Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਅੰਗਰੇਜ਼ੀ ਦਾ ਵਿਦਵਾਨ ਡਾ. ਰਾਜੇਸ਼ ਕੁਮਾਰ ਪੱਲਣ ਪੰਜਾਬੀ 'ਚ ਵੀ ਬਹੁਤ ਵਧੀਆ ਲਿਖਦੈ ...

September 21, 2022 12:22 PM

-ਡਾ. ਸੁਖਦੇਵ ਸਿੰਘ ਝੰਡ
ਫ਼ੋਨ 647-567-9128
ਅੰਗਰੇਜ਼ੀ ਦੇ ਬਹੁਤੇ ਵਿਦਵਾਨ ਅੰਗਰੇਜ਼ੀ ਵਿਚ ਹੀ ਲਿਖਣਾ ਪਸੰਦ ਕਰਦੇ ਹਨ ਅਤੇ ਕੋਈ ਵਿਰਲਾ-ਟਾਵਾਂ ਹੀ ਪੰਜਾਬੀ ਵਿਚ ਲਿਖਦਾ ਹੈ। ਪੰਜਾਬੀ ਵਿਚ ਲਿਖਣ ਵਾਲੇ ਅਜਿਹੇ ਵਿਦਵਾਨ ਉਂਗਲਾਂ 'ਤੇ ਹੀ ਗਿਣੇ ਜਾ ਸਕਦੇ ਹਨ। ਇਨ੍ਹਾਂ ਵਿਚ ਪਿ੍ਰੰਸੀਪਲ ਸੰਤ ਸਿੰਘ ਸੇਖੋਂ, ਪ੍ਰੋ. ਪੂਰਨ ਸਿੰਘ, ਡਾ. ਤੇਜਵੰਤ ਸਿੰਘ ਗਿੱਲ, ਪ੍ਰੋ. ਨਿਰੰਜਨ ਸਿੰਘ ਤਸਨੀਮ, ਆਦਿ ਦੇ ਨਾਂ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ। ਹਿੰਦੀ ਦੇ ਕਈ ਵਿਦਵਾਨ ਵੀ ਪੰਜਾਬੀ ਵਿਚ ਬਹੁਤ ਵਧੀਆ ਲਿਖਦੇ ਹਨ। ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਹਰਿਭਜਨ ਸਿੰਘ ਪੰਜਾਬੀ ਦੇ ਪ੍ਰਮੁੱਖ ਕਵੀ ਹਨ। ਏਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਿੰਦੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਹਰਮਹਿੰਦਰ ਸਿੰਘ ਬੇਦੀ ਵੀ ਪੰਜਾਬੀ ਵਿਚ ਵਧੀਆ ਲਿਖਦੇ ਹਨ। ਕਈ ਹੋਰ ਵੀ ਹੋਣਗੇ। ਇਨ੍ਹਾਂ ਸੱਭਨਾਂ ਨੇ ਆਪਣੀ ਮਾਂ-ਬੋਲੀ ਵਿਚ ਕਵਿਤਾਵਾਂ, ਕਹਾਣੀਆਂ, ਨਾਵਲ, ਨਿਬੰਧ ਅਤੇ ਆਲੋਚਨਾਤਮਿਕ ਲੇਖ ਲਿਖ ਕੇ ਵੱਡਮੁੱਲਾ ਯੋਗਦਾਨ ਪਾਇਆ ਹੈ।
ਅਜਿਹੇ ਹੀ ਅੰਗਰੇਜ਼ੀ ਦੇ ਵਿਦਵਾਨ ਲੇਖਕ ਡਾ. ਰਾਜੇਸ਼ ਕੁਮਾਰ ਪੱਲਣ ਪਿਛਲੇ ਦਿਨੀਂ ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਦੀ ਬਦੌਲਤ ਡਾ. ਪੱਲਣ ਦਾ ਮੇਰੇ ਨਾਲ ਮੇਲ਼ ਹੋਇਆ। ਉਹ ਪੰਜਾਬ ਦੇ ਗੁਰੂ ਗੋਬਿੰਦ ਸਿੰਘ ਕਾਲਜ ਜੰਡਿਆਲਾ ਮੰਝਕੀ ਤੇ ਖਾਲਸਾ ਕਾਲਜ ਗੜ੍ਹਸ਼ੰਕਰ ਵਿਚ ਅੰਗਰੇਜ਼ੀ ਦਾ ਵਿਸ਼ਾ ਪੜ੍ਹਾਉਂਦੇ ਰਹੇ ਹਨ ਅਤੇ ਹੁਣ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਦੇ ਬੋਲ-ਚਾਲ ਵਿਚ ਸਹਿਜ ਤੇ ਸਿਆਣਪ ਦੀ ਝਲਕ ਦਿਖਾਈ ਦਿੰਦੀ ਸੀ। ਬਚਪਨ, ਸਕੂਲ ਤੇ ਕਾਲਜ ਦੀ ਪੜ੍ਹਾਈ, ਕਾਲਜ ਦੀ ਨੌਕਰੀ, ਕਹਾਣੀਆਂ, ਕਵਿਤਾਵਾਂ ਤੇ ਲੇਖਾਂ ਦੀਆਂ ਛਪੀਆਂ ਪੁਸਤਕਾਂ, ਕੈਨੇਡਾ ਆਉਣ ਦਾ ਸਬੱਬ ਅਤੇ ਇੱਥੇ ਆ ਕੇ 'ਫ਼ਰੀਲਾਂਸ ਜਰਨਲਿਸਟ' ਦੇ ਤੌਰ 'ਤੇ ਵਿਚਰਣ ਵਰਗੇ ਬਹੁਤ ਸਾਰੇ ਪਹਿਲੂ ਚਰਚਾ ਦਾ ਵਿਸ਼ਾ ਬਣੇ। ਲੰਮੀ-ਚੌੜੀ ਇਸ ਗੱਲਬਾਤ ਨੂੰ ਇੱਥੇ ਸੀਮਿਤ ਜਿਹੇ ਆਰਟੀਕਲ ਵਿਚ ਸੰਕੋਚਣ ਦੀ ਕੋਸਿ਼ਸ਼ ਕੀਤੀ ਗਈ ਹੈ।
ਰਾਜੇਸ਼ ਕੁਮਾਰ ਦਾ ਜਨਮ ਪੱਲਣ ਪਰਿਵਾਰ ਵਿਚ ਜਲੰਧਰ ਜਿ਼ਲੇ ਦੇ ਮਸ਼ਹੂਰ ਪਿੰਡ ਜੰਡਿਆਲਾ ਮੰਜਕੀ ਵਿਚ ਪਿਤਾ ਸ਼੍ਰੀ ਮੇਘ ਰਾਜ ਅਤੇ ਮਾਤਾ ਸ਼੍ਰੀਮਤੀ ਬਿਮਲਾ ਦੇਵੀ ਦੇ ਘਰ 22 ਨਵੰਬਰ 1957 ਨੂੰ ਹੋਇਆ। ਸਕੂਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ 1972 ਵਿਚ ਮੈਟ੍ਰਿਕ ਪਾਸ ਕਰਕੇ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਜ ਜੰਡਿਆਲਾ ਮੰਜਕੀ ਵਿਚ ਜਾ ਦਾਖ਼ਲਾ ਲਿਆ। ਅੰਗਰੇਜ਼ੀ, ਇਕਨਾਮਿਕਸ ਅਤੇ ਪੋਲਿਟੀਕਲ ਸਾਇੰਸ ਵਿਸਿ਼ਆਂ ਨਾਲ ਬੀ.ਏ. 1976 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਮੈਰਿਟ ਲਿਸਟ ਵਿਚ ਆਪਣਾ ਨਾਂ ਦਰਜ ਕਰਵਾ ਕੇ ਕੀਤੀ। ਕਾਲਜ ਵਿਚ ਹੋਏ ਸ਼ਾਨਦਾਰ ਸਮਾਗ਼ਮ ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਹੱਥੋਂ ਕਾਲਜ ਦਾ ਬੈੱਸਟ-ਸਕਾਲਰ ਦਾ ਮੈਡਲ ਵੀ ਮਿਲਿਆ। ਇਸ ਦੌਰਾਨ ਉਨ੍ਹਾਂ ਦੀ ਅੰਗਰੇਜ਼ੀ ਸਾਹਿਤ ਵਿਚ ਕਾਫ਼ੀ ਰੁਚੀ ਬਣ ਗਈ। ਅੱਗੋਂ ਅੰਗਰੇਜ਼ੀ ਦੀ ਐੱਮ.ਏ. ਕਰਨ ਦਾ ਵਿਚਾਰ ਬਣ ਗਿਆ ਅਤੇ ਦੁਆਬਾ ਕਾਲਜ ਜਲੰਧਰ ਵਿਚ ਦਾਖ਼ਲਾ ਲੈ ਲਿਆ।
ਇਹ ਪੁੱਛਣ 'ਤੇ ਕਿ ਜਲੰਧਰ ਵਿਚ ਡੀ.ਏ.ਵੀ. ਕਾਲਜ ਦਾ ਵੀ ਬਹੁਤ ਵਧੀਆ ਵਿੱਦਿਅਕ ਪਿਛੋਕੜ ਰਿਹਾ ਹੈ ਤੇ ਇਹ ਹੁਣ ਵੀ ਹੈ, ਫਿਰ ਐੱਮ.ਏ. ਲਈ ਦੁਆਬਾ ਕਾਲਜ ਕਿਉਂ ਚੁਣਿਆ ਗਿਆ ਤਾਂ ਉਨ੍ਹਾਂ ਦਾ ਜੁਆਬ ਸੀ, "ਦੁਆਬਾ ਕਾਲਜ ਵਿਚ ਉਸ ਸਮੇਂ ਉਸ ਕਾਲਜ ਦੇ ਅੰਗਰੇਜ਼ੀ ਵਿਭਾਗ ਦੇ ਪ੍ਰੋ. ਡੀ.ਡੀ.ਬਿਬਰਾ ਦਾ ਨਾਂ ਬੜਾ ਮਸ਼ਹੂਰ ਸੀ। ਉਹ ਅੰਗਰੇਜ਼ੀ ਸਾਹਿਤ ਦੇ ਬੜੇ ਮੰਨੇ-ਪ੍ਰਮੰਨੇ ਵਿਦਵਾਨ ਤੇ ਹਰਮਨ-ਪਿਆਰੇ ਅਧਿਆਪਕ ਸਨ ਅਤੇ ਮੈਂ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬੜਾ ਪ੍ਰਭਾਵਿਤ ਸੀ। ਮੈਰਿਟ ਵਿਚ ਆਉਣ ਕਰਕੇ ਮੈਨੂੰ ਦਾਖ਼ਲਾ ਡੀ.ਏ.ਵੀ. ਕਾਲਜ ਵਿਚ ਵੀ ਬੜੀ ਆਸਾਨੀ ਨਾਲ ਮਿਲ ਸਕਦਾ ਸੀ ਪਰ ਪ੍ਰੋ. ਬਿਬਰਾ ਦੀ ਮਿਕਨਾਤੀਸੀ ਸ਼ਖ਼ਸੀਅਤ ਮੈਨੂੰ ਦੁਆਬਾ ਕਾਲਜ ਖਿੱਚ ਕੇ ਲੈ ਗਈ। ਐੱਮ.ਏ. ਦੀ ਦੋ ਸਾਲਾਂ ਦੀ ਪੜ੍ਹਾਈ ਦੌਰਾਨ ਮੈਂ ਉਨ੍ਹਾਂ ਕੋਲੋਂ ਜੀਵਨ ਵਿਚ ਚੰਗਾ ਆਚਰਣ, ਉੱਚੇਰੀਆਂ ਇਨਸਾਨੀ ਕਦਰਾਂ-ਕੀਮਤਾਂ ਅਤੇ ਹੋਰ ਬਹੁਤ ਕੁਝ ਸਿੱਖਿਆ ਜੋ ਆਪ-ਮੁਹਾਰੇ ਮੇਰੀ ਸ਼ਖ਼ਸੀਅਤ ਵਿਚ ਸ਼ਾਮਲ ਹੋ ਗਿਆ ਜਿਸ ਦਾ ਮੈਨੂੰ ਪਤਾ ਵੀ ਨਾ ਲੱਗਿਆ। ਗੁਰੂ ਗੋਬਿੰਦ ਸਿੰਘ ਕਾਲਜ ਜੰਡਿਆਲਾ ਮੰਜਕੀ ਵਿਚ ਪੜ੍ਹਦਿਆਂ ਮੈਨੂੰ ਅੰਗਰੇਜ਼ੀ ਵਿਚ ਛੋਟੀਆਂ-ਛੋਟੀਆਂ ਕਵਿਤਾਵਾਂ, ਕਹਾਣੀਆਂ ਅਤੇ ਲੇਖ ਲਿਖਣ ਦੀ ਚੇਟਕ ਲੱਗ ਗਈ। ਮੇਰੀ ਇਸ ਦਿਲਚਸਪੀ ਕਾਰਨ ਮੈਨੂੰ ਕਾਲਜ ਦੇ ਮੈਗ਼ਜ਼ੀਨ 'ਬਾਜ਼' ਦੇ ਅੰਗਰੇਜ਼ੀ ਸੈੱਕਸ਼ਨ ਦਾ ਵਿਦਿਆਥੀ-ਸੰਪਾਦਕ ਬਣਾ ਦਿੱਤਾ ਗਿਆ। ਕਵਿਤਾ, ਕਹਾਣੀ ਅਤੇ ਆਰਟੀਕਲ ਲਿਖਣ ਦੀ ਮੇਰੀ ਇਹ ਦਿਲਚਸਪੀ ਐੱਮ.ਏ. ਦੌਰਾਨ ਵੀ ਬਰਕਰਾਰ ਰਹੀ।
1978 ਵਿਚ ਐੱਮ.ਏ. ਕਰਨ ਤੋਂ ਬਾਅਦ ਰਾਜੇਸ਼ ਪੱਲਣ ਜਲਦੀ ਹੀ ਗੁਰੂ ਗੋਬਿੰਦ ਸਿੰਘ ਰੀਪਬਲਿਕ ਕਾਲਜ ਜੰਡਿਆਲਾ ਮੰਜਕੀ ਜਿੱਥੋਂ ਉਨ੍ਹਾਂ ਨੇ ਬੀ.ਏ. ਕੀਤੀ ਸੀ, ਵਿਚ ਕੁਝ ਸਮਾਂ ਪੜ੍ਹਾਉਣ ਦਾ ਵੀ ਮੌਕਾ ਮਿਲ ਗਿਆ ਜੋ ਉਨ੍ਹਾਂ ਲਈ ਬੜੀ ਖ਼ੁਸ਼-ਨਸੀਬੀ ਵਾਲੀ ਗੱਲ ਸੀ, ਕਿਉਂਕਿ ਜਿਨ੍ਹਾਂ ਬੈਂਚਾਂ 'ਤੇ ਬੈਠ ਕੇ ਕੋਈ ਪੜ੍ਹ ਕੇ ਗਿਆ ਹੋਵੇ, ਉਨ੍ਹਾਂ ਹੀ ਬੈਂਚਾ 'ਤੇ ਬੈਠੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਉਸ ਨੂੰ ਹੋਰ ਵੀ ਵਧੀਆ ਲੱਗਦਾ ਹੈ। ਪਰ ਇਹ ਸਿਲਸਿਲਾ ਬਹੁਤਾ ਚਿਰ ਨਾ ਚੱਲ ਸਕਿਆ, ਕਿਉਂਕਿ 1980 ਵਿਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਚ ਉਨ੍ਹਾਂ ਨੂੰ ਲੈਕਚਰਾਰ ਦੀ ਪੱਕੀ ਨੌਕਰੀ ਮਿਲ ਗਈ ਜਿੱਥੇ 1996 ਤੱਕ ਉਨ੍ਹਾਂ ਨੇ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ। ਇਸ ਦੌਰਾਨ ਉਹ ਕਾਲਜ ਦੇ ਮੈਗ਼ਜ਼ੀਨ 'ਬੱਬਰ ਖ਼ਾਲਸਾ' ਦੇ ਅੰਗਰੇਜ਼ੀ ਸੈੱਕਸ਼ਨ ਦੇ ਸੰਪਾਦਕ ਰਹੇ। ਉਹ ਵਿਦਿਆਰਥੀਆਂ ਵਿਚ ਬੜੇ ਹਰਮਨ-ਪਿਆਰੇ ਸਨ ਅਤੇ ਵਿਦਿਆਰਥੀ ਉਨ੍ਹਾਂ ਦਾ ਬਹੁਤ ਮਾਣ-ਸਤਿਕਾਰ ਕਰਦੇ ਸਨ। ਇਸ ਮਾਣ-ਸਤਿਕਾਰ ਦਾ ਸਿਹਰਾ ਪ੍ਰੋ. ਪੱਲਣ ਦੋਆਬਾ ਕਾਲਜ ਜਲੰਧਰ ਦੇ ਆਪਣੇ ਸਤਿਕਾਰਯੋਗ ਪ੍ਰੋਫ਼ੈਸਰ ਡੀ. ਡੀ. ਬਿਬਰਾ ਦੇ ਸਿਰ ਬੰਨ੍ਹਦੇ ਹਨ ਜਿਨ੍ਹਾਂ ਕੋਲੋਂ ਉਨ੍ਹਾਂ ਨੇ ਉਚੇਰੀਆਂ ਇਨਸਾਨੀ ਕਦਰਾਂ-ਕੀਮਤਾਂ ਸਿੱਖੀਆਂ ਅਤੇ ਓਹੀ ਪਾਠ ਫਿਰ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਇਆ।
