ਇਸਲਾਮਾਬਾਦ, 29 ਸਤੰਬਰ (ਪੋਸਟ ਬਿਊਰੋ): ਪਾਕਿਸਤਾਨ ਦੇ ਬਲੋਚਿਸਤਾਨ ਵਿਚ ਸ਼ੁੱਕਰਵਾਰ ਨੂੰ ਇਕ ਮਸਜਿਦ ਨੇੜੇ ਆਤਮਘਾਤੀ ਹਮਲਾ ਹੋਇਆ। ਇਸ ਵਿਚ 54 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਲੋਕ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਲੋਕ ਈਦ-ਏ-ਮਿਲਾਦ-ਉਨ-ਨਬੀ ਦੇ ਜਲੂਸ ਲਈ ਇਕੱਠੇ ਹੋ ਰਹੇ ਸਨ। ਮਸਤੁੰਗ ਸ਼ਹਿਰ ਦੇ ਏਸੀ ਨੇ ਦੱਸਿਆ ਕਿ ਧਮਾਕਾ ਡੀ.ਐੱਸ.ਪੀ. ਨਵਾਜ਼ ਗਿਸ਼ਕੋਰੀ ਦੀ ਕਾਰ ਕੋਲ ਹੋਇਆ।
ਜੀਓ ਨਿਊਜ਼ ਮੁਤਾਬਕ ਹਮਲੇ ਵਿੱਚ ਮਰਨ ਵਾਲਾ ਪੁਲਿਸ ਅਧਿਕਾਰੀ ਡੀਐਸਪੀ ਨਵਾਜ਼ ਹੈ। ਬਲੋਚਿਸਤਾਨ ਦੇ ਕੇਅਰਟੇਕਰ ਸੂਚਨਾ ਮੰਤਰੀ ਜਾਨ ਅਚਕਜ਼ਈ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ। ਲੋੜ ਪੈਣ 'ਤੇ ਉਸ ਨੂੰ ਕਰਾਚੀ ਵੀ ਭੇਜ ਦਿੱਤਾ ਜਾਵੇਗਾ। ਜ਼ਖਮੀਆਂ ਦੇ ਇਲਾਜ ਦੀ ਪੂਰੀ ਜਿ਼ੰਮੇਵਾਰੀ ਸਰਕਾਰ ਚੁੱਕੇਗੀ।
ਅਚਕਜ਼ਈ ਨੇ ਕਿਹਾ ਕਿ ਸਾਡੇ ਦੁਸ਼ਮਣ ਵਿਦੇਸ਼ੀ ਤਾਕਤਾਂ ਦੀ ਮੱਦਦ ਨਾਲ ਬਲੋਚਿਸਤਾਨ ਵਿਚ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਲੋਚਿਸਤਾਨ ਵਿੱਚ ਸਰਕਾਰੀ ਮੰਤਰੀਆਂ ਅਤੇ ਕਈ ਹੋਰ ਨੇਤਾਵਾਂ ਨੇ ਹਮਲੇ ਦੀ ਨਿੰਦਾ ਕੀਤੀ ਹੈ।