ਸਿਓਲ, 19 ਨਵੰਬਰ (ਪੋਸਟ ਬਿਊਰੋ): ਦੱਖਣੀ ਕੋਰੀਆ ਵਿਚ ਕੁੱਤੇ ਦਾ ਮਾਸ ਖਾਣ 'ਤੇ ਪਾਬੰਦੀ ਲੱਗਣ ਜਾ ਰਹੀ ਹੈ। ਸੱਤਾਧਾਰੀ ਪਾਰਟੀ ਦੇ ਨੀਤੀ ਮੁਖੀ ਯੂ ਯੂਈ-ਡੋਂਗ ਨੇ ਇਹ ਐਲਾਨ ਕੀਤਾ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਦੱਖਣੀ ਕੋਰੀਆ ਵਿੱਚ ਕੁੱਤੇ ਦਾ ਮਾਸ ਖਾਣ ਨੂੰ ਲੈ ਕੇ ਦੁਨੀਆਂ ਭਰ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਪਸ਼ੂ ਅਧਿਕਾਰ ਸੰਗਠਨ ਵੀ ਇਸ ਦਾ ਵਿਰੋਧ ਕਰਦੇ ਰਹੇ ਹਨ।
ਐਨੀਮਲ ਵੈਲਫੇਅਰ ਇੰਸਟੀਚਿਊਟ ਅਨੁਸਾਰ ਦੇਸ਼ ਵਿੱਚ ਹਰ ਸਾਲ 20 ਲੱਖ ਕੁੱਤੇ ਮਾਰੇ ਜਾਂਦੇ ਹਨ। ਇਸ ਦੇ ਨਾਲ ਹੀ ਹਰ ਸਾਲ ਲਗਭਗ 1 ਲੱਖ ਟਨ ਕੁੱਤੇ ਦੇ ਮਾਸ ਦੀ ਖਪਤ ਹੁੰਦੀ ਹੈ। ਹੁਣ ਹੌਲੀ-ਹੌਲੀ ਕੁੱਤਿਆਂ ਨੂੰ ਖਾਣ ਵਾਲੇ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਸਰਕਾਰ 2027 ਤੱਕ ਕੁੱਤੇ ਖਾਣ 'ਤੇ ਮੁਕੰਮਲ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਇਸ ਸਾਲ ਇਸ ਲਈ ਬਿੱਲ ਲਿਆਵੇਗੀ।
ਨੀਤੀ ਮੁਖੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਕਿਸਾਨਾਂ, ਕਸਾਈ ਅਤੇ ਹੋਰ ਲੋਕਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰੇਗੀ ਜਿਨ੍ਹਾਂ ਨੂੰ ਇਸ ਕਾਨੂੰਨ ਕਾਰਨ ਕਾਰੋਬਾਰ ਵਿੱਚ ਨੁਕਸਾਨ ਹੋਇਆ ਹੈ। ਇਸ ਮੀਟ ਨੂੰ ਵੇਚਣ ਵਾਲੇ ਰਜਿਸਟਰਡ ਕਿਸਾਨਾਂ, ਰੈਸਟੋਰੈਂਟ ਕਰਮਚਾਰੀਆਂ ਅਤੇ ਹੋਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਵੀ ਦੱਖਣੀ ਕੋਰੀਆ ਵਿੱਚ ਕਈ ਵਾਰ ਕੁੱਤੇ ਦੇ ਮਾਸ ਵਿਰੋਧੀ ਬਿੱਲ ਲਿਆਂਦਾ ਜਾ ਚੁੱਕਾ ਹੈ। ਹਾਲਾਂਕਿ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਇਸ ਨੂੰ ਪਾਸ ਨਹੀਂ ਕੀਤਾ ਜਾ ਸਕਿਆ। ਜਾਣਕਾਰੀ ਅਨੁਸਾਰ, ਨਵੇਂ ਬਿੱਲ ਵਿੱਚ 3 ਸਾਲ ਦੀ ਗ੍ਰੇਸ ਪੀਰੀਅਡ ਅਤੇ ਵਿੱਤੀ ਸਹਾਇਤਾ ਦੀ ਵਿਵਸਥਾ ਕੀਤੀ ਜਾ ਰਹੀ ਹੈ।