ਚੰਡੀਗ਼ੜ੍ਹ, 11 ਅਗਸਤ (ਪੋਸਟ ਬਿਊਰੋ)- ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫ਼ੋਰਸ (ਏ ਜੀ ਟੀ ਐਫ਼) ਨੇ ਬੰਬੀਹਾ ਗਰੋਹ ਨਾਲ ਸਬੰਧਤ ਖ਼ਤਰਨਾਕ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਭੁੱਲਰ ਨੂੰ ਉਸ ਦੇ ਦੋ ਸਾਥੀਆਂ ਸਮੇਤ ਗ਼੍ਰਿਫ਼ਤਾਰ ਕੀਤਾ ਹੈ। ਉਹ ਹਥਿਆਰਾਂ ਅਤੇ ਨਸ਼ਿਆਂ ਦੀ ਸਰਹੱਦ ਪਾਰ ਤੋਂ ਤਸਕਰੀ ਵਿੱਚ ਸ਼ਾਮਲ ਸਨ। ਗ਼੍ਰਿਫ਼ਤਾਰ ਕੀਤੇ ਗਏ ਬਾਕੀ ਦੋ ਜਣਿਆਂ ਦੀ ਪਛਾਣ ਰਾਜਵਿੰਦਰ ਸਿੰਘ ਤੇ ਪਰਮਬੀਰ ਸਿੰਘ ਉਰਫ਼ ਬੌਬੀ ਵਜੋਂ ਹੋਈ ਹੈ।ਪੁਲਸ ਨੇ ਇਨ੍ਹਾਂ ਤੋਂ ਚਾਰ ਪਿਸਤੌਲ ਜਿਨ੍ਹਾਂ ਵਿੱਚੋਂ ਇੱਕ 30 ਬੋਰ ਅਤੇ ਤਿੰਨ 32 ਬੋਰ ਸ਼ਾਮਲ ਹਨ, ਸਮੇਤ ਛੇ ਮੈਗਜ਼ੀਨ ਅਤੇ 125 ਜ਼ਿੰਦਾ ਕਾਰਤੂਸ, 1.05 ਕਿਲੋਗ੍ਰਾਮ ਹੈਰੋਇਨ, 78.27 ਲੱਖ ਰੁਪਏ ਦੀ ਡਰੱਗ ਮਨੀ, ਸੱਤ ਸੋਨੇ ਦੀਆਂ ਚੂੜੀਆਂ, 25 ਸੋਨੇ ਦੇ ਸਿੱਕੇ, ਚਾਰ ਸੋਨੇ ਦੀਆਂ ਚੇਨਾਂ, ਸੱਤ ਸੋਨੇ ਦੀਆਂ ਮੁੰਦਰੀਆਂ, ਇੱਕ ਚਾਂਦੀ ਦੀ ਚੇਨ, ਸਕੌਡਾ, ਹੌਡਾ ਸਿਟੀ ਅਤੇ ਬ੍ਰੇਜਾ ਸਮੇਤ ਤਿੰਨ ਕਾਰਾਂ, ਯਾਮਾਹਾ, ਹੀਰੋ ਡੀਲਕਸ ਅਤੇ ਸਪਲੈਂਡਰ ਸਮੇਤ ਤਿੰਨ ਮੋਰਟਰਸਾਈਕਲ ਅਤੇ 15 ਸਮਾਰਟਫ਼ੋਨ ਵੀ ਬਰਾਮਦ ਕੀਤੇ ਹਨ। ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤੋਂ ਤਸਕਰੀ ਵਾਲਾ ਇਹ ਦੂਜਾ ਵੱਡਾ ਮਾਡਿਊਲ ਹੈ, ਜਿਸ ਦਾ ਪਿਛਲੇ ਦੋ ਦਿਨਾਂ ਵਿੱਚ ਪੰਜਾਬ ਪੁਲਸ ਵੱਲੋਂ ਪਰਦਾਫ਼ਾਸ਼ ਕੀਤਾ ਗਿਆ ਹੈ।
ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਏ ਡੀ ਜੀ ਪੀ ਪ੍ਰਮੋਦ ਬਾਨ ਦੀ ਅਗਵਾਈ ਵਿੱਚ ਬਣੀ ਐਂਟੀ ਗੈਂਗਸਟਰ ਟਾਸਕ ਫ਼ੋਰਸ ਨੇ ਖ਼ਤਰਨਾਕ ਗੈਂਗਸਟਰ ਹੈਪੀ ਭੁੱਲਰ, ਜੋ ਦਵਿੰਦਰ ਬੰਬੀਹਾ ਗੈਂਗ ਦਾ ਨਾਮੀ ਸ਼ੂਟਰ ਹੈ ਤੇ ਦੋ ਕਤਲ ਕੇਸਾਂ ਵਿੱਚ ਲੋੜੀਂਦਾ ਹੈ, ਨੂੰ ਫੜ ਲਿਆ ਹੈ। ਉਨ੍ਹਾਂ ਦੱਸਿਆ ਕਿ ਹੈਪੀ ਭੁੱਲਰ 2017 ਤੋਂ ਫਰਾਰ ਸੀ। ਪਤਾ ਲੱਗਾ ਹੈ ਕਿ ਹੈਪੀ ਭੁੱਲਰ ਅਪਰਾਧੀ ਪਿਛੋਕੜ ਵਾਲਾ ਬੰਦਾ ਹੈ ਅਤੇ ਜਲੰਧਰ ਦੇ ਫ਼ਾਈਨਾਂਸਰ ਗੁਰਮੀਤ ਸਿੰਘ ਉਰਫ਼ ਟਿੰਕੂ ਅਤੇ ਜੈਪਾਲ ਗਰੁੱਪ ਦੇ ਵਿਰੋਧੀ ਗੈਂਗ ਦੇ ਮੈਂਬਰ ਇੰਦਰਜੀਤ ਸਿੰਘ ਉਰਫ਼ ਟਿੰਡਾ ਸਮੇਤ ਦੋ ਕਤਲ ਕੇਸਾਂ ਵਿੱਚ ਲੋੜੀਂਦਾ ਹੈ। ਰਾਜਵਿੰਦਰ ਹੈਪੀ ਵੀ ਅਪਰਾਧਕ ਪਿਛੋਕੜ ਵਾਲਾ ਹੈ ਅਤੇ ਐਨ ਡੀ ਪੀ ਐਸ ਐਕਟ ਦੇ ਕੇਸਾਂ ਵਿੱਚ ਲੋੜੀਂਦਾ ਹੈ, ਜਦਕਿ ਪਰਮਬੀਰ ਬੌਬੀ ਅਸਲਾ ਐਕਟ ਦੇ ਕੇਸ ਵਿੱਚ ਲੋੜੀਂਦਾ ਹੈ। ਮੁੱਢਲੀ ਜਾਂਚ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੋਸ਼ੀ ਵੱਡੇ ਪੱਧਰ ਉੱਤੇ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਸਨ ਅਤੇ ਜੰਮੂ ਕਸ਼ਮੀਰ ਵਿੱਚ ਉਨ੍ਹਾਂ ਦੇ ਸੰਬੰਧ ਹਨ। ਜ਼ਿਕਰਯੋਗ ਹੈ ਕਿ ਇਸ ਬਾਰੇ ਐਸ ਏ ਐਸ ਨਗਰ ਦੇ ਥਾਣਾ ਢਕੋਲੀ ਵਿਖੇ ਕੇਸਾ ਦਰਜ ਕੀਤਾ ਗਿਆ ਹੈ।