ਚੰਡੀਗੜ੍ਹ, 26 ਮਾਰਚ (ਪੋਸਟ ਬਿਊਰੋ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਪਏ ਬੇਮੌਸਮੇ ਮੀਂਹ ਅਤੇ ਗੜ੍ਹਿਆਂ ਕਾਰਣ ਨੁਕਸਾਨੀਆਂ ਫਸਲਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦ ਗਿਰਦਾਵਰੀ ਮੁਕੰਮਲ ਕਰਵਾ ਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ। ਢੀਂਡਸਾ ਨੇ ਕਿਹਾ ਕਿ ਸੂਬੇ ਵਿਚ ਕਈ ਦਿਨ ਤੱਕ ਰੁਕ-ਰੁਕ ਪਏ ਮੀਂਹ ਕਾਰਣ ਤਿਆਰ ਕਣਕ ਦੀ ਫਸਲ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਮੀਂਹ ਨਾਲ ਢਹਿ-ਢੇਰੀ ਹੋਏ ਘਰਾਂ ਅਤੇ ਪਸ਼ੂਆਂ ਦੇ ਨੁਕਸਾਨ ਦੀ ਵੀ ਰਿਪੋਰਟ ਪ੍ਰਾਪਤ ਹੋਈ ਹੈ। ਜਿਸ ਲਈ ਪੰਜਾਬ ਸਰਕਾਰ ਨੂੰ ਤੁਰੰਤ ਪੀੜਤਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਮੀਂਹ, ਗੜ੍ਹਿਆਂ ਅਤੇ ਤੇਜ਼ ਹਵਾਵਾਂ ਕਾਰਣ ਸੂਬੇ ਭਰ ਵਿਚ 15 ਲੱਖ ਹੈਕਟੇਅਰ ਦੇ ਕਰੀਬ ਫਸਲ ਪ੍ਰਭਾਵਿਤ ਹੋਈ ਹੈ। ਸਭ ਵਿਚ ਕਈਂ ਥਾਂਵਾਂ `ਤੇ ਕਿਸਾਨਾਂ ਦੀ 100 ਫੀਸਦੀ ਫਸਲ ਖਰਾਬ ਹੋ ਗਈ ਹੈ, ਜਦੋਂਕਿ ਜਿ਼ਆਦਾਤਰ ਕਿਸਾਨਾਂ ਦੀ 40-50 ਫੀਸਦੀ ਹਾੜ੍ਹੀ ਦੀ ਫਸਲ ਪ੍ਰਭਾਵਿਤ ਹੋਈ ਹੈ। ਸੂਬੇ ਵਿਚ ਲਗਾਤਾਰ ਕਈ ਦਿਨ ਮੀਂਹ ਪੈਣ ਕਰ ਕੇ ਸਮੁੱਚੇ ਪੰਜਾਬ ਵਿਚ ਭਾਰੀ ਨੁਕਸਾਨ ਹੋਇਆ ਹੈ।
ਸੁਖਦੇਵ ਸਿੰਘ ਢੀਂਡਸਾ ਨੇ ਅੱਗੇ ਕਿਹਾ ਕਿ ਖੇਤੀਬਾੜੀ ਵਿਭਾਗ ਮੁਤਾਬਕ ਮੀਂਹ ਅਤੇ ਗੜ੍ਹੇਮਾਰੀ ਕਾਰਣ ਕਣਕ ਦੀ ਫਸਲ ਦਾ 12 ਤੋਂ 15 ਫੀਸਦੀ ਝਾੜ ਘਟਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਣਕ ਤੋਂ ਇਲਾਵਾ ਸੂਬੇ ਵਿਚ ਸਰੋਂ ਦੀ ਫਸਲ ਵੀ ਪੰਜ ਤੋਂ ਸੱਤ ਹਜ਼ਾਰ ਹੈਕਟੇਅਰ ਤੱਕ ਪ੍ਰਭਾਵਿਤ ਹੋਈ ਹੈ। ਇਸ ਲਈ ਪੰਜਾਬ ਸਰਕਾਰ ਨੂੰ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ।