* ਗੱਡੀ ਹੇਠਾਂ ਆਈ ਈ ਡੀ ਲਾ ਕੇ ਫ਼ਰਾਰ ਹੋਏ ਨੌਜਵਾਨ
ਅੰਮ੍ਰਿਤਸਰ, 17 ਜੁਲਾਈ (ਪੋਸਟ ਬਿਊਰੋ)- ਖਾੜਕੂਵਾਦ ਦੇ ਦੌਰ ਵਿੱਚ ਕੰਮ ਕਰਨ ਵਾਲੇ ਅਤੇ ਪੰਜਾਬ ਪੁਲਸ ਦੇ ਇੱਕ ਸਾਬਕਾ ਡੀ ਜੀ ਪੀ ਸੁਮੈਧ ਸੈਣੀ ਦੇ ਨਜ਼ਦੀਕੀ ਰਹੇ ਸੀ ਆਈ ਏ ਸਟਾਫ਼ ਦੇ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਗੱਡੀ ਥੱਲੇ ਧਮਾਕਾਖੇਜ਼ ਸਮੱਗਰੀ ਆਈ ਈ ਡੀ (ਇੰਪਰੋਵਾਈਜ਼ਡ ਐਕਸਪਲੋਜ਼ਿਵ ਡਿਵਾਈਜ਼) ਲਾ ਕੇ ਉਡਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੀ ਸੀ ਟੀ ਵੀ ਤਸਵੀਰ ਵਿੱਚ ਦੋ ਨੌਜਵਾਨ, ਜਿਹੜੇ ਉਸ ਥਾਂ ਇੱਕੋ ਮੋਟਰਸਾਈਕਲ ਉੱਤੇਆਏ ਸਨ ਅਤੇ ਇਸ ਨੂੰ ਲਾ ਕੇ ਫਰਾਰ ਹੋ ਗਏ। ਪੁਲਸ ਨੇ ਧਮਾਕਾਖੇਜ਼ ਸਮੱਗਰੀ ਨੂੰ ਬਰਾਮਦ ਕਰਕੇ ਚੰਡੀਗ਼ੜ੍ਹ ਦੀ ਫੋਰੈਂਸਿਕ ਮਾਹਿਰਾਂ ਦੀ ਟੀਮ ਸੱਦ ਲਈ ਹੈ, ਜੋ ਇਸ ਦੀ ਜਾਂਚ ਕਰੇਗੀ।
ਆਈ ਜੀ ਬਾਰਡਰ ਰੇਂਜ ਮੋਹਨੀਸ਼ ਚਾਵਲਾ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਉਨ੍ਹਾਂ ਦੱਸਿਆ ਕਿ ਮਿਲੀ ਧਮਾਕਾਖੇਜ਼ ਸਮੱਗਰੀ ਦੀ ਜਾਂਚ ਚੱਲ ਰਹੀ ਹੈ। ਸ਼ਹਿਰ ਦੀ ਪੌਸ਼ ਕਾਲੋਨੀ ਰਣਜੀਤ ਐਵੀਨਿਊ ਦੇ ਸੀ ਬਲਾਕ ਦੇ ਵਸਨੀਕ ਸਬ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਨੇ ਰਾਤਆਪਣੀ ਬਲੈਰੋ ਆਪਣੇ ਘਰ ਅੱਗੇ ਗਲੀ ਵਿੱਚ ਖੜ੍ਹੀ ਕੀਤੀ ਸੀ, ਸਵੇਰੇ ਕਾਰ ਧੋਣ ਵਾਲੇ ਲੜਕੇ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਦੇ ਪਿਛਲੇ ਪਹੀਏ ਹੇਠਾਂ ਕੋਈ ਡੱਬੇ ਵਰਗੀ ਵਸਤੂ ਪਈ ਹੈ।ਉਨ੍ਹਾਂ ਦੇਖਿਆ ਤਾਂ ਇਹ ਬੰਬ ਵਰਗੀ ਵਸਤੂ ਸੀ ਜਿਸ ਨੂੰ ਡੇਟੋਨੇਟਰ ਲੱਗਾ ਹੋਇਆ ਸੀ। ਉਨ੍ਹਾਂ ਘਰ ਦੀ ਸੀ ਸੀ ਟੀ ਵੀ ਕੈਮਰੇ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਦੋ ਨੌਜਵਾਨ ਜੋ ਮੋਟਰਸਾਈਕਲ ਉੱਤੇ ਆਏ ਸਨ ਤੇ ਇਸ ਨੂੰ ਰਾਤ ਦੋ ਵਜੇ ਦੇ ਕਰੀਬ ਲਾ ਕੇ ਗਏ ਸਨ। ਉਨ੍ਹਾਂ ਕਿਹਾ ਕਿ ਜੇ ਉਹ ਸਵੇਰੇ ਗੱਡੀ ਸਟਾਰਟ ਕਰਦੇ ਤਾਂ ਬਹੁਤ ਵੱਡਾ ਧਮਾਕਾ ਹੋਣਾ ਸੀ। ਉਨ੍ਹਾਂ ਕਿਹਾ ਕਿ ਬੀਤੇ ਦਿਨ ਜੋ ਤਰਨਤਾਰਨ ਤੋਂ ਆਈ ਈ ਡੀ ਮਿਲੀ ਸੀ, ਇਹ ਉਸੇ ਤਰ੍ਹਾਂ ਦੀ ਹੈ। ਉਨ੍ਹਾਂ ਦੱਸਿਆ ਕਿ ਮੈਨੂੰ ਬੀਤੇ ਪੰਜ ਜੂਨ ਨੂੰ ਧਮਕੀ ਮਿਲੀ ਸੀ ਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਸਨ, ਪਰ ਉਨ੍ਹਾਂ ਨੂੰ ਸੁਰੱਖਿਆ ਮਿਲੀ ਹੋਈ ਹੈ, ਜਿਸ ਵਿੱਚ ਪੁਲਸ ਨੇ ਪਿੱਛੇ ਜਿਹੇ ਕਟੌਤੀ ਕੀਤੀ ਸੀ ਅਤੇ ਉਸ ਕੋਲ ਇਸ ਵੇਲੇ ਕੇਵਲ ਇੱਕ ਗੰਨਮੈਨ ਹੈ। ਆਈ ਜੀ ਬਾਰਡਰ ਰੇਂਜ ਕਮ ਕਮਿਸ਼ਨਰ ਪੁਲਸ ਮੋਹਨੀਸ਼ ਚਾਵਲਾ ਨੇ ਦੱਸਿਆ ਕਿ ਇਸ ਸਬੰਧ ਵਿੱਚ ਥਾਣਾ ਰਣਜੀਤ ਐਵੀਨਿਊ ਵਿਖੇ ਧਮਾਕਾਖੇਜ਼ ਸਮੱਗਰੀ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ।