Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਨਜਰਰੀਆ

ਨਹੀਂ ਭੁੱਲਦੇ 1947 ਦੇ ਹੱਲੇ

August 29, 2022 05:29 PM

-ਮਨਮੋਹਨ ਸਿੰਘ ਦਾਊਂ
ਮੈਂ ਜਦੋਂ ਵੀ ਬਚਪਨ ਦੀਆਂ ਯਾਦਾਂ ਚੇਤੇ ਕਰਦਾ ਹਾਂ ਤਾਂ ਉਹ ਅੱਖੀਂ ਡਿੱਠੀ ਤੇ ਕੰਨੀ ਸੁਣੀ ਘਟਨਾ ਭੁਲਾਈ ਨਹੀਂ ਜਾਂਦੀ। ਗੱਲ 1947 ਦੀ ਹੈ। ਸ਼ਾਇਦ ਉਸ ਦਿਨ ਐਤਵਾਰ ਸੀ। ਆਮ ਐਤਵਾਰ ਵਾਂਗ ਅਸੀਂ ਵੀ ਆਪਣੇ ਪਿਤਾ ਜੀ ਨਾਲ ਪਿੰਡ ਦੇ ਖੂਹ ਉੱਤੇ ਕੱਪੜੇ ਧੋਣ ਲੱਗੇ ਸਾਂ ਕਿ ਖੋਫ਼ਨਾਕ ਖ਼ਬਰ ਫੈਲ ਗਈ। ‘ਹੱਲੇ ਪੈ ਗਏ। ਹੱਲੇ ਪੈ ਗਏ।' ਮੇਰੀ ਉਮਰ ਛੇ ਕੁ ਸਾਲ ਸੀ। ਪੰਜਾਬ ਦੀ ਵੰਡ ਜਾਂ ਪਾਕਿਸਤਾਨ ਬਣਨ ਦੀ ਗੱਲ ਮੈਨੂੰ ਕੀ ਸਮਝ ਆਉਣੀ ਸੀ। ਹੱਲੇ ਸ਼ਬਦ ਨੇ ਸਾਰੇ ਪਿੰਡ ਵਿੱਚ ਹਲਚਲ ਮਚਾ ਦਿੱਤੀ। ਚੁਬੱਚਾ ਪਾਣੀ ਦਾ ਭਰਿਆ ਪਿਆ ਸੀ ਤੇ ਅਸੀਂ ਕੁਝ ਕੱਪੜੇ ਅਜੇ ਗਿੱਲੇ ਹੀ ਕੀਤੇ ਸਨ ਕਿ ਸਾਨੂੰ ਹੱਥਾਂ-ਪੈਰਾਂ ਦੀ ਪੈ ਗਈ। ਖੂਹ ਨਾਲ ਲੱਗਦੇ ਘਰ ਮੁਸਲਮਾਨਾਂ ਦੇ ਸਨ। ਚਬੱਚੇ ਵਿੱਚੋਂ ਨੁੱਚੜਦੇ ਕੱਪੜੇ ਇਕੱਠੇ ਕਰ ਕੇ ਅਸੀਂ ਘਰ ਨੂੰ ਭੱਜਣ ਦੀ ਕੀਤੀ। ਮੈਂ ਚੁਬੱਚੇ ਵਿੱਚੋਂ ਪਿੱਤਲ ਦੀ ਗੜਵੀ ਸਾਂਭ ਕੇ ਪਿਤਾ ਜੀ ਦੇ ਪਿੱਛੇ ਹੋ ਤੁਰਿਆ।
