‘ਜੈ ਸੰਤੋਸ਼ੀ ਮਾਂ’ ਦੇ ਛੋਟੇ ਜਿਹੇ ਕਿਰਦਾਰ ਦੇ ਨਾਲ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੀ ਨੁਸਰਤ ਭਰੂਚਾ ਦਾ ਜਨਮ 17 ਮਈ 1985 ਨੂੰ ਮਾਇਆਨਗਰੀ ਮੁੰਬਈ ਵਿੱਚ ਹੋਇਆ ਸੀ। ‘ਪਿਆਰ ਕਾ ਪੰਚਨਾਮਾ’ ਅਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਫਿਲਮਾਂ ਉਸ ਦੇ ਕਰੀਅਰ ਵਿੱਚ ਅਹਿਮ ਮੋੜ ਲੈ ਆਈਆਂ। ਆਪਣੇ ਟੀ ਵੀ ਸ਼ੋਜ਼ ਤੋਂ ਫਿਲਮਾਂ ਤੱਕ ਉਸ ਨੇ ਇੱਕ ਕਾਫੀ ਲੰਬਾ ਸਫਰ ਤੈਅ ਕੀਤਾ ਹੈ। ਪਿੱਛੇ ਫਿਲਮ ‘ਜਨਹਿਤ ਮੇਂ ਜਾਰੀ’ ਵਿੱਚ ਨਜ਼ਰ ਆਈ ਨੁਸਰਤ ਅਕਸ਼ੈ ਕੁਮਾਰ ਦੇ ਆਪੋਜ਼ਿਟ ਫਿਲਮ ‘ਸੈਲਫੀ’ ਵਿੱਚ ਕੰਮ ਕਰ ਰਹੀ ਹੈ। ਅਕਸ਼ੈ ਕੁਮਾਰ ਦੇ ਆਪੋਜ਼ਿਟ ਉਸ ਦੀ ਇੱਕ ਹੋਰ ਫਿਲਮ ‘ਰਾਮਸੇਤੂ’ ਕੰਪਲੀਟ ਹੋ ਚੁੱਕੀ ਹੈ ਅਤੇ ਇਸ ਸਾਲ 25 ਅਕਤੂਬਰ ਨੂੰ ਆਏਗੀ। ਪੇਸ਼ ਹਨ ਨੁਸਰਤ ਭਰੂਚਾ ਦੇ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਅੱਜ ਦੇ ਯੂਥ ਤੇ ਸਮਝਦਾਰ ਦਰਸ਼ਕਾਂ ਨੂੰ ਹਾਰਰ ਜਾਨਰ ਪਸੰਦ ਨਹੀਂ ਆ ਰਿਹਾ। ਬਿਪਾਸ਼ਾ ਬਸੁ ਵਰਗੀਆਂ ਚੋਟੀ ਦੀਆਂ ਅਭਿਨੇਤਰੀਆਂ ਹਾਰਰ ਫਿਲਮਾਂ ਵਿੱਚ ਟਾਈਪਡ ਹੋਣ ਪਿੱਛੋਂ ਆਪਣਾ ਮੁਕਾਮ ਗੁਆ ਚੁੱਕੀਆਂ ਹਨ। ਤੁਹਾਨੂੰ‘ਚੋਰੀ' ਵਰਗੀ ਹਾਰਰ ਫਿਲਮ ਕਰਦੇ ਸਮੇਂ ਕਿਸੇ ਤਰ੍ਹਾਂ ਦੀ ਅਸੁਰੱਖਿਆ ਮਹਿਸੂਸ ਨਹੀਂ ਹੋਈ?
- ਦਰਸ਼ਕ ਵਜੋਂ ਹਾਰਰ ਫਿਲਮਾਂ ਸਭ ਤੋਂ ਵੱਧ ਪਸੰਦ ਹਨ। ਮੈਂ ਬਚਪਨ ਵਿੱਚ ਰਾਮਸੇ ਦੀਆਂ ਫਿਲਮਾਂ ਦੇਖਦੀ ਸੀ। ਥੋੜ੍ਹੀ ਵੱਡੀ ਹੋਈ ਤਾਂ ਉਰਮਿਲਾ ਮਾਤੋਂਡਕਰ ਦੀਆਂ ਫਿਲਮ ‘ਕੌਣ’ ਅਤੇ ‘ਭੂਤ’ਪਸੰਦ ਆਈਆਂ। ਰੇਵਤੀ ਦੀ ‘ਰਾਤ’ ਵੀ ਮੇਰੀਆਂ ਪਸੰਦੀਦਾ ਫਿਲਮਾਂ ਵਿੱਚੋਂ ਸੀ।‘ਚੋਰੀ’ ਕਰਦੇ ਸਮੇਂ ਮੇਰਾ ਧਿਆਨ ਕਿਸੇ ਦੂਸਰੀ ਗੱਲ ਉੱਤੇ ਗਿਆ ਹੀ ਨਹੀਂ।
*‘ਚੋਰੀ’ ਦੇ ਬਾਅਦ‘ਚੋਰੀ 2’ ਦਾ ਐਲਾਨ ਹੋ ਚੁੱਕਾ ਹੈ। ਕੀ ਇਸ ਵਿੱਚ ਵੀ ਤੁਸੀਂ ਨਜ਼ਰ ਆਓਗੇ?