ਇਸ ਕਾਲਜ ਵਿਚ ਪੜ੍ਹਾਉਂਦਿਆਂ ਪ੍ਰੋ. ਪੱਲਣ ਨੇ ਅੰਗਰੇਜ਼ੀ ਸਾਹਿਤ ਵਿਚ ਪੀ.ਐੱਚ.ਡੀ. ਕਰਨ ਦਾ ਮਨ ਬਣਾਇਆ। 1984 ਵਿਚ ਜਦੋਂ ਪੰਜਾਬ ਵਿਚ ਮਾਹੌਲ ਬੜਾ ਖ਼ਰਾਬ ਚੱਲ ਰਿਹਾ ਸੀ, ਉਨ੍ਹਾਂ ਹਿਮਾਚਲ ਪ੍ਰਦੇਸ਼ ਦੀ ਸਿ਼ਮਲਾ ਯੂਨੀਵਰਸਿਟੀ ਵਿਚ ਇਸ ਮੰਤਵ ਲਈ ਰਜਿਸਟ੍ਰੇਸ਼ਨ ਕਰਵਾ ਲਈ। ਪੀ.ਐੱਚ.ਡੀ. ਲਈ ਖੋਜ ਦਾ ਟਾਪਿਕ ਉਨ੍ਹਾਂ ਨੇ "ਮਿੱਥਸ ਐਂਡ ਸਿੰਬਲਜ਼ ਇਨ ਰਾਜਾ ਰਾਓ, ਆਰ. ਕੇ. ਨਰਾਇਣ, ਮੁਲਕ ਰਾਜ ਅਨੰਦ ਐਂਡ ਸੁਧਿਨ ਘੌਸ਼਼" ਚੁਣਿਆ ਅਤੇ ਇਸ ਉਚੇਰੀ ਡਿਗਰੀ ਲਈ ਉਨ੍ਹਾਂ ਨਿਗਰਾਨ/ ਗਾਈਡ ਡਾ. ਸਿ਼ਆਮ ਅਸਨਾਨੀ ਸਨ। ਪੀ.ਐੱਚ.ਡੀ. ਲਈ ਕੀਤੀ ਗਈ ਆਪਣੀ ਖੋਜ ਬਾਰੇ ਉਨ੍ਹਾਂ ਦੱਸਿਆ ਕਿ ਚਾਰ ਨਾਵਲਕਾਰਾਂ ਦੇ ਨਾਵਲਾਂ ਦੇ ਅਧਿਐਨ ਨਾਲ ਉਨ੍ਹਾਂ ਦੇ ਥੀਸਿਸ ਦੇ ਕਾਫ਼ੀ ਲੰਮਾ ਹੋ ਜਾਣ ਦੀ ਸੰਭਾਵਨਾ ਸੀ। ਇਸ ਲਈ ਬਾਅਦ ਵਿਚ ਕੇਵਲ ਪਹਿਲੇ ਦੋ ਨਾਵਲਕਾਰਾਂ ਰਾਜਾ ਰਾਓ ਤੇ ਆਰ. ਕੇ ਨਰਾਇਣ ਨੂੰ ਹੀ ਖੋਜ-ਕਾਰਜ ਵਿਚ ਸ਼ਾਮਲ ਕੀਤਾ ਗਿਆ ਅਤੇ ਇਨ੍ਹਾਂ ਦੇ ਨਾਵਲਾਂ ਵਿਚ ਆਈਆਂ ਮਿੱਥਾਂ ਤੇ ਪ੍ਰਤੀਕਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਗਿਆ।
ਪਾਰਟ-ਟਾਈਮ ਖੋਜਾਰਥੀ ਹੋਣ ਦੇ ਨਾਤੇ ਉਨ੍ਹਾਂ ਕੋਲ ਇਸ ਵਿਸ਼ੇ 'ਤੇ ਖੋਜ ਕਰਕੇ ਥੀਸਿਸ ਸਬਮਿਟ ਕਰਨ ਲਈ ਭਾਵੇਂ ਪੰਜ ਸਾਲ ਦਾ ਸਮਾਂ ਸੀ ਪਰ ਉਨ੍ਹਾਂ ਨੇ 13 ਮਹੀਨਿਆਂ ਵਿਚ ਹੀ ਖੋਜ-ਕਾਰਜ ਨੂੰ ਪੂਰਾ ਕਰ ਲਿਆ ਅਤੇ ਯੂਨੀਵਰਸਿਟੀ ਅਧਿਕਾਰੀਆਂ ਕੋਲੋਂ ਆਪਣਾ ਥੀਸਿਸ ਨਿਰਧਾਰਿਤ ਕੀਤੇ ਗਏ ਤਿੰਨ ਸਾਲ ਦੇ ਸਮੇਂ ਤੋਂ ਪਹਿਲਾਂ ਜਮ੍ਹਾਂ ਕਰਾਉਣ ਦੀ ਆਗਿਆ ਮੰਗੀ ਜਿਸ ਦੇ ਲਈ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਨਾਂਹ ਹੋ ਗਈ। ਹਿਮਾਚਲ ਪ੍ਰਦੇਸ਼ ਦੇ ਤਤਕਾਲੀ ਮੁੱਖ-ਮੰਤਰੀ ਵੀਰ ਭੱਦਰ ਸਿੰਘ ਦੇ ਚੀਫ਼ ਸੈਕਟਰੀ ਐੱਮ. ਕੇ. ਕਾਓ ਜਿਸ ਨੇ ਖ਼ੁਦ ਪਹਿਲਾਂ ਉਨ੍ਹਾਂ ਦਾ ਥੀਸਿਸ ਪੜ੍ਹਿਆ ਅਤੇ ਫਿਰ ਉਸ ਦੇ ਵੱਲੋਂ ਕੀਤੀ ਗਈ ਸਿਫ਼ਾਰਿਸ਼ 'ਤੇ ਯੂਨੀਵਰਸਿਟੀ ਦੀ ਐਗਜ਼ੈਕਟਿਵ ਕੌਂਸਲ ਵੱਲੋਂ ਉਨ੍ਹਾਂ ਨੂੰ ਆਪਣਾ ਥੀਸਿਸ ਸਮੇਂ ਤੋਂ ਪਹਿਲਾਂ ਢਾਈ ਸਾਲ ਬਾਅਦ ਹੀ ਸਬਮਿਟ ਕਰਾਉਣ ਦੀ ਆਗਿਆ ਮਿਲ ਗਈ। ਉਪਰੰਤ, ਦੋ ਸਵਦੇਸ਼ੀ ਅਤੇ ਇਕ ਵਿਦੇਸ਼ੀ ਪ੍ਰੀਖਿਅਕ ਵੱਲੋਂ ਥੀਸਿਸ ਪਾਸ ਹੋਣ ਤੋਂ ਬਾਅਦ ਉਨ੍ਹਾਂ ਦਾ 'ਵਾਈਵਾ' ਹੋਣ ਪਿੱਛੋਂ ਪੌਣੇ ਤਿੰਨ ਸਾਲ ਵਿਚ ਹੀ ਪੀ.ਐੱਚ.ਡੀ. ਦੀ ਡਿਗਰੀ ਮਿਲ ਗਈ। ਇੱਥੋਂ ਡਾ. ਪੱਲਣ ਦੀ ਆਪਣੇ ਖੋਜ-ਵਿਸ਼ੇ ਦੀ ਪਕੜ, ਸਖ਼ਤ ਮਿਹਨਤ ਅਤੇ ਲਗਨ ਦਾ ਸਹਿਜੇ ਹੀ ਅੰਦਾਜ਼ਾ ਹੋ ਜਾਂਦਾ ਹੈ।
