਾਣ ਨਾਲ਼ ਕਹਿੰਦਾ ਹੈ ਕਿ “ਹੁਣ ਸ਼ਹਿਰ ‘ਚ ਮੇਰਾ ਘਰ ਹੈ”।
ਵਰਤਮਾਨ ਵਰਤਾਰਿਆਂ ਵਿਚ ਕਵਿਤਾ ਲਿਖਣ ਦੇ ਪ੍ਰਭਾਵ ਦੇ ਮਾਪਦੰਡ ਉਪਰ ਚਰਚਾ ਕੀਤੀ ਗਈ ਹੈ। ਮਲਵਿੰਦਰ ਦਾ ਨਿਬੰਧ ‘ਕਵਿਤਾ ਦੇ ਸਵੈ-ਸੰਵਾਦ’ ਵਿਚ ਫ਼ਿਕਰ ਝਲਕਦਾ ਹੈ, ਕਿਉਂਕਿ ਕਵਿਤਾ ਨੂੰ ਸੁਣਨ ਵਾਲੇ ਸਿਰਫ਼ ਕਵੀ ਹਨ, ਜਦਕਿ ਸਰੋਤਿਆਂ ਤੇ ਪਾਠਕਾਂ ਦੀ ਘਾਟ ਮਹਿਸੂਸ ਹੋ ਰਹੀ ਹੈ।ਦੂਜੀ ਗੱਲ ਸਾਹਿਤਕ ਸਮਾਗਮਾਂ ਵਿਚ ਕਵਿਤਾ ਉੱਤੇ ਵਿਚਾਰ-ਚਰਚਾ ਸਿਰਫ਼ ਵਾਹ ਵਾਹ ਕਰਨ ਤਕ ਸੀਮਤ ਹੋ ਕੇ ਰਹਿ ਗਈ ਹੈ ਜੋ ਇੱਕ ਖ਼ਤਰਨਾਕ ਵਰਤਾਰਾ ਹੈ।ਅੱਜਕੱਲ੍ਹ ਦੀ ਬਹੁਤੀ ਕਵਿਤਾ ਅਧਿਐਨ ਤੇ ਅਭਿਆਸ ਵਿਚੋਂ ਹੀ ਲਿਖੀ ਜਾ ਰਹੀ ਹੈ ਜਿਸ ਵਿਚੋਂ ਸਹਿਜਤਾ ਦੰਮ ਤੋੜ ਰਹੀ ਹੈ।ਇਸ ਤੋਂ ਇਲਾਵਾ ਸ਼ੋਸ਼ਲ ਮੀਡੀਆ ਉਪਰ ਕਵਿਤਾ ਦੇ ਪ੍ਰਚਾਰਨ ਦਾ ਰੁਝਾਨ ਵਧਿਆ ਹੈ ਜਿਸ ਕਾਰਨ ਕਵਿਤਾ ਦੀ ਹਰਮਨ ਪਿਆਰਤਾ ਚਿਰ ਸਥਾਈ ਨਹੀਂ ਰਹੀ ਸਗੋਂ ਪਰਸਥਿਤੀਆਂ ਦੇ ਬਦਲਣ ਨਾਲ਼ ਖ਼ਤਮ ਹੋ ਜਾਂਦੀ ਹੈ।ਜਦਕਿ ਸਾਡਾ ਪੁਰਾਤਨ ਕਾਵਿ ਕਾਲ ਤੋਂ ਪਾਰ ਫੈਲਦਾ ਹੈ ਜੋ ਅੱਜ ਵੀ ਮਨੁੱਖੀ ਮਨ ਦੀ ਸੁਹਜ-ਤ੍ਰਿਪਤੀ ਕਰਨ ਵਿਚ ਸਹਾਈ ਹੈ।ਮਲਵਿੰਦਰ ਕਵਿਤਾ ਬਾਰੇ ਵਿਚਾਰ ਦਿੰਦੇ ਹਨ: “ਕਵਿਤਾ ਫ਼ਿਕਰਾਂ ਦਾ ਰੌਲ਼ਾ ਨਾ ਪਾਵੇ, ਤੁਹਾਨੂੰ ਬਸ ਘੜੀ ਪਲ ਫ਼ਿਕਰਾਂ ਕੋਲ਼ ਰੁਕਣ ਦਾ ਇਸ਼ਾਰਾ ਕਰੇ।ਰੁਕਣਾ, ਸੋਚਣ ਦਾ ਪਹਿਲਾ ਪੜਾਅ ਹੁੰਦਾ ਹੈ।ਸੋਚਣਾ, ਸਮਾਧਾਨ ਲੱਭਣ ਵੱਲ ਪੇਸ਼ਕਦਮੀ ਹੁੰਦੀ ਹੈ।ਕਵਿਤਾ ਅਜਿਹੀ ਹੋਵੇ ਜਿਹੜੀ ਬਿਨ੍ਹਾਂ ਰੌਲ਼ਾ ਪਾਇਆਂ ਸਮਾਧਾਨ ਤੱਕ ਲੈ ਕੇ ਜਾਵੇ”।
ਮਲਵਿੰਦਰ ਦਾ ਨਿਬੰਧ ‘ਚੁੱਪ ਦਾ ਮਰਮ ਪਛਾਣੀਏ’ ਵਿਚ ਤੱਥਕ ਜਾਣਕਾਰੀ ਦਿੱਤੀ ਗਈ ਹੈ।ਤਰਕ ਵਿਤਰਕ ਵਿਚ ਅਨੇਕ ਵਿਸ਼ੇ ਛੋਹ ਕੇ ਮਨੁੱਖ ਨੂੰ ਜਾਗਰਤ ਅਵਸਥਾ ਤਕ ਪਹੁੰਚਣ ਲਈ ਮਾਰਗ ਦਰਸ਼ਕ ਵਜੋਂ ਭੁਮਿਕਾ ਨਿਭਾਉਂਦਾ ਹੈ ਲੇਖਕ।ਉਸ ਨੇ ਚੁੱਪ ਦੇ ਅਨੇਕ ਪਾਸਾਰ ਦਿੱਤੇ ਹਨ।ਲੋਕਾਂ ਦੀ ਚੁੱਪ ਵਿਚ ਬੇਬੱਸੀ ਹੋਣ ਪਿੱਛੇ ਸਰਕਾਰੀ ਸਿਸਟਮ ਦੀ ਅਨੈਤਿਕਤਾ ਕਾਰਜ ਪ੍ਰਣਾਲੀ ਹੁੰਦੀ ਹੈ, ਕਿਉਂਕਿ ਮਨੁੱਖ ਦੀ ਰੂਹ ਨੂੰ ਗੁਲਾਮ ਕਰਨ ਦੇ ਯਤਨ ਹਰੇਕ ਯੁੱਗ ਵਿਚ ਹੋਏ ਹਨ ਜਿਸ ਕਾਰਣ ਦਿੱਤੇ ਜ਼ਖ਼ਮਾਂ ਦੀ ਚੀਸ ਹੰਢਾਉਣੀ ਪੈਂਦੀ ਹੈ।ਮਲਵਿੰਦਰ ਦੀ ਵਾਰਤਕ ਵਿਚ ਕਲਾਤਮਕਤਾ ਦਾ ਮੀਰੀ ਗੁਣ ਇਹ ਹੈ ਕਿ ਉਹ ਨਿਰਾਸ਼ਾ ਵਿਚੋਂ ਆਸ ਦੀ ਕਿਰਨ ਪੈਦਾ ਕਰਕੇ ਮਨੁੱਖ ਨੂੰ ਜਿਉਣ ਜੋਗਾ ਕਰ ਦਿੰਦਾ ਹੈ।ਪਾਜੇਟਿਵ ਥਿਕਿੰਗ ਮਨੁੱਖ ਨੂੰ ਵਿਰੋਧੀ ਪਰਸਥਿਤੀਆਂ ਵਿਚ ਵੀ ਸਾਹਸ ਤੇ ਸੰਜਮ ਨਾਲ ਜਿੱਤ ਪ੍ਰਾਪਤੀ ਦਾ ਰਾਹ ਦਿਖਾਉਂਦੀ ਹੈ।ਚੁੱਪ ਰਹਿੰਦੇ ਲੋਕ ਸ਼ਕਤੀ ਸੰਪਨ ਸੱਤਾ ਧਾਰੀਆਂ ਨੂੰ ਲੋਕ-ਵਿਰੋਧੀ ਕਾਨੂੰਨਾਂ ਨੂੰ ਬਦਲਣ ਲਈ ਮਜ਼ਬੂਰ ਕਰਦੇ ਹਨ।ਇਸ ਪ੍ਰਕਾਰ ਪਛਾਣ, ਸਵੈ ਪਛਾਣ, ਸਵੈ ਹੋਂਦ, ਸਵੈ ਮਾਣ ਦਾ ਮੁੱਦਾ ਲੋਕਾਈ ਨੂੰ ਸੰਗਠਿਤ ਕਰਦਾ ਹੈ: “ਜਦ ਕਦੀ ਚੁੱਪ ਦੇ ਬੋਲ਼ ਸੰਗਠਿਤ ਹੋ ਜਾਂਦੇ ਹਨ, ਤਾਂ ਸੱਤਾ ਦਾ ਰੌਲ਼ਾ ਸ਼ਾਂਤ ਹੋ ਜਾਂਦਾ ਹੈ।ਅਣਗੌਲੇ ਲੋਕ ਗੌਲਣਯੋਗ ਹਜ਼ੂਮ ਬਣ ਜਾਂਦੇ ਹਨ।ਚਿੰਤਨ, ਮੰਥਨ ਕਰਨਾ ਤੇ ਪਿਛਲਖੁਰੀ ਤੁਰਨਾ ਸੱਤਾ ਦੀ ਮਜ਼ਬੂਰੀ ਬਣ ਜਾਂਦੀ ਹੈ।ਇਹ ਸੰਘਰਸ਼ ਦੀ ਜਿੱਤ ਹੈ।ਇਹ ਚੁੱਪ ਨੂੰ ਮਿਲੀ ਪ੍ਰਵਾਨਗੀ ਹੁੰਦੀ ਹੈ”।ਇਸ ਨਿਬੰਧ ਵਿਚ ਚੁੱਪ ਰਹਿਣ ਦੀ ਬਜਾਇ ਸੰਵਾਦ ਰਚਾਉਣ ਉੱਤੇ ਫੋਕਸ ਕੀਤਾ ਗਿਆ ਹੈ, ਕਿਉਂਕਿ ਸ਼੍ਰਿਸ਼ਟੀ ਚੰਗੇ ਸੰਵਾਦ ਉੱਤੇ ਜ਼ੋਰ ਦਿੰਦੀ ਹੈ।ਘਰ, ਪਰਿਵਾਰ, ਰਿਸ਼ਤੇਦਾਰ, ਸ਼ੋਸ਼ਲ ਮੀਡੀਆ ਅਤੇ ਵਰਤਮਾਨ ਵਰਤਾਰਿਆਂ ਵਿਚ ਅਣਦੇਖੀ ਦਾ ਸ਼ਿਕਾਰ ਮਨੁੱਖ ਚੁੱਪ ਦੀ ਬੁੱਕਲ ਮਾਰ ਲੈਂਦਾ ਹੈ।ਉਹ ਰੋਗ ਗ੍ਰਸਤ ਹੋ ਕੇ ਸੰਤਾਪ ਭੋਗਦਾ ਹੈ।ਪਰ ਇਸ ਦੇ ਨਾਲ਼ ਨਾਲ਼ ਊਰਜਾ ਦਾਸੰਕਲਪ ਵੀ ਚਲਦਾ ਹੈ।ਕਵੀ ਦੀ ਚੁੱਪ ਵਿਚ ਅੱਖਰ, ਸ਼ਬਦ, ਕਵਿਤਾਵਾਂ ਉਗਮਦੀਆਂ ਹਨ।ਇਹ ਚੁੱਪ ਉਸਦਾ ਦ੍ਰਿਸ਼ਟੀਕੋਣ ਬਦਲਦੀ ਹੈ ਤੇ ਜੀਣ ਥੀਣ ਦਾ ਵਲ਼ ਸਿਖਾਉਂਦੀ ਹੈ।ਪਹਾੜ ਜਿੰਨੀ ਵਿਸ਼ਾਲਤਾ ਉਸ ਦੀ ਚੁੱਪ ਵਿਚ ਕਾਇਮ-ਦਾਇਮ ਰਹਿੰਦੀ ਹੈ।ਸਾਡਾ ਅਮੀਰ ਇਤਿਹਾਸ ਪੁਸਤਕਾਂ ਵਿਚ ਸਾਂਭਿਆ ਹੋਇਆ ਹੈ।ਜਦ ਵੀ ਮੁੜੇ ਪੰਨੇ ਦੀ ਗੱਲ ਚੱਲਦੀ ਹੈ ਤਾਂ ਇਤਿਹਾਸ ਦਾ ਸੁਨਹਿਰੀ ਛਿਣ ਸਾਕਾਰ ਹੋ ਜਾਂਦਾ ਹੈ।ਪੁਸਤਕਾਂ ਨੇ ਮਰ ਚੁੱਕੀਆਂ ਜ਼ਮੀਰਾਂ ਨੂੰ ਜਗਾ ਕੇ ਮਨੁੱਖ ਦੀ ਦਿਸ਼ਾ ਨਿਰਧਾਰਤ ਕੀਤੀ ਜਿਸ ਨੇ ਜਨ-ਅੰਦੋਲਨ ਦਾ ਰੂਪ ਧਾਰਨ ਕੀਤਾ।ਮਲਵਿੰਦਰ ਚੁੱਪ ਦੇ ਅਨੇਕ ਦ੍ਰਿਸ਼ ਦਿਖਾਉਂਦਾ ਗੁੱਝੇ ਭੇਤ ਦੀ ਗੱਲ ਕਰਦਾ ਹੈ: ‘ਅਸਲ ਵਿਚ ਚੁੱਪ ਉਸ ਬੰਦ ਬੂਹੇ ਵਰਗੀ ਹੁੰਦੀ ਹੈ ਜਿਸ ਦੇ ਖੁੱਲਦਿਆਂ ਹੀ ਸੁੱਤਾ ਮਨੁੱਖ ਜਾਗ ਪੈਂਦਾ ਹੈ।ਜਾਗਣਾ ਹੀ ਵਰਦਾਨ ਹੈ।ਜਾਗਣਾ ਹੀ ਮਨੁੱਖੀ ਮਨ ਦੀ ਪ੍ਰਾਪਤੀ ਹੁੰਦੀ ਹੈ’।
ਚੁੱਪ ਦੇ ਬਹਾਨੇ ਕਵਿਤਾ ਉਪਰ ਡਾ. ਸੁਖਬੀਰ ਕੌਰ ਮਾਹਲ ਦੀ ਟਿੱਪਣੀ ਮਲਵਿੰਦਰ ਦੀ ਵਾਰਤਕ ਪੁਸਤਕ ‘ਚੁੱਪ ਦਾ ਮਰਮ ਪਛਾਣੀਏ’ ਉੱਤੇ ਵੀ ਉਨੀ ਹੀ ਸਾਰਥਕ ਤੌਰ ‘ਤੇ ਢੁੱਕਦੀ ਹੈ:
“ਅਮੂਰਤ ਨੂੰ ਸਮੂਰਤ ਕਰਨ ਵਾਲੀ ਚੁੱਪ ਦਾ ਆਪਣਾ ਸਵਰੂਪ ਵੀ ਅਮੂਰਤ ਹੁੰਦਾ ਹੈ।ਮੁਹੱਬਤੀ ਹਾਵਾਂ-ਭਾਵਾਂ ਦਾ ਇਜ਼ਹਾਰ ਵੀ ਚੁੱਪ ਰਾਹੀਂ ਕੀਤਾ ਜਾਂਦਾ ਹੈ ਅਤੇ ਗ਼ਮਾਂ ਵਿਚ ਡੁੱਬੇ ਦਿਲ ਵੀ ਅਕਸਰ ਚੁੱਪ ਦਾ ਸਹਾਰਾ ਲੈਂਦੇ ਹਨ।ਨਿਰਾਸ਼ਾ ਵੀ ਚੁੱਪ ਵਿਚ ਜਾ ਡੁੱਬਦੀ ਹੈ ਅਤੇ ਰੰਜਿਸ਼ ਵੀ ਚੁੱਪ ਸਾਧ ਲੈਂਦੀ ਹੈ”।
ਕਹਿਣ ਸੁਣਨ ਦੀ ਪਰੰਪਰਾ ਆਦਿ-ਜੁਗਾਦੀ ਹੈ।ਇਸ ਨਾਲ਼ ਰਹੱਸ ਪੈਦਾ ਵੀ ਹੁੰਦਾ ਹੈ ਅਤੇ ਰਹੱਸ ਦੇ ਭੇਤ ਵੀ ਖੁੱਲਦੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ:
ਜਬ ਲਗੁ ਦੁਨੀਆ ਰਹੀਐ ਨਾਨਕ, ਕਿਛੁ ਸੁਣੀਐ ਕਿਛੁ ਕਹੀਐ॥
ਗੁਰੂ ਸਾਹਿਬ ਜੀ ਦੀ ਸਾਰੀ ਜੀਵਨ ਹਯਾਤੀ ਇਸੇ ਕਰਮ ਦੀ ਹੀ ਧਾਰਨੀ ਰਹੀ। ਮਲਵਿੰਦਰ ਦੇ ਨਿਬੰਧ ‘ਕਿਛੁ ਸੁਣੀਐ ਕਿਛੁ ਕਹੀਐ’ ਵਿਚ ਕਹਿਣ-ਸੁਣਨ ਦੀ ਪ੍ਰਵਿਰਤੀ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ।ਅਧਿਆਪਕ ਵਿਦਿਆਰਥੀ ਦੇ ਗੂੜ ਗਿਆਨ ਦਾ ਆਧਾਰ ਕਹਿਣ ਸੁਣਨ ਵਿਚ ਕਾਇਮ ਹੈ।ਅਧਿਆਪਕ ਬੋਲਦਾ, ਦੱਸਦਾ ਸਮਝਾਉਂਦਾ ਹੈ ਤੇ ਵਿਦਿਆਰਥੀ ਸੁਣਦਾ ਤੇ ਸਮਝਦਾ ਹੈ।ਇਸ ਪ੍ਰਕਾਰ ਗਿਆਨ ਪ੍ਰਾਪਤੀ ਦੇ ਸਾਧਨ ਕਾਇਮ ਹੁੰਦੇ ਹਨ ਜਿਸ ਨਾਲ਼ ਸੁਚੱਜੇ ਸਮਾਜ ਤੇ ਰਾਸ਼ਟਰ ਬਣਦੇ ਹਨ।ਪਰ ਆਧੁਨਿਕ ਸਮੇਂ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਇਸ ਲਈ ਬੋਲਦੇ ਹਨ ਕਿ ਉਨ੍ਹਾਂ ਦੀ ਜ਼ੁਬਾਨ ‘ਤੇ ਖੁਜਲੀ ਹੋ ਰਹੀ ਹੁੰਦੀ ਹੈ।ਇਸ ਨਾਲ਼ ਅਨੈਤਿਕਤਾ ਪੈਦਾ ਹੁੰਦੀ ਹੈ।ਚੰਗੀਆਂ ਗੱਲਾਂ ਲਈ ਖ਼ਾਸ ਤਿਆਰੀ ਦੀ ਲੋੜ ਨਹੀਂ ਹੁੰਦੀ ਸਗੋਂ ਇਹ ਆਪ-ਮੁਹਾਰੇ ਹੀ ਸੁਚੱਜਤਾ ਭਰਪੂਰ ਹੁੰਦੀਆਂ ਹਨ।ਗੱਲਾਂ ਦਾ ਕੋਈ ਵੀ ਵਿਸ਼ਾ ਹੋ ਸਕਦਾ ਹੈ ਬੱਸ ਗੱਲਾਂ ਹੋਣੀਆਂ ਚਾਹੀਦੀਆਂ ਹਨ।ਵਾਰਤਾਕਾਰ ਜ਼ਿਕਰ ਕਰਦਾ ਹੈ: ‘ਗੱਲਾਂ ਜੋ ਤੁਹਾਨੂੰ ਤਣਾਅ ਮੁਕਤ ਕਰਨ, ਤੁਹਾਡੇ ਉਦਾਸ ਚਿਹਰੇ ਉਪਰ ਮੁਸਕਾਨ ਖਿੰਡਾ ਦੇਣ, ਤੁਹਾਡੀਆਂ ਨਿਕੰਮੀਆਂ ਸੋਚਾਂ ਦੇ ਵਹਿਣ ਨੂੰ ਥੰਮ ਦੇਣ,ਤੁਹਾਡੀ ਹਰ ਤਰ੍ਹਾਂ ਦੀ ਥਕਾਵਟ ਲਾਹ ਦੇਣ, ਚੰਗੀਆਂ ਗੱਲਾਂ ਹੁੰਦੀਆਂ ਹਨ’।
ਗੱਲਾਂ ਕਰਨੀਆਂ ਵੀ ਕਿਤਾਬ ਪੜ੍ਹਨ ਵਾਂਗ ਹੁੰਦੀਆਂ ਹਨ। ਡਾ. ਜੋਗਿੰਦਰ ਸਿੰਘ ਰਾਹੀ ਨੇ ਜਦ ਵੀ ਕਿਸੇ ਸੈਮੀਨਾਰ ਵਿਚ ਕਿਸੇ ਵਿਸ਼ੇ ਬਾਰੇ ਜਾਣਕਾਰੀ ਦੇਣੀ ਹੁੰਦੀ ਤਾਂ ਉਹ ਗੁਰਬਾਣੀ ਦੀਆਂ ਪੰਕਤੀਆਂ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਉਚਾਰਦੇ ਸਨ।ਇਸ ਪ੍ਰਕਾਰ ਬੋਲਣ ‘ਤੇ ਸੁਣਨ ਵਾਲ਼ੇ ਵਿਚਕਾਰ ਰਾਬਤਾ ਕਾਇਮ ਹੋ ਜਾਂਦਾ ਸੀ।ਨਿੱਕੀਆਂ ਗੱਲਾਂ ਕਰਦਿਆਂ ਗਿਆਨ ਦਾ ਅਮੀਰ ਸਰਮਾਇਆ ਸਾਂਭਿਆ ਜਾਂਦਾ ਹੈ।ਵਰਤਮਾਨ ਵਿਚ ਸ਼ੋਸ਼ਲ ਮੀਡੀਆ ਉਤੇ ਬਹੁਤ ਕੁਝ ਬੁਰਾ ਤੇ ਅਨੈਤਿਕ ਵਾਪਰ ਰਿਹਾ ਹੈ।ਦੂਜਿਆਂ ਨੂੰ ਨੀਵਾਂ ਦਿਖਾਉਣ ਤੇ ਕਰੈਕਟਰ ਉੱਤੇ ਦੋਸ਼ ਲਗਾਉਣ ਲਈ ਘਟੀਆ ਸ਼ਬਦਾਵਲੀ ਵਰਤੀ ਤੇ ਬੋਲੀ ਜਾ ਰਹੀ ਹੈ।ਇਸ ਨਾਲ਼ ਸੰਪਰਦਾਇਕ ਕੱਟੜਤਾ ਫੈਲ ਰਹੀ ਹੈ।ਮਲਵਿੰਦਰ ਪਾਠਕ ਨੂੰ ਇਸ ਪ੍ਰਤੀ ਸੁਚੇਤ ਕਰਦਾ ਹੈ: “ਗੱਲਾਂ ਜੋ ਨਫ਼ਰਤ ਪੈਦਾ ਨਾ ਕਰਨ, ਭਾਈਚਾਰਕ ਸਾਂਝ ਬਣਾਈ ਰੱਖਣ, ਧਰਮਾਂ ਨੂੰ ਆਪਸ ਵਿਚ ਲੜਾਉਣ ਨਾ, ਰਲ਼ ਮਿਲ਼ ਰਹਿਣ ਦੀ ਪੈਰਵੀ ਕਰਨ,ਚੰਗੀਆਂ ਗੱਲਾਂ ਹੁੰਦੀਆਂ ਹਨ।ਚੰਗੇ ਮਨ, ਚੰਗੀ ਨੀਅਤ, ਚੰਗੀ ਸੋਚ ਨਾਲ਼ ਕੀਤੀਆਂ ਗੱਲਾਂ ਆਪੇ ਚੰਗੀਆਂ ਬਣ ਜਾਂਦੀਆਂ ਹਨ”।
ਮਲਵਿੰਦਰ ਦਾ ਨਿਬੰਧ ‘ਨਾਗ ਦੇ ਸਾਏ ਦਾ ਨਾਗਵਲ਼’ ਵਿਚ ਤਰਕ ਅਧਾਰਤ ਵਿਗਿਆਨਕ ਸੋਚ ਅਪਨਾਉਣ ਉੱਤੇ ਜ਼ੋਰ ਦਿੱਤਾ ਗਿਆ ਹੈ।ਆਪਣੇ ਅਧਿਆਪਨ ਦੇ ਕਾਰਜਕਾਲ ਦੌਰਾਨ ਸਕੂਲ ਵਿਚ ਪੈਦਾ ਹੋਏ ਡਰ ਦੀ ਗੱਲ ਕੀਤੀ ਗਈ ਹੈ।ਸਾਇੰਸ ਟੀਚਰ ਬੱਚਿਆਂ ਦਾ ਡਰ ਦੂਰ ਕਰਨ ਦੀ ਬਜਾਏ ਆਪ ਹੀ ਡਰ ਨਾਲ਼ ਸਹਿਮੇ ਹਨ।ਅਧਿਆਪਕ ਸਮਾਜ ਦਾ ਜਾਗਰੂਕ ਵਰਗ ਹੁੰਦਾ ਹੈ।ਇਸ ਲਈ ਜਰੂਰੀ ਹੈ ਕਿ ਉਹ ਗੈਰ ਵਿਗਿਆਨਕ ਅਫ਼ਵਾਹਾਂ ਦਾ ਸ਼ਿਕਾਰ ਨਾ ਹੋਵੇ।ਅਧਿਆਪਕ ਕੋਲ਼ ਪੜ੍ਹਨ ਵਾਲੇ ਵਿਦਿਆਰਥੀ ਉਹਨਾਂ ਦੇ ਵਿਵਹਾਰ ਤੋਂ ਬਹੁਤ ਕੁਝ ਸਿੱਖਦੇ ਹਨ ਅਤੇ ਉਹਨਾਂ ਵਾਂਗ ਬਣਨ ਲਈ ਤਤਪਰ ਰਹਿੰਦੇ ਹਨ।ਘਟਨਾ ਸਿਉਂਕ ਦੁਆਰਾ ਬਣਾਈ ਵਰਮੀ ਦੀ ਹੈ ਜਿੱਥੇ ਸੱਪ ਅਕਸਰ ਆਪਣਾ ਰੈਣ-ਬਸੇਰਾ ਕਰਦੇ ਹਨ ਤੇ ਲੋਕ ਪੂਜਦੇ ਹਨ।ਇਸ ਕਾਰਨ ਫੈਲੇ ਡਰ ਨੂੰ ਦੂਰ ਕਰਨ ਲਈ ਮਲਵਿੰਦਰ ਨੇ ਵਿਸ਼ੇਸ਼ ਕਾਰਜ ਕੀਤਾ।ਉਸ ਨੇ ਤਰਕਸ਼ੀਲ ਸੁਸਾਇਟੀ ਦੇ ਜਿਲ੍ਹਾ ਪ੍ਰਧਾਨ ਸੁਮੀਤ ਸਿੰਘ ਨੂੰ ਬੁਲਾਇਆ।ਸੁਮੀਤ ਦੀ ਟੀਮ ਨੇ ਆਪਣੇ ਤਰਕ ਆਧਾਰਤ ਵਿਚਾਰਾਂ ਨਾਲ਼ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਕੇ ਉਹਨਾਂ ਦਾ ਡਰ ਦੂਰ ਕੀਤਾ।ਉਹਨਾਂ ਡਾ.ਕਾਵੂਰ ਦੀਆਂ ਕਿਤਾਬਾਂ ਦਾ ਜ਼ਿਕਰਕੀਤਾ, ਤਜ਼ਰਬੇ ਸਾਂਝੇ ਕੀਤੇ, ਵਹਿਮਾਂ-ਭਰਮਾਂ ਪਿੱਛੇ ਕਾਰਜਸ਼ੀਲ ਕਾਰਨਾਂ ਨੂੰ ਸਾਹਮਣੇ ਰੱਖਿਆ ਅਤੇ ਵਿਗਿਆਨਿਕ ਸੋਚ ਅਪਨਾਉਣ ਲਈ ਕਿਹਾ।ਇਸ ਨਾਲ਼ ਸਕੂਲ ਅਮਦਰਸਾਕਾਰਾਤਮਕ ਸੋਚ ਕਾਇਮ ਹੋਈ।
ਪੁਸਤਕ ਦੇ ਦੂਜੇ ਭਾਗ ਵਿਚ ਪਰਵਾਸ ਦੇ ਸਰੋਕਾਰ ਅਧੀਨ ਪਰਵਾਸ ਨਾਲ਼ ਸਬੰਧਤ ਨਿਬੰਧ ਸ਼ਾਮਲ ਹਨ ਜਿਸ ਵਿਚ ਪਰਵਾਸ ਹੰਢਾ ਰਹੇ ਪੰਜਾਬੀ ਬੰਦੇ ਦੀ ਮਾਨਸਿਕਤਾ ਅਤੇ ਕਾਰਜ-ਪ੍ਰਣਾਲੀ ਦਾ ਜ਼ਿਕਰ ਹੈ।19ਵੀਂ ਸਦੀ ਵਿਚ ਐਨੀਮੂਰੇ ਪੰਦਰਾਂ ਸਾਲ ਦੀ ਉਮਰ ਵਿਚ ਆਇਰਲੈਂਡ ਤੋਂ ਏਲਿਸ ਆਈਲੈਂਡ ਹੁੰਦਿਆਂ ਹੋਇਆਂ ਅਮਰੀਕਾ ਦੀ ਪਹਿਲੀ ਪਰਵਾਸੀ ਅੋਰਤ ਬਣੀ।ਭਾਰਤ ਵਿਚੋਂ ਸਭ ਤੋਂ ਵੱਧ ਪਰਵਾਸ ਕੈਨੇਡਾ ਦੀ ਧਰਤੀ ‘ਤੇ ਹੋਇਆ ਜੋ ਅੱਜ ਤੱਕ ਜਾਰੀ ਹੈ ਜਿਸ ਸਦਕਾ ਪੰਜਾਬ ਦੀ ਆਰਥਿਕਤਾ ਨੂੰ ਠੁੰਮਣਾ ਮਿਲਿਆ।ਸ਼ੁਰੂ ਵਿਚ ਪਰਵਾਸ ਕਰਨ ਵਾਲੇ ਪੰਜਾਬੀਆਂ ਨੇ ਆਪਣੀ ਸਵੈ-ਪਛਾਣ ਨੂੰ ਕਾਇਮ ਰੱਖਿਆ ਅਤੇ ਸਮਾਜ ਵਿਚ ਸਨਮਾਨਯੋਗ ਸਥਾਨ ਪ੍ਰਾਪਤ ਕੀਤੇ।ਨਿਬੰਧ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਵਰਤਮਾਨ ਸਮੇਂ ਕੈਨੇਡਾ ਵਿਚ ਪਰਵਾਸ ਹੰਢਾ ਰਹੇ ਪਰਵਾਸੀਆਂ ਦੀ ਇੱਕ ਭੀੜ ਜਿਹੀ ਬਣ ਗਈ ਹੈ।ਭੀੜ ਦਾ ਵਿਵਹਾਰ ਹਮੇਸ਼ਾ ਚਿੰਤਾ ਵਾਲ਼ਾ ਰਹਿੰਦਾ ਹੈ।ਇਸ ਨਾਲ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੁੰਦੇ ਹਨ।ਦਹਾਕੇ ਪਹਿਲਾਂ ਉਥੇ ਵੱਸ ਗਏ ਅਤੇ ਆਪਣੀ ਮਿਹਨਤ ਨਾਲ਼ ਸਥਾਪਤ ਲੋਕ ਮਹਿਸੂਸ ਕਰਦੇ ਹਨ ਕਿ ਨਵਿਆਂ ਦੀ ਆਮਦ ਆਪਣੇ ਵਿਵਹਾਰ ਕਾਰਣ ਸਿਸਟਮ ਵਿਚ ਵਿਗਾੜ ਪੈਦਾ ਕਰ ਰਹੀ ਹੈ।