-ਮੇਕਰਸ ਨੇ ਇਸ ਦੇ ਸੀਕਵਲ ਦੇ ਨਾਲ ਕਹਾਣੀ ਦੀ ਫਰੈਂਚਾਈਜ਼ੀ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਵਿੱਚ ਸਾਕਸ਼ੀ ਦੀ ਕਹਾਣੀ ਨੂੰ ਉਥੋਂ ਹੀ ਅੱਗੇ ਵਧਾਇਆ ਜਾਵੇਗਾ ਜਿੱਥੇ ਪਹਿਲਾ ਭਾਗ ਖਤਮ ਹੋਇਆ ਸੀ। ਜੇ ਮੈਨੂੰ ਇਸ ਵਾਰ ਵੀ ਮੌਕਾ ਮਿਲਿਆ ਤਾਂ ਇਸ ਦੇ ਲਈ ਮੇਰੀ ਪਹਿਲਾਂ ਤੋਂ ਹੀ ਹਾਂ ਹੈ।
* ਤੁਸੀਂ ਅਕਸ਼ੈ ਦੇ ਨਾਲ ਦੋ ਫਿਲਮਾਂ ‘ਸੈਲਫੀ’ ਅਤੇ ‘ਰਾਮਸੇਤੂ’ ਕਰ ਰਹੇ ਹੋ। ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਤੁਹਾਡਾ ਤਜ਼ਰਬਾ ਕਿਹੋ ਜਿਹ ਰਿਹਾ?
- ਅਕਸ਼ੈ ਕਮਾਲ ਦੇ ਇਨਸਾਨ ਹਨ। ਉਹ ਪੂਰੀ ਯੂਨਿਟ ਦੀ ਦੇਖਭਾਲ ਕਰਦੇ ਹਨ। ਪੂਰੀ ਟੀਮ ਨੂੰ ਇਕੱਠੇ ਲੈ ਕੇ ਚਲਦੇ ਹਨ। ਸੈੱਟ ਉੱਤੇ ਖਿਆਲ ਰੱਖਦੇ ਹਨ ਕਿ ਸਾਰੇ ਲੋਕ ਖੁਸ਼ ਹੋ ਕੇ ਕੰਮ ਕਰਨ। ਪਹਿਲੀ ਵਾਰ ਜਦ ਉਨ੍ਹਾਂ ਨੂੰ ਮਿਲੀ ਤਾਂ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ‘ਤੁਹਾਡੇ ਨਾਲ ਕੰਮ ਕਰ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ।’ ਇਸ ਇੰਡਸਟਰੀ ਵਿੱਚ ਉਨ੍ਹਾਂ ਨੇ ਬਹੁਤ ਸਾਲ ਬਿਤਾਏ ਹਨ, ਇਸ ਲਈ ਉਨ੍ਹਾਂ ਨੂੰ ਹਰ ਬਰੀਕੀ ਦੀ ਨਾਲੇਜ ਹੈ।
* ਕਿਹਾ ਜਾਂਦਾ ਹੈ ਕਿ ਵਿਦਿਆ ਬਾਲਨ ਅਤੇ ਕੰਗਨਾ ਵਰਗੀਆਂ ਅਭਿਨੇਤਰੀਆਂ ਨੇ ਇੱਥੇ ਆ ਕੇ ਪੁਰਸ਼ ਪ੍ਰਧਾਨ ਫਿਲਮ ਇੰਡਸਟਰੀ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਅਤੇ ਇੱਥੇ ਫੀਮੇਲ ਐਕਟਰੈਸ ਰਾਜ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?
-ਮੈਨੂੰ ਨਹੀਂ ਪਤਾ ਕਿ ਅੱਜ ਅਸੀਂ ਅਭਿਨੇਤਰੀਆਂ ਕਿੱਥੇ ਖੜ੍ਹੀਆਂ ਹਾਂ ਤੇ ਪੁਰਸ਼ ਪ੍ਰਧਾਨ ਇੰਡਸਟਰੀ ਪਹਿਲਾਂ ਦੇ ਮੁਕਬਲੇ ਕਿੰਨੀ ਕਮਜ਼ੋਰ ਹੈ? ਹੋਈ ਵੀ ਜਾਂ ਨਹੀਂ, ਇੰਨਾ ਕਹਾਂਗੀ ਕਿ ਸਾਡੇ ਲਈ ਰਾਹ ਜ਼ਰੂਰ ਬਣਿਆ ਹੈ ਅਤੇ ਸਿਰਫ ਕੰਗਨਾ ਜਾਂ ਵਿਦਿਆ ਬਾਲਨ ਨਹੀਂ, ਪ੍ਰਿਅੰਕਾ ਚੋਪੜਾ, ਦੀਪਿਕਾ ਪਾਦੁਕੋਣ, ਆਲੀਆ ਭੱਟ ਅਤੇ ਅਨੁਸ਼ਕਾ ਸ਼ਰਮਾ ਨੇ ਇੱਕ ਦੇ ਬਾਅਦ ਇੱਕ ਸਾਹਸ ਭਰਿਆ ਕਦਮ ਉਠਾਉਂਦੇ ਹੋਏ ਸਾਡੇ ਵਰਗੀਆਂ ਅਭਿਨੇਤਰੀਆਂ ਦਾ ਰਾਹ ਪੱਧਰਾ ਕੀਤਾ ਹੈ।
* ਤੁਸੀਂ ਖੁਦ ਨੂੰ ਕਿਸ ਤਰ੍ਹਾਂ ਦੀ ਐਕਟਰੈੱਸ ਮੰਨਦੇ ਹੋ?
- ਮੈਂ ਅਜਿਹੀ ਹਲਫਨਮੌਲਾ ਅਤੇ ਸ਼ਾਨਦਾਰ ਐਕਟਰੈੱਸ ਹਾਂ, ਜੋ ਹਮੇਸ਼ਾ ਕੁਝ ਨਾ ਕੁਝ ਅਲੱਗ ਕਰਨਾ ਪਸੰਦ ਕਰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੈਂ ਵੀ ਚੁਣੌਤੀਪੂਰਨ ਭੂਮਿਕਾਵਾਂ ਨਿਭਾਵਾਂ ਅਤੇ ਉਨ੍ਹਾਂ ਉੱਤੇ ਖਰੀ ਉਤਰ ਸਕਾਂ।
*‘ਮੈਸੇਜਫੁਲ ਡਾਰਕ ਸਬਜੈਕਟ’ ਜਾਂ ‘ਪਿਓਰ ਇੰਟਰਟੇਨਮੈਂਟ’ ਇਨ੍ਹਾਂ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਫਿਲਮਾਂ ਵਿੱਚ ਕੰਮ ਕਰਨਾ ਜ਼ਿਆਦਾ ਪਸੰਦ ਹੈ?
-ਬਾਲੀਵੁੱਡ ਫਿਲਮਾਂ ਵਿੱਚ ਚਾਹੇ ਕਿੰਨਾ ਬਦਲਾਅ ਆਏ, ਪਰ ਇੰਟਰਟੇਨਮੈਂਟ ਤੇ ਮਸਤੀ ਹਮੇਸ਼ਾ ਸਭ ਤੋਂ ਉਪਰ ਰਹੇਗੀ। ਇਨ੍ਹਾਂ ਫਲੇਵਰਸ ਨੂੰ ਬਾਲੀਵੁੱਡ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਜਾਨਰ ਚਾਹੇ ਜੋ ਵੀ ਹੋਵੇ, ਪ੍ਰੰਤੂ ਮੇਕਰਸ ਨੂੰ ਇਨ੍ਹਾਂ ਦੋ ਫਲੇਵਰਸ ਦਾ ਹਮੇਸ਼ਾ ਧਿਆਨ ਰੱਖਣਾ ਪਵੇਗਾ। ਮੈਨੂੰ ਹਰ ਸ਼ੈਲੀ ਦੀਆਂ ਫਿਲਮਾਂ ਵਿੱਚ ਕੰਮ ਕਰਨਾ ਪਸੰਦ ਹੈ, ਪਰ ਸਿਰਫ ਤੇ ਸਿਰਫ ਇੰਟਰਟਨੇਮੈਂਟ ਵਾਲੀਆਂ ਕਮਰਸ਼ੀਅਲ ਫਿਲਮਾਂ ਕਰਦੇ ਹੋਏ ਮੈਨੂੰ ਜ਼ਿਆਦਾ ਖੁਸ਼ੀ ਮਿਲਦੀ ਹੈ।