ਬਰੈਂਪਟਨ, 3 ਦਸੰਬਰ (ਪੋਸਟ ਬਿਊਰੋ): ਬੀਤੇ ਦਿਨੀਂ ਸਪਰੈਂਜਾ ਬੈਂਕੁਐਂਟ ਹਾਲ ਵਿਚ ਯੰਗ ਕਬੱਡੀ ਕਲੱਬ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸਾਲ 2024 ਦੇ ਕੈਨੇਡਾ ਕਬੱਡੀ ਕੱਪ ਲਈ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਬਿੱਲਾ ਸਿੱਧੂ (ਪਲਵਿੰਦਰ ਸਿੰਘ ਸਿੱਧੂ) ਨੂੰ ਕਲੱਬ ਦੀ ਪ੍ਰਧਾਨਗੀ ਦੀ ਜਿ਼ੰਮੇਵਾਰੀ ਸੌਂਪੀ ਗਈ।
ਇਸ ਮੀਟਿੰਗ ਦੌਰਾਨ ਹੀ ਬਾਕੀ ਅਹੁਦੇਦਾਰਾਂ ਨੂੰ ਵੀ ਜਿੰ਼ਮੇਵਾਰੀਆਂ ਸੌਂਪੀਆਂ ਗਈਆਂ, ਜਿਨ੍ਹਾਂ ਵਿਚ ਚੇਅਰਮੈਨ ਕੁਲਵਿੰਦਰ ਪੱਤੜ, ਉੱਪ ਚੇਅਰਮੈਨ ਦਲਜੀਤ ਸਿੰਘ ਮਾਂਗਟ, ਉੱਪ ਪ੍ਰਧਾਨ ਸੁਖਪਾਲ ਡੁਲਕੂ, ਸਕੱਤਰ ਜੱਸੀ ਸਰਾਏ, ਉੱਪ ਸਕੱਤਰ ਪ੍ਰਭਜੋਤ ਸਿੰਘ ਲੱਧੜ, ਖ਼ਜ਼ਾਨਚੀ ਹਰਵਿੰਦਰ (ਰੈਂਬੋ ਸਿੱਧੂ), ਉੱਪ ਖ਼ਜ਼ਾਨਚੀ ਨਰਿੰਦਰ ਧਾਲੀਵਾਲ, ਮੀਡੀਆ ਸਕੱਤਰ ਕਰਨਵੀਰ ਰੰਧਾਵਾ, ਮੱਖਣ ਵਿਰਕ ਅਤੇ ਰਾਣਾ ਰਣਧੀਰ ਸਿੰਘ ਸਿੱਧੂ ਹੋਣਗੇ। ਇਸਤੋਂ ਇਲਾਵਾ ਚਾਰ ਟੀਮ ਮੈਨੇਜਰ ਚੁਣੇ ਗਏ ਜਿਨ੍ਹਾਂ ਵਿੱਚ ਕੁਲਵਰਨ ਮਾਣਾਂ ਲੱਲੀਆਂ, ਸੰਦੀਪ ਲੁੱਧੜ ਗੁਰਦਾਸਪੁਰੀਆ, ਜੱਸਾ ਸਿੱਧਵਾਂ ਦੋਨਾਂ ਅਤੇ ਜਤਿੰਦਰ ਸਿੰਘ ਕੈਪੀ ਲੱਲੀਆਂ। ਇੱਸ ਤੋਂ ਇਲਾਵਾ ਮੈਂਟੀਨੈਂਸ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਗੋਲਡੀ ਧਾਲੀਵਾਲ, ਸੁੱਖੀ ਸਿੱਧੂ, ਰਾਜਵੀਰ ਸਿੰਘ, ਸੁੱਖਾ, ਨਵੀ ਵਿਰਕ, ਸਨੀ ਉੱਪਲ਼, ਪਰਮਿੰਦਰ ਲਾਲੀ, ਬਿੱਟੂ ਢੀਂਡਸਾ ਦੇ ਨਾਮ ਸ਼ਾਮਿਲ ਹਨ। ਇਸ ਮੀਟਿੰਗ ਵਿੱਚ ਕੈਨੇਡਾ ਕਬੱਡੀ ਕੱਪ ਨੂੰ ਬਿਹਤਰ ਬਣਾਉਣ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ।
