ਪਾਇਲ, 20 ਜੁਲਾਈ (ਪੋਸਟ ਬਿਊਰੋ)- ਇੱਥੇ ਪਿੰਡ ਰੌਣੀ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਪੇਟੀ ਵਿੱਚ ਲੁਕੋ ਦਿੱਤੀ, ਜਿਸ ਨੂੰ ਮ੍ਰਿਤਕਾ ਦੇ ਪਰਵਾਰ ਨੇ ਪੁਲਸ ਦੀ ਮਦਦ ਨਾਲ ਕਢਵਾਇਆ ਹੈ।
ਪੀੜਤ ਪਰਵਾਰ ਨੇ ਦੱਸਿਆ ਕਿ ਜਸਵਿੰਦਰ ਸਿੰਘ ਅਕਸਰ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਸੀ। ਸ਼ੁੱਕਰਵਾਰ ਉਹ ਆਪਣੀ ਪਤਨੀ ਨੂੰ ਮਨਾ ਕੇ ਘਰ ਲੈ ਕੇ ਆਇਆ ਸੀ। ਕੱਲ੍ਹ ਸ਼ਾਮ ਤੋਂ ਕੁਲਵਿੰਦਰ ਕੌਰ ਦਾ ਫੋਨ ਬੰਦ ਆਉਣ ਤੋਂ ਪੇਕਾ ਪਰਵਾਰ ਚਿੰਤਤ ਸੀ। ਉਨ੍ਹਾਂ ਨੇ ਜਦੋਂ ਜਸਵਿੰਦਰ ਸਿੰਘ ਤੋਂ ਕੁਲਵਿੰਦਰ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫੋਨ ਬੰਦ ਕਰ ਲਿਆ। ਸ਼ੱਕ ਪੈਣ ਉੱਤੇ ਕੁਲਵਿੰਦਰ ਕੌਰ ਦੇ ਪੇਕੇ ਉਸ ਦੇ ਪਿੰਡ ਰੌਣੀ ਗਏ। ਘਰ ਨੂੰ ਤਾਲਾ ਲੱਗਾ ਦੇਖ ਕੇ ਸਰਪੰਚ ਦੀ ਮਦਦ ਨਾਲ ਉਹ ਪੁਲਸ ਚੌਕੀ ਗਏ। ਓਥੇ ਚੌਕੀ ਇੰਚਾਰਜ ਨੇ ਉਨ੍ਹਾਂ ਨਾਲ ਆ ਕੇ ਦੇਖਿਆ ਤਾਂ ਜਸਵਿੰਦਰ ਸਿੰਘ ਮੇਨ ਗੇਟ ਨੂੰ ਬਾਹਰੋਂ ਤਾਲਾ ਲਾ ਕੇ ਅੰਦਰ ਕਮਰੇ ਵਿੱਚ ਬੈਠਾ ਸੀ। ਜਦੋਂ ਘਰ ਦੀ ਤਲਾਸ਼ੀ ਲਈ ਤਾਂ ਕੁਲਵਿੰਦਰ ਕੌਰ ਦੀ ਲਾਸ਼ ਪੇਟੀ ਵਿੱਚੋਂ ਮਿਲੀ ਗਈ। ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਅਜੇ ਕਤਲ ਬਾਰੇ ਮੰਨਿਆ ਨਹੀਂ ਤੇ ਇਹੀ ਕਹਿ ਰਿਹਾ ਸੀ ਕਿ ਕਿਸੇ ਗੁਆਂਢੀ ਨੇ ਉਸ ਦੀ ਪਤਨੀ ਨੂੰ ਮਾਰ ਕੇ ਲਾਸ਼ ਅੰਦਰ ਰੱਖੀ ਹੋਵੇਗੀ। ਜਸਵਿੰਦਰ ਸਿੰਘ ਦਾ ਇਹ ਤੀਜਾ ਵਿਆਹ ਸੀ।