ਮਿਸੀਸਾਗਾ, 19 ਸਤੰਬਰ (ਪੋਸਟ ਬਿਊਰੋ) : ਮਿਸੀਸਾਗਾ ਦੇ ਇੱਕ ਸਟੋਰ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸੋਮਵਾਰ ਨੂੰ ਸ਼ਾਮੀਂ 6:00 ਵਜੇ ਦੇ ਨੇੜੇ ਤੇੜੇ ਮੈਵਿਸ ਰੋਡ ਤੇ ਬ੍ਰਿਟੈਨੀਆ ਰੋਡ ਇਲਾਕੇ ਵਿੱਚ ਲੜਾਈ ਹੋਣ ਦੀਆਂ ਖਬਰਾਂ ਦੇ ਕੇ ਪੀਲ ਪੁਲਿਸ ਨੂੰ ਇੱਕ ਸਟੋਰ ਦੇ ਪਾਰਕਿੰਗ ਲੌਟ ਵਿੱਚ ਸੱਦਿਆ ਗਿਆ। ਇੱਥੇ ਮਹਿਲਾ ਨੂੰ ਚਾਕੂ ਮਾਰੇ ਜਾਣ ਕਾਰਨ ਮੌਕੇ ਉੱਤੇ ਹੀ ਉਸ ਦੀ ਮੌਤ ਹੋ ਗਈ। ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ।
ਇੱਕ ਚਸ਼ਮਦੀਦ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਨੇਡੀਅਨ ਟਾਇਰ ਦੇ ਅੰਦਰੋਂ ਚੀਕਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇ ਉਨ੍ਹਾਂ ਸ਼ੌਪਰਜ਼ ਨੂੰ ਭੱਜ ਕੇ ਸਟੋਰ ਤੋਂ ਬਾਹਰ ਆਉਂਦਿਆਂ ਵੇਖਿਆ। ਪੁਲਿਸ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਵਿਅਕਤੀ ਵੀ ਜ਼ਖ਼ਮੀ ਸੀ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਉਸ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।