Welcome to Canadian Punjabi Post
Follow us on

11

August 2022
ਟੋਰਾਂਟੋ/ਜੀਟੀਏ

ਕਾਊਂਸਲਰ ਗੁਰਪ੍ਰੀਤ ਢਿੱਲੋਂ ਦੇ ਮਾਮਲੇ ਨੂੰ ਹੱਲ ਕਰਨ ਲਈ ਸਿਟੀ ਵੱਲੋਂ ਕੋਈ ਰਕਮ ਨਹੀਂ ਸੀ ਦਿੱਤੀ ਗਈ : ਸਿਟੀ ਸੌਲੀਸਿਟਰ

August 04, 2022 11:40 PM

ਬਰੈਂਪਟਨ, 4 ਅਗਸਤ (ਪੋਸਟ ਬਿਊਰੋ) : ਸਿਟੀ ਸੌਲੀਸਿਟਰ ਵੱਲੋਂ ਮੇਅਰ ਪੈਟ੍ਰਿਕ ਬ੍ਰਾਊਨ ਤੇ ਕਾਊਂਸਲ ਦੇ ਹੋਰਨਾਂ ਮੈਂਬਰਾਂ ਨੂੰ ਮੰਗਲਵਾਰ ਸਵੇਰੇ ਭੇਜੀ ਗਈ ਇੱਕ ਈਮੇਲ ਵਿੱਚ ਇਸ ਦਾਅਵੇ ਤੋਂ ਇਨਕਾਰ ਕੀਤਾ ਗਿਆ ਹੈ ਕਿ ਕਾਊਂਸਲਰ ਗਰੁਪ੍ਰੀਤ ਢਿੱਲੋਂ ਖਿਲਾਫ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੇ ਮਸਲੇ ਨੂੰ ਹੱਲ ਕਰਨ ਲਈ ਸੁਲ੍ਹਾ ਸਫਾਈ ਵਾਸਤੇ ਰਕਮ ਦਿੱਤੀ ਗਈ ਸੀ।
ਮੰਗਲਵਾਰ ਸਵੇਰੇ ਬ੍ਰਾਊਨ ਵੱਲੋਂ ਪ੍ਰੈੱਸ ਕਾਨਫਰੰਸ ਕੀਤੇ ਜਾਣ ਤੋਂ ਪਹਿਲਾਂ ਬਰੈਂਪਟਨ ਦੀ ਕਮਿਸ਼ਨਰ ਆਫ ਲੈਜਿਸਲੇਟਿਵ ਸਰਵਿਸਿਜ਼ ਅਤੇ ਸਿਟੀ ਦੀ ਸੌਲੀਸਿਟਰ ਡਾਇਨਾ ਸੂਸ ਨੇ ਇਹ ਈਮੇਲ ਲਿਖ ਕੇ ਆਖਿਆ ਕਿ ਉਨ੍ਹਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾਂਦੀ ਹੈ ਕਿ ਕਾਊਂਸਲਰ ਢਿੱਲੋਂ ਨਾਲ ਸਬੰਧਤ ਇਸ ਮਸਲੇ ਨੂੰ ਸੈਟਲ ਕਰਨ ਲਈ ਸਿਟੀ ਵੱਲੋਂ ਕਿਸੇ ਤਰ੍ਹਾਂ ਦੀ ਰਕਮ ਨਹੀਂ ਦਿੱਤੀ ਗਈ। ਪਰ ਸਿਟੀ ਦੀ ਉੱਘੀ ਵਕੀਲ ਦੇ ਇਸ ਸਪਸ਼ਟ ਬਿਆਨ ਦੇ ਬਾਵਜੂਦ ਮੇਅਰ ਪੈਟ੍ਰਿਕ ਬ੍ਰਾਊਨ ਨੇ ਜਨਤਕ ਤੌਰ ਉੱਤੇ ਇਹ ਦਾਅਵਾ ਕੀਤਾ ਕਿ ਇਹ ਰਕਮ ਸਿਟੀ ਵੱਲੋਂ ਅਦਾ ਕੀਤੀ ਗਈ ਹੈ।
ਸੂਸ ਨੇ ਇਹ ਵੀ ਆਖਿਆ ਸੀ ਕਿ ਇਸ ਮੁੱਦੇ ਉੱਤੇ ਜਨਤਕ ਤੌਰ ਉੱਤੇ ਕੀਤੀ ਜਾਣ ਵਾਲੀ ਕਿਸੇ ਕਿਸਮ ਦੀ ਟਿੱਪਣੀ ਨਾਲ ਸਿਟੀ ਆਫ ਬਰੈਂਪਟਨ ਖਿਲਾਫ ਕਾਨੂੰਨੀ ਕਾਰਵਾਈ ਦਾ ਖਤਰਾ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਇਸ ਮੁੱਦੇ ਨੂੰ ਜਨਤਕ ਤੌਰ ਉੱਤੇ ਵਿਚਾਰਨ ਲਈ ਵੀ ਸਾਰਿਆਂ ਨੂੰ ਮਨ੍ਹਾਂ ਕੀਤਾ ਸੀ। ਈਮੇਲ ਵਿੱਚ ਕਿਤੇ ਵੀ ਇਸ ਗੱਲ ਦਾ ਕੋਈ ਜਿ਼ਕਰ ਨਹੀਂ ਹੈ ਕਿ ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੇ ਸਮਝੌਤੇ ਉੱਤੇ ਪਹੁੰਚਿਆ ਗਿਆ।ਸੂਸ ਨੇ ਇਹ ਵੀ ਆਖਿਆ ਕਿ ਜੇ ਢਿੱਲੋਂ ਬਾਰੇ ਦੋਸ਼ਾਂ ਦੇ ਸਬੰਧ ਵਿੱਚ ਕੋਈ ਵੀ ਫੈਸਲਾ ਕਾਨੂੰਨੀ ਤੌਰ ਉੱਤੇ ਲਿਆ ਜਾਂਦਾ ਹੈ ਤਾਂ ਉਸ ਵਿੱਚ ਢਿੱਲੋਂ ਨੂੰ ਸ਼ਾਮਲ ਨਹੀਂ ਹੋਣਾ ਚਾਹੀਦਾ। ਇਸ ਸਬੰਧ ਵਿੱਚ ਇੰਸ਼ੋਰੈਂਸ ਪ੍ਰੋਵਾਈਡਰਜ਼ ਇਹ ਤੈਅ ਕਰਦੇ ਹਨ ਕਿ ਅੱਗੇ ਕਿਵੇਂ ਵਧਣਾ ਹੈ। ਤੀਜੀ ਪਾਰਟੀ ਇੰਸ਼ੋਰੈਂਸ ਕੰਪਨੀ ਹੀ ਇਹ ਤੈਅ ਕਰੇਗੀ ਜੇ ਕਿਸੇ ਤਰ੍ਹਾ ਦਾ ਸਮਝੌਤਾ ਹੁੰਦਾ ਹੈ।
ਪ੍ਰੈੱਸ ਕਾਨਫਰੰਸ ਵਿੱਚ ਵੀ ਬ੍ਰਾਊਨ ਨੇ ਚੋਣਵੇਂ ਮੀਡੀਆ ਨੂੰ ਹੀ ਸ਼ਮੂਲੀਅਤ ਦਾ ਸੱਦਾ ਦਿੱਤਾ ਸੀ।ਬ੍ਰਾਊਨ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਇਸ ਤਰ੍ਹਾਂ ਸਿਟੀ ਵੱਲੋਂ ਰਕਮ ਦਿੱਤੇ ਜਾਣ ਦੀ ਖਬਰ ਦੀ ਪੁਸ਼ਟੀ ਸਿਟੀ ਦੇ ਚੀਫ ਐਡਮਨਿਸਟ੍ਰੇਟਿਵ ਆਫੀਸਰ (ਸੀਏਓ) ਵੱਲੋਂ ਕੀਤੀ ਜਾਵੇਗੀ। ਪਰ ਬਰੈਂਪਟਨ ਦੇ ਕਾਰਜਕਾਰੀ ਸੀਏਓ ਪਾਲ ਮੌਰੀਸਨ ਨੇ ਬ੍ਰਾਊਨ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਸਿਟੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਟਿੱਪਣੀ ਨਹੀਂ ਕਰ ਸਕਦੀ।
ਮੇਅਰ ਬ੍ਰਾਊਨ ਵੱਲੋਂ ਜਨਤਕ ਤੌਰ ਉੱਤੇ ਇਸ ਮਸਲੇ ਨੂੰ ਸੁਲਝਾਉਣ ਲਈ ਸਿਟੀ ਵੱਲੋਂ ਪੈਸੇ ਦੇਣ ਦੇ ਲਾਏ ਗਏ ਦੋਸ਼ਾਂ ਤੋਂ ਢਿੱਲੋਂ ਵੱਲੋਂ ਇਨਕਾਰ ਕੀਤਾ ਗਿਆ ਹੈ। ਇਸ ਸਮੇਂ ਮੇਅਰ ਬ੍ਰਾਊਨ ਉੱਤੇ ਢਿੱਲੋਂ ਵੱਲੋਂ ਕਾਨੂੰੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਿ਼ਕਰਯੋਗ ਹੈ ਕਿ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਸੁਲ੍ਹਾ ਸਫਾਈ ਵਾਸਤੇ ਰਕਮ ਦਿੱਤੇ ਜਾਣ ਦੇ ਕੀਤੇ ਕਥਿਤ ਦਾਅਵੇ ਨੂੰ ਨਕਾਰਦਿਆਂ ਆਖਿਆ ਸੀ ਕਿ ਉਹ ਮੇਅਰ ਖਿਲਾਫ ਕਾਨੂੰਨੀ ਕਾਰਵਾਈ ਕਰਨਗੇ। ਨਵੰਬਰ 2019 ਵਿੱਚ ਤੁਰਕੀ ਦੇ ਇੱਕ ਮਿਸ਼ਨ ਉੱਤੇ ਢਿੱਲੋਂ ਵੱਲੋਂ ਕਥਿਤ ਤੌਰ ਉੱਤੇ ਬਰੈਂਪਟਨ ਦੀ ਬਿਜ਼ਨਸਵੁਮਨ ਉੱਤੇ ਜਿਨਸੀ ਹਮਲਾ ਕਰਨ ਦਾ ਦੋਸ਼ ਸੀ। ਪਰ ਢਿੱਲੋਂ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਗਿਆ ਸੀ ਜਦਕਿ ਉਸ ਮਹਿਲਾ ਨੇ 2 ਮਿਲੀਅਨ ਡਾਲਰ ਹਰਜਾਨੇ ਵਜੋਂ ਹਾਸਲ ਕਰਨ ਲਈ ਢਿੱਲੋਂ ਖਿਲਾਫ ਕੇਸ ਕੀਤਾ ਸੀ।
ਇੱਥੇ ਦੱਸਣਾ ਬਣਦਾ ਹੈ ਕਿ ਜੁਲਾਈ ਦੇ ਪਹਿਲੇ ਹਫਤੇ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ਪ ਦੌੜ ਤੋਂ ਬਾਹਰ ਕੀਤੇ ਗਏ ਬ੍ਰਾਉਨ ਨੂੰ ਮੇਅਰ ਦੇ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕਰਨ ਵਾਲੇ ਛੇ ਕਾਊਂਸਲ ਮੈਂਬਰਾਂ ਦੇ ਗਰੁੱਪ ਵਿੱਚ ਢਿੱਲੋਂ ਵੀ ਸ਼ਾਮਲ ਸਨ। ਇਸ ਗਰੁੱਪ ਨੇ ਸਿਟੀ ਕਾਊਂਸਲ ਦੀਆਂ ਪਿਛਲੀਆਂ ਕੁੱਝ ਮੀਟਿੰਗਾਂ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਮੇਅਰ ਨੇ ਉਨ੍ਹਾਂ ਦੀ ਤਨਖਾਹ ਰੋਕਣ ਦੀ ਧਮਕੀ ਵੀ ਦਿੱਤੀ ਸੀ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਉਟਨਐਸ਼਼ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇ ਹਸਪਤਾਲਾਂ ਦੇ ਨਿਜੀਕਰਣ ਉੱਤੇ ਵਿਚਾਰ ਕਰ ਰਹੀ ਹੈ ਸਰਕਾਰ ! ਹੋਟਲ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ ਟੀਟੀਸੀ ਦੇ ਟਰੈਕਸ ਉੱਤੇ ਘੁੰਮਦੀ ਮਿਲੀ 4 ਸਾਲਾ ਬੱਚੀ 10 ਮੀਟਰ ਸ਼ੂਟਰ ਰੇਂਜ ਦੇ ਚੈਂਪੀਅਨ ਰਾਜਪ੍ਰੀਤ ਸਿੰਘ ਦੀ ਓਲਿੰਪਿਕਸ-2024 ਵੱਲ ਇਕ ਹੋਰ ਪੁਲਾਂਘ ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਪੂਰੇ ਜੋਸ਼-ਓ-ਖ਼ਰੋਸ਼ ਨਾਲ 7 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ 'ਚ ਹੋਈ ਬਰੈਂਪਟਨ ਵਿੱਚ ਪੰਜਾਬੀ ਰੇਡੀਓ ਸ਼ੋਅ ਹੋਸਟ ਉੱਤੇ ਕੁਹਾੜੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ ਮਿਸੀਸਾਗਾ ਦੇ ਰੈਸਟੋਰੈਂਟ ਵਿੱਚ ਮਾਰਿਆ ਗਿਆ ਡਾਕਾ ਫੋਰਡ ਸਰਕਾਰ ਦੇ ਰਾਜ ਭਾਸ਼ਣ ਵਿੱਚ ਹੈਲਥਕੇਅਰ ਸੰਕਟ ਤੇ ਮਹਿੰਗਾਈ ਦਾ ਮੁੱਦਾ ਰਹੇ ਚਰਚਾ ਦਾ ਵਿਸ਼ਾ ਹੁਣ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ 11 ਤੋਂ 22 ਅਗਸਤ ਤੱਕ ਮਿਸੀਸਾਗਾ ’ਚ