Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
 
ਨਜਰਰੀਆ

ਭਾਅ ਜੀ ਗੁਰਸ਼ਰਨ ਸਿੰਘ ਦਾ ਔਰਤਾਂ ਬਾਰੇ ਦ੍ਰਿਸ਼ਟੀਕੋਣ

September 21, 2022 12:20 PM

-( ਹਰਜੀਤ ਬੇਦੀ 62395-63570)
" ਬਰਾਬਰੀ ਮੇਰੇ ਲਈ ਨਾਹਰਾ ਨਹੀਂ ਹੈ, ਮੇਰਾ ਅਕੀਦਾ ਹੈ, ਮਨੁੱਖਤਾ ਦਾ ਸੁਪਨਾ ਹੈ" ਇਹ ਸ਼ਬਦ ਹਨ ਭਾਅ ਜੀ ਗੁਰਸ਼ਰਨ ਸਿੰਘ ਦੇ। ਇਹ ਗੱਲ ਉਹਨਾਂ ਨੇ ਸਿਰਫ ਕਹੀ ਹੀ ਨਹੀਂ ਸਗੋਂ ਆਪਣੇ ਹਰ ਇੱਕ ਨਾਟਕ ਅਤੇ ਹਰ ਲਿਖਤ ਵਿੱਚ ਇਸ ਗੱਲ ਨੂੰ ਉਭਾਰਿਆ ਵੀ। ਉਹ ਸੱਚਮੁੱਚ ਦੀ ਬਰਾਬਰੀ ਵਾਲਾ ਸੰਸਾਰ ਲੋਚਦੇ ਸਨ। ਇਹ ਉਹਨਾਂ ਦੇ ਜੀਵਨ ਦੇ ਹਰ ਪਹਿਲੂ ਵਿੱਚੋਂ ਉੱਭਰ ਕੇ ਸਾਹਮਣੇ ਆਉਂਦਾ ਹੈ। ਜਿੱਥੇ ਗੁਰਸ਼ਰਨ ਸਿੰਘ ਦੱਬੇ ਕੁਚਲੇ,ਗਰੀਬ ਲੋਕਾਂ , ਦਲਿਤਾਂ ਬਾਰੇ ਜਿੰਦਗੀ ਦੀਆਂ ਬਰਾਬਰ ਸਹੂਲਤਾਂ ਬਾਰੇ ਫਿਕਰਮੰਦ ਸੀ ਉੱਥੇ ਔਰਤਾਂ ਜੋ ਉਹਨਾਂ ਤੋਂ ਵੀ ਵੱਧ ਕੇਵਲ ਔਰਤਾਂ ਹੋਣ ਕਰ ਕੇ ਸੰਤਾਪ ਹੰਢਾਅ ਰਹੀਆਂ ਹਨ ਬਾਰੇ ਚਿੰਤਾ ਉੱਸ ਤੋਂ ਵੀ ਵਧੇਰੇ ਸੀ।
ਸੰਨ 1947 ਵੇਲੇ ਸਿਰਫ 18 ਕੁ ਵਰ੍ਹਿਆਂ ਦੇ ਗੁਰਸ਼ਰਨ ਸਿੰਘ ਨੇ ਉਸ ਸਮੇਂ ਦਾ ਉਜਾੜਾ ਅਤੇ ਦੁੱਖ ਜੋ ਖਾਸ ਤੌਰ ਤੇ ਔਰਤਾਂ ਨੂੰ ਹੰਢਾਉਣਾ ਪਿਆ ਆਪਣੇ ਅੱਖੀਂ ਦੇਖਿਆ। ਇਹ ਉਹਨਾਂ ਦੇ ਮਨ ਤੇ ਹਮੇਸ਼ਾਂ ਚਿੱਤਰਿਆ ਰਿਹਾ। ਉਹ ਜਦ ਵੀ ਮਜ਼ਹਬੀ ਜਨੂੰਨ ਵਿੱਚ ਅੰਨ੍ਹੇ ਹੋਏ ਲੋਕਾਂ ਦੀਆਂ ਗੱਲਾਂ ਕਰਦੇ ਤਾਂ ਊਧਮ ਸਿੰਘ ਨਾਗੋਕੇ ਅਤੇ ਈਸ਼ਰ ਸਿੰਘ ਮਝੈਲ ਸਿੰਘ ਦਾ ਨਾਂ ਲੈਂਦਿਆਂ ਉਹਨਾਂ ਦੀ ਆਵਾਜ਼ ਰੋਹ ਨਾਲ ਭਰ ਜਾਂਦੀ ਜਿੰਂਨ੍ਹਾ ਨੇ ਅੰਮ੍ਰਿਤਸਰ ਹਾਲ ਬਾਜਾਰ ਤੋਂ ਲੈ ਕੇ ਮੋਚੀ ਬਾਜਾਰ ਤੱਕ ਮੁਸਲਮਾਨ ਔਰਤਾਂ ਨੂੰ ਨੰਗਾ ਕਰ ਕੇ ਜਲੂਸ ਕੱਢਿਆ ਸੀ। ਉਹਨਾਂ ਦੇ ਮਨ ਵਿੱਚ ਹਮੇਸ਼ਾਂ ਇਹ ਗੱਲ ਰੜਕਦੀ ਰਹੀ ਕਿ ਉਨ੍ਹਾਂ ਤੇ ਉਨ੍ਹਾਂ ਵਰਗੇ ਆਗੂਆਂ ਨੂੰ ਇਸ ਕਰਤੂਤ ਦੀ ਸਜਾ ਕਿਉਂ ਨਹੀਂ ਮਿਲੀ। ਉਨ੍ਹਾ ਸਾਰੀ ਉਮਰ ਮਜ਼ਹਬੀ ਦਹਿਸ਼ਤ ਅਤੇ ਸਿਆਸਤ ਦੀ ਵਿਰੋਧਤਾ ਕੀਤੀ ਜਿਸ ਦੇ ਨਾਂ ਤੇ ਔਰਤਾਂ ਨੂੰ ਕਾਫਲਿਆਂ ਵਿੱਚੋਂ ਧੂਹਿਆ ਗਿਆ।
ਭਾਅ ਜੀ ਕਹਿੰਦੇ ਸਨ, " ਲੋਕ-ਸ਼ਕਤੀ ਨਾਲ ਹੀ ਸਮਾਜ ਨੂੰ ਬਦਲਿਆ ਜਾ ਸਕਦਾ ਹੈ ਅਤੇ ਇਹ ਲੋਕ ਸ਼ਕਤੀ ਉਦੋਂ ਬਣੇਗੀ ਜਦੋਂ ਮੇਰੀਆ ਭੈਣਾਂ ਐਨ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਖਲੋਣਗੀਆਂ"। ਇਹੀ ਕਾਰਨ ਸੀ ਕਿ ਉਹ ਹਰ ਖੇਤਰ ਵਿੱਚ ਔਰਤਾਂ ਦੀ ਸ਼ਮੂਲੀਅਤ ਚਾਹੁੰਦੇ ਸਨ। ਕਈ ਵਾਰ ਜਦ ਪਿੰਡਾਂ ਵਿੱਚ ਦਰਸ਼ਕਾਂ ਵਿੱਚ ਔਰਤਾਂ ਨਾ ਹੁੰਦੀਆਂ ਤਾਂ ਉਹ ਨਾਟਕ ਸ਼ੁਰੂ ਨਹੀਂ ਸੀ ਕਰਦੇ ਤੇ ਸਟੇਜ ਤੋਂ ਅਨਾਊਂਸ ਕਰਦੇ। " ਮੇਰੀਆਂ ਧੀਆਂ, ਭੈਣਾ ਘਰਾਂ ਚ ਲੁਕ ਕੇ ਨਾ ਬੈਠਣ, ਉਹ ਵੀ ਆ ਕੇ ਨਾਟਕ ਦੇਖਣ"। ਫਿਰ ਜਦ ਔਰਤਾਂ ਆ ਜਾਂਦੀਆਂ ਤਾਂ ਨਾਟਕ ਸ਼ੁਰੂ ਕਰਦੇ। ਔਰਤਾਂ ਨੂੰ ਖਾਸ ਕਰਕੇ ਪੇਂਡੂ ਔਰਤਾਂ ਨੂੰ ਮਰਦਾਂ ਦੇ ਬਰਾਬਰ ਬੈਠ ਕੇ ਨਾਟਕ ਦੇਖਣ ਦੀ ਜੁੱਅਰਤ ਪੈਦਾ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀ। ਉਹਨਾਂ ਦੇ ਬਹੁਤ ਸਾਰੇ ਨਾਟਕਾਂ ਵਿੱਚ ਔਰਤਾਂ ਨਾਲ ਸਬੰਧਤ ਵਿਸ਼ਾ ਹੁੰਦਾ। ਊਹ ਚਾਹੁੰਦੇ ਸਨ ਕਿ ਔਰਤਾਂ ਜਿਹੜੀ ਦੂਹਰੀ ਮਾਰ ਸਹਿ ਰਹੀਆਂ ਹਨ ਆਪਣੇ ਹੱਕਾਂ ਬਾਰੇ ਚੇਤਨ ਹੋਣ ਤੇ ਆਪਣੇ ਹੱਕਾਂ ਅਤੇ ਸਮਾਜਕ ਸਰੋਕਾਰਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।
ਭਾਅ ਜੀ ਗੁਰਸ਼ਰਨ ਸਿੰਘ ਔਰਤਾਂ ਦੀ ਬਰਾਬਰੀ ਦੇ ਸੰਘਰਸ਼ ਦੀ ਗੱਲ ਆਪਣੇ ਨਾਟਕਾਂ ਵਿੱਚ ਕਰਦੇ ਸਨ। ਇਹ ਸਵਾਲ, " ਬੱਚੇ ਨੂੰ ਜਨਮ ਮਾਂ ਦਿੰਦੀ ਹੈ, ਪਾਲਣ ਪੋਸ਼ਣ ਵੀ ਮਾਂ ਹੀ ਕਰਦੀ ਹੈ, ਫਿਰ ਸਕੂਲ ਦਾਖਲ ਹੋਣ ਸਮੇਂ ਇਕੱਲੇ ਬਾਪ ਦਾ ਨਾਂ ਕਿਉਂ ਲਿਖਿਆ ਜਾਂਦਾ ਹੈ?" ਉਸ ਨੇ ਆਪਣੇ ਨਾਟਕ ਰਾਹੀਂ ਹੀ ਲੋਕਾਂ ਸਾਹਮਣੇ ਅਤੇ ਅਧਿਕਾਰੀਆਂ ਸਾਹਮਣੇ ਖੜਾ ਕੀਤਾ ਸੀ। ਉਸ ਨੇ ਲਗਾਤਾਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਵੀ ਜੋਰਦਾਰ ਆਵਾਜ਼ ਉਠਾਈ। ਨਾਟਕ ਰਾਹੀਂ ਇਹੀ ਸਵਾਲ ਉਠਾਉਣ ਸਮੇਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਐਲਾਨ ਕੀਤਾ, " ਅੱਜ ਤੋਂ ਬਾਦ ਹਰ ਸਾਰਟੀਫਿਕੇਟ ਉੱਤੇ ਮਾਂ ਅਤੇ ਬਾਪ ਦੋਹਾਂ ਦਾ ਨਾਮ ਲਿਖਿਆ ਜਾਵੇਗਾ।" ਪੰਜਾਬ ਸਕੂਲ ਸਿਖਿੱਆ ਬੋਰਡ ਦੀ ਕੀਤੀ ਪਹਿਲਕਦਮੀ ਤੇ ਹੁਣ ਹਰੇਕ ਬੋਰਡ ਅਤੇ ਯੂਨੀਵਰਸਿਟੀ ਨੇ ਇਸ ਨੂੰ ਅਪਣਾ ਲਿਆ ਹੈ।
ਭਾਅ ਜੀ ਨੇ ਜਿੰਦਗੀ ਭਰ ਔਰਤਾਂ ਦੇ ਮਾਨ ਸਨਮਾਨ ਦਾ ਹੋਕਾ ਆਪਣੇ ਨਾਟਕਾਂ ਰਾਹੀਂ ਦਿੱਤਾ। ਉਹਨਾਂ ਨੂੰ ਇਹ ਗੱਲ ਬਹੁਤ ਹੀ ਚੁਭਦੀ ਸੀ ਕਿ ਜਦੋਂ ਦੋ ਮਰਦ ਆਪਸ ਵਿੱਚ ਲੜਦੇ ਹਨ ਤਾਂ ਉਹ ਇੱਕ ਦੂਜੇ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕਿਉਂ ਕਢਦੇ ਹਨ। ਔਰਤ ਨੂੰ ਦਿੱਤੀਆਂ ਜਾਣ ਵਾਲੀਆਂ ਅਸੀਸਾਂ ਵੀ ਉਸ ਲਈ ਨਾ ਹੋ ਕੇ ਉਸ ਦੇ ਪਤੀ ਜਾਂ ਪੁੱਤਰ ਲਈ ਹੀ ਹੁੰਦੀਆਂ ਹਨ। ਉਹ ਇਸ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਆਪਣੀ ਬੁਲੰਦ ਆਵਾਜ਼ ਵਿੱਚ ਕਹਿੰਦੇ, " ਮਾਵਾਂ ਭੈਣਾਂ ਨੂੰ ਗਾਲਾਂ ਮੱਤ ਕੱਢੋ"। ਉਹਨਾਂ ਮੁਤਾਬਕ ਗਾਲਾਂ ਕੱਢਣਾ ਸਾਡੇ ਸਭਿੱਆਚਾਰ ਦਾ ਅਤੀ ਸ਼ਰਮਨਾਕ ਅਤੇ ਨਿੰਦਨਯੋਗ ਪਹਿਲੂ ਹੈ। ਇਹ ਉਸ ਜਗੀਰੂ ਸੋਚ ਦਾ ਸਿੱਟਾ ਹੈ ਜਿਸ ਵਿੱਚ ਔਰਤ ਨੂੰ ਮਰਦ ਨਾਲੋਂ ਘਟੀਆ ਅਤੇ ਹੀਣਾ ਸਮਝਿਆ ਜਾਂਦਾ ਹੈ। ਉਹਨਾਂ ਹਮੇਸ਼ਾਂ ਔਰਤਾਂ ਦੀ ਬਰਾਬਰੀ ਅਤੇ ਮੁਕਤੀ ਲਈ ਚੱਲੇ ਘੋਲਾਂ ਦੀ ਹਮਾਇਤ ਕੀਤੀ। ਆਪਣੀ ਨਿਜੀ ਜਿੰਦਗੀ ਤੇ ਆਪਣੇ ਨਾਟ-ਸੰਸਾਰ ਵਿੱਚ ਔਰਤਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸਿ਼ਸ਼ ਕੀਤੀ ਅਤੇ ਉਹਨਾਂ ਦਾ ਸਾਥ ਦਿੱਤਾ। ਉਹਨਾਂ ਨੂੰ ਇਹ ਗੱਲ ਵੀ ਰੜਕਦੀ ਸੀ ਕਿ ਜਥੇਬੰਦੀਆਂ ਵਿੱਚ ਔਰਤਾਂ ਨਾਲ ਬੇਇਨਸਾਫੀ ਹੁੰਦੀ ਹੈ। ਉਹਨਾਂ ਦੀ ਕਾਬਲੀਅਤ ਨੂੰ ਅਣਗੌਲਿਆ ਕੀਤਾ ਜਾਂਦਾ ਹੈ।
ਭਾਅ ਜੀ ਨੇ ਜਿਸ ਤਰ੍ਹਾਂ ਮਜ਼ਹਬੀ ਦਹਿਸ਼ਤਗਰਦੀ ਅਤੇ ਸਿਆਸਤ ਦਾ ਸੰਨ 47 ਮੌਕੇ ਵਿਰੋਧ ਕੀਤਾ ਉਸੇ ਤਰ੍ਹਾ ਨੌਵੇਂ ਦਹਾਕੇ ਵਿੱਚ ਚੱਲੀ ਜਨੂੰਨੀ ਹਨੇਰੀ ਦਾ ਵੀ ਡਟ ਕੇ ਵਿਰੋਧ ਅਤੇ ਮੁਕਾਬਲਾ ਕੀਤਾ। ਉਹਨਾਂ ਦਾ ਕਹਿਣਾ ਸੀ, " ਮੇਰੀਆਂ ਦੋ ਧੀਆਂ ਨੇ ਤੇ ਉਹ ਕਿਸੇ ਮਜ਼ਹਬ ਦੇ ਨਾਂ ਤੇ ਉਸਾਰੇ ਗਏ ਸਮਾਜ ਵਿੱਚ ਬੰਦਸਾਂ ਭਰੀਆਂ ਜਿੰਦਗੀਆਂ ਜੀਣ, ਇਹ ਮੈਨੂੰ ਮਨਜੂਰ ਨਹੀਂ"। ਉਹ ਇਹ ਗੱਲ ਕਹਿੰਦਿਆਂ ਕਈ ਵਾਰ ਬਹੁਤ ਭਾਵੁਕ ਹੋ ਜਾਂਦੇ। ਉਹ ਇਹ ਗੱਲ ਸਿਰਫ ਆਪਣੀਆਂ ਹੀ ਧੀਆਂ ਵਾਸਤੇ ਨਹੀਂ ਸੀ ਕਹਿੰਦੇ ਸਗੋਂ ਇਸ ਧਰਤੀ ਦੀਆਂ ਸਮੁੱਚੀਆਂ ਧੀਆਂ ਦਾ ਉਹਨਾਂ ਨੂੰ ਫਿਕਰ ਸੀ। ਇਹ ਭਾਵੁਕਤਾ ਕਿਸੇ ਸਾਧਾਰਨ ਮਨੁੱਖ ਦੀ ਭਾਵੁਕਤਾ ਨਹੀਂ ਸੀ ਜੋ ਬਿਨਾ ਸੋਚ ਦੇ ਭਾਵੁਕ ਹੋ ਜਾਵੇ। ਇੱਕ ਸੱਚਾ ਸੁੱਚਾ ਕਮਿਊਨਿਸ਼ਟ ਹੋਣ ਕਰ ਕੇ ਇਹ ਸੰਵੇਦਨਸ਼ੀਲਤਾ ਉਹਨਾਂ ਨੂੰ ਉਸ ਵਿਚਾਰਧਾਰਾ ਚੋਂ ਮਿਲੀ ਸੀ। ਉਹਨਾਂ ਦਾ ਇਹ ਵੀ ਕਹਿਣਾ ਸੀ, " ਮੈਨੂੰ ਮੂਲਵਾਦੀਆਂ ਤੋਂ ਇਸ ਕਰ ਕੇ ਨਫਰਤ ਹੈ ਕਿ ਜੇ ਉੱਪਰ ਆ ਗਏ ਤਾਂ ਉਹ ਮੇਰੀਆਂ ਬੇਟੀਆਂ ਤੋਂ ਜੀਣ ਦਾ ਹੱਕ ਖੋਹ ਲੈਣਗੇ। ਸਭ ਤੋਂ ਪਹਿਲਾਂ ਉਹਨਾਂ ਦੇ ਸਿਰ ਤੇ ਪੱਲਾ ਕਰਵਾ ਦੇਣਗੇ ਤੇ ਉਹਨਾਂ ਨੂੰ ਕਹਿਣਗੇ ਬਈ ਔਰਤਾਂ ਇਹ ਨਹੀਂ ਕਰ ਸਕਦੀਆਂ ਉਹ ਨਹੀਂ ਕਰ ਸਕਦੀਆਂ, ਕਿਉਂਕਿ ਸਾਰੇ ਧਾਰਮਿਕ ਕੱਟੜਵਾਦੀ ਜਿਹੜੇ ਐ, ਉਹ ਔਰਤ ਵਿਰੋਧੀ ਨੇ"।
ਗੁਰਸ਼ਰਨ ਸਿੰਘ ਨੂੰ ਮਨੁੱਖਤਾ ਨਾਲ ਅੰਤਾਂ ਦਾ ਪਿਆਰ ਸੀ । ਇਸੇ ਮਨੁੱਖਤਾ ਵਿੱਚੋਂ ਹੀ ਉਹ ਔਰਤਾਂ ਪ੍ਰਤੀ ਬਹੁਤ ਸੰਵੇਦਨਸ਼ੀਲ ਸਨ ਤੇ ਔਰਤਾਂ ਦੇ ਹੱਕਾਂ ਤੇ ਔਰਤਾਂ ਦੀ ਮੁਕਤੀ ਲਈ ਉਹਨਾਂ ਆਪਣੀ ਸੁਰਤ ਸੰਭਲਣ ਤੋਂ ਲੈ ਕੇ ਅੰਤ ਤੱਕ ਆਪਣੇ ਵਿਸ਼ੇਸ਼ ਢੰਗ ਨਾਲ ਜਦੋ ਜਹਿਦ ਕੀਤੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