Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਨਜਰਰੀਆ

ਝੂਟੇ ਲੈਂਦੀ ਮਰੀਆਂ ਭਿੱਜ ਗਈ, ਨਾਲੇ ਰਾਮ ਪਿਆਰੀ...

August 09, 2022 05:29 PM

-ਰਵਨਜੋਤ ਕੌਰ ਸਿੱਧੂ ਰਾਵੀ
ਪੰਜਾਬੀ ਸਭਿਆਚਾਰ ਹਰ ਪੱਖੋਂ ਬਹੁਤ ਅਮੀਰ ਹੈ। ਇਸ ਵਿੱਚ ਜਿੱਥੇ ਮਹੀਨਿਆਂ, ਤਿਉਹਾਰਾਂ ਨੂੰ ਸੋਹਣੇ ਸੋਹਣੇ ਗੀਤਾਂ, ਬੋਲੀਆਂ ਵਿੱਚ ਪਰੋਇਆ ਹੋਇਆ ਹੈ, ਉਥੇ ਪੰਜਾਬੀ ਸਭਿਆਚਾਰ ਵਿੱਚ ਰੁੱਤਾਂ ਦਾ ਵੀ ਬਹੁਤ ਮਹੱਤਵ ਹੈ। ਪੰਜਾਬ ਵਿੱਚ ਅੱਤ ਦੀ ਗਰਮੀ ਹਾੜ੍ਹ ਮਹੀਨੇ ਹੁੰਦੀ ਹੈ। ਇਸ ਮਹੀਨੇ ਗਰਮੀ ਨਾਲ ਢਾਬਾਂ, ਟੋਭੇ, ਚੋਆਂ, ਛੱਪੜ ਸੁੱਕ ਜਾਂਦੇ ਹਨ। ਪਾਣੀ ਦੀ ਘਾਟ ਕਾਰਨ ਫਸਲਾਂ ਵੀ ਸੁੱਕਣੀਆਂ ਤੇ ਮੱਚਣੀਆਂ ਸ਼ੁਰੂ ਹੋ ਜਾਂਦੀਆਂ ਹਨ। ਚੁਫੇਰੇ ਗਰਮ-ਗਰਮ ਲੂਆਂ ਵਗਦੀਆਂ ਹਨ। ਪਿੰਡੇ ਮੁੜ੍ਹਕੇ ਨਾਲ ਚੋਂਦੇ ਹਨ। ਧੁੱਪ ਚੜ੍ਹਦਿਆਂ ਸਾਰ ਹੀ ਜਾਨਵਰ ਆਲ੍ਹਣਿਆਂ ਵਿੱਚ ਲੁਕ ਜਾਂਦੇ ਹਨ। ਗਰਮੀ ਨਾਲ ਹਰ ਜੀਵ-ਜੰਤੂ, ਪਸ਼ੂ, ਜਾਨਵਰ, ਬਨਸਪਤੀ ਤ੍ਰਾਹ ਤ੍ਰਾਹ ਕਰਦਾ ਆਕਾਸ਼ ਵੱਲ ਵੇਖਦਾ ਮੰਗ ਕਰਦਾ ਹੈ ਕਿ ‘ਰੱਬਾ ਮੀਂਹ ਪਾ’, ਪਰ ਹਾੜ੍ਹ ਮਹੀਨੇੇ ਵਿੱਚ ਮੀਂਹ ਨਹੀਂ ਪੈਂਦਾ। ਜਦੋਂ ਸਾਉਣ ਦੀ ਸੰਗਰਾਂਦ ਹੁੰਦੀ ਹੈ ਤਾਂ ਸਾਰੇ ਲੋਕਾਂ ਨੂੰ ਪੂਰਨ ਆਸ ਬੱਝ ਜਾਂਦੀ ਹੈ ਕਿ ਸਾਉਣ ਚੜ੍ਹ ਗਿਆ ਤਾਂ ਮੀਂਹ ਪਵੇਗਾ। ਗੁਰੁ ਨਾਨਕ ਦੇਵ ਜੀ ਵੀ ਗੁਰਬਾਣੀ ਵਿੱਚ ਇਹੋ ਬਿਆਨ ਕਰਦੇ ਹਨ :