ਡਾ. ਪੱਲਣ ਦਾ ਪ੍ਰਮਾਤਮਾ ਦੀ ਹੋਂਦ ਅਤੇ ਧਰਮ ਵਿਚ ਅਟੁੱਟ ਵਿਸ਼ਵਾਸ ਹੈ। ਖਾਲਸਾ ਕਾਲਜਾਂ ਵਿਚ ਪੜ੍ਹਨ ਅਤੇ ਪੜਾਉਣ ਦੇ ਕਾਰਨ ਸਿੱਖ ਧਰਮ ਦੇ ਅਧਿਐਨ ਵਿਚ ਉਨ੍ਹਾਂ ਦੀ ਡੂੰਘੀ ਦਿਲਚਸਪੀ ਬਣ ਗਈ। ਦੋ-ਢਾਈ ਘੰਟੇ ਹੋਈ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਗੁਰਬਾਣੀ ਤੋਂ ਸੇਧ ਲੈ ਕੇ ਕਿਵੇਂ ਉਨ੍ਹਾਂ ਨੇ ਆਪਣੇ ਜੀਵਨ ਨੂੰ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੈ ਵਿਚਾਰ "ਸਾਂਵੀਂ ਪੱਧਰੀ ਜਿ਼ੰਦਗੀ" ਅਨੁਸਾਰ ਢਾਲਿਆ। ਹਉਮੈ ਨੂੰ ਉਹ ਭਿਆਨਕ ਬੀਮਾਰੀ ਮੰਨਦੇ ਹਨ ਅਤੇ ਲੱਗਦੀ ਵਾਹੇ ਆਪਣੇ ਆਪ ਨੂੰ ਇਸ ਤੋਂ ਦੂਰ ਰੱਖਣ ਦੀ ਕੋਸਿ਼ਸ਼ ਕਰਦੇ ਹਨ। ਇਸ ਦੇ ਬਾਰੇ ਗੱਲ ਕਰਦਿਆਂ ਉਨ੍ਹਾਂ ਗੁਰਬਾਣੀ ਦੀ ਇਸ ਪੰਕਤੀ ਇਸ ਪੰਕਤੀ ਦਾ ਹਵਾਲਾ ਦਿੱਤਾ:
"ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸ ਮਾਹਿ।
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਸਮਾਹਿ।।
(ਆਸਾ ਦੀ ਵਾਰ, ਮਹਲਾ ਦੂਜਾ))

ਗੁਰੂ ਗੋਬਿੰਦ ਸਿੰਘ ਜੀ ਰਚਿਤ ਬਾਣੀ 'ਜਾਪ ਸਾਹਿਬ' ਦੀ ਪੰਕਤੀ :
"ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ।
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ।।" (ਜਾਪ ਸਾਹਿਬ)

ਦਾ ਹਵਾਲਾ ਦਿੰਦਿਆਂ ਉਨ੍ਹਾਂ ਅੰਗਰੇਜ਼ੀ ਦੇ ਪ੍ਰਸਿੱਧ ਕਵੀ ਪੀ.ਬੀ. ਸ਼ੈਲੀ ਦੀ ਕਵਿਤਾ ਦੀ ਹੇਠ ਲਿਖੀ ਸਤਰ:
“ਠਹੲ ੌਨੲ ਰੲਮਅਨਿਸ, ਟਹੲ ਮਅਨੇ ਚਹਅਨਗੲ ਅਨਦ ਪਅਸਸ;
੍ਹੲਅਵੲਨ’ਸ ਲਗਿਹਟ ਾੋਰੲਵੲਰ ਸਹਨਿੲਸ, ਓਅਰਟਹ’ਸ ਸਹਅਦੋੱਸ ਾਲੇ;
਼ਾਿੲ, ਲਕਿੲ ਅ ਦੋਮੲ ੋਾ ਮਅਨੇ-ਚੋਲੋੁਰੲਦ ਗਲਅਸਸ ।।।"
(ਫ। ਭ। ੰਹੲਲਲਏ)
ਦੀ ਬੜੀ ਵਧੀਆ ਉਦਾਹਰਣ ਦਿੱਤੀ ਜੋ 'ਜਾਪ ਸਾਹਿਬ' ਦੀ ਉਪਰੋਕਤ ਸਤਰ ਨਾਲ ਬੜੀ ਮੇਲ਼ ਖਾਂਦੀ ਜਾਪਦੀ ਹੈ ਅਤੇ ਇਸ ਸੰਸਾਰ ਵਿਚ ਅਨੇਕਾਂ ਪ੍ਰਕਾਰ ਦੀ ਅਨੇਕਤਾ ਅਤੇ ਪ੍ਰਮਾਤਮਾ ਦੇ ਇਕ ਹੋਣ ਦੀ ਬੜੇ ਖ਼ੂਬਸੂਰਤ ਢੰਗ ਨਾਲ ਤਰਜਮਾਨੀ ਕਰਦੀ ਹੈ। ਪ੍ਰੋ. ਪੱਲਣ ਨੇ ਦੱਸਿਆ ਕਿ ਉਨ੍ਹਾਂ ਨੇ ਹਿੰਦੂ ਧਰਮ ਗ੍ਰੰਥਾਂ ਦੇ ਨਾਲ ਨਾਲ ਬੁੱਧ ਧਰਮ ਅਤੇ ਜੈਨ ਧਰਮ ਦਾ ਵੀ ਕਾਫ਼ੀ ਅਧਿਐੱਨ ਕੀਤਾ ਹੈ। ਇਸਲਾਮ ਧਰਮ ਦਾ ਗ੍ਰੰਥ ਪਵਿੱਤਰ 'ਕੁਰਾਨ ਸ਼ਰੀਫ਼' ਵੀ ਉਨ੍ਹਾਂ ਦੇ ਘਰੇਲੂ ਪੁਸਤਕ-ਭੰਡਾਰ ਵਿਚ ਸ਼ਾਮਲ ਹੈ ਜਿਸ ਵਿੱਚੋਂ ਗਾਹੇ-ਬਗਾਹੇ ਉਹ ਕਈ ਆਇਤਾਂ ਦਾ ਮੁਤਾਲਿਆ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਦਾ ਦੂਸਰੇ ਧਰਮ ਗ੍ਰੰਥਾਂ ਦੀਆਂ ਸਤਰਾਂ ਨਾਲ ਮੁਕਾਬਲਾ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਧਰਮ, ਰਾਜਨੀਤੀ ਅਤੇ ਸੈੱਕਸ ਦੇ ਬਾਰੇ ਕਦੇ ਕੁਝ ਨਹੀਂ ਲਿਖਿਆ, ਕਿਉਂਕਿ ਉਨ੍ਹਾਂ ਅਨੁਸਾਰ ਇਹ ਤਿੰਨੇ ਵਿਸ਼ੇ ਬੜੇ ਪੇਚੀਦਾ, ਗੁੰਝਲਦਾਰ ਅਤੇ ਤਕਰਾਰ ਭਰਪੂਰ ਹਨ।
