ਪੰਜਾਬੀ ਪੋਸਟ ਸੰਪਾਦਕੀ
1985 ਵਿੱਚ ਏਅਰ ਇੰਡੀਆ ਦੀ ਕਨਿਸ਼ਕਾ ਫਲਾਈਟ-182 ਦੇ ਬੰਬ ਕਾਂਡ ਕਾਰਣ 30 ਸਾਲ ਜੇਲ੍ਹ ਵਿੱਚ ਬਿਤਾਉਣ ਵਾਲੇ 75 ਸਾਲਾ ਰਿਪੁਦਮਨ ਸਿੰਘ ਮਲਿਕ ਦਾ ਕੱਲ ਸਰੀ, ਵੈਨਕੂਵਰ ਵਿੱਚ ਕਤਲ ਕਰ ਦਿੱਤਾ ਜਾਣਾ ਕੈਨੇਡੀਅਨ ਸਿੱਖ ਭਾਈਚਾਰੇ ਲਈ ਹੀ ਨਹੀਂ ਸਗੋਂ ਸਮੁੱਚੇ ਸਿੱਖ ਜਗਤ ਵਿੱਚ ਵੱਡੀ ਅਤੇ ਹੈਰਾਨ ਕਰਨ ਵਾਲੀ ਖ਼ਬਰ ਹੈ। ਆਇਰਲੈਂਡ ਦੇ ਸਮੁੰਦਰੀ ਪਾਣੀਆਂ ਉੱਤੇ ਉੱਡ ਰਹੇ ਏਅਰ ਇੰਡੀਆ ਦੀ ਕਨਿਸ਼ਕਾ ਫਲਾਈਟ ਬੰਬ ਫੱਟਣ ਨਾਲ 329 ਯਾਤਰੂ ਮਾਰੇ ਗਏ ਸਨ ਜਿਹਨਾਂ ਵਿੱਚੋਂ ਬਹੁਤੇ ਭਾਰਤੀ ਮੂਲ ਦੇ ਕੈਨੇਡੀਅਨ ਸਨ। ਰਿਪੁਦਮਨ ਮਲਿਕ ਦੇ ਜੀਵਨ ਦਾ ਇਸ ਹਾਦਸੇ ਨਾਲ ਅਨਿੱਖੜਵਾਂ ਸਬੰਧ ਰਿਹਾ ਹੈ। ਉਹ ਜਿੰਨਾ ਆਪਣੇ ਜੀਵਨ ਕਾਲ ਦੌਰਾਨ ਚਰਚਾ ਦਾ ਵਿਸ਼ਾ ਰਿਹਾ, ਉੱਨਾ ਹੀ ਅਚਾਨਕ ਹੋਏ ਗੈਂਗਵਾਰ ਸਟਾਈਲ ਕਤਲ ਰਾਹੀਂ ਕੈਨੇਡਾ ਅਤੇ ਕੈਨੇਡਾ ਤੋਂ ਬਾਹਰ ਚਰਚਾ ਵਿੱਚ ਆਵੇਗਾ। ਮਲਿਕ ਦਾ ਕਤਲ ਕਈ ਸੁਆਲ ਖੜੇ ਕਰਦਾ ਹੈ ਜਿਹਨਾਂ ਦੇ ਜਵਾਬ ਸਮੇਂ ਦੀ ਕੁੱਖ ਵਿੱਚੋਂ ਕਦੋਂ ਉਜਾਗਰ ਹੋਣਗੇ, ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ।
1972 ਵਿੱਚ ਇੱਕ ਸਾਧਾਰਨ ਇੰਮੀਗਰਾਂਟ ਵਾਂਗੂੰ ਕੈਨੇਡਾ ਆਉਣ ਵਾਲੇ ਰਿਪੁਦਮਨ ਮਲਿਕ ਨੇ ਸ਼ੁਰੂਆਤ ਵਿੱਚ ਟੈਕਸੀ ਚਲਾਈ, ਸਮਾਂ ਪਾ ਕੇ ਸਫ਼ਲ ਬਿਜਨਸਮੈਨ ਵਜੋਂ 16,000 ਤੋਂ ਵੱਧ ਮੈਂਬਰਾਂ ਵਾਲੀ ਖਾਲਸਾ ਕਰੈਡਿਟ ਯੂਨੀਅਨ ਦੀ ਸਥਾਪਨਾ ਤੋਂ ਇਸਦੇ ਪ੍ਰੈਜ਼ੀਡੈਂਟ ਤੱਕ ਦਾ ਸਫ਼ਰ ਕੀਤਾ, ਅਨੇਕਾਂ ਲੋਕਾਂ ਨੂੰ ਰੁਜ਼ਗਾਰ ਦਿੱਤਾ ਅਤੇ ਕਈ ਉਹ ਕੰਮ ਕੀਤੇ ਜਿਹੜੇ ਕਿਸੇ ਸਾਧਾਰਨ ਵਿਅਕਤੀ ਸੁਫਨਾ ਵੇਖਣ ਵਰਗੇ ਹੋ ਸਕਦੇ ਹਨ। ਏਅਰ ਇੰਡੀਆ ਬੰਬ ਕਾਂਡ ਵਿੱਚ ਉਹਨਾਂ ਦੀ ਸ਼ਮੂਲੀਅਤ ਰਹੀ ਜਾਂ ਨਹੀਂ ਪਰ ਅਦਾਲਤ ਵਿੱਚ ਦੋਸ਼ ਆਇਦ ਹੋਣੇ ਅਤੇ 30 ਸਾਲ ਜੇ਼ਲ੍ਹ ਵਿੱਚ ਬਿਤਾਉਣੇ ਵੀ ਮਲਿਕ ਦੇ ਜੀਵਨ ਦੀ ਅਸਾਧਾਰਨ ਗੱਲ ਰਹੀ ਹੈੇ। 110 ਮਿਲੀਅਨ ਡਾਲਰ ਦੇ ਅਸਾਸਿਆਂ ਵਾਲੀ ਯੂਨੀਅਨ ਨੂੰ ਖੜਾ ਕਰਨ ਤੋਂ ਇਲਾਵਾ ਉਸਨੇ ਸਤਨਾਮ ਐਜ਼ੁਕੇਸ਼ਨ ਸੁਸਾਇਟੀ ਰਾਹੀਂ ਕਈ ਸਿੱਖ ਸਕੂਲਾਂ ਦੀ ਸਥਾਪਨਾ ਵਿੱਚ ਮੋਢੀ ਰੋਲ ਅਦਾ ਕੀਤਾ ਅਤੇ ਹਜ਼ਾਰਾਂ ਬੱਚਿਆਂ ਅਤੇ ਬਾਲਗਾਂ ਦੇ ਮਨਾਂ ਨੂੰ ਪ੍ਰਭਾਵਿਤ ਕਰਨ ਵਾਲੀ ਸਖ਼ਸਿ਼ਅਤ ਸਾਬਤ ਹੋਇਆ ਹੈ।
ਆਪਣੇ ਜੀਵਨ ਦਾ ਵੱਡਾ ਹਿੱਸਾ ਭਾਰਤ ਖਿਲਾਫ਼ ਆਵਾਜ਼ ਚੁੱਕਣ ਵਾਲੇ ਮਲਿਕ ਨੇ ਸਮਾਂ ਪਾ ਕੇ ਭਾਰਤ ਸਰਕਾਰ ਕੋਲੋਂ ਵੀਜ਼ਾ ਪ੍ਰਾਪਤ ਕੀਤਾ ਅਤੇ ਦਸੰਬਰ 2019 ਵਿੱਚ ਭਾਰਤ ਦੀ ਯਾਤਰਾ ਵੀ ਕੀਤੀ। ਇਹ ਯਾਤਰਾ ਸੰਭਵ ਵੀ ਇਸ ਕਰਕੇ ਹੋਈ ਸੀ ਕਿਉਂਕਿ ਭਾਰਤ ਸਰਕਾਰ ਨੇ ਆਪਣੀ ਸਿੱਖ ਬਲੈਕਲਿਸਟ ਨੂੰ ਖਤਮ ਕਰ ਦਿੱਤਾ ਸੀ। ਇਸੇ ਯਾਤਰਾ ਦੌਰਾਨ ਮਲਿਕ ਦਾ ਉਹ ਮਸ਼ਹੂਰ ਬਿਆਨ ਆਇਆ ਸੀ ਕਿ ਹੁਣ ਭਾਰਤ ਵਿੱਚ ਸਿੱਖ ਵੱਖਵਾਦ ਬਾਰੇ ਕੋਈ ਚਰਚਾ ਨਹੀਂ ਹੈ। ਜਨਵਰੀ 2022 ਵਿੱਚ ਮਲਿਕ ਨੇ ਇੱਕ ਪੱਤਰ ਲਿਖ ਕੇ ਇੱਕ ਵਾਰ ਦੁਬਾਰਾ ਭਾਰਤ ਸਰਕਾਰ ਦੇ ਗੁਣਗਾਨ ਕੀਤੇ ਸਨ। ਸਮਾਂ ਹੀ ਦੱਸੇਗਾ ਕਿ ਕੀ ਇਸ ਕਤਲ ਦਾ ਇਹਨਾਂ ਬਿਆਨਾਂ ਨਾਲ ਸਿੱਧਾ ਜਾਂ ਅਸਿੱਧਾ ਸਬੰਧ ਹੈ ਜਾਂ ਨਹੀਂ?
