Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਨਜਰਰੀਆ

ਸਰਪੰਚ ਨੂੰ ਇਨਸਾਫ

August 10, 2022 04:00 PM

-ਸੁੱਚਾ ਸਿੰਘ ਖੱਟੜਾ
ਪਿੰਡ ਵਿੱਚ ਹਾਲਾਤ ਕੁਝ ਇਸ ਤਰ੍ਹਾਂ ਦੇ ਬਣੇ ਕਿ ਲੋਕਾਂ ਨੇ ਮੈਨੂੰ ਪਿੰਡ ਦਾ ਸਰਪੰਚ ਬਣਾ ਦਿੱਤਾ। ਨਵਾਂ ਵਿਭਾਗ ਨਵੇਂ ਸੰਪਰਕ, ਪਰ ਬੀ ਡੀ ਪੀ ਓ ਦਫਤਰ ਗਿਆ ਤਾਂ ਪਤਾ ਲੱਗਾ ਕਿ ਬੀ ਡੀ ਪੀ ਓ ਸਮੇਤ ਸਾਰੇ ਮੁਲਾਜ਼ਮ ਮੈਨੂੰ ਪਹਿਲਾਂ ਹੀ ਜਾਣਦੇ ਸਨ। ਹਰ ਤਰ੍ਹਾਂ ਦੇ ਸਹਿਯੋਗ ਦੇ ਭਾਵੇਂ ਭਰੋਸੇ ਮਿਲ ਰਹੇ ਸਨ, ਫਿਰ ਵੀ ਪੰਚਾਇਤੀ ਰਾਜ ਐਕਟ ਜਾਣਨ ਲਈ ਦੋ ਵੱਖ-ਵੱਖ ਲੇਖਕਾਂ ਦੀਆਂ ਕਿਤਾਬਾਂ 17 ਸੈਕਟਰ ਤੋਂ ਲਈਆਂ। ਰਾਜੀਵ ਗਾਂਧੀ ਵੱਲੋਂ ਪੰਚਾਇਤੀ ਐਕਟ ਵਿੱਚ ਕੀਤੀਆਂ ਸੋਧਾਂ ਤੇ ਸੁਧਾਰਾਂ ਨੂੰ ਜਾਣਨ ਦੀ ਜਗਿਆਸਾ ਵਧੇਰੇ ਸੀ। ਉਂਝ ਅਫਸਰਾਂ ਨਾਲ ਗੱਲ ਕਰਦਿਆਂ ਆਤਮ ਵਿਸ਼ਵਾਸ ਪਹਿਲੀ ਲੋੜ ਹੈ, ਜੋ ਗਿਆਨ ਬਿਨਾਂ ਸੰਭਵ ਨਹੀਂ। ਅਧਿਆਪਕ ਭਾਈਚਾਰਾ ਮੈਨੂੰ ਨਵੀਂ ਭੂਮਿਕਾ ਵਿੱਚ ਦੇਖਣ ਨੂੰ ਕਾਹਲਾ ਸੀ।
ਬਲਾਕ ਦੇ ਇੱਕ ਹੋਰ ਪਿੰਡ ਵਿੱਚ ਇੱਕ ਅਧਿਆਪਕ ਦੋਸਤ ਆਪਣੀ ਪਸੰਦ ਦਾ ਸਰਪੰਚ ਅਤੇ ਪੰਚ ਬਣਵਾਉਣ ਵਿੱਚ ਸਫਲ ਹੋ ਗਿਆ, 15 ਕੁ ਦਿਨ ਬਾਅਦ ਇਸੇ ਦੋਸਤ ਦਾ ਫੋਨ ਆਇਆ ਕਿ ਪੰਚਾਇਤਾਂ ਦੀ ਜਥੇਬੰਦੀ ਦੀ ਸੂਬੇ ਦੀ ਲੀਡਰਸ਼ਿਪ ਬਲਾਕ ਦੇ ਪੰਚਾਂ ਸਰਪੰਚਾਂ ਦੀ ਮੀਟਿੰਗ ਕਰ ਰਹੀ ਹੈ। ਦੋਸਤ ਨੇ ਦੱਸਿਆ ਕਿ ਉਨ੍ਹਾਂ ਦੇ ਸਰਪੰਚ ਅਤੇ ਹੋਰ ਸਰਪੰਚਾਂ ਨੂੰ ਪੰਚਾਇਤ ਸਕੱਤਰਾਂ ਨੇ ਫੋਨ ਉਤੇ ਸੁਨੇਹੇ ਦਿੱਤੇ ਹਨ, ਪਰ ਮੈਨੂੰ ਕਿਸੇ ਨੇ ਸੁਨੇਹਾ ਨਹੀਂ ਦਿੱਤਾ। ਮੈਨੂੰ ਸੁਨੇਹਾ ਕਿਉਂ ਨਹੀਂ? ਧੁੰਦਲਾ ਜਿਹਾ ਅੰਦਾਜ਼ਾ ਹੋਇਆ ਕਿ ਮੇਰਾ ਪਿਛੋਕੜ ਹੀ ਮੈਨੂੰ ਸੁਨੇਹੇ ਤੋਂ ਵਾਂਝਾ ਰੱਖਣ ਦਾ ਕਾਰਨ ਹੋਵੇਗਾ। ਦੋਸਤ ਕਹਿਣ ਲੱਗਾ ਕਿ ਮੈਂ ਹਰ ਹਾਲਤ ਵਿੱਚ ਮੀਟਿੰਗ ਵਿੱਚ ਜਾਵਾਂ।
ਮੀਟਿੰਗ ਸ਼ੁਰੂ ਹੋਈ, ਸੂਬੇ ਦੀ ਲੀਡਰਸ਼ਿਪ ਸਟੇਜ ਉੱਤੇ ਬੈਠੀ ਸੀ। ਇੱਕ ਪੰਚਾਇਤ ਸਕੱਤਰ ਨੇ ਸਟੇਜ ਸੰਭਾਲੀ। ਮਹਿਮਾਨਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਨਵੇਂ ਸਰਪੰਚਾਂ ਨੂੰ ਬੋਲਣ ਲਈ ਬੁਲਾਇਆ ਜਾਣ ਲੱਗਾ। ਦੋ ਕੁ ਬੁਲਾਰਿਆਂ ਬਾਅਦ ਪੰਡਾਲ ਵਿੱਚੋਂ ਮੈਨੂੰ ਬੁਲਾਉਣ ਲਈ ਕਿਹਾ ਜਾਣ ਲੱਗਾ। ਨਵੇਂ ਪੜ੍ਹੇ ਐਕਟ ਤੇ ਜ਼ਮੀਨੀ ਹਕੀਕਤ ਦਾ ਫਾਸਲਾ ਮੇਰਾ ਬੋਲਣ ਦਾ ਵਿਸ਼ਾ ਸੀ। ਜਥੇਬੰਦੀ ਨੂੰ ਇਹ ਫਾਸਲਾ ਨੇੜੇ ਕਰਨ ਦੀ ਅਪੀਲ ਕਰ ਕੇ ਮੈਂ ਪੰਡਾਲ ਵਿੱਚ ਜਾ ਬੈਠਾ। ਜਦੋਂ ਚੋਣ ਦੀ ਗੱਲ ਆਈ ਤਾਂ ਪ੍ਰਧਾਨਗੀ ਲਈ ਸਰਪੰਚਾਂ ਨੇ ਮੇਰਾ ਨਾਂਅ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਘੇਰ ਲਿਆ ਤਾਂ ਮੈਂ ਸ਼ਰਤ ਰੱਖ ਦਿੱਤੀ ਕਿ ਮੈਂ ਪ੍ਰਧਾਨ ਤਦੇ ਬਣਾਂਗਾ, ਜੇ ਜਨਰਲ ਸੈਕਟਰੀ ਮੇਰੀ ਮਰਜ਼ੀ ਦਾ ਹੋਵੇਗਾ। ਮੇਰੀ ਗੱਲ ਮੰਨੀ ਗਈ। ਮੈਂ ਇਲਾਕੇ ਦੇ ਵੱਡੇ ਪਿੰਡ ਦੇ ਸਰਪੰਚ ਨੂੰ ਆਪਣੇ ਨਾਲ ਜਨਰਲ ਸੈਕਟਰੀ ਬਣਾ ਲਿਆ। ਇਹ ਨੌਜਵਾਨ ਸਰਪੰਚ ਇਲਾਕੇ ਦੇ ਹਰ ਸੰਘਰਸ਼ ਦਾ ਮੋਹਰੀ ਅਤੇ ਮੇਰਾ ਵਿਦਿਆਰਥੀ ਵੀ ਸੀ।
ਅਗਲੇ ਹਫਤੇ ਜ਼ਿਲੇ ਦੇ ਸਰਪੰਚਾਂ ਦਾ ਇਕੱਠ ਹੋਇਆ। ਇੱਥੇ ਵੀ ਉਹੀ ਕੁਝ ਵਾਪਰਿਆ। ਫਰਕ ਇਹ ਕਿ ਜਨਰਲ ਸੈਕਟਰੀ ਇਧਰ ਦੇ ਪਿੰਡਾਂ ਦਾ ਸੀ। ਪਿੰਡ ਦੇ ਵਿਕਾਸ ਕਾਰਜਾਂ ਦੇ ਨਾਲਗਾਹੇ-ਬਗਾਹੇ ਜ਼ਿਲੇ ਵਿੱਚ ਡੀ ਸੀ, ਐੱਸ ਐੱਸ ਪੀ ਅਤੇ ਡੀ ਡੀ ਪੀ ਓ ਨੂੰ ਮਿਲਣਾ ਪੈਂਦਾ। ਇੱਕ ਦਿਨ ਆਪਣੇ ਬਲਾਕ ਸੈਕਟਰੀ ਦਾ ਫੋਨ ਆਇਆ ਕਿ ਮੇਘਪੁਰ ਪਿੰਡ ਦੇ ਸਰਪੰਚ ਨੂੰ ਕੁਝ ਔਰਤਾਂ ਨੇ ਬੇਇੱਜ਼ਤ ਵੀ ਕੀਤਾ ਤੇ ਉਸ ਦੀ ਕਮੀਜ਼ ਪਾੜ ਦਿੱਤੀ ਤੇ ਆਪਣੇ ਕੱਪੜੇ ਪਾੜ ਕੇ ਹਸਪਤਾਲ ਵੀ ਦਾਖਲ ਹੋ ਗਈਆਂ। ਸੰਬੰਧਤ ਥਾਣੇ ਦੀ ਪੁਲਸ ਸਰਪੰਚ ਦੀ ਗੱਲ ਸੁਣਨੀ ਦੂਰ, ਉਲਟਾ ਤੰਗ ਕਰ ਰਹੀ ਹੈ। ਉਸ ਨੇ ਇਹ ਵੀ ਦੱਸਿਆ ਕਿ ਪੁਲਸ ਵਾਲੇ ਸਰਪੰਚ ਨੂੰ ਗੰਭੀਰ ਕੇਸ ਵਿੱਚ ਉਲਝਾਉਣ ਦੀ ਧਮਕੀ ਦੇ ਰਹੇ ਹਨ।
ਜਨਰਲ ਸੈਕਟਰੀ ਦੋ ਦਿਨ ਤੋਂ ਮਸਲਾ ਸੁਲਝਾ ਰਿਹਾ ਸੀ। ਅਖੀਰ ਮੈਨੂੰ ਦਖਲ ਦੇਣ ਲਈ ਕਿਹਾ। ਮੈਂ ਸਰਪੰਚ ਦਾ ਫੋਨ ਨੰਬਰ ਲਿਆ ਅਤੇ ਘਟਨਾ ਵਿਸਥਾਰ ਨਾਲ ਸੁਣੀ। ਘਟਨਾ ਸੀ ਕਿ ਪਹਿਲੀ ਪੰਚਾਇਤ ਨੇ ਪੰਚਾਇਤੀ ਥਾਂ ਉਤੇ ਪਿੱਪਲ ਦੁਆਲੇ ਗਰਾਂਟ ਨਾਲ ਵੱਡਾ ਥੜ੍ਹਾ ਬਣਾਇਆ ਸੀ। ਕਿਸੇ ਨੇ ਧੱਕੇ ਨਾਲ ਖੋਖਾ ਰੱਖ ਕੇ ਹੱਟੀ ਖੋਲ੍ਹ ਲਈ। ਪਹਿਲੀ ਪੰਚਾਇਤ ਖੋਖਾ ਨਾ ਚੁਕਵਾ ਸਕੀ। ਪੰਚਾਇਤ ਦੀ ਅਗਲੀ ਚੋਣ ਵਿੱਚ ਲੋਕਾਂ ਨੇ ਮੌਜੂਦਾ ਸਰਪੰਚ ਇਸ ਸ਼ਰਤ ਉੱਤੇ ਚੁਣਿਆ ਕਿ ਉਹ ਸਭ ਤੋਂ ਪਹਿਲਾਂ ਖੋਖਾ ਚੁਕਾਏਗਾ। ਨਵੀਂ ਪੰਚਾਇਤ ਨੇ ਖੋਖਾ ਚੁੱਕਣ ਨੂੰ ਖੋਖਾ ਮਾਲਕ ਤੋਂ ਲਿਖ ਕੇ ਮਿਤੀਬੱਧ ਕੀਤਾ, ਪਰ ਉਹ ਤਰੀਕ ਅੱਗੇ ਪਾ ਦਿਆ ਕਰੇ। ਇੱਕ ਮਿਥੀ ਤਰੀਕ ਨੂੰ ਜਦੋਂ ਪੰਚਾਇਤ ਗਈ ਤਾਂ ਸਰਪੰਚ ਨਾਲ ਇਹ ਵਾਪਰ ਗਿਆ।
ਅਸੀਂ 10 ਸਰਪੰਚਾਂ ਨੂੰ ਨਾਲ ਲੈ ਕੇ ਥਾਣੇ ਗਏ। ਥਾਣੇਦਾਰ ਨੇ ਇਹ ਵੀ ਨਾ ਪੁੱਛਿਆ ਕਿ ਅਸੀਂ ਕੌਣ ਹਾਂ, ਅੰਦਰ ਵੜਦਿਆਂ ਕੁਰਸੀ ਸੰਭਾਲੀ ਤੇ ਸਾਨੂੰ ਆਉਣ ਦਾ ਕਾਰਨ ਪੁੱਛਿਆ। ਮੇਰੇ ਮੂੰਹੋਂ ਮੇਘਪੁਰ ਪਿੰਡ ਦਾ ਨਾਂਅ ਵੀ ਪੂਰਾ ਨਹੀਂ ਸੀ ਨਿਕਲਿਆ ਕਿ ਥਾਣੇਦਾਰ ਬੋਲ ਉਠਿਆ, ‘‘ਹਾਂ ਹਾਂ, ਮੈਂ ਸਭ ਕੁਝ ਜਾਣਦਾਂ, ਦੋਨੋਂ ਧਿਰਾਂ ਅੰਦਰ ਕਰਾਂਗਾ।” ਮੈਂ ਸ਼ਾਂਤ ਜਿਹੇ ਲਹਿਜ਼ੇ ਵਿੱਚ ਕਿਹਾ, ‘‘ਥਾਣੇਦਾਰ ਸਾਹਿਬ, ਤੁਸੀਂ ਫੈਸਲੇ ਲਈ ਕਾਹਲੀ ਕਰਦੇ ਹੋ।” ਥਾਣੇਦਾਰ ਦੇ ਚਿਹਰੇ ਉੱਤੇ ਉਹਦੇ ਫੈਸਲੇ ਨੂੰ ਮੇਰੇ ਸ਼ਬਦਾਂ ਦੀ ਚੁਣੌਤੀ ਦਾ ਅਸਰ ਸੀ। ਮੈਨੂੰ ਗੁੱਸੇ ਵਿੱਚ ਕਹਿਣ ਲੱਗਾ, ‘‘ਤੇਰੇ ਕਹਿਣ ਦਾ ਮਤਲਬ।” ਮੇਰੀ ਭਾਸ਼ਾ ਬਦਲ ਗਈ, ‘‘ਥਾਣੇਦਾਰ ਸਾਹਿਬ, ਪਿੰਡ ਵਾਲਿਆਂ ਨੇ ਜਿਸ ਵੋਟਰ ਸੂਚੀ ਤੋਂ ਮੁਲਕ ਦਾ ਪ੍ਰਧਾਨ ਮੰਤਰੀ ਚੁਣਿਆ, ਉਸੇ ਸੂਚੀ ਤੋਂ ਪਿੰਡ ਵਾਲਿਆਂ ਸਰਪੰਚ ਚੁਣਿਆ ਹੈ। ਇਹ ਲੋਕ ਸੇਵਕ (ਪਬਲਿਕ ਸਰਵੈਟ) ਹੈ। ਐਕਟ ਪੜ੍ਹ ਕੇ ਫੈਸਲਾ ਕਰਨਾ ਚਾਹੀਦਾ ਸੀ। ਸਰਪੰਚ ਪਬਲਿਕ ਸਰਵੈਂਟ ਹੁੰਦਾ ਹੈ। ਸਰਪੰਚ ਨੂੰ ਪਬਲਿਕ ਦਾ ਕੰਮ ਕਰਦਿਆਂ ਇਨ੍ਹਾਂ ਔਰਤਾਂ ਨੇ ਰੁਕਾਵਟ ਵੀ ਪਾਈ ਤੇ ਬੇਇੱਜ਼ਤ ਵੀ ਕੀਤਾ। ਝੂਠੀਆਂ ਔਰਤਾਂ ਦੇ ਕਹਿਣ ਉੱਤੇ ਸਰਪੰਚ ਨੂੰ ਅੰਦਰ ਕਰੋ, ਫਿਰ ਦੇਖਾਂਗੇ।” ਇਹ ਕਹਿ ਕੇ ਮੈਂ ਉਠ ਖੜ੍ਹਾ ਹੋਇਆ।
ਥਾਣੇਦਾਰ ਦੇ ਤੇਵਰ ਢਿੱਲੇ ਪੈ ਚੁੱਕੇ ਸਨ। ਮੈਨੂੰ ਬੈਠਣ ਲਈ ਕਹਿੰਦਾ ਬੋਲਿਆ, ‘‘ਤੁਸੀਂ ਮੈਨੂੰ ਆਪਣੀ ਪਛਾਣ ਨਹੀਂ ਦੱਸੀ।” ਸਾਡਾ ਪਤਾ ਲੱਗਣ ਉੱਤੇ ਥਾਣੇਦਾਰ ਨੇ ਦੋ ਦਿਨ ਦਾ ਸਮਾਂ ਲਿਆ ਅਤੇ ਖੁਦ ਪੜਤਾਲ ਦਾ ਵਾਅਦਾ ਕੀਤਾ। ਚੌਥੇ ਦਿਨ ਦੋਵਾਂ ਧਿਰਾਂ ਨੂੰ ਥਾਣੇ ਸੱਦਿਆ। ਸਾਡੇ ਕਹਿਣ ਉੱਤੇ ਸਰਪੰਚ ਡੇਢ ਦੇ ਸੌ ਬੰਦਾ ਨਾਲ ਲਿਆਇਆ। ਦੂਜੇ ਪਾਸੇ ਤੋਂ ਵੱਡੀ ਗਿਣਤੀ ਬਿਜਲੀ ਮੁਲਾਜ਼ਮ ਆਉਣੇ ਸ਼ੁਰੂ ਹੋ ਗਏ। ਖੋਖੇ ਵਾਲਾ ਬਿਜਲੀ ਮੁਲਾਜ਼ਮ ਸੀ, ਪਰ ਉਹਦਾ ਚਿਹਰਾ ਦੱਸਦਾ ਸੀ ਕਿ ਉਸ ਨੂੰ ਥਾਣੇਦਾਰ ਨੇ ਪਹਿਲਾਂ ਹੀ ਕੁਝ ਕਹਿ ਦਿੱਤਾ ਹੋਇਆ ਸੀ। ਬਿਜਲੀ ਮੁਲਾਜ਼ਮਾਂ ਦਾ ਸਰਕਲ ਪ੍ਰਧਾਨ ਸੂਝਵਾਨ ਸੀ। ਅਸੀਂ ਇੱਕ ਦੂਜੇ ਦੇ ਵਾਕ ਹੀ ਨਹੀਂ, ਵਿਚਾਰਾਂ ਦੀ ਵੀ ਸਾਂਝ ਸੀ। ਮੈਨੂੰ ਦੇਖ ਕੇ ਦੂਰੋਂ ਹੀ ਕਹਿਣ ਲੱਗਾ ਕਿ ਜਿੱਥੇ ਖੱਟੜਾ ਜੀ ਹਨ, ਉਥੇ ਝਗੜਾ ਕਾਹਦਾ। ਪ੍ਰਧਾਨ ਨੇ ਮੈਥੋਂ ਸਾਰੀ ਗੱਲ ਸੁਣੀ, ਖੋਖੇ ਵਾਲੇ ਨੂੰ ਪਰੇ ਲਿਜਾ ਕੇ ਕੀ ਕਿਹਾ, ਪਤਾ ਨਹੀਂ। ਥਾਣੇਦਾਰ ਕੋਲ ਗਿਆ। ਅੰਦਰੋਂ ਕੇਸ ਦੇ ਜਾਂਚ ਅਫਸਰ ਨੂੰ ਨਾਲ ਲਿਆਇਆ। ਸਮਝੌਤਾ ਲਿਖਣਾ ਸ਼ੁਰੂ ਹੋ ਗਿਆ। ਸਮਝੌਤੇ ਵਿੱਚ ਮੁਆਫੀਨਾਮੇ ਤੋਂ ਪਹਿਲਾਂ ਉਸੇ ਸ਼ਾਮ ਤੱਕ ਖੋਖਾ ਚੁੱਕਣਾ ਸੀ। ਜ਼ਿੰਮੇਵਾਰੀ ਨਿਭਾਉਂਦੇ ਸਰਪੰਚ ਲੋਕ ਸੇਵਕ ਹੁੰਦਾ ਹੈ, ਫੌਜਦਾਰੀ ਕਾਨੂੰਨਾਂ ਵਿੱਚ ਉਸ ਨੂੰ ਆਮ ਨਾਗਰਿਕ ਤੋਂ ਵੱਖਰੀ ਸੁਰੱਖਿਆ ਹੈ। ਔਰਤਾਂ ਦੀ ਖੜ੍ਹੀ ਕੀਤੀ ਗੰਭੀਰ ਸਮੱਸਿਆ ਖਿਲਾਫ ਸਰਪੰਚ ਨੂੰ ਇਨਸਾਫ ਮਿਲ ਗਿਆ।

Have something to say? Post your comment