ਮਾਨਸਾ, 3 ਅਗਸਤ (ਪੋਸਟ ਬਿਊਰੋ)- ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਨਸਾ ਪੁਲਸ ਨੇ ਰਾਜਸਥਾਨ ਦੇ ਹਿਸਟਰੀ ਸ਼ੀਟਰ ਅਰਸ਼ਦ ਖਾਨ ਨੂੰ ਕੱਲ੍ਹ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਅਤੇ ਸਿਵਲ ਹਸਪਤਾਲ ਵਿੱਚ ਮੁਆਇਨਾ ਕਰਵਾਉਣ ਪਿੱਛੋਂ ਅਦਾਲਤ ਵਿੱਚ ਪੇਸ਼ ਕਰ ਕੇ ਸੱਤ ਅਗਸਤ ਤਕ ਪੁਲਸ ਰਿਮਾਂਡ ਲਿਆ ਹੈ।
ਮਾਨਸਾ ਪੁਲਸ ਅਨੁਸਾਰ ਅਰਸ਼ਦ ਖਾਨ ਨੇ ਸ਼ੂਟਰਾਂ ਨੂੰ ਮੂਸੇਵਾਲਾ ਦੇ ਕਤਲ ਕਰਨ ਲਈ ਬਲੈਰੋ ਗੱਡੀ ਦਿੱਤੀ ਸੀ। ਐੱਸ ਐੱਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਅਰਸ਼ਦ ਖਾਨ ਵੱਲੋਂ ਬਲੈਰੋ ਗੱਡੀ ਕਾਤਲਾਂ ਤਕ ਭੇਜਣ ਦੀ ਪੜਤਾਲ ਕੀਤੀ ਜਾਵੇਗੀ। ਪੁਲਸ ਅਨੁਸਾਰ ਇਹ ਗੱਡੀ ਫਰਵਰੀ ਮਹੀਨੇ ਵਿੱਚ ਹਰਿਆਣੇ ਦੇ ਫਤਿਹਾਬਾਦ ਸ਼ਹਿਰ ਵਿੱਚ ਆਈ ਸੀ। ਇਹ ਸਰਦਾਰ ਸ਼ਹਿਰ ਤੋਂ ਅਰਸ਼ਦ ਖਾਨ ਨੇ ਭੇਜੀ ਸੀ। ਇਸ ਵਿੱਚ ਹਰਿਆਣਾ ਦੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕਸ਼ਿਸ਼ ਅਤੇ ਦੀਪਕ ਮੁੰਡੀ ਸਵਾਰ ਸਨ। ਹਰਿਆਣਾ ਮੌਡਿਊਲ ਦੇ ਸ਼ੂਟਰ ਫੌਜੀ, ਕਸ਼ਿਸ਼ ਅਤੇ ਦੀਪਕ ਇਸ ਵੇਲੇ ਮਾਨਸਾ ਪੁਲਸ ਕੋਲ ਰਿਮਾਂਡ ਉੱਤੇ ਹਨ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੂਸੇਵਾਲਾ ਕਤਲ ਕੇਸ ਵਿੱਚ ਵਰਤੀ ਗਈ ਬਲੈਰੋ ਦਾ ਸੰਬੰਧ ਰਾਜਸਥਾਨ ਦੇ ਰੋਹਿਤ ਗੋਦਾਰ ਗੈਂਗ ਨਾਲ ਹੈ। ਇਸ ਵਿੱਚ ਗੋਦਾਰਾ ਗੈਂਗ ਦੇ ਗੈਂਗਸਟਰ ਦਾਨਾ ਰਾਮ ਦੀ ਭੂਮਿਕਾ ਵੀ ਪੁਲਸ ਨੂੰ ਸ਼ੱਕੀ ਜਾਪਦੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਫਸੇ ਸ਼ੂਟਰ ਪ੍ਰਿਆਵਰਤ ਫੌਜੀ ਕਸ਼ਿਸ਼ ਅਤੇ ਦੀਪਕ ਨੂੰ ਪੁਲਸ ਨੇ ਅਦਾਲਤ ਪੇਸ਼ ਕਰ ਕੇ ਇੱਕ ਨਵੇਂ ਕੇਸ ਵਿੱਚ ਪੰਜ ਅਗਸਤ ਤਕ ਦਾ ਪੁਲਸ ਰਿਮਾਂਡ ਲਿਆ ਹੈ। ਇਹ ਕੇਸ ਮਾਨਸਾ ਦੇ ਥਾਣਾ ਭੀਖੀ ਵਿੱਚ 17 ਅਗਸਤ 2020 ਨੂੰ ਦਰਜ ਹੋਇਆ ਸੀ, ਜਿਸ ਅਨੁਸਾਰ ਪਿੰਡ ਬੋੜਾਵਾਲ ਦੇ ਹਰਪਾਲ ਸਿੰਘ ਉੱਤੇ ਤਿੰਨ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਹਮਲਾ ਕਰ ਕੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਪੁਲਸ ਨੂੰ ਸ਼ੱਕ ਹੈ ਕਿ ਉਹ ਤਿੰਨੇ ਹਮਲਾਵਰ ਇਹੋ ਮੁਲਜ਼ਮ ਹੀ ਹੋ ਸਕਦੇ ਹਨ।