ਨਾਨਕ ਸਾਵਣਿ ਜੇ ਵਸੈ, ਚਹੁ ਓਮਾਹਾ ਹੋਇ॥
ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ॥
ਭਾਵ ਗੁਰੂ ਨਾਨਕ ਦੇਵ ਜੀ ਵੀ ਗੁਰਬਾਣੀ ਵਿੱਚ ਬਿਆਨ ਕਰਦੇ ਹਨ ਕਿ ਸਾਉਣ ਵਿੱਚ ਮੀਂਹ ਪੈਣ ਨਾਲ ਚੁਫੇਰੇ ਖੁਸ਼ੀਆਂ ਫੈਲ ਜਾਂਦੀਆਂ ਹਨ। ਜਿੱਥੇ ਜੀਵ-ਜੰਤੂ, ਨਾਗ, ਮਿਰਗ, ਮੱਛੀਆਂ ਨੂੰ ਪਾਣੀ ਮਿਲ ਜਾਂਦਾ ਹੈ, ਉਥੇ ਮੀਂਹ ਨਾਲ ਚੰਗੀਆਂ ਫਸਲਾਂ ਪੈਦਾ ਹੁੰਦੀਆਂ ਅਤੇ ਘਰਾਂ ਵਿੱਚ ਧਨ ਆਉਣ ਲਈ ਰਾਹ ਖੁੱਲ੍ਹ ਜਾਂਦਾ ਹੈ।ਸਾਉਣ ਮਹੀਨੇ ਕਾਲੀਆਂ ਘਟਾਵਾਂ ਚੜ੍ਹਨ, ਬੱਦਲ ਗੱਜਣ ਨਾਲ ਮੀਂਹ ਦੀ ਛਹਿਬਰ ਲੱਗ ਜਾਂਦੀ ਹੈ। ਮੀਂਹ ਪੈਣ ਨਾਲ ਫਸਲਾਂ ਝੂਮਣ ਲੱਗਦੀਆਂ ਹਨ। ਮੀਂਹ ਪੈਣ ਨਾਲ ਜਿੱਥੇ ਪਸ਼ੂ, ਪੰਛੀ, ਚਿੜੀਆਂ, ਘੁੱਗੀਆਂ, ਕੋਇਲਾ, ਗੁਟਾਰਾਂ, ਪਪੀਹੇ, ਇੱਲ੍ਹਾਂ, ਤੋਤੇ ਸਭ ਖੁਸ਼ੀ ਦਾ ਰਾਗ ਅਲਾਪਦੇ ਹਨ, ਉਥੇ ਮੋਰ ਮਿੱਠੀ-ਮਿੱਠੀ ਧੁਨ ਵਿੱਚ ਆਵਾਜ਼ਾਂ ਕੱਢਦੇ ਅਤੇ ਪੈਲਾਂ ਪਾਉਂਦੇ ਹਨ। ਸਾਉਣ ਮਹੀਨੇ ਵਿੱਚ ਮੋਰਾਂ ਦੀ ਖੁਸ਼ੀ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਕੁਝ ਇਸ ਤਰ੍ਹਾਂ ਫਰਮਾਇਆ ਹੈ :
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ।
ਸਾਉਣ ਕੁੜੀਆਂ ਲਈ ਖੁਸ਼ੀਆਂ ਭਰਿਆ ਮਹੀਨਾ ਹੁੰਦਾ ਹੈ। ਬੇੜੀ ਦੇ ਪੂਰ ਵਾਂਗ ਵਿੱਛੜ ਕੇ ਸਹੁਰੇ ਗਈਆਂ ਕੁੜੀਆਂ ਨੂੰ ਮੁੜ ਮਿਲਣ ਦਾ ਸਬੱਬ ਸਾਉਣ ਦੀਆਂ ਤੀਆਂ ਵਿੱਚ ਹੀ ਹੁੰਦਾ ਹੈ। ਸਹੇਲੀਆਂ ਨਾਲ ਗੱਲਾਂ ਕਰ ਕੇ ਮਨ ਹਲਕਾ ਕਰਦੀਆਂ ਹਨ। ਪਹਿਲੇ ਵੇਲਿਆਂ ਵਿੱਚ ਸਾਉਣ ਮਹੀਨੇ ਨੂੰਹ-ਸੱਸ ਆਹਮੋ ਸਾਹਮਣੇ ਨਹੀਂ ਹੁੰਦੀਆਂ ਸਨ। ਇਸ ਲਈ ਸੱਜ ਵਿਆਹੀਆਂ ਕੁੜੀਆਂ ਪੇਕੇ ਆ ਜਾਂਦੀਆਂ। ਭਰਾ ਆਪਣੀ ਭੈਣ ਨੂੰ ਸਹੁਰਿਆਂ ਤੋਂ ਲੈ ਜਾਂਦੇ, ਪਰ ਕਈ ਵਾਰੀ ਭਰਾਵਾਂ ਕੋਲ ਇੰਨੀ ਵਿਹਲ ਨਹੀਂ ਹੁੰਦੀ ਕਿ ਉਹ ਆਪਣੀ ਭੈਣ ਨੂੰ ਸਹੁਰੇ ਘਰੋਂ ਆ ਕੇ ਲੈ ਜਾਵੇ। ਉਸ ਵਕਤ ਸੱਸ ਵੀ ਮਿਹਣੇ-ਤਾਅਨੇ ਮਾਰਦੀ ਹੈ :
ਬਹੁਤਿਆਂ ਭਰਾਵਾਂ ਵਾਲੀਏ,
ਤੈਨੂੰ ਤੀਆਂ ਨੂੰ ਲੈਣ ਨਾ ਆਏ।
ਨੂੰਹ ਜਵਾਬ ਵਿੱਚ ਆਪਣੀ ਸੱਸ ਨੂੰ ਕਹਿੰਦੀ ਹੈ :
ਸੱਸੀਏ ਨੀਂ ਆਕੜ ਖੋਰੀਏ, ਤੈਥੋਂ ਡਰਦੇ ਲੈਣ ਨਾ ਆਏ।
ਜਦੋਂ ਕੁੜੀਆਂ ਸਹੁਰੇ ਘਰੋਂ ਪੇਕੇ ਘਰ ਆ ਜਾਂਦੀਆਂ ਤਾਂ ਸਹੇਲੀਆਂ ਮਿਲ ਕੇ ਬੈਠਦੀਆਂ, ਭਾਵ ਤੀਆਂ ਲੱਗਦੀਆਂ। ਹਰ ਪਿੰਡ ਵਿੱਚ ਤੀਆਂ ਲੱਗਣ ਦੀ ਥਾਂ ਮੁਕੱਰਰ ਹੁੰਦੀ ਹੈ। ਕਈ ਪਿੰਡਾਂ ਵਿੱਚ ਤੀਆਂ ਟੋਭੇ ਦੇ ਦੁਆਲੇ, ਪਿੱਪਲਾਂ-ਬੋਹੜਾਂ ਦੇ ਝੁੰਡ ਵਿੱਚ ਲੱਗਦੀਆਂ ਹਨ। ਜਿੱਥੇ ਕੁੜੀਆਂ ਪੀਂਘਾਂ ਝੂਟਦੀਆਂ ਹਨ ਅਤੇ ਗਿੱਧੇ ਦੀਆਂ ਧਮਾਲਾਂ ਪਾਉਂਦੀਆਂ ਹਨ। ਝਾਂਜਰਾਂ ਵਾਲੀਆਂ ਅੱਡੀਆਂ ਦੀ ਧਮਕਾਰ ਇਕਮਿਕ ਹੋ ਜਾਂਦੀ ਹੈ। ਬੋਲੀ ਦੀ ਆਵਾਜ਼ ਨਾਲ ਸਾਉਣ ਦੀਆਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ। ਕੁੜੀਆਂ ਚਰਖੇ ਕੱਤਦੀਆਂ, ਨੱਚਦੀਆਂ ਤੇ ਇੱਕ ਦੂਜੀ ਨਾਲ ਦੁੱਖ-ਸੁੱਖ ਫੋਲ ਕੇ ਮਨ ਨੂੰ ਹਲਕਾ ਕਰਦੀਆਂ ਸਨ। ਸਾਉਣ ਮਹੀਨੇ ਕੁੜੀਆਂ ਜਦੋਂ ਇਕੱਠੀਆਂ ਹੁੰਦੀਆਂ ਤਾਂ ਸੱਸ ਨੂੰ ਲੈ ਕੇ ਬੋਲੀਆਂ ਪਾਉਂਦੀਆਂ :
ਸੁਣ ਨੀਂ ਸੱਸੀਏ ਵੜੇਵੇਂ ਅੱਖੀਏ
ਤੈਨੂੰ ਵਾਰ-ਵਾਰ ਸਮਝਾਵਾਂ
ਗਾਲ੍ਹ ਭਰਾਵਾਂ ਦੀ, ਮੈਂ ਨਾ ਡਾਢੀਏ ਖਾਵਾਂ.
ਜਦੋਂ ਕੁੜੀਆਂ ਬੈਠੀ ਚਰਖੇ ਕੱਤਦੀਆਂ, ਨੱਚਦੀਆਂ, ਪੀਂਘਾਂ ਝੂਟਦੀਆਂ ਤਾਂ ਕਈ ਵਾਰ ਮੀਂਹ ਪੈਣ ਲੱਗਦਾ। ਮੁਟਿਆਰਾਂ ਮੀਂਹ ਵਿੱਚ ਭਿੱਜ ਕੇ ਘਰ ਵੜਦੀਆਂ, ਜਿਸ ਦਾ ਵਰਣਨ ਸਾਡੀਆਂ ਲੋਕ ਬੋਲੀਆਂ ਵਿੱਚ ਇੰਝ ਮਿਲਦਾ ਹੈ :
ਆਇਆ ਸਾਵਣ ਦਿਲ ਪਰਚਾਵਣ,
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜ ਗਈ, ਨਾਲੇ ਰਾਮ ਪਿਆਰੀ।
ਕੁੜਤੀ ਹਰੋ ਦੀ ਭਿੱਜੀ ਵਰੀ ਦੀ,
ਨੱਬਿਆਂ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜਗੀ, ਬਹੁਤੇ ਗੋਟੇ ਵਾਲੀ।
ਪੀਂਘ ਝੂਟਦੀ ਸੱਸ ਡਿੱਗ ਪਈ, ਨਾਲੇ ਨਾਭੇ ਵਾਲੀ।
ਸ਼ਾਮੋ ਕੁੜੀ ਦੀ ਝਾਂਜਰ ਗੁਆਚੀ, ਆ ਰੱਖੀ ਨੇ ਭਾਲੀ।
ਭਿੱਜ ਗਈ ਲਾਜੋ ਵੇ, ਬਹੁਤੇ ਹਰਖਾਂ ਵਾਲੀ।