ਉਦੋਂ ਮੇਰੇ ਲਈ ਗੜਵੀ ਹੀ ਇੱਕ ਜ਼ਰੂਰੀ ਵਸਤ ਸੀ। ਅੱਜ ਜਦੋਂ ਕਦੇ ਉਹ ਦਿਨ ਯਾਦ ਆਉਂਦਾ ਹੈ ਤਾਂ ਸੋਚੀਦਾ ਹੈ ਕਿ ਆਪਣੇ ਪਿੰਡ ਨੂੰ ਛੱਡ ਕੇ ਜਾਣਾ ਕਿੰਨਾ ਔਖਾ ਹੁੰਦਾ ਹੈ। ਜਨਮ-ਭੂਮੀ ਦਾ ਮੋਹ ਆਪਣੀ ਮਾਂ ਦੀ ਗੋਦ ਵਰਗਾ ਹੁੰਦਾ ਹੈ। ਅਸੀਂ ਤਾਂ ਗੜਵੀ ਤੇ ਕੱਪੜੇ ਸਾਂਭ ਲਏ, ਪਰ ਧੰਨ ਉਨ੍ਹਾਂ ਲੋਕਾਂ ਦਾ ਜੇਰਾ, ਜਿਹੜੇ ਆਪਣੀ ਜਾਨ ਤੋਂ ਸਿਵਾਏ, ਆਪਣੀ ਹੋਰ ਕੋਈ ਵੀ ਚੀਜ਼ ਨਹੀਂ ਚੁੱਕ ਸਕੇ। ਉਨ੍ਹਾਂ ਅਣਧੋਤੇ ਗਿੱਲੇ ਕੱਪੜਿਆਂ ਦੇ ਨੁੱਚੜਦੇ ਪਾਣੀ ਵਾਂਗ ਵੰਡੇ ਪੰਜਾਬ ਦੀ ਪੀੜ ਦੇ ਅੱਥਰੂ ਅਜੇ ਵੀ ਸੁੱਕੇ ਨਹੀਂ। ਭਾਵੇਂ ਡੂੰਘਾ ਜ਼ਖ਼ਮ ਭਰ ਜਾਵੇ, ਪਰ ਉਸਦਾ ਨਿਸ਼ਾਨ ਮਿਟਦਾ ਨਹੀਂ। ਸਭ ਨੂੰ ਨੱਠ-ਭੱਜ ਪੈ ਗਈ। ਪਿੰਡ ਦੇ ਲੋਕ ਕੋਠਿਆਂ ਉੱਤੇ ਚੜ੍ਹ ਗਏ। ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਫੈਲ ਰਹੀਆਂ ਸਨ। ‘‘ਪਿੰਡ ਫੂਕ ਦਿੱਤੇ। ਫ਼ਤੀਆ ਆ ਗਿਆ, ਤਿਆਰ ਰਹੋ। ਕਤਲੇਆਮ ਹੋ ਰਿਹਾ। ਫਲਾਣੀ ਥਾਂ ਇੰਨੇ ਮਾਰ ਦਿੱਤੇ।'' ਅਸੀਂ ਬਾਹਰਲੇ ਪਿੱਪਲ ਵਾਲੇ ਘਰ ਤੋਂ ਅੰਦਰਲੇ ਮਕਾਨ ਵਿੱਚ ਆ ਗਏ। ਮਾਤਾ ਜੀ ਬਹੁਤ ਵਿਆਕੁਲ ਹੋ ਰਹੇ ਸਨ। ‘‘ਤੁਹਾਨੂੰ ਤਾਂ ਕੰਮ ਪਿਆਰਾ'' ਮਾਤਾ ਜੀ ਮੇਰੇ ਪਿਤਾ ਜੀ ਨੂੰ ਉਚੀ-ਉਚੀ ਬੋਲ ਰਹੇ ਸਨ। ਘਬਰਾਹਟ ਨਾਲ ਹਰ ਕੋਈ ਸਹਿਮਿਆ ਹੋਇਆ ਸੀ।
ਸਾਡਾ ਬਾਹਰਲਾ ਮਕਾਨ ਮੁਸਲਮਾਨਾਂ ਦੇ ਘਰਾਂ ਨੇੜੇ ਹੁੰਦਾ ਸੀ। ਮੈਂ ਖੇਡਦੇ-ਖੇਡਦੇ ‘ਮਿੱਤੇ' (ਗੁਆਂਢੀ ਮੁਸਲਮਾਨ) ਦੇ ਘਰੀਂ ਜਾ ਵੜਦਾ। ਉਸ ਦਾ ਛੋਟਾ ਲੜਕਾ ‘ਘੁੱਦਾ' ਮੇਰਾ ਆੜੀ ਹੁੰਦੀ ਸੀ। ਪਿੱਪਲ ਦੇ ਪੱਤਿਆਂ ਦੀ ਰੇਲ ਬਣਾ ਕੇ ਅਸੀਂ ਖੇਡਿਆ ਕਰਦੇ। ਉਹ ਸਾਡੇ ਘਰ ਲੁਕਣਮੀਚੀ ਖੇਡਣ ਆ ਜਾਂਦਾ। ਘੁੱਦੇ ਦੀ ਅੰਮੀ ਸਾਨੂੰ ਕੌਲੀਆਂ ਵਿੱਚ ਦੇਸੀ ਘਿਉ ਨਾਲ ਬਣਾਏ ਮਿੱਠੇ ਚੌਲ ਖਾਣ ਨੂੰ ਦਿੰਦੀ। ਸਾਡੇ ਘਰ ਘੁੱਦਾ ਕੜਾਹ-ਪ੍ਰਸ਼ਾਦ ਖਾਣ ਆ ਜਾਂਦਾ। ਕਦੇ-ਕਦੇ ਅਸੀਂ ਲੜ ਵੀ ਪੈਂਦੇ ਪਰ ਸਾਡੇ ਘਰਾਂ ਦੀ ਗੂੜ੍ਹੀ ਸਾਂਝ ਉਵੇਂ ਹੀ ਰਹਿੰਦੀ। ਘੁੱਦੇ ਦੀਆਂ ਭੈਣਾਂ ਮੇਰੀਆਂ ਭੈਣਾਂ ਨਾਲ ਖੇਡਦੀਆਂ ਰਹਿੰਦੀਆਂ। ਪਿੱਪਲ ਥੱਲੇ ਰੌਣਕ ਰਹਿੰਦੀ। ਅਪਣੱਤ ਦੀਆਂ ਤੰਦਾਂ ਅਣਵੰਡੀਆਂ ਸਨ। ਉਸ ਦਿਨ ਅਸੀਂ ਸਾਰੇ ਗਲੀ ਵਾਲੇ, ਬਸਾਖੀ ਤਰਖਾਣ ਦੇ ਕੱਚੇ ਚੁਬਾਰੇ ਵਿੱਚ ਇਕੱਠੇ ਹੋ ਗਏ। ਕਿੰਨੇ ਵਰ੍ਹੇ ਬੀਤ ਗਏ ਹਨ। ਨਾ ਬਸਾਖੀ ਤਰਖਾਣ ਰਿਹਾ ਅਤੇ ਨਾ ਉਸ ਦਾ ਚੁਬਾਰਾ। ਪਰ ਉਸ ਦਿਨ ਚੁਬਾਰੇ ਵਿੱਚ ਲਈ ਪਨਾਹ ਕਿੰਨਾ ਚਿਰ ਲੋਕਾਂ ਵਿੱਚ ਦੰਦ-ਕਥਾ ਬਣੀ ਰਹੀ। ਹੱਲਿਆਂ ਦੀਆਂ ਘਟਨਾਵਾਂ ਕਿੰਨਾ ਚਿਰ ਵਾਪਰਦੀਆਂ ਰਹੀਆਂ, ਮੇਰੇ ਬਾਲ-ਮਨ ਨੂੰ ਚੇਤੇ ਹਨ। ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਿੰਡ ਵਿੱਚ ਲੋਕਾਂ ਨੇ ਪਿੰਡ ਦੇ ਲੁਹਾਰਾਂ ਤੇ ਤਰਖਾਣਾਂ ਤੋਂ ਨੇਜ਼ੇ, ਬਰਛੇ, ਟਕੂਏ, ਗੰਡਾਸੀਆਂ ਤੇ ਗੰਡਾਸੇ ਜ਼ਰੂਰ ਬਣਵਾਏ। ਅਸੀਂ ਵੀ ਤੂੜੀ ਵਾਲੇ ਕੋਠੇ ਵਿੱਚ ਦੋ ਬਰਛੇ ਤੇ ਇੱਕ ਨੇਜ਼ਾ ਬਣਵਾ ਕੇ ਲੁਕੋ ਦਿੱਤੇ। ਮੈਂ ਡਰਦਾ ਬਰਛੇ ਵਾਲੇ ਕੋਠੇ ਵਿੱਚ ਨਾ ਵੜਦਾ। ਮੈਥੋਂ ਵੱਡੇ ਭਰਾ ਨੇ ਆਪਣੇ ਆੜੀ ਰਤੀਏ ਨਾਲ ਮਿਲ ਕੇ ਦੌਲੇ ਤਰਖਾਣ ਤੋਂ ਲੋਹੇ ਦੀ ਛੋਟੀ ਤਲਵਾਰਾਂ ਬਣਵਾ ਲਈ। ਬਾਅਦ ਵਿੱਚ ਕਿੰਨਾ ਚਿਰ ਉਹ ਤਲਵਾਰ ਖੱਲ-ਖੂੰਜਿਆਂ ਵਿੱਚ ਰੁਲਦੀ ਰਹੀ। ਉਦੋਂ ਪਿੰਡ ਦੇ ਨਿਆਣਿਆਂ ਕੋਲ ਖਿਡੌਣੇ ਵੀ ਹਥਿਆਰ ਬਣ ਗਏ। ਇਹ ਵੱਢ-ਟੁੱਕ ਦਾ ਦੌਰ ਕਈ ਮਹੀਨੇ ਚੱਲਿਆ ਤੇ ਪੰਜਾਬ ਸਦਾ ਲਈ ਪੱਛਿਆ ਗਿਆ।
ਅਸੀਂ ਲੋਕਾਂ ਨੂੰ ਗੱਲਾਂ ਕਰਦੇ ਸੁਣਦੇ ਕਿ ਓਧਰ ਮੁਸਲਮਾਨਾਂ ਨੇ ਹਿੰਦੂਆਂ ਅਤੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਹੈ। ਬੱਚਿਆਂ ਨੂੰ ਉਪਰ ਉਛਾਲ ਕੇ ਬਰਛਿਆਂ ਨਾਲ ਪਰੁੰਨਿਆ ਜਾ ਰਿਹਾ ਹੈ। ਸੁਣ ਕੇ ਮੇਰਾ ਮਨ ਪਸੀਜਿਆ ਜਾਂਦਾ। ਮੈਂ ਆਪਣੀ ਮਾਤਾ ਜੀ ਦੀ ਗੋਦ ਵਿੱਚ ਜਾ ਵੜਦਾ। ਇਹ ਵਾਰਦਾਤਾਂ ਸੁਣ ਕੇ ਸਾਡੇ ਪਿੰਡ ਦੇ ਕਈ ਬੰਦੇ ਨੇੜਲੇ ਮੁਸਲਮਾਨਾਂ ਦੇ ਪਿੰਡ ਲੁੱਟਣ ਜਾਂਦੇ। ਬਹੁਤ ਕੁਝ ਲੁੱਟ ਕੇ ਲਿਆਉਂਦੇ। ਮਾਤਾ ਜੀ ਨੇ ਦੱਸਿਆ ਸੀ ਕਿ ਫਲਾਣੇ ਨੇ ਲੁੱਟ ਦਾ ਬੜਾ ਮਾਲ ਢੋਇਆ। ਕਈ ਮੁਸਲਿਮ ਔਰਤਾਂ ਨੂੰ ਕੱਢ ਲਿਆਏ। ਕੱਢ ਕੇ ਲਿਆਉਣ ਦੇ ਅਰਥ ਮੈਨੂੰ ਬੜੀ ਦੇਰ ਬਾਅਦ ਸਮਝ ਆਏ। ਕਈ ਬੰਦੇ ਪਿੰਡ ਦੀ ਸੱਥ ਵਿੱਚ ਆਪਣੀ ਬਹਾਦਰੀ ਦੀਆਂ ਡੀਂਗਾਂ ਮਾਰਦੇ ਕਿ ਮੈਂ ਏਨੇ ਮੁਸਲਮਾਨ ਵੱਢੇ। ਬਹਾਦਰੀ ਤੇ ਨਿਡਰਤਾ ਦੇ ਅਰਥ ਹਾਲਾਤ ਨਾਲ ਬਦਲ ਜਾਂਦੇ ਹਨ। ਪੰਜਾਬ ਦੇ ਇਤਿਹਾਸ ਵਿੱਚ ਇਹ ਖ਼ੂਨੀ-ਕਾਂਡ ਅਮਿੱਟ ਰਹੇਗਾ ਕਿ ਕਿਵੇਂ ਸਦੀਆਂ ਦੀ ਸਾਂਝੀ-ਇਨਸਾਨੀਅਤ ਦਿਨਾਂ ਵਿੱਚ ਵਹਿਸ਼ੀ ਜਨੂੰਨ ਨੇ ਵਲੂੰਧਰ ਦਿੱਤੀ।
ਸਾਡੇ ਪਿੰਡ ਦੇ ਮੁਸਲਮਾਨ ਸਹਿਮੇ ਹੋਏ ਸਨ। ਉਹ ਰੋਜ਼ ਇੱਕ ਥਾਂ ਇਕੱਠੇ ਹੁੰਦੇ। ਕਤਲੋਗਾਰਤ ਦੇ ਦਿਨ ਲੰਘਦੇ ਰਹੇ। ਸਾਡਾ ਖੇਡਣਾ ਬੰਦ ਹੋ ਗਿਆ। ਦੇਸ਼ ਵੰਡ ਹੋ ਗਈ। ਸਾਡੇ ਪਿੰਡੋਂ ਮੁਸਲਮਾਨਾਂ ਦੇ ਤੁਰਨ ਦਾ ਦਿਨ ਆ ਗਿਆ। ਅਸੀਂ ਆਪਣੇ ਬੂਹਿਆਂ ਅੱਗੇ ਖੜ੍ਹੇ ਸਾਂ। ਮੇਰੇ ਪਿੰਡ ਦੇ ਮੁਸਲਮਾਨ ਰੋਂਦੇ-ਕੁਰਲਾਉਂਦੇ ਕੱਛਾਂ ਵਿੱਚ ਗੱਠੜੀਆਂ ਸਾਂਭੀ ਪਿੰਡ ਨੂੰ ਸਦਾ ਲਈ ਛੱਡ ਕੇ ਜਾ ਰਹੇ ਸਨ। ਮੈਂ ਚੁੱਪ ਕੀਤਾ ਆਪਣੇ ਹਾਣੀ ‘ਘੁੱਦੇ' ਨੂੰ ਤੱਕ ਰਿਹਾ ਸਾਂ। ਉਸ ਦੀ ਅੰਮੀ ਦੇ ਅੱਥਰੂ ਵਹਿ ਰਹੇ ਸਨ। ਪਿੰਡ ਦੇ ਲੋਕ ਆਪਣੀਆਂ ਭਿੱਜੀਆਂ ਪਲਕਾਂ ਨਾਲ ਉਨ੍ਹਾਂ ਨੂੰ ਬੇਵੱਸ ਹੋਏ ਅਲਵਿਦਾ ਆਖ ਰਹੇ ਸਨ। ਦਿ੍ਰਸ਼ ਬੜਾ ਕਰੁਣਾਮਈ ਸੀ। ਸਭ ਦੇ ਚਿਹਰਿਆਂ ਉੱਤੇ ਸੋਗ ਛਾਇਆ ਹੋਇਆ ਸੀ। ਬੁੱਢਾ ਕਰੀਮ ਬਖ਼ਸ਼ ਧਾਹਾਂ ਮਾਰ ਰਿਹਾ ਸੀ। ‘ਲੋਕੋ, ਮੈਨੂੰ ਇੱਥੇ ਰੱਖ ਲਓ।''ਮਿੱਤਾ, ਜੂੰਮਾ, ਫ਼ੈਜ਼ਾ, ਜਾਨੀ, ਮਜੀਦ, ਯੂਸਫ, ਦੌਲਾ ਖਾਂ, ਰਹਿਮਤ, ਹੈਦਰ ਅਲੀ ਆਦਿ ਆਪੋ-ਆਪਣੇ ਪਰਵਾਰਾਂ ਨੂੰ ਲੈ ਕੇ ਨਮੋਸ਼ੀ ਨਾਲ ਟੁਰੇ ਜਾ ਰਹੇ ਸਨ।