ਕੈਨੇਡਾ ਵਿਚ ਆਉਣ ਬਾਰੇ ਪੁੱਛਣ 'ਤੇ ਡਾ. ਪੱਲਣ ਨੇ ਦੱਸਿਆ ਕਿ ਕੈਨੇਡਾ ਸਰਕਾਰ ਦੇ 'ਡੀਪਾਰਟਮੈਂਟ ਆਫ਼ ਐਕਸਟਰਨਲ ਅਫ਼ੇਅਰਜ, ਕੈਨੇਡਾ'਼ ਵੱਲੋਂ ਮਿਲੀ 'ਪੋਸਟ-ਡਾਕਟਰਲ ਫ਼ੈਲੋਸਿ਼ਪ' ਲੈ ਕੇ ਉਹ 1989 ਵਿਚ ਕੈਨੇਡਾ ਆਏ ਅਤੇ ਯੂਨੀਵਰਸਿਟੀ ਆਫ਼ ਟੋਰਾਂਟੋ ਤੇ ਯੌਰਕ ਯੂਨੀਵਰਸਿਟੀ ਵਿਚ 1991 ਤੱਕ ਦੋ ਸਾਲ ਡੱਟ ਕੇ ਖੋਜ-ਕਾਰਜ ਕੀਤਾ। ਇਸ ਦੌਰਾਨ ਵਿਦਵਾਨ ਪ੍ਰੋਫ਼ੈਸਰਾਂ ਫ਼ਰੈਕ ਡੇਵੀ ਤੇ ਨੌਰਥਰੋਪ ਫ਼ਰਾਈ ਦੇ ਨਿੱਘੇ ਸਾਥ ਵਿਚ ਵਿਚਰਦਿਆਂ ਕਈ ਵਿੱਦਿਅਕ ਕਾਨਫ਼ਰੰਸਾਂ ਤੇ ਸੈਮੀਨਾਰਾਂ ਵਿਚ ਭਾਗ ਲਿਆ ਅਤੇ ਇੱਥੋਂ ਦੇ ਅਕਾਦਮਿਕ ਹਲਕਿਆਂ ਵਿਚ ਆਪਣੀ ਪਛਾਣ ਬਣਾਈ। ਪ੍ਰੋ. ਨੌਰਥਰੈਪ ਫ਼ਰਾਈ ਨੇ ਉਨ੍ਹਾਂ ਦੇ ਪੀ.ਐੱਚ.ਡੀ. ਥੀਸਿਸ ਨੂੰ ਡੂੰਘਾਈ ਨਾਲ ਵਾਚਿਆ ਅਤੇ ਇਸ ਦੀ ਕਾਫ਼ੀ ਸ਼ਲਾਘਾ ਕੀਤੀ। ਉਨ੍ਹਾਂ ਨੇ ਯੋਰਕ ਯੂਨੀਵਰਸਿਟੀ ਇਸ ਉੱਪਰ ਇਕ ਸਪੈਸ਼ਲ ਸੈਮੀਨਾਰ ਦਾ ਆਯੋਜਨ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਵਿਚ ਡਾ. ਪੱਲਣ ਵੱਲੋਂ ਅਧਿਐਨ ਕੀਤੀਆਂ ਗਈਆਂ ਭਾਰਤੀ ਅਤੇ ਯੂਨਾਨੀ ਮਿੱਥਾਂ ਅਤੇ ਪ੍ਰਤੀਕਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।
ਅਪ੍ਰੈਲ 1996 ਤੋਂ ਮਾਰਚ 1998 ਦੌਰਾਨ ਟੋਰਾਂਟੋ ਏਰੀਏ ਦੇ ਹੰਬਰ ਕਾਲਜ ਜਿਹੜਾ ਕਿ ਗੁਐੱਲਫ਼ ਯੂਨੀਵਰਸਿਟੀ ਨਾਲ ਅਫਿ਼ਲੀਏਟਿਡ ਹੈ, ਵਿਚ ਦੋ ਸਾਲ ਦਾ ਪੋਸਟ-ਗਰੈਜੂਏਟ 'ਡਿਪਲੋਮਾ ਇਨ ਜਰਨਲਿਜ਼ਮ' ਰੈਗੂਲਰ ਪੜ੍ਹਾਈ ਕਰਕੇ ਪ੍ਰਾਪਤ ਕੀਤਾ ਅਤੇ ਫਿਰ ਫ਼ਰੀਲਾਂਸ ਜਰਨਲਿਸਟ ਦੇ ਤੌਰ 'ਤੇ ਵੱਖ-ਵੱਖ ਪੰਜਾਬੀ ਤੇ ਅੰਗਰੇਜ਼ੀ ਅਖ਼ਬਾਰਾਂ ਤੇ ਰਿਸਾਲਿਆਂ ਲਈ ਲਿਖਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਚ 'ਵੀਕਲੀ ਵਾਇਸ', 'ਇੰਡੋ-ਕੈਨੇਡੀਅਨ ਟਾਈਮਜ਼', 'ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ', 'ਡਾਨ' 'ਪਰਵਾਸੀ', 'ਆਪਣੀ ਆਵਾਜ਼', ਆਦਿ ਦੇ ਨਾਂ ਵਰਨਣਯੋਗ ਹਨ।
ਇਨ੍ਹਾਂ ਤੋਂ ਇਲਾਵਾ ਅੰਗਰੇਜ਼ੀ ਵਿਚ ਉਨ੍ਹਾਂ ਦੇ ਆਰਟੀਕਲ 'ਇੰਡੀਅਨ ਐੱਕਸਪ੍ਰੈੱਸ' ਅਤੇ 'ਦ ਟ੍ਰਿਬਿਊਨ' ਵਿਚ ਵੀ ਛਪਦੇ ਰਹੇ ਹਨ। ਕਈ ਆਲੋਚਨਾਤਮਿਕ ਆਰਟੀਕਲ ਨਾਮਵਰ ਖੋਜ-ਰਿਸਾਲੇ 'ਕੰਟੈਂਪਰੇਰੀ ਲਿਟਰੇਰੀ ਕ੍ਰਿਟੀਸਿਜ਼ਮ' ਅਤੇ ਹੋਰ ਰਿਸਾਲਿਆਂ ਵਿਚ ਛਪੇ। ਅੰਗਰੇਜ਼ੀ ਵਿਚ ਉਨ੍ਹਾਂ ਦੀਆਂ ਤਿੰਨ ਪੁਸਤਕਾਂ 'ਮਿੱਥਸ ਐਂਡ ਸਿੰਬਲਜ਼ ਇਨ ਰਾਜਾ ਰਾਓ ਐਂਡ ਆਰ. ਕੇ. ਨਰਾਇਣ', 'ਇੰਡੀਅਨ ਇੰਗਲਿਸ਼ ਫਿ਼ਕਸ਼ਨ: ਏ ਕਰਿਟੀਕਲ ਸਟੱਡੀ' ਅਤੇ 'ਦ ਹਾਰਟ ਸਪੈਸਿ਼ਲਿਸਟ ਐਡਂ ਅੱਦਰ ਸਟੋਰੀਜ਼' ਛਪੀਆਂ ਹਨ। ਪੰਜਾਬੀ ਵਿਚ ਕਹਾਣੀਆਂ ਦੀ ਪੁਸਤਕ 'ਸਲ੍ਹਾਬੇ ਰਿਸ਼ਤੇ ਤੇ ਹੋਰ ਕਹਾਣੀਆਂ' ਛਪਾਈ ਅਧੀਨ ਹੈ। ਉਨ੍ਹਾਂ ਦਾ ਅੰਗਰੇਜ਼ੀ ਨਾਵਲ 'ਏ ਫਿ਼ਗ ਟਰੀ' ਵੀ ਇਸ ਸਮੇਂ ਛਪਾਈ ਅਧੀਨ ਹੈ। ਪਾਠਕਾਂ ਦੀ ਜ਼ੋਰਦਾਰ ਮੰਗ 'ਤੇ ਉੱਪਰ ਦਰਸਾਈ ਗਈ ਅੰਗਰੇਜ਼ੀ ਦੀ ਪੁਸਤਕ 'ਮਿੱਥਸ ਐਂਡ ਸਿੰਬਲਜ਼ ਇਨ ਰਾਜਾ ਰਾਓ ਐਂਡ ਆਰ. ਕੇ ਨਰਾਇਣ' ਦਾ ਦੂਸਰਾ ਐਡੀਸ਼ਨ ਵੀ ਜਲਦੀ ਹੀ ਆ ਰਿਹਾ ਹੈ ਜਿਹੜਾ ਕਿ ਐਮਾਜ਼ੋਨ, ਕਿੰਡਲ, ਗੂਗਲ ਅਤੇ ਬਾਰਨਜ਼ ਐਂਡ ਨੋਬਲ ਉੱਪਰ ਵੀ ਉਪਲੱਭਧ ਹੋਵੇਗਾ।
1983 ਤੋਂ 1996 ਦੇ ਅਰਸੇ ਦੌਰਾਨ ਆਲ ਇੰਡੀਆ ਰੇਡੀਓ ਜਲੰਧਰ ਤੋਂ ਉਨ੍ਹਾਂ ਦੀਆਂ ਵੱਖ-ਵੱਖ ਵਿਸਿ਼ਆਂ ਉੱਪਰ ਵਾਰਤਾਵਾਂ ਤੇ ਗੱਲਾਂ-ਬਾਤਾਂ ਅਕਸਰ ਪ੍ਰਸਾਰਿਤ ਹੁੰਦੀਆਂ ਰਹੀਆਂ ਹਨ। ਉਨ੍ਹਾਂ ਨੇ ਪ੍ਰਸਿੱਧ ਲੇਖਕਾਂ ਮੁਲਕ ਰਾਜ ਅਨੰਸ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਕਵੀ ਗੁਲਜ਼ਾਰ, ਐੱਮ. ਕੇ. ਕਾਓ ਅਤੇ ਕਈ ਹੋਰ ਪ੍ਰਤਿੱਭਾਵਾਨ ਵਿਅੱਕਤੀਆਂ ਨੂੰ ਇੰਟਰਵਿਊ ਕੀਤਾ ਹੈ ਅਤੇ ਇਹ ਇੰਟਰਵਿਊਆਂ ਕਈ ਅਖ਼ਬਾਰਾਂ ਵਿਚ ਛਪੀਆਂ ਹਨ। ਉਨ੍ਹਾਂ ਦੇ ਸਿ਼ਵ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਸਾਹਿਰ ਲੁਧਿਆਣਵੀ, ਫ਼ੈਜ਼ ਅਹਿਮਦ ਫ਼ੈਜ਼ ਅਤੇ ਪ੍ਰਵੀਨ ਸ਼ਾੱਕਰ ਉੱਪਰ ਲੇਖ ਛਪੇ ਹਨ ਜਿਨ੍ਹਾਂ ਨੂੰ ਉਹ ਜਲਦੀ ਹੀ ਪੁਸਤਕ ਦਾ ਰੂਪ ਦੇਣ ਜਾ ਰਹੇ ਹਨ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਡਾ. ਰਾਜੇਸ਼ ਕੁਮਾਰ ਪੱਲਣ ਅੰਗਰੇਜ਼ੀ ਦੇ ਚਰਚਿਤ ਵਿਦਵਾਨ ਹੁੰਦਿਆਂ ਹੋਇਆਂ ਪੰਜਾਬੀ ਵਿਚ ਲਿਖਣ ਵਿਚ ਵੀ ਓਨੀ ਹੀ ਮੁਹਾਰਤ ਰੱਖਦੇ ਹਨ। ਕਈ ਹਰਮਨ-ਪਿਆਰੇ ਰਿਸਾਲਿਆਂ ਅਤੇ ਅਖ਼ਬਾਰਾਂ ਵਿਚ ਉਨ੍ਹਾਂ ਦੀਆਂ ਕਹਾਣੀਆਂ ਅਤੇ ਲੇਖ ਛਪਦੇ ਰਹੇ ਹਨ। ਅੰਗਰੇਜ਼ੀ ਵਿਚ ਲਿਖੇ ਖੋਜ ਆਰਟੀਕਲ ਨਾਮਵਰ ਖੋਜ-ਰਿਸਾਲਿਆਂ ਵਿਚ ਛਪੇ ਹਨ ਅਤੇ ਉਨ੍ਹਾਂ ਦੀਆਂ ਪੁਸਤਕਾਂ ਦੀ ਵਿਕਰੀ ਕਈ ਉੱਚ ਦਰਜੇ ਦੇ ਬੁੱਕ ਸਟੋਰਾਂ ਅਤੇ 'ਐਮਾਜ਼ੋਨ' ਵਰਗੇ ਵੱਡੇ ਅੰਤਰਰਾਸ਼ਟਰੀ ਵਿਉਪਾਰਕ ਅਦਾਰੇ ਤੋਂ ਲਗਾਤਾਰ ਹੋ ਰਹੀ ਹੈ। ਇਸ ਦੇ ਨਾਲ ਹੀ ਉਹ ਇਕ ਵਧੀਆ ਬੁਲਾਰੇ ਵੀ ਹਨ ਅਤੇ ਕਈ ਜਨਤਕ-ਇਕੱਠਾਂ ਵਿਚ ਵੱਖ-ਵੱਖ ਵਿਸਿ਼ਆਂ 'ਤੇ ਲੈੱਕਚਰ ਦਿੰਦੇ ਰਹਿੰਦੇ ਹਨ।