ਸਾਉਣ ਮਹੀਨਾ ਜਿੱਥੇ ਨੱਚਣ-ਟੱਪਣ ਦਾ ਮਹੀਨਾ ਹੈ, ਉਥੇ ਖਾਣ-ਪੀਣ ਲਈ ਇਹ ਮਹੀਨਾ ਖੀਰ, ਪੂੜਿਆਂ, ਗੁਲਗਲੇ ਤੇ ਮੱਠੀਆਂ ਲਈ ਵਿਸ਼ੇਸ਼ ਹੈ। ਸਾਉਣ ਮਹੀਨੇ ਵਿੱਚ ਘਰਾਂ ਦੀਆਂ ਸੁਆਣੀਆਂ ਖੀਰ ਪੂੜੇ ਜ਼ਰੂਰ ਬਣਾਉਂਦੀਆਂ ਹਨ। ਇਸ ਦਾ ਜ਼ਿਕਰ ਸਾਡੇ ਪੰਜਾਬੀ ਲੋਕ ਗੀਤ ਅਤੇ ਕਹਾਵਤਾਂ ਵਿੱਚ ਹੈ :
ਸਾਉਣ ਮਹੀਨੇ ਬੱਦਲ ਜ਼ੋਰ।
ਵਰ੍ਹਦਾ ਮੀਂਹ ਕਿਨਾਰੇ ਤੋੜ।
ਤੀਆਂ, ਰੱਖੜੀਆਂ ਦੇ ਚਾਅ।
ਖਾਈਏ, ਪੂੜੇ, ਖੀਰ, ਕੜਾਹ।
ਕਹਾਵਤ ਹੈ ਕਿ ‘ਸਾਉਣ ਖੀਰ ਨਾ ਖਾਧੀਆ, ਕਿਉਂ ਜੰਮਿਆ ਅਪਰਾਧੀਆ। ਸਾਉਣ ਮਹੀਨੇ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਗੁੱਡੀ ਫੂਕਦੀਆਂ ਹਨ ਅਤੇ ਗੀਤ ਗਾਉਂਦੀਆਂ :
ਕਾਲੀਆਂ ਇੱਟਾਂ ਕਾਲੇ ਰੋੜ
ਮੀਂਹ ਵਰ੍ਹਾ ਦੇ ਜ਼ੋਰੋ ਜ਼ੋਰ।
***
ਰੱਬਾ ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ।
ਇਹ ਮੰਨਿਆ ਜਾਂਦਾ ਸੀ ਕਿ ਗੁੱਡੀ ਫੁਕਣ ਨਾਲ ਮੀਂਹ ਪੈਂਦਾ ਹੈ। ਗੁੱਡੀ ਫੂਕਣ ਤੋਂ ਇਲਾਵਾ ਸਾਉਣ ਮਹੀਨੇ ਅੰਬਾਂ ਉੱਤੇ ਜਵਾਨੀ ਆਉਂਦੀ ਹੈ। ਇਸ ਸਮੇਂ ਬਾਗਾਂ ਵਿੱਚ ਅੰਬੀਆਂ ਦੀਆਂ ਟਾਹਣੀਆਂ ਅੰਬਾਂ ਦੇ ਭਾਰ ਨਾਲ ਲਟਕਦੀਆਂ ਦਿਖਾਈ ਦਿੰਦੀਆਂ ਹਨ। ਇੱਕ ਅਜੀਬ ਜਿਹੀ ਮਹਿਕ ਬਾਗਾਂ ਵਿੱਚੋਂ ਆਉਣ ਲੱਗਦੀ ਹੈ। ਬਾਗਾਂ ਵਿੱਚ ਕੋਇਲ ਵੀ ਸਾਉਣ ਮਹੀਨੇ ਆਉਂਦੀ ਤੇ ਮਿੱਠੇ ਮਿੱਠੇ ਗੀਤ ਸੁਣਾਉਂਦੀ ਹੈ।ਸਾਉਣ ਮਹੀਨੇ ਜਿਹੜੀਆਂ ਕੁੜੀਆਂ ਪੇਕੇ ਨਹੀਂ ਆਉਂਦੀਆਂ ਉਨ੍ਹਾਂ ਨੂੰ ਉਨ੍ਹਾਂ ਦੇ ਪੇਕੇ ਸੰਧਾਰਾ ਦਿੰਦੇ ਤੇ ਜਦੋਂ ਤੀਆਂ ਦਾ ਤਿਉਹਾਰ ਮਨਾਉਣ ਮਗਰੋਂ ਸਹੁਰੇ ਘਰ ਜਾਂਦੀਆਂ ਤਾਂ ਉਨ੍ਹਾਂ ਨੂੰ ਸੰਧਾਰਾ ਦਿੱਤਾ ਜਾਂਦਾ। ਇਸ ਵਿੱਚ ਮਹਿੰਦੀ, ਕੱਪੜੇ ਲੱਤੇ, ਚੂੜੀਆਂ ਅਤੇ ਖਾਣ ਦਾ ਸਾਮਾਨ ਹੁੰਦਾ ਹੈ ਅਤੇ ਕੋਈ-ਕੋਈ ਪੁੱਗਦਾ ਪਰਵਾਰ ਗਹਿਣਾ ਗੱਟਾ ਵੀ ਤੁਰਨ ਲੱਗਿਆਂ ਆਪਣੀ ਧੀ ਨੂੰ ਦਿੰਦਾ। ਸੰਧਾਰੇ ਦੇ ਰੂਪ ਵਿੱਚ ਮੱਠੀਆਂ, ਕੱਪੜੇ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ।ਜਦੋਂ ਵੀਰਾ ਸੰਧਾਰਾ ਲੈ ਕੇ ਭੈਣ ਦੇ ਘਰ ਪਹੁੰਚਦਾ ਤਾਂ ਭੈਣ ਦਾ ਚਾਅ ਨਹੀਂ ਸੀ ਚੁੱਕਿਆ ਜਾਂਦਾ। ਭੈਣ ਖੁਸ਼ੀ ਵਿੱਚ ਕਹਿੰਦੀ :
ਮੇਰਾ ਵੀਰ ਸੰਧਾਰਾ ਲਿਆਇਆ,
ਨੀਂ ਲੰਮੇ ਚੀਰ ਕੇ ਪੈਂਡੇ ਆਇਆ
ਅੰਮੜੀ ਦੇ ਜਾਇਆ ਵੇ,
ਗਲ ਲੱਗ ਮਿਲੀਏ ਆ ਭੈਣ ਭਰਾ
ਉਹ ਸੰਧਾਰਾ ਫੇਰ ਸ਼ਰੀਕੇ ਵਿੱਚ ਵੰਡਿਆ ਜਾਂਦਾ ਸੀ। ਭੈਣ ਦਾ ਵੀਰ ਇੱਕ ਦੋ ਦਿਨ ਭੈਣ ਕੋਲ ਰਹਿੰਦਾ ਤੇ ਸੁੱਖ ਸਾਂਦ ਲੈ ਕੇ ਆ ਜਾਂਦਾ। ‘ਸੰਧਾਰੇ’ ਨੂੰ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਪਿੱਛੋਂ ਭਾਦੋਂ ਆਉਂਦੀ ਹੈ। ਭਾਦੋਂ ਲਈ ਕਹਾਵਤ ਹੈ ‘ਸਾਉਣ ਵੀਰ ਮਿਲਾਵੇ, ਭਾਦੋਂ ਚੰਦਰੀ ਵਿਛੋੜੇ ਪਾਵੇ।’ਸਾਉਣ ਖਤਮ ਹੁੰਦਾ ਹੈ ਤਾਂ ਕੁੜੀਆਂ ਦਾ ਵਿਛੋੜਾ ਸ਼ੁਰੂ ਹੋ ਜਾਂਦਾ ਹੈ। ਕੁੜੀਆਂ ਦੇ ਸਹੁਰਿਆਂ ਤੋਂ ਸੁਨੇਹੇ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਪੰਜਾਬੀ ਬੋਲੀਆਂ ਵਿੱਚ ਜ਼ਿਕਰ ਇਵੇਂ ਮਿਲਦਾ ਹੈ :
