Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਓਨਟਾਰੀਓ ਲਿਬਰਲ ਲੀਡਰਸਿ਼ਪ ਲਈ ਜ਼ੋਰ ਅਜ਼ਮਾਵੇਗੀ ਬੌਨੀ ਕ੍ਰੌਂਬੀ

May 22, 2023 10:51 PM

ਮਿਸੀਸਾਗਾ, 22 ਮਈ (ਪੋਸਟ ਬਿਊਰੋ) : ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਓਨਟਾਰੀਓ ਦੀ ਲਿਬਰਲ ਪਾਰਟੀ ਦੀ ਲੀਡਰਸਿ਼ਪ ਦੀ ਦੌੜ ਵਿੱਚ ਆਪਣਾ ਜ਼ੋਰ ਅਜ਼ਮਾਉਣਾ ਚਾਹੁੰਦੀ ਹੈ।
ਲੀਡਰਸਿ਼ਪ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਸਿੱਧ ਕਰਨ ਵਾਸਤੇ ਕ੍ਰੌਂਬੀ ਨੇ ਇੱਕ ਐਕਸਪਲੋਰੇਟਰੀ ਕਮੇਟੀ ਵੀ ਕਾਇਮ ਕੀਤੀ ਹੈ। ਲੰਮੇਂ ਸਮੇਂ ਤੋਂ ਮੇਅਰ ਰਹੀ ਮਰਹੂਮ ਹੇਜ਼ਲ ਮੈਕੈਲੀਅਨ ਦੇ ਰਿਟਾਇਰ ਹੋਣ ਤੋਂ ਬਾਅਦ ਕ੍ਰੌਂਬੀ ਨੂੰ 2014 ਵਿੱਚ ਮਿਸੀਸਾਗਾ ਦੀ ਮੇਅਰ ਚੁਣਿਆ ਗਿਆ। ਇਸ ਤੋਂ ਬਾਅਦ 2018 ਤੇ 2022 ਵਿੱਚ ਕ੍ਰੌਂਬੀ ਦੋ ਵਾਰੀ ਮੁੜ ਮੇਅਰ ਚੁਣੀ ਜਾ ਚੁੱਕੀ ਹੈ।ਇਸ ਤੋਂ ਪਹਿਲਾਂ 2008 ਤੋਂ 2011 ਤੱਕ ਕ੍ਰੌਂਬੀ ਲਿਬਰਲ ਪਾਰਟੀ ਵੱਲੋਂ ਮੈਂਬਰ ਪਾਰਲੀਆਮੈਂਟ ਵੀ ਰਹਿ ਚੁੱਕੀ ਹੈ।
ਪਿਛਲੇ ਸਾਲ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਵਿਖਾਉਣ ਤੋਂ ਬਾਅਦ ਤਤਕਾਲੀ ਲਿਬਰਲ ਆਗੂ ਸਟੀਵਨ ਡੈਲ ਡੂਕਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਅਹੁਦੇ ਨੂੰ ਭਰਨ ਲਈ ਓਨਟਾਰੀਓ ਦੇ ਲਿਬਰਲ ਚੋਣਾਂ ਕਰਵਾਉਣਗੇ ਤੇ ਉਨ੍ਹਾਂ ਵੱਲੋਂ 2 ਦਸੰਬਰ ਨੂੰ ਆਪਣੇ ਨਵੇਂ ਆਗੂ ਦਾ ਐਲਾਨ ਕੀਤਾ ਜਾਵੇਗਾ। ਪਾਰਟੀ ਨੇ ਇਹ ਵੀ ਆਖਿਆ ਹੈ ਕਿ ਰਸਮੀ ਤੌਰ ਉੱਤੇ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਲਈ ਤਰੀਕ ਵੀ ਉਨ੍ਹਾਂ ਵੱਲੋਂ ਜਲਦ ਐਲਾਨੀ ਜਾਵੇਗੀ ਪਰ ਹਾਲ ਦੀ ਘੜੀ 5 ਸਤੰਬਰ ਦੀ ਡੈੱਡਲਾਈਨ ਤੈਅ ਕੀਤੀ ਗਈ ਹੈ ਤੇ ਉਮੀਦਵਾਰਾਂ ਨੂੰ ਐਂਟਰੀ ਫੀਸ ਵਜੋਂ 100,000 ਡਾਲਰ ਦੇਣੇ ਹੋਣਗੇ ਤੇ ਜਿਨ੍ਹਾਂ ਵਿੱਚੋਂ 25,000 ਡਾਲਰ ਰਿਫੰਡ ਹੋਣ ਯੋਗ ਹੋਣਗੇ।
25 ਨਵੰਬਰ ਤੇ 26 ਨਵੰਬਰ ਨੂੰ ਪਾਰਟੀ ਮੈਂਬਰ ਵੋਟਾਂ ਪਾ ਸਕਣਗੇ ਤੇ ਵੀਕੈਂਡ ਉੱਤੇ ਨਤੀਜੇ ਐਲਾਨ ਦਿੱਤੇ ਜਾਣਗੇ। ਹੁਣ ਤੱਕ ਇਸ ਅਹੁਦੇ ਲਈ ਮੈਦਾਨ ਵਿੱਚ ਸਿਰਫ ਇੱਕ ਹੋਰ ਉਮੀਦਵਾਰ ਹੀ ਨਿੱਤਰਿਆ ਹੈ ਤੇ ਉਹ ਹਨ ਟੋਰਾਂਟੋ ਤੋਂ ਐਮਪੀ ਨੇਟ ਅਰਸਕਿਨ-ਸਮਿੱਥ।ਇਨ੍ਹਾਂ ਤੋਂ ਇਲਾਵਾ ਫੈਡਰਲ ਐਮਪੀ ਤੇ ਸਾਬਕਾ ਪ੍ਰੋਵਿੰਸ਼ੀਅਲ ਕੈਬਨਿਟ ਮੰਤਰੀ ਯਾਸਿਰ ਨਕਵੀ ਤੇ ਲਿਬਰਲ ਐਮਪੀਪੀ ਟੈੱਡ ਹਸੂ ਤੇ ਆਦਿਲ ਸ਼ਾਮਜੀ ਪ੍ਰੋਵਿੰਸ਼ੀਅਲ ਪਾਰਟੀ ਲੀਡਰਸਿ਼ਪ ਲਈ ਆਪਣੇ ਪਰ ਤੋਲ ਰਹੇ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