ਕਿਸੇ ਵਿਅਕਤੀ ਦੀ ਵਿਰਾਸਤ ਕਿਹੋ ਜਿਹੀ ਰਹੀ, ਇਸਦਾ ਵਧੇਰੇ ਕਰਕੇ ਉਸਦੀ ਮੌਤ ਤੋਂ ਬਾਅਦ ਮੁਲਾਂਕਣ ਹੋਇਆ ਕਰਦਾ ਹੈ। ਇਸ ਪਰੀਪੇਖ ਤੋਂ ਅਗਲੇ ਦਿਨ ਦਿਲਚਸਪ ਹੋਣਗੇ ਕਿ ਕਿਹੜੇ ਸਿੱਖ ਖੇਮੇ ਮਲਿਕ ਨੂੰ ਇੱਕ ਯਾਦਗਾਰੀ ਸ਼ਖਸਿ਼ਅਤ ਵਜੋਂ ਚੇਤੇ ਰੱਖਣਗੇ ਜਾਂ ਕੌਣ ਹਨ ਜੋ ਉਸਨੂੰ ਆਪਣੇ ਨਿਸ਼ਾਨੇ ਤੋਂ ਭਟਕ ਗਿਆ ਕਰਾਰ ਦੇਣਗੇ। ਏਅਰ ਇੰਡੀਆ ਬੰਬ ਕਾਂਡ ਦੇ ਪੀੜਤਾਂ ਦੇ ਪਰਿਵਾਰਾਂ ਦਾ ਦੁੱਖ ਆਪਣੀ ਥਾਂ ਹੈ। ਕੀ ਇਹਨਾਂ ਲੋਕਾਂ ਦਾ ਦੁੱਖ ਸੀ ਜਾਂ 30 ਸਾਲ ਦੀ ਜੇਲ੍ਹ ਦਾ ਕੌੜਾ ਅਨੁਭਵ ਸੀ ਜਾਂ ਫੇਰ ਕੋਈ ਅੰਦਰੂਨੀ ਤਬਦੀਲੀ ਸੀ ਜਿਸਨੇ ਮਲਿਕ ਦੀ ਸੋਚ ਨੂੰ ਨਰਮ ਕਰ ਦਿੱਤਾ ਸੀ? ਜਾਂ ਉਸਦੇ ਬਦਲ ਜਾਣ ਦੀ ਕੋਈ ਹੋਰ ਵਜਹ ਸੀ। 77 ਸਾਲ ਦੀ ਉਮਰ ਕਿਸੇ ਵੀ ਵਿਅਕਤੀ ਨੂੰ ਪਿੱਛੇ ਮੁੜ ਕੇ ਆਪਣੇ ਜੀਵਨ ਉੱਤੇ ਵੇਖਣ ਲਈ ਇੱਕ ਵੱਡਾ ਮੁਕਾਮ ਹੋ ਸਕਦਾ ਹੈ।
ਸਿੱਖ ਖਾੜਕੂਵਾਦ ਅਤੇ ਇਸ ਵਿੱਚ ਸ਼ਾਮਲ ਵੱਖ ਵੱਖ ਧਿਰਾਂ ਦੇ ਰੋਲ ਨੂੰ ਲੈ ਕੇ ਸਮੇਂ ਸਮੇਂ ਉੱੱਤੇ ਕੈਨੇਡਾ ਵਿੱਚ ਚਰਚਾ ਛਿੜਦੀ ਰਹਿੰਦੀ ਹੈ। ਸੁਆਲ ਹੈ ਕਿ ਰਿੁਪਦਮਨ ਸਿੰਘ ਮਲਿਕ ਦੇ ਕਤਲ ਤੋਂ ਬਾਅਦ ਜੋ ਚਰਚਾ ਹੋਵੇਗੀ, ਉਸਦਾ ਚਿਹਰਾ ਮੁਹਰਾ ਕਿਹੋ ਜਿਹਾ ਹੋਵੇਗਾ? ਚਰਚਾ ਦੇ ਇਸ ਚਿਹਰੇ ਮੁਹਰੇ ਦਾ ਪਤਾ ਤਾਂ Sean Patrick Dolan ਨੂੰ ਵੀ ਨਹੀਂ ਹੈ ਜਿਸਨੇ ਫਰਵਰੀ 2022 ਵਿੱਚ ਏਅਰ ਇੰਡੀਆ ਬੰਬ ਕਾਂਡ ਬਾਰੇ ਆਪਣੀ ਪੁਸਤਕ ‘My father’s secrets’ ਰੀਲੀਜ਼ ਕੀਤੀ ਸੀ। 30 ਸਾਲ ਇੱਕ ਅਧਿਆਪਕ ਵਜੋਂ ਕੰਮ ਕਰਨ ਵਾਲੇ ਸ਼ਾਨ ਪੈਟਰਿਕ ਮੁਤਾਬਕ ਊਸਨੂੰ ਇਹ ਗੱਲ ਪਿਛਲੇ 37 ਸਾਲ ਤੋਂ ਰਹਿ ਰਹਿ ਕੇ ਪਰੇਸ਼ਾਨ ਕਰਦੀ ਰਹੀ ਹੈ ਕਿ ਏਅਰ ਇੰਡੀਆ ਹਾਦਸੇ ਨੂੰ ਕੈਨੇਡੀਅਨ ਪਬਲਿਕ ਨੇ ਇੱਕ ਕੈਨੇਡੀਅਨ ਹਾਦਸੇ ਵਜੋਂ ਕਿਉਂ ਨਹੀਂ ਲਿਆ? ਕੀ ਮਲਿਕ ਦਾ ਕਤਲ ਇਸ ਦਿਸ਼ਾ ਵਿੱਚ ਕਿਸੇ ਚਰਚਾ ਨੂੰ ਜਨਮ ਦੇਵੇਗਾ?