Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਨਜਰਰੀਆ

ਸੁਰਮਾ ਪੂਛਾਂ ਵਾਲਾ ਪਾਵੇ..

August 30, 2022 05:05 PM

-ਜੱਗਾ ਸਿੰਘ ਆਦਮਕੇ
ਵੱਖ ਵੱਖ ਖਿੱਤਿਆਂ, ਸੱਭਿਆਚਾਰਾਂ ਦੇ ਲੋਕਾਂ ਦੇ ਆਪਣੇ ਆਪਣੇ ਪਹਿਰਾਵੇ, ਹਾਰ ਸ਼ਿੰਗਾਰ ਦੇ ਤਰੀਕੇ ਅਤੇ ਸਾਧਨ ਹੁੰਦੇ ਹਨ। ਇਹੀ ਕੁਝ ਪੰਜਾਬੀਆਂ ਉੱਤੇ ਲਾਗੂ ਹੰੁਦਾ ਹੈ। ਪੰਜਾਬੀਆਂ, ਖਾਸ ਕਰਕੇ ਔਰਤਾਂ ਦੇ ਸ਼ਿੰਗਾਰ ਦਾ ਇੱਕ ਹਿੱਸਾ ਸੁਰਮਾ ਪਾਉਣਾ ਹੈ। ਦੁਨੀਆ ਦੇ ਵੱਖ ਵੱਖ ਹਿੱਸਿਆਂ ਵਿੱਚ ਸੁਰਮੇ ਦਾ ਉਪਯੋਗ ਹੁੰਦਾ ਹੈ। ਭਾਰਤ ਦੇ ਉਤਰੀ ਖਿੱਤੇ ਵਿੱਚ ਵੀ ਸੁਰਮੇ ਦੀ ਵਰਤੋਂ ਬਹੁਤ ਪੁਰਾਤਨ ਸਮੇਂ ਤੋਂ ਹੁੰਦੀ ਆਈ ਹੈ। ਇਸ ਦਾ ਪ੍ਰਮਾਣ ਪੁਰਤਾਨ ਮੂਰਤੀਆਂ ਦੀਆਂ ਅੱਖਾਂ ਵਿੱਚ ਸੁਰਮਾ ਪਾਏ ਹੋਣ ਦੇ ਲੱਛਣ ਤੇ ਸਿੰਧ ਘਾਟ ਦੀ ਸੱਭਿਅਤਾ ਨਾਲ ਸਬੰਧਤ ਖੁਦਾਈ ਸਮੇਂ ਸੁਰਮੇਦਾਨੀਆਂ ਦਾ ਮਿਲਣਾ ਹੈ। ਵੱਖ-ਵੱਖ ਸੱਭਿਆਚਾਰਾਂ ਵਿੱਚ ਸੁਰਮੇ ਦੀ ਵਰਤੋਂ ਹੁੰਦੀ ਹੈ। ਇਸ ਨੂੰ ਸੁਰਮਾ, ਕਜਲਾ, ਅੰਜਨ, ਕਾਜਲ ਆਦਿ ਵੱਖ ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਹੈ। ਗੁਰਬਾਣੀ ਵਿੱਚ ਸੁਰਮੇ ਨੂੰ ਵੱਖ ਵੱਖ ਅਰਥਾਂ ਵਿੱਚ ਪ੍ਰਤੀਕਾਂ ਦੇ ਰੂਪ ਵਿੱਚ ਬਹੁਤ ਸਾਰੇ ਥਾਵਾਂ ਉੱਤੇ ਵਰਤਿਆਂ ਮਿਲਦਾ ਹੈ-
ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ॥
ਗੁਰ ਗਿਆਨ ਅੰਜਨ ਪ੍ਰਭ ਨਿਰੰਜਨ
ਜਲਿ ਥਲਿ ਮਹੀਅਲਿ ਪੂਰਿਆ॥
ਕੁਝ ਇਸੇ ਤਰ੍ਹਾਂ ਅਗਿਆਨਤਾ ਅਤੇ ਦੂਸਰੇ ਵਰਤਾਰਿਆਂ ਸਬੰਧੀ ਵੀ ਸੁਰਮੇ (ਅੰਜਨ) ਦੀ ਵਰਤੋਂ ਗੁਰਬਾਣੀ ਵਿੱਚ ਕੀਤੀ ਕੁਝ ਇਸ ਤਰ੍ਹਾਂ ਮਿਲਦੀ ਹੈ-
ਅੰਜਨ ਮਾਹਿ ਨਿਰੰਜਨਿ ਰਹੀਐ
ਜੋਗ ਜੁਗਤਿ ਇਵ ਪਾਈਐ॥
ਭਾਵੇਂ ਪੰਜਾਬੀਆਂ ਵਿੱਚ ਮੁੱਖ ਰੂਪ ਵਿੱਚ ਔਰਤਾਂ ਵੱਲੋਂ ਸੁਰਮੇ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਕੁਝ ਕੁ ਪੰਜਾਬੀ ਪੁਰਸ਼ਾਂ ਵੱਲੋਂ ਸ਼ੌਕੀਆ ਜਾਂ ਵਿਸ਼ੇਸ਼ ਮੌਕਿਆਂ ਸਮੇਂ ਸੁਰਮੇ ਦੀ ਵਰਤੋਂ ਹੁੰਦੀ ਹੈ। ਜਿੱਥੇ ਸਿ਼ੰਗਾਰ ਦੇ ਦੂਸਰੇ ਪੱਖ ਸੁੰਦਰਤਾ ਨੂੰ ਨਿਖਾਰਨ ਦੇ ਲਈ ਹਨ, ਉਥੇ ਸੁਰਮਾ ਪਾਉਣ ਦੀ ਧਾਰਨਾ ਪਿੱਛੇ ਅੱਖਾਂ ਦੀ ਤੰਦਰੁਸਤੀ ਕਾਇਮ ਰੱਖਣਾ ਤੇ ਇਨ੍ਹਾਂ ਨੂੰ ਹੋਰ ਆਕਰਸ਼ਕ ਬਣਾਉਣਾ ਹੈ। ਸੁਰਮਾ ਨਜ਼ਰ ਤੋਂ ਬਚਾਉਣ ਵਾਲਾ ਸਰੋਤ ਮੰਨਿਆ ਜਾਂਦਾ ਹੈ, ਉਥੇ ਨਜ਼ਰ ਤੋਂ ਬਚਾਉਣ ਲਈ ਬੱਚਿਆਂ ਅਤੇ ਔਰਤਾਂ ਦੇ ਚਿਹਰੇ ਉੱਤੇ ਸੁਰਮੇ ਨਾਲ ਟਿੱਕਾ ਲਾਇਆ ਜਾਂਦਾ ਹੈ। ਸੁਰਮੇ ਦੀ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਪਛਾਣ ਅਤੇ ਮਹੱਤਵ ਹੈ। ਇਸ ਕਾਰਨ ਪੰਜਾਬੀ ਲੋਕ ਗੀਤਾਂ ਵਿੱਚ ਇਸਦਾ ਵੱਡੇ ਪੱਧਰ ਉੱਤੇ ਜ਼ਿਕਰ ਹੈ-
