ਯੇਰੇਵਾਰ (ਅਰਮੀਨੀਆ), 16 ਸਤੰਬਰ (ਪੋਸਟ ਬਿਊਰੋ): ਨਾਗੋਰਨੋ-ਕਾਰਬਾਖ਼ ਖੇਤਰ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਇਕ ਦਹਾਕੇ ਤੋਂ ਵੱਧ ਦੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ। ਅਰਮੀਨੀਆ ਦਾ ਕਹਿਣਾ ਹੈ ਕਿ ਅਜ਼ਰਬਾਇਜਾਨ ਦੇ ਫੌਜੀ ਉਨ੍ਹਾਂ ਦੀਆਂ ਬਸਤੀਆਂ ’ਚ ਆ ਗਏ ਤੇ ਹਮਲਾ ਕਰ ਦਿੱਤਾ। ਉਥੇ ਹੀ ਅਜ਼ਰਬਾਇਜਾਨ ਦਾ ਕਹਿਣਾ ਹੈ ਕਿ ਉਸਨੇ ਸਿਰਫ ਜਵਾਬ ’ਚ ਅਰਮੀਨੀਆ ਦੇ ਉਕਸਾਉਣ ਤੋਂ ਬਾਅਦ ਬਚਾਅ ’ਚ ਕਾਰਵਾਈ ਕੀਤੀ ਹੈ।
ਅਰਮੀਨੀਆ ਤੇ ਅਜ਼ਰਬਾਇਜਾਨ ਵਿਚਾਲੇ ਸੰਘਰਸ਼ ’ਚ ਇਸ ਹਫਤੇ ਹੁਣ ਤਕ ਦੋਵਾਂ ਪਾਸੇ ਦੇ 200 ਤੋਂ ਵੱਧ ਫੌਜੀ ਮਾਰੇ ਜਾ ਚੁੱਕੇ ਹਨ। ਅਰਮੀਨੀਆ ਤੇ ਅਜ਼ਰਬਾਇਜਾਨ ਦੋਵੇਂ ਇਕ-ਦੂਜੇ ’ਤੇ ਉਕਸਾਉਣ ਦਾ ਦੋਸ਼ ਲਾ ਰਹੇ ਹਨ। ਇੰਟਰਫੈਕਸ ਨਿਊਜ਼ ਏਜੰਸੀ ਅਨੁਸਾਰ, ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ਿਨਯਾਨ ਨੇ ਸੰਸਦ ’ਚ ਦੱਸਿਆ ਹੈ ਕਿ ਹਣ ਤਕ ਉਸਦੇ 135 ਫੌਜੀਆਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ, ਅਜ਼ਰਬਾਇਜਾਨ ਦਾ ਕਹਿਣਾ ਹੈ ਕਿ ਉਸਦੇ 77 ਫੌਜੀਆਂ ਦੀ ਮੌਤ ਹੋਈ ਹੈ। ਦੋ ਦਿਨ ਦੀ ਜੰਗ ਤੋਂ ਬਾਅਦ ਰੂਸ ਵੱਲੋਂ ਬੁੱਧਵਾਰ ਦੀ ਰਾਤ ਜੰਗਬੰਦੀ ਲਾਈ ਗਈ ਸੀ, ਪਰ ਸ਼ੁੱਕਰਵਾਰ ਨੂੰ ਅਰਮੀਨੀਆ ਨੇ ਕਿਹਾ ਕਿ ਸਰਹੱਦ ’ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਅਰਮੀਨੀਆ ਜਿਥੇ ਰੂਸ ਦਾ ਫੌਜੀ ਸਹਿਯੋਗੀ ਹੈ, ਉਥੇ ਹੀ ਅਜ਼ਰਬਾਇਜਾਨ ਨਾਲ ਵੀ ਉਸਦੇ ਚੰਗੇ ਸਬੰਧ ਹਨ।