ਖੇਤੀਬਾੜੀ ਵਿਭਾਗ ਦੇ ਚਾਰ ਹੋਰ ਅਧਿਕਾਰੀ/ਕਰਮਚਾਰੀ ਵੀ ਕੀਤੇ ਗਏ ਸਨਮਾਨਿਤ
ਫਰੀਦਕੋਟ, 18 ਅਗਸਤ (ਗਿਆਨ ਸਿੰਘ): ਅਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਫਰੀਦਕੋਟ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਵਿਚ ਵਿਨੀਤ ਕੁਮਾਰ ਆਈ.ਏ.ਐਸ., ਡਿਪਟੀ ਕਮਿਸ਼ਨਰ ਫਰੀਦਕੋਟ ਦੀ ਅਗਵਾਈ ਵਿੱਚ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਅਤੇ ਸ਼੍ਰੀ ਅਮੋਲਕ ਸਿੰਘ ਵਿਧਾਇਕ ਜੈਤੋਂ ਦੀ ਹਾਜ਼ਰੀ ਵਿੱਚ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ
ਸਰਕਾਰ ਵਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਇਸ ਸਮੇਂ ਜਿਲ੍ਹਾ ਫਰੀਦਕੋਟ ਦੇ ਨਾਲ ਸਬੰਧਤ ਬੁੱਧੀਜੀਵੀਆਂ, ਸਮਾਜ ਸੇਵੀਆਂ, ਵਧੀਆਂ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ, ਖਾਸ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆ ਅਤੇ ਵੱਖ-ਵੱਖ ਵਿਭਾਗਾਂ ਦੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਅਧਿਕਾਰੀਆਂ ਦਾ ਮਨੋਬਲ ਵਧਾਉਂਦਿਆਂ ਉਚੇਚੇ ਤੌਰ `ਤੇ ਸਨਮਾਨਿਤ ਕੀਤਾ ਗਿਆ। ਫਰੀਦਕੋਟ ਵਿਖੇ ਹੋਏ ਇਸ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਫਰੀਦਕੋਟ ਜਿ਼ਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ
ਗਿੱਲ ਨੂੰ ਖੇਤੀਬਾੜੀ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਡਾ: ਗਿੱਲ ਦੀਆਂ ਕਿਸਾਨਾਂ ਪ੍ਰਤੀ ਦਿੱਤੀਆਂ ਅਣਥੱਕ ਸੇਵਾਵਾਂ ਜਿਵੇਂ ਕਿ ਪਰਾਲੀ ਸਾੜਨ ਦਾ ਮੁੱਦਾ, ਖਾਦ, ਬੀਜ ਅਤੇ ਪੈਸਟੀਸਾਈਡਜ਼ ਵਿੱਚ ਵਧੀਆਂ ਕੁਆਲਿਟੀ ਪ੍ਰਦਾਨ ਕਰਵਾਉਣੀ, ਫਸਲਾਂ ਦੀ ਸਾਂਭ-ਸੰਭਾਲ, ਕਿਸਾਨੀ ਮਿਆਰ ਨੂੰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ, ਕਾਲਾ ਬਜ਼ਾਰੀਆਂ ਨੂੰ ਠੱਲ ਪਾਉਣੀ, ਸੋਕੇ ਦੀ ਮਾਰ ਤੋਂ ਬਚਾਉਣਾ, ਪਾਣੀ ਦੀ ਸੰਭਾਲ, ਫਸਲੀ ਚੱਕਰ ਅਪਨਾਉਣਾ, ਵਧੀਆ ਮੰਡੀਕਰਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨਾ, ਕਿਸਾਨਾਂ ਨੂੰ ਪਰਾਲੀ ਸੰਭਾਲਣ ਵਾਸਤੇ ਮਸ਼ੀਨਰੀ ਮੁਹੱਈਆ ਕਰਾਉਣ ਆਦਿ ਬਦਲੇ ਸਨਮਾਨਿਤ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਤੋਂ ਇਲਾਵਾ ਡਾ: ਰੁਪਿੰਦਰ ਸਿੰਘ ਗਿੱਲ ਖੇਤੀਬਾੜੀ ਵਿਕਾਸ ਅਫਸਰ, ਰਣਬੀਰ ਸਿੰਘ ਖੇਤੀਬਾੜੀ ਉਪ ਨਿਰੀਖਕ, ਨਰਿੰਦਰਜੀਤ ਸਿੰਘ ਜੂਨੀਅਰ ਸਹਾਇਕ ਅਤੇ ਪ੍ਰੀਤ ਸਿੰਘ ਏ.ਟੀ.ਐਮ ਆਤਮਾ ਨੂੰ ਵੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਸ਼ਾਨਦਾਰ ਸੇਵਾਵਾ ਦੇਣ ਬਦਲੇ ਖੇਤੀਬਾੜੀ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ।