ਮਾਨੀਲਾ, 3 ਦਸੰਬਰ (ਪੋਸਟ ਬਿਊਰੋ): ਦੱਖਣੀ ਚੀਨ ਸਾਗਰ 'ਚ ਚੀਨ ਅਤੇ ਫਿਲੀਪੀਨਜ਼ ਇਕ ਵਾਰ ਫਿਰ ਆਹਮੋ-ਸਾਹਮਣੇ ਹੋ ਗਏ ਹਨ। ਦਰਅਸਲ, ਦੱਖਣੀ ਚੀਨ ਸਾਗਰ ਦੇ ਵ੍ਹਾਈਟਸਨ ਰੀਫ ਨੇੜੇ ਚੀਨ ਦੀਆਂ 135 ਕਿਸ਼ਤੀਆਂ ਦੇਖੀਆਂ ਗਈਆਂ ਹਨ। ਇਹ ਇਲਾਕਾ ਵਿਵਾਦਤ ਹੈ। ਫਿਲੀਪੀਨਜ਼ ਇਸ ਨੂੰ ਜੂਲੀਅਨ ਫਿਲਿਪ ਰੀਫ ਕਹਿੰਦੇ ਹਨ। ਇਹ ਫਿਲੀਪੀਨਜ਼ ਦੇ ਪਲਵਾਨ ਟਾਪੂ ਤੋਂ ਲਗਭਗ 320 ਕਿਲੋਮੀਟਰ ਦੂਰ ਹੈ। ਚੀਨ ਦੇ ਹੈਨਾਨ ਟਾਪੂ ਤੋਂ ਇਸ ਖੇਤਰ ਦੀ ਦੂਰੀ ਕਰੀਬ ਇੱਕ ਹਜ਼ਾਰ ਕਿਲੋਮੀਟਰ ਹੈ।
ਫਿਲੀਪੀਨਜ਼ ਕੋਸਟ ਗਾਰਡ ਨੇ ਦੱਸਿਆ ਕਿ 13 ਨਵੰਬਰ ਤੱਕ ਇੱਥੇ ਚੀਨ ਦੀਆਂ 111 ਕਿਸ਼ਤੀਆਂ ਮੌਜੂਦ ਸਨ। ਹੁਣ ਇਨ੍ਹਾਂ ਦੀ ਗਿਣਤੀ 135 ਹੋ ਗਈ ਹੈ। ਅਸੀਂ ਇਨ੍ਹਾਂ ਚੀਨੀ ਕਿਸ਼ਤੀਆਂ ਨੂੰ ਚਿਤਾਵਨੀ ਵੀ ਦਿੱਤੀ ਸੀ ਪਰ ਚੀਨ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਇਹ ਸਾਡੇ ਲਈ ਖ਼ਤਰਾ ਹੈ। ਇਸ ਲਈ ਅਸੀਂ ਇੱਥੇ ਗਸ਼ਤ ਲਈ ਦੋ ਜਹਾਜ਼ ਤਾਇਨਾਤ ਕੀਤੇ ਹਨ।