ਉਲਾਨਬਾਟਾਰ, 26 ਅਗਸਤ (ਪੋਸਟ ਬਿਊਰੋ)- ਮੰਗੋਲੀਆ ਦੇ ਖੇਂਟੀ ਸੂਬੇ ਵਿੱਚ ਓਨੋਨ ਨਦੀ ਦੇ ਨੇੜੇ ਸੜਕ ਬਣਾ ਰਹੇ ਮਜ਼ਦੂਰਾਂ ਨੂੰ ਇੱਕ ਸਮੂਹਿਕ ਕਬਰਗਾਹ ਦੇ ਬਾਰੇ ਪਤਾ ਲੱਗਾ। ਇਸ ਵਿੱਚ ਮਨੁੱਖੀ ਸਰੀਰ ਦੇ ਦਰਜਨਾਂ ਪਿੰਜਰ ਮਿਲੇ ਹਨ। ਇਹ ਸਾਰੇ ਪਿੰਜਰ ਵੱਡੇ ਪੱਥਰ ਦੇ ਇੱਕ ਢਾਂਚੇ ਉੱਤੇ ਰੱਖੇ ਹੋਏ ਸਨ।
ਫੋਰੈਂਸਿਕ ਮਾਹਰਾਂ ਅਤੇ ਪੁਰਾਤੱਤਵ ਮਾਹਰਾਂ ਨੂੰ ਸਾਈਟ ਉੱਤੇ ਬੁਲਾਇਆ ਗਿਆ, ਜਿਨ੍ਹਾਂ ਮੁਤਾਬਕ ਇਹ 13ਵੀਂ ਸਦੀ ਦੇ ਮੰਗੋਲੀਆ ਦੌਰ ਦਾ ਸ਼ਾਹੀ ਮਕਬਰਾ ਹੈ, ਜਿਸ ਨੂੰ ਚੰਗੇਜ਼ ਖਾਨ ਦਾ ਮਕਬਰਾ ਮੰਨਿਆ ਜਾ ਰਿਹਾ ਹੈ।ਇਸ ਸਾਈਟ ਉੱਤੇ ਕੁੱਲ 69 ਪਿੰਜਰ ਇਕੱਠੇ ਇੱਕ ਕੱਚੇ ਪੱਥਰ ਦੇ ਢਾਂਚੇ ਦੇ ਉਪਰ ਮਿਲੇ ਹਨ। ਬੀਜਿੰਗ ਯੂਨੀਵਰਸਿਟੀ ਦੇ ਮਾਹਰਾਂ ਦੀ ਟੀਮ ਦਾ ਮੰਨਣਾ ਹੈ ਕਿ ਪੱਥਰ ਦੇ ਉਪਰ ਮਿਲੇ ਪਿੰਜਰ ਉਨ੍ਹਾਂ ਲੋਕਾਂ ਦੇ ਹੋ ਸਕਦੇ ਹਨ, ਜਿਨ੍ਹਾਂ ਨੇ ਇਹ ਕਬਰਾਂ ਬਣਾਈਆਂ ਸਨ ਅਤੇ ਜਿਨ੍ਹਾਂ ਨੂੰ ਇਸ ਲਈ ਕਤਲ ਕੀਤਾ ਗਿਆ ਕਿ ਇਹ ਜਗ੍ਹਾ ਗੁਪਤ ਰਹਿ ਸਕੇ। ਇਸ ਸਾਈਟ ਉੱਤੇ 12 ਘੋੜਿਆਂ ਦੇ ਪਿੰਜਰ ਵੀ ਮਿਲੇ ਹਨ, ਜਿਨ੍ਹਾਂ ਨੂੰ ਹੋ ਸਕਦਾ ਹੈ ਕਿ ਚੰਗੇਜ਼ ਖਾਨ ਦਾ ਸਾਥ ਦੇਣ ਲਈ ਉਨ੍ਹਾਂ ਨਾਲ ਦਫਨਾ ਦਿੱਤਾ ਗਿਆ ਹੋਵੇ। ਇੱਥੇ ਟੈਸਟ ਅਤੇ ਵਿਸ਼ਲੇਸ਼ਣ ਦੇ ਬਾਅਦ ਪਤਾ ਲੱਗਾ ਕਿ ਇਹ ਵਿਅਕਤੀ 1215 ਅਤੇ 1235 ਈਸਵੀ ਦੇ ਹੋਣਗੇ ਤੇ ਉਨ੍ਹਾਂ ਦੀ ਉਮਰ 60 ਤੋਂ 75 ਸਾਲ ਦੇ ਵਿੱਚ ਸੀ, ਉਮਰ, ਸਮਾਂ, ਜਗ੍ਹਾ ਅਤੇ ਸਾਈਟ ਦੀ ਵਿਸ਼ਾਲਤਾ ਤੋਂ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਇਹ ਮਕਬਰਾ ਅਸਲ ਵਿੱਚ ਚੰਗੇਜ਼ ਖਾਨ ਦਾ ਹੈ।
ਚੰਗੇਜ਼ ਖਾਨ ਦੇ ਵੰਸ਼ ਦੀ ਗਿਣਤੀ ਬਾਰੇ ਬੇਯਕੀਨੀ ਹੈ, ਕਿਉਂਕਿ ਕੁਝ ਜ਼ੀਨ ਖੋਜਾਂ ਤੋਂ ਪਤਾ ਲੱਗਾ ਹੈ ਕਿ ਅੱਜ ਹਰ 200 ਵਿੱਚੋਂ ਇੱਕ ਵਿਅਕਤੀ ਦਾ ਪ੍ਰਤੱਖ ਵਡੇਰਾ ਚੰਗੇਜ਼ ਖਾਨ ਹੋ ਸਕਦਾ ਹੈ। ਇਕੱਲੇ ਮੰਗੋਲੀਆ ਵਿੱਚ ਦੇਸ਼ ਦੇ 20 ਲੱਖ ਲੋਕਾਂ ਵਿੱਚੋਂ ਦੋ ਲੱਖ ਲੋਕ ਚੰਗੇਜ਼ ਖਾਨ ਦੇ ਵੰਸ਼ ਹੋ ਸਕਦੇ ਹਨ।ਆਰਕਿਓਲੋਜੀ ਵਰਲਡ ਦੀ ਇੱਕ ਖਬਰ ਮੁਤਾਬਕ ਇਸ ਮਕਬਰੇ ਵਿੱਚੋਂ ਮਿਲੀ ਸਮੱਗਰੀ ਖਿੱਲਰੀ ਹੋਈ ਅਤੇ ਕਾਫੀ ਖਰਾਬ ਹਾਲਤ ਵਿੱਚ ਸੀ। ਅਜਿਹਾ ਇਸ ਲਈ ਕਿ ਸਾਈਟ ਸੈਂਕੜੇ ਸਾਲਾਂ ਤਕ ਨਦੀ ਦੇ ਤਲ ਹੇਠਾਂ ਸੀ, ਜਦ ਤਕ 18ਵੀਂ ਸ਼ਤਾਬਦੀ ਵਿੱਚ ਓਨੋਨ ਨਦੀ ਦਾ ਰਾਹ ਬਦਲ ਨਹੀਂ ਗਿਆ। ਸੈਂਕੜੇ ਸੋਨੇ ਅਤੇ ਚਾਂਦੀ ਦੀਆਂ ਕਲਾਕ੍ਰਿਤੀਆਂ ਅਤੇ ਹਜ਼ਾਰਾਂ ਸਿੱਕਿਆਂ ਦੇ ਨਾਲ ਇੱਕ ਲੰਬੀ ਕਦ-ਕਾਠੀ ਦੇ ਪੁਰਸ਼ ਅਤੇ ਸੋਲ੍ਹਾਂ ਔਰਤਾਂ ਦੇ ਪਿੰਜਰਾਂ ਦੀ ਪਛਾਣ ਵੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਇਹ ਔਰਤਾਂ ਇਸ ਸਰਦਾਰ ਦੀਆਂ ਪਤਨੀਆਂ ਅਤੇ ਰਖੇਲਾਂ ਸਨ। ਇਨ੍ਹਾਂ ਨੂੰ ਵੀ ਮਾਰ ਦਿੱਤਾ ਗਿਆ ਸੀ ਤਾਂ ਕਿ ਦੂਸਰੇ ਜੀਵਨ ਵਿੱਚ ਵੀ ਸਰਦਾਰ ਦਾ ਸਾਥ ਦੇ ਸਕਣ। ਖਜ਼ਾਨੇ ਦੀ ਮਾਤਰਾ, ਜਾਨਵਰਾਂ ਅਤੇ ਲੋਕਾਂ ਦੀ ਗਿਣਤੀ ਨੂੰ ਦੇਖਦੇ ਹੋਏ ਵਿਗਿਆਨੀ ਇਸ ਨਤੀਜੇ ਉੱਤੇ ਪਹੁੰਚੇ ਕਿ ਇਹ ਸਾਈਟ ਅਸਲ ਵਿੱਚ ਕਿਸੇ ਸ਼ਕਤਾਸ਼ਾਲੀ ਮੰਗੋਲ ਸਰਦਾਰ ਦੀ ਸਾਈਟ ਸੀ।