ਟੋਰਾਂਟੋ, 24 ਮਈ (ਪੋਸਟ ਬਿਊਰੋ) : ਬੁੱਧਵਾਰ ਸ਼ਾਮ ਨੂੰ ਹੋਈ ਬਹਿਸ ਵਿੱਚ ਟੋਰਾਂਟੋ ਦੇ ਮੇਅਰ ਦੇ ਅਹੁਦੇ ਲਈ ਲੜ ਰਹੇ ਛੇ ਉਮੀਦਵਾਰਾਂ ਨੇ ਸਕਾਰਬਰੋ ਵਿੱਚ ਟਰਾਂਜਿ਼ਟ, ਸਿਟੀ ਸਰਵਿਸਿਜ਼ ਤੇ ਟੈਕਸਾਂ ਬਾਰੇ ਆਪੋ ਆਪਣਾ ਨਜ਼ਰੀਆ ਪੇਸ਼ ਕੀਤਾ।ਆਉਣ ਵਾਲੀਆਂ ਚੋਣਾਂ ਵਿੱਚ ਸਕਾਰਬਰੋ ਵੱਲੋਂ ਅਹਿਮ ਭੂਮਿਕਾ ਨਿਭਾਏ ਜਾਣ ਦੀ ਸੰਭਾਵਨਾ ਹੈ।
ਉਮੀਦਵਾਰਾਂ ਨੇ ਆਖਿਆ ਕਿ ਜੇ ਉਹ ਚੁਣੇ ਜਾਂਦੇ ਹਨ ਤਾਂ ਉਹ ਸਿਟੀ ਸਰਵਿਸਿਜ਼ ਤੇ ਇਨਫਰਾਸਟ੍ਰਕਚਰ ਨੂੰ ਮੁੜ ਸੁਰਜੀਤ ਕਰਨਗੇ। ਇਨ੍ਹਾਂ ਵਿੱਚ ਟਰਾਂਜਿ਼ਟ ਦੇ ਨਾਲ ਨਾਲ ਇਲਾਕੇ ਦੇ ਸੈਂਟਰਜ਼ ਵਿੱਚ ਵੀ ਨਵੀਂ ਰੂਹ ਫੂਕੀ ਜਾਵੇਗੀ। ਇਸ ਬਹਿਸ ਵਿੱਚ ਐਨਡੀਪੀ ਦੀ ਸਾਬਕਾ ਐਮਪੀ ਓਲੀਵੀਆ ਚਾਓ, ਸਿਟੀ ਕਾਊਂਸਲਰ ਜੋਸ਼ ਮੈਟਲੋਅ, ਸਾਬਕਾ ਪੁਲਿਸ ਚੀਫ ਮਾਰਕ ਸਾਂਡਰਸ, ਸਾਬਕਾ ਡਿਪਟੀ ਮੇਅਰ ਐਨਾ ਬਾਇਲਾਓ, ਕਾਊਂਸਲਰ ਬ੍ਰੈਡ ਬ੍ਰੈੱਡਫੋਰਡ ਤੇ ਸਕਾਰਬਰੋ-ਗਿਲਡਵੁੱਡ ਤੋਂ ਸਾਬਕਾ ਲਿਬਰਲ ਐਮਪੀਪੀ ਮਿਤਜ਼ੀ ਹੰਟਰ ਨੇ ਹਿੱਸਾ ਲਿਆ। ਇਹ ਬਹਿਸ ਯੂਨੀਵਰਸਿਟੀ ਆਫ ਟੋਰਾਂਟੋ ਦੇ ਸਕਾਰਬਰੋ ਕੈਂਪਸ ਵਿੱਚ ਕਰਵਾਈ ਗਈ।
ਇਸ ਦੌਰਾਨ ਮੁੱਖ ਤੌਰ ਉੱਤੇ ਲੀਡਿੰਗ ਉਮੀਦਵਾਰ ਚਾਓ ਨੂੰ ਵਿਰੋਧੀ ਉਮੀਦਵਾਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਖਾਸਤੌਰ ਉੱਤੇ ਬ੍ਰੈੱਡਫੋਰਡ ਤੇ ਸਾਂਡਰਸ ਨੇ ਆਖਿਆ ਕਿ ਚਾਓ ਟੋਰਾਂਟੋ ਵਿੱਚ ਪ੍ਰਾਪਰਟੀ ਰੱਖਣ ਵਾਲੇ ਤੇ ਇੱਥੋਂ ਦੇ ਰੈਜ਼ੀਡੈਂਟਸ ਲਈ ਟੈਕਸਾਂ ਵਿੱਚ ਵਾਧਾ ਕਰੇਗੀ। ਇਸ ਉੱਤੇ ਚਾਓ ਨੇ ਆਖਿਆ ਕਿ ਉਮੀਦਵਾਰਾਂ ਨੂੰ ਟੋਰਾਂਟੋ ਵਾਸੀਆਂ ਨਾਲ ਇਮਾਨਦਾਰ ਰਹਿਣਾ ਚਾਹੀਦਾ ਹੈ ਖਾਸਤੌਰ ਉੱਤੇ ਟੈਕਸਾਂ ਦੇ ਮਾਮਲੇ ਵਿੱਚ ਕਿਉਂਕਿ ਸਿਟੀ ਦੀਆਂ ਸੇਵਾਵਾਂ ਨੂੰ ਲੀਹ ਉੱਤੇ ਲਿਆਂਉਣ ਲਈ ਇਨ੍ਹਾਂ ਦੀ ਲੋੜ ਪਵੇਗੀ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨਾਲ ਕੰਮ ਕਰਨ ਨੂੰ ਲੈ ਕੇ ਵੀ ਉਮੀਦਵਾਰਾਂ ਨੂੰ ਸਵਾਲ ਪੁੱਛੇ ਗਏ। ਸਾਂਡਰਸ ਤੇ ਬਾਇਲਾਓ ਦੇ ਫੋਰਡ ਨਾਲ ਵਧੀਆ ਸਬੰਧਾਂ ਦੇ ਚੱਲਦਿਆਂ ਉਨ੍ਹਾਂ ਨੂੰ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਜਦਕਿ ਮੈਟਲੋਅ, ਚਾਓ ਤੇ ਹੰਟਰ ਨੇ ਆਖਿਆ ਕਿ ਫੋਰਡ ਨਾਲ ਕੰਮ ਕਰਨਾ ਠੀਕ ਰਹੇਗਾ ਕਿਉਂਕਿ ਕਈ ਸਾਲਾਂ ਤੋਂ ਉਹ ਇੱਕਠੇ ਕੰਮ ਕਰਦੇ ਆ ਰਹੇ ਹਨ।