ਗੈਂਗਸਟਰ ਗਰੁੱਪ ਅਤੇ ਨਸ਼ਿਆਂ ਦੇ ਕਾਰੋਬਾਰ ਵਿਚ ਪੰਜਾਬੀ ਭਾਈਚਾਰੇ ਦਾ ਨਾਂ ਆਉਣਾ ਸ਼ਰਮਨਾਕ ਵਰਤਾਰਾ ਹੈ।ਪੁਸਤਕ ਵਿਚ ਦਰਜ਼ ਹੈ ਕਿ ‘ਡ੍ਰਗਜ ਵਰਗਾ ਕਾਰੋਬਾਰ ਜਿਸ ਤੋਂ ਪੰਜਾਬ ਬੁਰੀ ਤਰ੍ਹਾਂ ਪੀੜਤ ਹੈ, ਦੀ ਦਸਤਕ ਸੱਤ ਸਮੁੰਦਰ ਪਾਰ ਵੀ ਸੁਣਦੀ ਹੈ।ਮਾਪਿਆਂ ਦੇ ਸੁਪਨੇ ਵਿਲਕਦੇ ਅਤੇ ਟੁੱਟਦੇ ਵੀ ਹਨ। ਡ੍ਰਗਜ ਦੇ ਇਸ ਘਿਨਾਉਣੇ ਵਰਤਾਰੇ ਦੀ ਪਹੁੰਚ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਤਕ ਵੀ ਹੋ ਗਈ ਹੈ’।
ਮਲਵਿੰਦਰ ਦਾ ਯਥਾਰਤਕ ਜੀਵਨ ਬਾਰੇ ਜਾਣਕਾਰੀ ਦਿੰਦਾ ਨਿਬੰਧ ‘ਪਾਰਕਾਂ ਨੂੰ ਦੁੱਖ ਦੱਸਦੇ’ ਵਿਚ ਗਰੇਟ ਲੇਕਸ ਪਾਰਕ ਸਮੇਤ ਬਰੈਂਪਟਨ ਵਿਚ ਛੇ ਦਰਜਨ ਪਾਰਕਾਂ ਦਾ ਜ਼ਿਕਰ ਹੈ।ਪਾਰਕਾਂ ਦੇ ਹਵਾਲੇ ਨਾਲ਼ ਪੇਸ਼ ਹੋਈ ਬਜ਼ੁਰਗਾਂ ਦੀ ਹੋਣੀ ਤਰਾਸਦਿਕ ਦ੍ਰਿਸ਼ਟੀਗੋਚਰ ਹੁੰਦੀ ਹੈ।ਇਹਨਾਂ ਪਾਰਕਾਂ ਵਿਚ ਹਰ ਤਰ੍ਹਾਂ ਦੇ ਵਿਸ਼ੇ ਵਿਚਾਰੇ ਜਾਂਦੇ ਹਨ।ਪਰ ਮੁੱਖ ਵਿਸ਼ਾ ਬਜ਼ੁਰਗਾਂ ‘ਤੇ ਹੁੰਦੇ ਜ਼ੁਲਮ ਬਾਰੇ ਹੈ।ਪਿਆਰਾ ਸਿੰਘ, ਹਰਭਜਨ ਸਿੰਘ, ਪਹਿਲਵਾਨ ਹਰਨਾਮ ਸਿੰਘ ਪਾਤਰਾਂ ਰਾਹੀਂ ਬਜ਼ੁਰਗਾਂ ਦੀ ਹੋਣੀ ਨੂੰ ਰੂਪਮਾਨ ਕੀਤਾ ਗਿਆ ਹੈ।ਮਲਵਿੰਦਰ ਪਾਰਕਾਂ ਨੂੰ ਸਰੋਤੇ ਵਜੋਂ ਰੂਪਮਾਨ ਕਰਨ ਵਿਚ ਸਫ਼ਲ ਹੋਇਆ ਹੈ: ‘ਪਾਰਕਾਂ ਬੜਾ ਵੱਡਾ ਆਸਰਾ ਹੈ ਬਿਰਧ ਪਰਵਾਸੀਆਂ ਲਈ।ਦਿਨ ਦੇ ਕਿਸੇ ਵੀ ਪਹਿਰ ਇਥੇ ਆ ਕੇ ਬੈਠਿਆ ਜਾ ਸਕਦਾ ਹੈ।ਖ਼ਾਲੀ ਪਏ ਬੈਂਚਾਂ ਉਪਰ ਲੇਟਿਆ ਜਾ ਸਕਦਾ ਹੈ।ਕਿਸੇ ਆਪਣੇ ਵਰਗੇ ਨਾਲ਼ ਗੱਲਾਂ ਕੀਤੀਆਂ ਜਾ ਸਕਦੀਆਂ ਹਨ।ਪਾਰਕ ਸਭ ਸੁਣਦੀ ਹੈ।ਧਰਵਾਸ ਵੀ ਦਿੰਦੀ ਹੈ’।
ਮਲਵਿੰਦਰ ਦਾ ਬਹੁਤ ਹੀ ਮਹੱਤਵਪੂਰਨ ਤੇ ਤਰਕ ਅਧਾਰਿਤ ਨਿਬੰਧ ‘ਬਦਲਦੇ ਅਰਥਾਂ ਵਿਚ ਪਰਵਾਸ ਦੇ ਸਰੋਕਾਰ’ ਵਿਚ ਤੱਥਕ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।ਵਰਤਮਾਨ ਵਿਚ ਪਰਵਾਸ ਧਾਰਨ ਕਰਨ ਦਾ ਮਕਸਦ ਹੀ ਬਦਲ ਗਿਆ ਹੈ।ਪੁਰਾਣੇ ਸਮਿਆਂ ਵਿਚ ਪਰਵਾਸ ‘ਤੇ ਘਰ ਦਾ ਇੱਕ ਜੀਅ ਜਾਂਦਾ ਸੀ ਜੋ ਅਣਥੱਕ ਮਿਹਨਤ ਕਰਦਾ ਸੀ ਤੇ ਪੈਸੇ ਪਿੱਛੇ ਰਹਿ ਗਏ ਪਰਿਵਾਰ ਨੂੰ ਭੇਜਦਾ ਸੀ।ਪਰਿਵਾਰ ਖ਼ੁਸ਼ਹਾਲ ਹੁੰਦਾ ਸੀ ਤੇ ਕੁਝ ਸਾਲਾਂ ਬਾਦ ਪਰਵਾਸ ‘ਤੇ ਗਿਆ ਜੀਅ ਵੀ ਵਤਨ ਪਰਤ ਆਉਂਦਾ ਸੀ।ਪਰ ਹੁਣ ਦੇ ਸਮਿਆਂ ਵਿਚ ਪਰਵਾਸ ਤੋਂ ਭਾਵ ਉਥੋਂ ਦੀ ਨਾਗਰਿਕਤਾ ਹਾਸਲ ਕਰਨੀ ਤੇ ਪਰਿਵਾਰ ਸਮੇਤ ਉਥੇ ਵੱਸਣਾ ਹੈ।ਪਰ ਅਜਿਹੇ ਰੁਝਾਨ ਦੇ ਮਾੜੇ ਪਹਿਲੂ ਵੀ ਹਨ ਜਿਸ ਬਾਰੇ ਮਲਵਿੰਦਰ ਦੀ ਟਿੱਪਣੀ ਗੌਲਣਯੋਗ ਹੈ: “ਜੀਵਨ ਦੀਆਂ ਉਹ ਸਾਰੀਆਂ ਬੇਤਰਤੀਬੀਆਂ, ਪ੍ਰੇਸ਼ਾਨੀਆਂ, ਔਕੜਾਂ, ਸਿਸਟਮ ਦੀਆਂ ਖ਼ਰਾਬੀਆਂ ਜੋ ਤੁਸੀਂ ਪਿੱਛੇ ਛੱਡ ਆਏ ਹੋ, ਥੋੜ੍ਹੇ ਬਹੁਤੇ ਫ਼ਰਕ ਨਾਲ਼ ਨਵੇਂ ਦੇਸ਼,ਨਵੀਂ ਭੂਮੀ,ਨਵੇਂ ਮੌਸਮ ਵਿਚ ਵੀ ਮੌਜੂਦ ਹੁੰਦੇ ਹਨ”।
ਲੇਖਕ ਸਪਸ਼ਟ ਸ਼ਬਦਾਂ ਵਿਚ ਸਮਝਾਉਂਦਾ ਹੈ ਕਿ ਸਵਰਗ ਵਰਗੀ ਜੀਵਨ ਹਯਾਤੀ ਕਿਸੇ ਵੀ ਦੇਸ਼ ਵਿਚ ਨਹੀਂ ਹੈ। ਸੂਲੀ ਦਾ ਪ੍ਰਬੰਧ ਹਰ ਜਗ੍ਹਾ ਹੁੰਦਾ ਹੈ। ਇਸ ਲਈ ਨਫ਼ਰਤ, ਲਾਲਚ, ਧੋਖਾ, ਮਕਾਰੀ, ਹੇਰਾਫੇਰੀ, ਠੱਗੀ ਆਦਿ ਨਰਕ ਸਮਾਨ ਹਨ। ਜਦਕਿ ਸਾਕਾਰਾਤਮਕ ਸੋਚ, ਸੁਹਿਰਦਤਾ, ਸਿਰੜ, ਇਰਾਦੇ ਅਤੇ ਮਿਹਨਤ ਨਾਲ ਹੀ ਸਵਰਗ ਵਰਗਾ ਜੀਵਨ ਪ੍ਰਾਪਤ ਹੋ ਸਕਦਾ ਹੈ।ਵਾਰਤਾਕਾਰ ਨੈਤਿਕ ਮੁੱਲ ਵਿਧਾਨਾ ਉੱਤੇ ਜ਼ੋਰ ਦਿੰਦਾ ਹੈ ਤਾਂ ਜੋ ਸਾਕਾਰਾਤਮਿਕ ਸੋਚ ਨਾਲ਼ ਮੁਸ਼ਕਲਾਂ ਉੱਤੇ ਕਾਬੂ ਪਾਇਆ ਜਾ ਸਕੇ। ਮਲਵਿੰਦਰ ਬੇਬਾਕਪਣ ਨਾਲ਼ ਪੰਜਾਬੀਆਂ ਨੂੰ ਸੁਨੇਹਾ ਦਿੰਦਾ ਹੈ: “ਦੁਨੀਆ ਦੇ ਕਿਸੇ ਵੀ ਕੋਨੇ ਵਿਚ ਪਰਵਾਸੀ ਬਣ ਕੇ ਜਾਣ ਵਾਲ਼ੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਭੂਆ ਦੇ ਘਰ ਨਹੀਂ ਜਾ ਰਹੇ।ਅਸੀਂ ਨਵੀਆਂ ਚਣੌਤੀਆਂ ਨਾਲ਼ ਜੂਝਣਜਾ ਰਹੇ ਹਾਂ।ਬੇਹਤਰ ਜੀਵਨ ਹਾਲਤਾਂ ਪੈਦਾ ਕਰਨ ਜਾ ਰਹੇ ਹਾਂ”।
ਵਾਰਤਾਕਾਰ ਮਲਵਿੰਦਰ ਨੇ ਤਲਖ਼ ਸਮੱਸਿਆਵਾਂ ਦੇ ਨਾਲ਼ ਨਾਲ਼ ਕੁਦਰਤ ਦੀ ਖ਼ੂਬਸੂਰਤੀ ਦਾ ਜ਼ਿਕਰ ਵੀ ਕੀਤਾ ਹੈ।ਉਸਦਾ ਨਿਬੰਧ ‘ਫੁੱਲਾਂ ਦਾ ਸ਼ਹਿਰ ਬਰੈਂਪਟਨ’ ਵਿਚ ਖੁਬਸੂਰਤ ਦ੍ਰਿਸ਼ਾਂ ਦਾ ਵਰਣਨ ਹੈ।ਰਾਜਨੀਤਕ ਪੱਖ ਤੋਂ ਇਥੋਂ ਦੇ ਚਾਰ ਐਮ.ਪੀ. ਪੰਜਾਬੀ ਹਨ।ਵਪਾਰਕ ਖੇਤਰ ਵਿਚ ਵੀ ਪੰਜਾਬੀਆਂ ਦਾ ਕਬਜ਼ਾ ਕਾਇਮ ਹੈ।ਵਾਰਤਾਕਾਰ ਇਥੋਂ ਦੀਆਂ ਸਾਹਿਤ ਸਭਾਵਾਂ ਦਾ ਜ਼ਿਕਰ ਵੀ ਕਰਦਾ ਹੈ ਜਿਹਨਾਂ ਨੇ ਪੰਜਾਬੀ ਮਾਂ-ਬੋਲੀ ਦਾ ਪ੍ਰਚਾਰ ਤੇ ਪਰਸਾਰ ਕਰਨ ਵਿਚ ਅਹਿਮ ਭੁਮਿਕਾ ਨਿਭਾਈ ਹੈ ਅਤੇ ਨਿਰੰਤਰ ਸਰਗਰਮ ਹਨ।ਇਸ ਸ਼ਹਿਰ ਵਿਚ ਵੱਸਦੇ ਬਹੁਤ ਸਾਰੇ ਲੇਖਕਾਂ, ਵਿਦਵਾਨਾਂ ਦਾ ਜ਼ਿਕਰ ਵੀ ਪੜ੍ਹਨ ਨੂੰ ਮਿਲਦਾ ਹੈ।ਬਰੈਂਪਟਨ ਵਿਚ ਝੀਲਾਂ, ਛੱਪੜਾਂ, ਜੰਗਲ ਤੇ ਸ਼ਵੱਸ ਪਾਣੀਆਂ ਦਾ ਵੀ ਜ਼ਿਕਰ ਹੈ।ਕੈਨੇਡਾ ਵਿਚ ਵਰਤੋਂ ਲਈ ਪਾਣੀ ਦੀਆਂ ਜਰੂਰਤਾਂ ਧਰਤੀ ਉਪਰਲੇ ਛੱਪੜਾਂ, ਝੀਲਾਂ ਵਿਚਲੇ ਪਾਣੀ ਤੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ।ਪੰਜਾਬ ਸਮੇਤ ਦੁਨੀਆਂ ਦੇ ਹੋਰ ਖਿਤਿਆਂ ਦੇ ਲੋਕਾਂ ਅਤੇ ਸਰਕਾਰਾਂ ਨੂੰ ਵੀ ਅਜਿਹੀ ਜੀਵਨ ਸ਼ੈਲੀ ਅਪਨਾਉਣੀ ਚਾਹੀਦੀ ਹੈ।ਇਥੋਂ ਦੀਆਂ ਪਾਰਕਾਂ ਵਿਚਲੇ ਖੇਡ ਮੈਦਾਨਾਂ ਨੂੰ ਨੌਜਵਾਨ ਬੱਚੇ ਫੁੱਟਬਾਲ, ਕ੍ਰਿਕਟ ਤੇ ਹੋਰ ਖੇਡਾਂ ਲਈ ਵਰਤਦੇ ਹਨ।ਬਰੈਂਪਟਨ ਵਿੱਚ ਗੁਰਦੂਆਰੇ ਤੇ ਮੰਦਿਰ ਵੀ ਹਨ ਜਿਸ ਦਾ ਜ਼ਿਕਰ ਵੀ ਪੜ੍ਹਨ ਨੂੰ ਮਿਲਦਾ ਹੈ।
ਮਲਵਿੰਦਰ ਦੀ ਪੁਸਤਕ ਵਿਚਲੇ ਕੁਝ ਹੋਰ ਨਿਬੰਧ, ਜਿਹਨਾਂ ਦਾ ਜ਼ਿਕਰ ਰਹਿ ਗਿਆ ਹੈ, ਵਿਚ ਭੀੜ, ਹੋਂਦ ਦਾ ਸਵਾਲ, ਵੱਖਰੀ ਤਰ੍ਹਾਂ ਸੋਚਣ ਦੀ ਲੋੜ, ਡਰ ਰਹਿਤ ਸਮਾਜ ਦੀ ਸਿਰਜਣਾ ਆਦਿ ਵਿਚ ਆਧੁਨਿਕ ਜੀਵਨ-ਸ਼ੈਲੀ, ਚਰਿੱਤਰ, ਸੰਜਮ, ਵਿਹਾਰਕ ਸੂਝ ਤੇ ਨਿਰਮਾਣਤਾ ਦੀ ਪ੍ਰਾਪਤੀ ਦਾ ਰਸਤਾ ਦ੍ਰਿਸ਼ਟੀਗੋਚਰ ਹੁੰਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ।
ਉਪਰੋਕਤ ਵਿਚਾਰ-ਚਰਚਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਮਲਵਿੰਦਰ ਦੀ ਵਾਰਤਕ ਪੁਸਤਕ ‘ਚੁੱਪ ਦਾ ਮਰਮ ਪਛਾਣੀਏ’ ਵਿਚ ਦੇਸ਼-ਪਰਦੇਸ਼ ਵਿਚ ਮਨੁੱਖ ਦੀ ਜੀਵਨ ਹਯਾਤੀ ਨੂੰ ਸਮਾਜਕ, ਆਰਥਕ, ਧਾਰਮਿਕ, ਰਾਜਨੀਤਕ, ਇਤਿਹਾਸਕ, ਸਭਿਆਚਾਰਕ, ਵਿਗਿਆਨਕ, ਮਨੋ-ਵਿਗਿਆਨਕ ਅਤੇ ਬਹੁ-ਸਭਿਆਚਾਰ ਦੇ ਪਰਿਪੇਖ ਵਿਚੋਂ ਸਮਝਣ ਦਾ ਯਤਨ ਕੀਤਾ ਗਿਆ ਹੈ।ਨਿਬੰਧਾਂ ਵਿਚਲੀ ਤਰਕ-ਵਿਤਰਕ ਦੀ ਦ੍ਰਿਸ਼ਟੀ ਯਥਾਰਥਕ ਪ੍ਰਸਥਿਤੀਆਂ ਨੂੰ ਰੂਪਮਾਨ ਕਰਨ ਵਿਚ ਸਫ਼ਲ ਹੋਈ ਹੈ।ਉਸਦੇ ਨਿਬੰਧ ਵਰਤਮਾਨ, ਭੂਤ ਤੇ ਭਵਿੱਖ ਵਿਚ ਕੜੀ ਸਥਾਪਤ ਕਰਕੇ ਮਨੁੱਖ ਨੂੰ ਗਿਆਨ ਦੇ ਪ੍ਰਵਾਹ ਨਾਲ਼ ਜੋੜਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ... ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