ਵਗਦੀ ਸੀ ਰਾਵੀ ਵਿੱਚ ਸੁਰਮਾ ਕਿਸ ਨੇ ਡੋਲ੍ਹਿਆ।
ਰੱਖੇਂ ਮੂੰਹ ਵੇ ਫਲਾਈ, ਕਦੇ ਹੱਸ ਕੇ ਨਾ ਬੋਲਿਆ।
ਹੋਰ ਹਾਰ ਸ਼ਿੰਗਾਰ ਦੇ ਸਾਧਨਾਂ ਦੇ ਨਾਲ ਪੰਜਾਬੀ ਮੁਟਿਆਰਾਂ ਵੱਲੋਂ ਚਾਅ ਨਾਲ ਅੱਖਾਂ ਨੂੰ ਸੁਰਮੇ ਨਾਲ ਸ਼ਿੰਗਾਰਿਆ ਜਾਂਦਾ ਹੈ। ਜੇ ਅੱਖਾਂ ਵਿੱਚ ਪਾਇਆ ਸੁਰਮਾ ਪੂਛਾਂ ਵਾਲਾ ਹੋਵੇ ਤਾਂ ਹੋਰ ਵੀ ਵਧੀਆ ਸਾਬਤ ਹੁੰਦਾ ਹੈ-
ਓਏ ਜੁਗਨੀ ਜਦੋਂ ਸ਼ਹਿਰ ਨੂੰ ਜਾਵੇ
ਨੱਕ ਵਿੱਚ ਕੋਕੇ ਨੂੰ ਮਟਕਾਵੇ
ਸੁਰਮਾ ਪੂਛਾਂ ਵਾਲਾ ਪਾਵੇ
ਓ ਵੀਰ ਮੇਰਿਆ ਜੁਗਨੀ ਕਹਿੰਦੀ ਐ
ਜਿਹੜੀ ਨਾਮ ਸਾਈ ਦਾ ਲੈਂਦੀ ਐ।
ਵਿਆਹ ਲਈ ਜਾਂਦਾ ਮੇਲ ਤੇ ਉਹ ਵੀ ਜੇ ਨਾਨਕਾ ਮੇਲ ਹੋਵੇ, ਤਾਂ ਪੂਰਾ ਪਹਿਨ ਪੱਚਰ ਕੇ ਜਾਂਦਾ ਹੈ। ਗਹਿਣੇ ਗੱਟੇ ਪਾਉਣ ਦੇ ਨਾਲ ਮੇਲ ਦੀਆਂ ਔਰਤਾਂ ਵੱਲੋਂ ਸੁਰਮੇ ਨਾਲ ਅੱਖਾਂ ਨੂੰ ਸ਼ਿੰਗਾਰਿਆ ਜਾਂਦਾ ਹੈ। ਲੋਕ ਬੋਲੀਆਂ ਵਿੱਚ ਮੇਲਣਾਂ ਦੇ ਇਸ ਪੱਖ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ-
ਕੱਲ੍ਹ ਦਾ ਆਇਆ ਮੇਲ ਸੁਣੀਂਦਾ
ਸੁਰਮਾ ਸਭ ਨੇ ਨੈਣੀਂ ਪਾਇਆ।
ਗਹਿਣੇ ਗੱਟੇ ਸਭ ਨੂੰ ਸੋਂਹਦੇ
ਸਭ ਦਾ ਰੂਪ ਸਵਾਇਆ।
ਸੁਰਮਾ ਕੇਵਲ ਅੱਖਾਂ ਵਿੱਚ ਪਾਉਣ ਤੱਕ ਸੀਮਤ ਨਹੀਂ, ਇਹ ਵੱਡੇ ਅਰਥਾਂ ਦਾ ਧਾਰਨੀ ਹੈ। ਏਸੇ ਕਾਰਨ ਸੁਰਮੇ ਦੇ ਅਜਿਹੇ ਪੱਖਾਂ ਸਬੰਧੀ ਲੋਕ ਗੀਤਾਂ ਵਿੱਚ ਵਰਣਨ ਵੱਖ ਵੱਖ ਤਰੀਕਿਆਂ ਨਾਲ ਕੁਝ ਇਸ ਤਰ੍ਹਾਂ ਮਿਲਦਾ ਹੈ-
ਸੁਰਮਾ ਰੇਲ ਗੱਡੀ ਚੜ੍ਹ ਆਇਆ
ਇੱਕ ਲੱਪ ਸੁਰਮੇ ਦੀ
ਸੁਰਮਾ ਕਿਹੜੀ ਕੁੜੀ ਨੇ ਮੰਗਵਾਇਆ
ਇੱਕ ਲੱਪ ਸੁਰਮੇ ਦੀ
ਸੁਰਮਾ ਲਾੜੇ ਦੀ ਭੈਣ ਮੰਗਵਾਇਆ
ਇੱਕ ਲੱਪ ਸੁਰਮੇ ਦੀ
ਸੁਰਮਾ ਪਾਵੇ ਯਾਰ ਹੰਢਾਵੇ
ਇੱਕ ਲੱਪ ਸੁਰਮੇ ਦੀ।
ਸੁਰਮਾ ਮੁਟਿਆਰ ਦੇ ਰੂਪ ਨੂੰ ਹੋਰ ਨਿਖਾਰਨ ਦਾ ਕੰਮ ਕਰਦਾ ਹੈ। ਏਸੇ ਲਈ ਸੁਹਾਗ ਪਟਾਰੀ ਵਿੱਚ ਸੁਰਮੇਦਾਨੀ ਨੂੰ ਵਿਸ਼ੇਸ਼ ਥਾਂ ਦਿੱਤੀ ਜਾਂਦੀ ਹੈ। ਸੁਰਮੇ ਦੀ ਅਜਿਹੀ ਵਿਸ਼ੇਸ਼ਤਾ ਕਾਰਨ ਹੀ ਵਿਆਹ ਦੇ ਗੀਤਾਂ ਵਿੱਚ ਵਿਆਹੁਤਾ ਦੇ ਪਾਏ ਸੁਰਮੇ ਦੀ ਪ੍ਰਸੰਸਾ ਕੁਝ ਇਸ ਤਰ੍ਹਾਂ ਕੀਤੀ ਮਿਲਦੀ ਹੈ-
ਅੱਖਾਂ ਵੀ ਤੇਰੀਆਂ ਮੋਟੀਆਂ ਭੈਣੇ
ਕੋਈ ਜਿਉਂ ਮਿਰਗਾਂ ਦੀ ਡਾਰ
ਸੁਰਮਾ ਧਾਰੀ ਬੰਨ੍ਹਣਾ
ਕੋਈ ਮਿਲੇ ਰੂਪ ਦੇਨੀਂ
ਖੰਡ ਤੋਂ ਮਿੱਠੀਏ ਨੀਂ-ਨਾਲ
ਕਿਸੇ ਦੀਆਂ ਅੱਖਾਂ ਵਿੱਚ ਪਾਇਆ ਸੁਰਮਾ ਸਬੰਧਤ ਇਨਸਾਨ ਦੇ ਰੂਪ ਨੂੰ ਨਿਖਾਰਨ ਦਾ ਕੰਮ ਕਰਦਾ ਹੈ। ਸੁਰਮਾ, ਕਜਲੇ ਦੇ ਇਸ ਪੱਖ ਕਾਰਨ ਇਸ ਦਾ ਵਰਣਨ ਵਿਆਹ ਸਮੇਂ ਗਿੱਧੇ ਦੀਆਂ ਬੋਲੀਆਂ ਤੇ ਗੀਤਾਂ ਵਿੱਚ ਇਸ ਤਰ੍ਹਾਂ ਹੈ-
ਜੰਗੀਰ ਕੁਰ ਕੁੜੀ ਦੀਆਂ ਵਾਲੀਆਂ ਨੀਂ
ਲੋਹੜੇ ਮਾਰੀਆਂ ਨੀਂ
ਦੂਜਾ ਬਾਜੂਬੰਦ ਨੀਂ