ਤੁਹਾਨੂੰ ਦੱਸ ਦੇਈਏ ਕਿ 1999 ਵਿਚ ਯੰਗ ਕਬੱਡੀ ਕਲੱਬ ਹੋਂਦ ਵਿਚ ਆਈ ਸੀ ਉਦੋਂ ਤੋਂ ਲਗਾਤਾਰ ਵਿਦੇਸ਼ਾਂ ਵਿਚ ਕਬੱਡੀ ਦੀ ਪ੍ਰਫੁਲਤਾ ਲਈ ਕੰਮ ਕਰਦੀ ਆ ਰਹੀ ਹੈ। ਹਰ ਸਾਲ ਇਨ੍ਹਾਂ ਵਲੋਂ ਕਬੱਡੀ ਦੀ ਟੀਮ ਬਣਾਈ ਜਾਂਦੀ ਹੈ ਅਤੇ ਕਈ ਵਾਰ ਕੱਪ ਜਿੱਤ ਚੁੱਕੀ ਹੈ। ਸੰਨ 2009 ਵਿਚ ਇਨ੍ਹਾਂ ਵਲੋਂ ਸਕਾਈਡੋਮ ਵਿਚ ਕੈਨੇਡਾ ਕਬੱਡੀ ਕੱਪ ਕਰਵਾਕੇ ਇੱਕ ਰਿਕਾਰਡ ਸਥਾਪਿਤ ਕੀਤਾ ਗਿਆ ਸੀ। ਸਾਲ 2024 ਵਿਚ ਵੀ ਕੁਝ ਇਸ ਤਰ੍ਹਾਂ ਦੇ ਹੀ ਉਪਰਾਲੇ ਯੰਗ ਕਬੱਡੀ ਕਲੱਬ ਵਲੋਂ ਕੀਤੇ ਜਾ ਰਹੇ ਹਨ। ਬਿੱਲਾ ਸਿੱਧੂ ਵਲੋਂ ਜਿੱਥੇ ਸਾਰੇ ਯੰਗ ਕਬੱਡੀ ਕਲੱਬ ਦੇ ਮੈਂਬਰ ਅਤੇ ਆਪਣੇ ਹੁਣ ਤੱਕ ਦੇ ਰਹੇ ਸਪੌਂਸਰਜ਼ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਕਿਹਾ ਕਿ 2024 ਦੇ ਕੈਨੇਡਾ ਕਬੱਡੀ ਕੱਪ ਲਈ ਸਾਨੂੰ ਕਾਫੀ ਮਾਲੀ ਮੱਦਦ ਦੀ ਜ਼ਰੂਰਤ ਰਹੇਗੀ ਅਤੇ ਇਸ ਨੂੰ ਅਸੀਂ ਦੁਨੀਆਂ ਭਰ ਵਿਚ ਦੇਖਿਆ ਜਾਣ ਵਾਲਾ ਚੋਟੀ ਦਾ ਟੂਰਨਾਮੈਂਟ ਕਰਵਾਵਾਂਗੇ ਤਾਂਕਿ ਕਬੱਡੀ ਇੱਕ ਨਵੇਂ ਮੁਕਾਮ `ਤੇ ਪਹੁੰਚ ਸਕੇ।
ਬਿੱਲਾ ਸਿੱਧੂ ਨੂੰ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਤੇ ਇਸ ਦੇ ਨਾਲ-ਨਾਲ ਬਾਕੀ ਕਮੇਟੀ ਮੈਂਬਰਾਂ ਨੂੰ ਅਹੁਦੇ ਦਿੱਤੇ ਜਾਣ ਤੋਂ ਬਾਅਦ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚੋਂ ਅਤੇ ਅਮਰੀਕਾ ਦੇ ਨਾਲ ਹੀ ਭਾਰਤ ਤੋਂ ਬਹੁਤ ਸਾਰੀਆਂ ਕਬੱਡੀ ਕਲੱਬਾਂ ਅਤੇ ਫੈਡਰੇਸ਼ਨਾਂ ਵਲੋਂ ਬਿੱਲਾ ਸਿੱਧੂ ਨੂੰ ਅਤੇ ਸਾਥੀਆਂ ਨੂੰ ਮੁਬਾਰਕਾਂ ਭੇਜੀਆਂ ਗਈਆਂ ਅਤੇ 2024 ਦੇ ਕਬੱਡੀ ਕੱਪ ਲਈ ਸੁ਼ਭਇਸ਼ਾਵਾਂ ਦਿੱਤੀਆਂ ਗਈਆਂ।