ਚੜ੍ਹਿਆ ਸੀ ਸਾਉਣ, ਸਹੁਰੇ ਦਿੱਤੀਆਂ ਵੇ ਛੁੱਟੀਆਂ।
ਚੜ੍ਹ ਗਈ ਭਾਦੋਂ, ਸਹੁਰੇ ਪਾਉਣ ਵੀਰ ਚਿੱਠੀਆਂ।
ਅੱਜ ਕੱਲ੍ਹ ਕੁੜੀਆਂ ਸਾਉਣ ਮਹੀਨੇ ਵਿੱਚ ਰਸਮ ਪੂਰੀ ਕਰਨ ਲਈ ਪੇਕੇ ਘਰ ਆਉਂਦੀਆਂ ਹਨ। ਮਗਰੋਂ ਉਸ ਦਾ ਪਤੀ ਉਸ ਨੂੰ ਲੈਣ ਲਈ ਆ ਜਾਂਦਾ ਹੈ ਤਾਂ ਇਹ ਸਤਰਾਂ ਬੋਲਦੀਆਂ ਹਨ :
ਇਹਦੇ ਮਾਰੋ ਨੀਂ ਘੋਟਣਾ ਨਿੰਮ ਦਾ,
ਤੀਆਂ ਵਿੱਚ ਲੈਣ ਆ ਗਿਆ।
ਪੱਛਮੀ ਸੰਗੀਤ ਨੇ ਡਿਸਕੋ-ਡਾਂਸ ਨਾਲ ਹੀ ਲੋਕਾਂ ਦਾ ਮਨੋਰੰਜਨ ਸ਼ੁਰੂ ਕਰ ਦਿੱਤਾ ਹੈ। ਸਾਉਣ ਵਿੱਚ ਗਿੱਧੇ ਵੀ ਕਿਤੇ-ਕਿਤੇ ਹੀ ਪੈਂਦੇ ਸੁਣਦੇ ਹਨ। ਕੁੜੀਆਂ ਨੂੰ ਸਹੁਰੇ ਘਰਾਂ ਤੋਂ ਵਿਹਲ ਨਹੀਂ ਮਿਲਦੀ। ਗੁੱਡੀ ਫੂਕਣ ਦੀ ਰਸਮ ਖਤਮ ਹੀ ਹੋ ਗਈ ਲੱਗਦੀ ਹੈ। ਅੰਬਾਂ ਦੇ ਬਾਗ ਵੀ ਨਹੀਂ ਮਿਲਦੇ, ਅੰਬਾਂ ਦੇ ਬੂਟਿਆਂ ਨੂੰ ਵੱਧ ਕੱਟਿਆ ਜਾ ਰਿਹਾ ਹੈ। ਸਾਉਣ ਮਹੀਨਾ ਗਰੀਬਾਂ ਲਈ ਬਹੁਤਾ ਚੰਗਾ ਨਹੀਂ ਹੁੰਦਾ। ਮੀਂਹ ਕਾਰਨ ਬਹੁਤਾ ਕੰਮ ਕਾਰ ਨਹੀਂ ਚੱਲਦਾ। ਗਰੀਬਾਂ ਦੀ ਆਰਥਿਕ ਹਾਲਤ ਖਰਾਬ ਹੋ ਜਾਂਦੀ ਹੈ, ਪਰ ਜੋ ਵੀ ਹੈ ਸਾਉਣ ਬਹੁਤ ਪਿਆਰਾ ਮਹੀਨਾ ਹੈ। ਸਾਉਣ ਮਹੀਨਾ ਸੱਜ ਵਿਆਹੀ ਦੀ ਤਰ੍ਹਾਂ ਹੁੰਦਾ ਹੈ। ਜੋ ਰੌਣਕ ਲਾਈ ਰੱਖਦਾ ਹੈ। ਦਰੱਖਤ ਉੱਤੇ ਹੁਸਨ ਦੀਆਂ ਬਹਾਰਾਂ ਆ ਜਾਂਦੀਆਂ ਹਨ।

Have something to say? Post your comment