ਤੀਜਾ ਮੱਥੇ ਦੀ ਬਿੰਦੀ ਤੇਰੀ
ਖੂਨ ਗੁਜ਼ਾਰਦੀ ਨੀਂ
ਚੌਥਾ ਅੱਖਾਂ ਦਾ ਕਜਲਾ
ਸੈਨਤਾਂ ਮਾਰਦਾ ਨੀਂ
ਸੁਰਮਾ ਹਾਰ ਸ਼ਿੰਗਾਰ ਦਾ ਸਾਧਨ ਹੋਣ ਦੇ ਨਾਲ ਕਿਸੇ ਲਈ ਸੰਦੇਸ਼ ਵਾਹਕ ਦਾ ਕੰਮ ਕਰਨ ਵਾਲਾ ਤੇ ਕਿਸੇ ਲਈ ਖ਼ਤ ਲਿਖਣ ਸਮੇਂ ਸਿਆਸੀ ਬਣਨ ਦਾ ਕੰਮ ਵੀ ਕਰਦਾ ਹੈ। ਕੁਝ ਇਸ ਤਰ੍ਹਾਂ ਕਰਨ ਦੀ ਕਲਪਨਾ ਪੰਜਾਬੀ ਬੋਲੀਆਂ ਤੇ ਲੋਕ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਮਿਲਦੀ ਹੈ-
ਲਿਖਣ ਬੈਠੀ ਕਿੰਝ ਲਿਖਾਂ ਮੈਂ
ਕੋਲ ਨਾ ਮੇਰੇ ਸਿਆਹੀ
ਨੈਣਾਂ ਦਾ ਕੱਜਲ ਮੈਂ ਸਿਆਹੀ ਬਣਾਵਾਂ
ਹੰਝੂਆਂ ਦਾ ਪਾਇਆ ਪਾਣੀ
ਵਿਆਹ ਸਮੇਂ ਕਈ ਅਰਥ ਭਰਪੂਰ ਰਸਮਾਂ ਨੂੰ ਨਿਭਾਇਆ ਜਾਂਦਾ ਹੈ। ਇਨ੍ਹਾਂ ਨਾਲ ਵਿਆਹ ਦਾ ਮੌਕਾ ਹੋਰ ਰੰਗੀਨ ਹੁੰਦਾ ਹੈ, ਉਥੇ ਬਹੁਤ ਸਾਰੇ ਦੂਸਰੇ ਪੱਖਾਂ ਸਬੰਧੀ ਵੀ ਇਨ੍ਹਾਂ ਦਾ ਮਹੱਤਵ ਹੈ। ਮੁੰਡੇ ਦੇ ਵਿਆਹ ਸਮੇਂ ਨਿਭਾਈਆ ਜਾਂਦੀਆਂ ਰਸਮਾਂ ਵਿੱਚੋਂ ਇੱਕ ਹੈ ‘ਸੁਰਮਾ ਪਾਉਣਾ।' ਜੰਨ ਚੜ੍ਹਨ ਲਈ ਤਿਆਰ ਹੋਣ ਉੱਤੇ ਵਿਆਹ ਵਾਲੇ ਮੁੰਡੇ ਦੇ ਸੁਰਮਾ ਪਾਉਣਾ, ਉਸ ਦਾ ਰੂਪ ਹੋਰ ਸ਼ਿੰਗਾਰਨ ਅਤੇ ਇੱਕ ਵਿਸ਼ਵਾਸ ਅਨੁਸਾਰ ਪਰਾਈਆਂ ਰੂਹਾਂ ਤੋਂ ਸੁਰੱਖਿਆ ਲਈ ਪਾਇਆ ਜਾਂਦਾ ਹੈ। ਇਹ ਰਸਮ ਵਿਆਹ ਵਾਲੇ ਮੁੰਡੇ ਦੀ ਭਰਜਾਈ ਜਾਂ ਭਰਜਾਈ ਦੀ ਥਾਂ ਲੱਗਦੀ ਔਰਤ ਵੱਲੋਂ ਨਿਭਾਈ ਜਾਂਦੀ ਹੈ। ਇਸ ਸਮੇਂ ਵਿਆਹ ਵਾਲੇ ਮੁੰਡੇ ਵੱਲੋਂ ਸੁਰਮਾ ਪਾਉਣ ਵਾਲੀ ਆਪਣੀ ਭਰਜਾਈ ਨੂੰ ਕੁਝ ਰਾਸ਼ੀ ਜਾਂ ਉਪਹਾਰ ਵੀ ਦਿੱਤਾ ਜਾਂਦਾ ਹੈ। ਸੁਰਮਾ ਪਾਉਣ ਦੀ ਇਸ ਰਸਮ ਨੂੰ ਨਿਭਾਉਣ ਸਮੇਂ ਦੋਹੇ ਗਾਏ ਜਾਂਦੇ ਹਨ-
ਪਹਿਲੀ ਸਲਾਈ ਰਸ ਭਰੀ ਦਿਉਰਾ
ਦੂਜੀ ਤਿੱਲੇ ਦੀ ਤਾਰ
ਤੀਜੀ ਸਲਾਈ ਤਾਂ ਪਾਵਾਂ ਦਜ ਮੋਹਰਾਂ ਦੇਵੇ
ਜਿਉਣ ਜੋਗਿਆ ਵੇ-ਚਾਰ
ਇਸ ਤਰ੍ਹਾਂ ਸੁਰਮਾ ਪਾਉਣ ਦਾ ਉਦੇਸ਼ ਹੁੰਦਾ ਹੈ ਕਿ ਸੁਰਮਾ ਪਾਉਣ ਵਾਲਾ ਵੇਖਣ ਵਾਲਿਆਂ ਨੂੰ ਸੋਹਣਾ ਲੱਗੇ। ਇਸ ਤਰ੍ਹਾਂ ਕਿਸੇ ਦੇ ਪਾਏ ਸੁਰਮੇ ਤੋਂ ਸੁਰਮਾ ਪਾਉਣ ਵਾਲੇ ਦੀ ਕਲਾਕਾਰੀ ਵੀ ਝਲਕਦੀ ਹੈ। ਕਿਸੇ ਦੀ ਸੁੰਦਰਤਾ ਨੂੰ ਨਿਖਾਰਨ ਲਈ ਸੁਰਮਾ ਪਾਉਣ ਤੇ ਪਵਾਉਣ ਵਾਲੇ ਦੇ ਪੱਖ ਸਪੱਸ਼ਟ ਹੁੰਦੇ ਹਨ। ਵਿਆਹ ਵਿੱਚ ਗਾਈਆਂ ਜਾਂਦੀਆਂ ਸਿੱਠਣੀਆਂ ਵਿੱਚ ਅਜਿਹੇ ਪੱਖ ਨੂੰ ਆਧਾਰ ਬਣਾ ਕੇ ਵਿਆਹ ਵਾਲੇ ਮੁੰਡੇ ਨੂੰ ਕੁਝ ਇਸ ਤਰ੍ਹਾਂ ਕਿਹਾ ਜਾਂਦਾ ਹੈ-
ਲਾੜਿਆ, ਸਾਫਾ ਬੰਨ੍ਹਿਆ ਰੰਗਦਾਰ
ਅੱਖੀਂ ਮਣ ਮਣ ਸੁਰਮਾ
ਅੱਖਾਂ ਟੀਰਮ ਟੀਰੀਆਂ
ਕੀ ਝਾਕੇਂ ਵੇ ਟੇਢਾ।
ਭਾਵੇਂ ਸੁਰਮਾ ਵਿਆਹੀਆਂ ਔਰਤਾਂ ਦੇ ਹਾਰ ਸ਼ਿੰਗਾਰ ਦਾ ਹਿੱਸਾ ਹੈ, ਪਰ ਅਣਵਿਆਹੀਆਂ, ਪਤੀ ਤੋਂ ਦੂਰ ਵਰਜਿਤ ਮੰਨਿਆ ਜਾਂਦਾ ਹੈ। ਇਸ ਸਬੰਧੀ ਬਹੁਤ ਸਾਰੀਆਂ ਪੰਜਾਬੀ ਲੋਕ ਬੋਲੀਆਂ ਤੇ ਗੀਤਾਂ ਵਿੱਚ ਸੁਰਮਾ ਪਾਉਣ ਤੋਂ ਕਿਸੇ ਕਾਰਨ ਵਾਂਝੇ ਰਹਿ ਕੇ ਅਧੂਰੀਆਂ ਸੱਧਰਾਂ ਨੂੰ ਵੱਖ ਵੱਖ ਰੂਪਾਂ ਵਿੱਚ ਬਿਆਨ ਕਰਿਆ ਮਿਲਦਾ ਹੈ-
ਦੂਰ ਵਸੇਦਿਆ ਮਾਹੀਆ
ਦੱਸ ਕਿਵੇਂ ਦਿਲ ਪ੍ਰਚਾਵਾਂ।
ਦੁਨੀਆ ਭੈੜੀ ਮਾਰੇ ਤਾਅਨੇ
ਸੁਰਮਾ ਕਿਸ ਬਹਾਨੇ ਪਾਵਾਂ।
ਭਾਵੇਂ ਕੋਈ ਕਿੰਨਾ ਵੀ ਸੁੰਦਰ ਹੋਵੇ, ਅੱਖੀਂ ਪਾਏ ਸੁਰਮੇ ਦਾ ਆਪਣਾ ਮਹੱਤਵ ਹੈ। ਸੁੰਦਰਤਾ ਦੇ ਬਾਵਜੂਦ ਅੱਖੀਂ ਪਾਇਆ ਸੁਰਮਾ ਆਪਣੀ ਹੋਂਦ ਵਿਖਾਉਂਦਾ ਹੈ-
ਗੋਰਾ ਰੰਗ ਸ਼ਰਬਤੀ ਅੱਖੀਆਂ
ਵਿੱਚ ਸੁਰਮੇ ਦੀ ਧਾਰੀ।
ਸੁਰਮਾ ਅੱਖਾਂ ਦੀ ਸੁੰਦਰਤਾ ਨੂੰ ਵਧਾਉਣ ਦੇ ਉਦੇਸ਼ ਨਾਲ ਵਰਤਿਆ ਜਾਂਦਾ ਹੈ, ਪਰ ਕਿਸੇ ਦੀਆਂ ਅੱਖਾਂ ਦੇ ਪਹਿਲਾਂ ਹੀ ਸੁੰਦਰ ਅਤੇ ਆਕਰਸ਼ਿਤ ਹੋਣ ਕਾਰਨ ਸੁਰਮਾ ਪਾਉਣ ਦੀ ਜ਼ਰੂਰਤ ਨਾ ਹੋਣ ਸਬੰਧੀ ਵੀ ਸਲਾਹ ਲੋਕ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਦਿੱਤੀ ਮਿਲਦੀ ਹੈ-
ਤੇਰੀ ਅੱਖ ਨੀਂ ਕਬੂਤਰ ਵਰਗੀ
ਲੋੜ ਕੀ ਤੈਨੂੰ ਸੁਰਮੇ ਦੀ।
ਵਾਰਿਸ ਸ਼ਾਹ ਹੀਰ ਅਤੇ ਰਾਂਝੇ ਦੇ ਪਾਏ ਸੁਰਮੇ ਕਾਰਨ ਉਘੜਦੇ ਪੱਖਾਂ ਦਾ ਜ਼ਿਕਰ ਕੁਝ ਏਦਾਂ ਕਰਦਾ ਹੈ-
ਸੁਰਮਾ ਨੈਣਾਂ ਦੀ ਧਾਰ ਵਿੱਚ ਫੱਬ ਰਿਹਾ
ਚੜ੍ਹਿਆ ਹਿੰਦ ਤੇ ਕੱਟਕ ਪੰਜਾਬ ਦਾ ਜੀ।
ਕੱਛੇ ਵੰਝਲੀ ਕੰਨਾਂ ਦੇ ਵਿੱਚ ਵਾਲ਼ੇ
ਜ਼ੁਲਫ ਮੁੱਖੜੇ ਅਤੇ ਪ੍ਰੇਸ਼ਾਨ ਹੋਈ।
ਭਿੰਨੇ ਵਾਲ਼ ਚੁਣੇ ਮੱਥੇ ਚੰਦ ਰਾਂਝਾ
ਨੈਣੀਂ ਕੱਜਲੇ ਦੀ ਘਮਸਾਨ ਹੋਈ।
ਇਸੇ ਤਰ੍ਹਾਂ ਸੁਰਮੇ ਦੀ ਥਾਂ ਅੱਖਾਂ ਲਈ ਲੋ ਵਧੇਰੇ ਸਿਹਤਮੰਦ ਮੰਨੀ ਜਾਂਦੀ ਹੈ। ਇਸ ਕਾਰਨ ਸੁੰਦਰ ਤੇ ਸਿਹਤਮੰਦ ਅੱਖ ਦੀ ਤੁਲਨਾ ਲੋ ਨਾਲ ਕਰਦਿਆਂ ਸੁਰਮਾ ਪਾਉਣ ਦੀ ਲੋੜ ਨਾ ਹੋਣ ਬਾਰੇ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ-
ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ
ਗਾਉਣ ਵਾਲੇ ਦਾ ਗਾਉਣਾ
ਨੀਂ ਅੱਖ ਤੇਰੀ ਲੋ ਵਰਗੀ
ਕੀ ਸੁਰਮੇ ਦਾ ਪਾਉਣਾ
ਨੀਂ ਅੱਖ ਤੇਰੀ ਲੋ ਵਰਗੀ।
ਇਸ ਤਰ੍ਹਾਂ ਸੁਰਮਾ ਵੱਖ ਵੱਖ ਸੱਭਿਆਚਾਰਾਂ ਦੇ ਨਾਲ ਪੰਜਾਬੀ ਸੱਭਿਆਚਾਰ ਵਿੱਚ ਵੀ ਮਹੱਤਵ ਰੱਖਦਾ ਹੈ। ਅਜਿਹਾ ਹੋਣ ਦਾ ਸਬੂਤ ਲੋਕ ਗੀਤਾਂ, ਬੋਲੀਆਂ, ਬੁਝਾਰਤਾਂ ਵਿੱਚ ਸੁਰਮੇ ਦਾ ਜ਼ਿਕਰ ਹੈ। ਪੰਜਾਬੀਆਂ ਵੱਲੋਂ ਵੱਖ ਵੱਖ ਰਸਮਾਂ ਸਮੇਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਿਹਤਮੰਦ ਅੱਖਾਂ ਲਈ ਉਪਯੋਗੀ ਹੋਣ ਦੇ ਨਾਲ ਇਹ ਵੱਖ ਵੱਖ ਪੱਖਾਂ ਨੂੰ ਉਜਾਗਰ ਕਰਨ ਦਾ ਕੰਮ ਕਰਦਾ ਹੈ। ਕੁਝ ਲੋਕਾਂ ਲਈ ਇਹ ਸਿੱਧੇ ਅਸਿੱਧੇ ਤਰੀਕੇ ਨਾਲ ਰੁਜ਼ਗਾਰ ਦਾ ਸਾਧਨ ਵੀ ਸਾਬਤ ਹੁੰਦਾ ਹੈ।

 
Have something to say? Post your comment