ਮੇਰੇ ਵੱਲੋਂ ਕੀਤੇ ਗਏ ਆਖਰੀ ਸੁਆਲ ਕਿ ਉਹ ਪੰਜਾਬੀ ਪਾਠਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਨ, ਦੇ ਜੁਆਬ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਂਵੀਂ ਪੱਧਰੀ ਜਿ਼ੰਦਗੀ ਜਿਊਣ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਦੇ ਅੰਗਰੇਜ਼ੀ ਤੇ ਪੰਜਾਬੀ ਦੋਹਾਂ ਭਾਸ਼ਾਵਾਂ ਵਿਚ ਲਿਖਣ ਦਾ ਉਦੇਸ਼ ਵੀ ਏਹੀ ਹੈ ਕਿ ਸਾਡਾ ਜੀਵਨ ਇਕਸਾਰ ਚੱਲਦਾ ਰਹੇ। ਸਮਾਜਿਕ ਰਿਸ਼ਤਿਆਂ ਵਿਚ ਕੋਈ ਤਰੇੜ ਨਾ ਆਏ ਅਤੇ ਇਨ੍ਹਾਂ ਵਿਚ ਪਹਿਲਾਂ ਵਰਗੀ ਮਿਠਾਸ ਅਤੇ ਇਕਸਾਰਤਾ ਬਣੀ ਰਹੇ। ਇਨ੍ਹਾਂ ਬਹੁ-ਦਿਸ਼ਾਵੀ ਗੁਣਾਂ ਸਦਕਾ ਡਾ. ਪੱਲਣ ਕਮਿਊਨਿਟੀ ਵਿਚ ਕਾਫ਼ੀ ਹਰਮਨ-ਪਿਆਰੇ ਹਨ। ਪ੍ਰਮਾਤਮਾ ਕਰੇ, ਉਨ੍ਹਾਂ ਦੀ ਕਲਮ ਇੰਜ ਹੀ ਨਿਰੰਤਰ ਚੱਲਦੀ ਰਹੇ ਅਤੇ ਉਹ ਸਮਾਜ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਇਵੇਂ ਹੀ ਆਪਣਾ ਯੋਗਦਾਨ ਪਾਉਂਦੇ ਰਹਿਣ।

 

-ਡਾ. ਸੁਖਦੇਵ ਸਿੰਘ ਝੰਡ
ਫ਼ੋਨ 647-567-9128
ਅੰਗਰੇਜ਼ੀ ਦੇ ਬਹੁਤੇ ਵਿਦਵਾਨ ਅੰਗਰੇਜ਼ੀ ਵਿਚ ਹੀ ਲਿਖਣਾ ਪਸੰਦ ਕਰਦੇ ਹਨ ਅਤੇ ਕੋਈ ਵਿਰਲਾ-ਟਾਵਾਂ ਹੀ ਪੰਜਾਬੀ ਵਿਚ ਲਿਖਦਾ ਹੈ। ਪੰਜਾਬੀ ਵਿਚ ਲਿਖਣ ਵਾਲੇ ਅਜਿਹੇ ਵਿਦਵਾਨ ਉਂਗਲਾਂ 'ਤੇ ਹੀ ਗਿਣੇ ਜਾ ਸਕਦੇ ਹਨ। ਇਨ੍ਹਾਂ ਵਿਚ ਪਿ੍ਰੰਸੀਪਲ ਸੰਤ ਸਿੰਘ ਸੇਖੋਂ, ਪ੍ਰੋ. ਪੂਰਨ ਸਿੰਘ, ਡਾ. ਤੇਜਵੰਤ ਸਿੰਘ ਗਿੱਲ, ਪ੍ਰੋ. ਨਿਰੰਜਨ ਸਿੰਘ ਤਸਨੀਮ, ਆਦਿ ਦੇ ਨਾਂ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ। ਹਿੰਦੀ ਦੇ ਕਈ ਵਿਦਵਾਨ ਵੀ ਪੰਜਾਬੀ ਵਿਚ ਬਹੁਤ ਵਧੀਆ ਲਿਖਦੇ ਹਨ। ਦਿੱਲੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਹਰਿਭਜਨ ਸਿੰਘ ਪੰਜਾਬੀ ਦੇ ਪ੍ਰਮੁੱਖ ਕਵੀ ਹਨ। ਏਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਹਿੰਦੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਹਰਮਹਿੰਦਰ ਸਿੰਘ ਬੇਦੀ ਵੀ ਪੰਜਾਬੀ ਵਿਚ ਵਧੀਆ ਲਿਖਦੇ ਹਨ। ਕਈ ਹੋਰ ਵੀ ਹੋਣਗੇ। ਇਨ੍ਹਾਂ ਸੱਭਨਾਂ ਨੇ ਆਪਣੀ ਮਾਂ-ਬੋਲੀ ਵਿਚ ਕਵਿਤਾਵਾਂ, ਕਹਾਣੀਆਂ, ਨਾਵਲ, ਨਿਬੰਧ ਅਤੇ ਆਲੋਚਨਾਤਮਿਕ ਲੇਖ ਲਿਖ ਕੇ ਵੱਡਮੁੱਲਾ ਯੋਗਦਾਨ ਪਾਇਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’