ਸਾਡੇ ਪਿਤਾ ਜੀ ਅਤੇ ਪਿੰਡ ਦੇ ਕੁਝ ਜ਼ਿੰਮੇਵਾਰ ਬੰਦੇ, ਆਪਣੇ ਪਿੰਡ ਦੇ ਮੁਸਲਮਾਨਾਂ ਨੂੰ ਖਰੜ ਸ਼ਹਿਰ ਦੇ ਕੈਂਪ ਵਿੱਚ ਛੱਡਣ ਨਾਲ ਹੋ ਤੁਰੇ। ਰਸਤੇ ਵਿੱਚ ਦੇਸੂਮਾਜਰਾ ਪਿੰਡ ਦੇ ਨੇੜੇ ਕੁਝ ਲੋਕਾਂ ਦੇ ਟੋਲੇ ਨੇ ਸਾਡੇ ਪਿੰਡ ਦੇ ਮੁਸਲਮਾਨਾਂ ਉੱਤੇ ਹਮਲਾ ਕਰਨਾ ਚਾਹਿਆ, ਪਰ ਪਿਤਾ ਜੀ ਅਤੇ ਕੁਝ ਬੰਦਿਆਂ ਨੇ ਉਨ੍ਹਾਂ ਨੂੰ ਆਪਣੇ ਪਿੰਡ ਦੀ ਇੱਜ਼ਤ ਉੱਤੇ ਹੱਥ ਨਾ ਚੁੱਕਣ ਦਿੱਤਾ ਤੇ ਪੂਰੀ ਸੁਰੱਖਿਆ ਨਾਲ ਖਰੜ ਕੈਂਪ ਜਾ ਪੁਚਾਇਆ। ਮੇਰੇ ਪਿੰਡ ਦੇ ਲੋਕਾਂ ਨੇ ਕਿਸੇ ਮੁਸਲਮਾਨ ਦਾ ਲਹੂ ਡੁੱਲ੍ਹਣ ਨਹੀਂ ਦਿੱਤਾ। ਇਸ ਘਟਨਾ ਨੂੰ ਮੇਰੇ ਪਿੰਡ ਵਿੱਚ ਮੁੜ ਕੇ ਆ ਵਸੇ ਮੁਸਲਮਾਨ ਅਜੇ ਵੀ ਯਾਦ ਕਰਦੇ ਹਨ। ਪਿੰਡ ਵਿੱਚ ਸਭ ਤੋਂ ਬਿਰਧ ਮੁਸਮਾਨ ‘ਬਸ਼ੀਰਾਂ-ਮਾਈ' ਸੰਤਾਲੀ ਦੀ ਵੰਡ ਦਾ ਆਪਣੇ ਪਿੰਡੇ ਉੱਤੇ ਹੰਢਾਇਆ ਸੰਤਾਪ ਦੱਸਦੀ-ਦੱਸਦੀ ਗੱਚ ਭਰ ਲੈਂਦੀ ਹੈ। ਉਸ ਦਾ ਸਾਰਾ ਪਰਵਾਰ ਇੱਧਰ ਵਸ ਰਿਹਾ ਹੈ ਪ੍ਰੰਤ ਉਸ ਦੀ ਇੱਕੋ-ਇੱਕ ਲੜਕੀ ‘ਸ਼ਰੀਫਨ ਬੇਗਮ' ਪਾਕਿਸਤਾਨ ਵਿੱਚ ਰਹਿ ਰਹੀ ਹੈ। ਉਸ ਦਾ ਚਲੇ ਜਾਣ ਦਾ ਵਿਛੋੜਾ ਉਸ ਦੇ ਹੱਡਾਂ ਵਿੱਚ ਰਚ ਗਿਆ। ਮੈਂ ਆਪਣੇ ਬਚਪਨ ਵਿੱਚ ਅੱਖ ਡਿੱਠਾ ਤੇ ਕੰਨੀਂ ਸੁਣਿਆ ਇਹ ਸਾਕਾ ਕਦੇ ਭੁੱਲ ਨਾ ਸਕਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