ਮਲੇਰਕੋਟਲਾ, 14 ਜੁਲਾਈ (ਪੋਸਟ ਬਿਊਰੋ)- 75 ਕਿੱਲੋ ਹੈਰੋਇਨ ਗੁਜਰਾਤ ਬੰਦਰਗਾਹ ਉੱਤੇ ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਦੀ ਟੀਮ ਵੱਲੋਂ ਗੁਜਰਾਤ ਏ ਟੀ ਐਸ ਅਤੇ ਡੀ ਆਰ ਆਈ ਦੀ ਮਦਦ ਨਾਲ ਕੀਤੀ ਬਰਾਮਦਗੀ ਦੇ ਤਾਰ ਮਲੇਰਕੋਟਲਾ ਇਲਾਕੇ ਦੇ ਇੱਕ ਗੈਂਗਸਟਰ ਅਤੇ ਨਾਮੀ ਵਪਾਰੀਆਂ ਨਾਲ ਜੁੜਨ ਦੀਆਂ ਖ਼ਬਰਾਂ ਹਨ।
ਮਲੇਰਕੋਟਲਾ ਪੁਲਸ ਨੇ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਮਲੇਰਕੋਟਲਾ ਨੇੜਲੇ ਪਿੰਡ ਤੱਖਰ ਖੁਰਦ ਦੇ ਗੈਂਗਸਟਰ ਬੂਟਾ ਖਾਂ ਉਰਫ ਬੱਗਾ ਤੱਖਰ ਨੂੰ ਪ੍ਰੋਡਕਸ਼ਨ ਵਰੰਟ ਉੱਤੇ ਲਿਆ ਕੇ ਅਦਾਲਤ ਤੋਂ ਸੱਤ ਦਿਨ ਦਾ ਪੁਲਸ ਰਿਮਾਂਡ ਲਿਆ ਹੈ। ਥਾਣਾ ਸਿਟੀ-2 ਮਲੇਰਕੋਟਲਾ ਦੇ ਮੁਖੀ ਇੰਸਪੈਕਟਰ ਜਸਵੀਰ ਸਿੰਘ ਤੂਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 19 ਜੁਲਾਈ ਤਕ ਪੁਲਸ ਰਿਮਾਂਡ ਲਿਆ ਹੈ। ਥਾਣਾ ਮੁੱਖੀ ਨੇ ਚੱਲਦੀ ਜਾਂਚ ਬਾਰੇ ਹੋਰ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ। ਪਤਾ ਲੱਗਾ ਹੈ ਕਿ ਯੂ ਏ ਈ ਤੋਂ ਕੱਪੜੇ ਦਾ ਕੰਟੇਨਰ ਮਲੇਰਕੋਟਲਾ ਦੇ ਇੱਕ ਏਅਰ ਕੂਲਰ ਵਪਾਰੀ ਦੇ ‘ਡੀਲਾਈਟ ਇੰਪੈਕਸ' ਨਾਂਅ ਹੇਠ ਬਣਾਏ ਇੰਪੋਰਟ ਐਕਸਪੋਰਟ ਲਾਇਸੈਂਸ ਉੱਤੇਆਇਆ ਸੀ। ਇਸ ਵਿੱਚੋਂ ਮਿਲੇ ਕੱਪੜੇ ਦੇ 20 ਰੋਲਾਂ ਦੇ ਵਿਸ਼ੇਸ਼ ਪਾਈਪਾਂ ਵਿੱਚੋਂ 75 ਕਿੱਲੋ ਹੈਰੋਇਨ ਮਿਲੀ ਸੀ।
ਜਾਣਕਾਰ ਸੂਤਰਾਂ ਮੁਤਾਬਕ ਪੁਲਸ ਨੂੰ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ‘ਡੀਲਾਈਟ ਇੰਪੈਕਸ' ਦੇ ਮਾਲਕ ਅਜੇ ਜੈਨ ਤੇ ਉਸ ਦੀ ਪਤਨੀ ਸੀਮਾ ਨੂੰ ਜਨਵਰੀ 2022 ਵਿੱਚ ਉਨ੍ਹਾਂ ਦੇ ਗੁਆਂਢੀ ਦੀਪਕ ਕਿੰਗਰ ਵਾਸੀ ਮਲੇਰਕੋਟਲਾ, ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ, ਨੇ ਆਪਣੇ ਇੱਕ ਕੱਪੜੇ ਦੇ ਵਪਾਰੀ ਰਿਸ਼ਤੇਦਾਰ ਸੰਦੀਪ ਕੁਮਾਰ ਲਈ ਦੁਬਈ ਤੋਂ ਉਨਾਂ ਦੇ ਲਾਇਸੰਸ ਉੱਤੇ ਕੱਪੜੇ ਮੰਗਵਾਉਣ ਲਈ ਕਿਹਾ ਸੀ। ਲਾਇਸੰਸ ਦੀ ਵਰਤੋਂ ਬਦਲੇ ਉਨ੍ਹਾਂ ਨੂੰ ਬਾਕਾਇਦਾ ਕਮਿਸ਼ਨ ਦੇਣਾ ਮਿਥਿਆ ਗਿਆ ਸੀ। ਇਸ ਸੌਦੇ ਵਿੱਚ ਦੁਬਈ ਵਾਲੀ ਪਾਰਟੀ ਨਾਲ ਅਜੇ ਜੈਨ ਦੇ ਬੇਟੇ ਸਾਹਿਲ ਜੈਨ ਦਾ ਵਾਟ੍ਹਸਐਪ ਉੱਤੇ ਲਗਾਤਾਰ ਸੰਪਰਕ ਸੀ। ਉਸ ਨਾਲ ਵਿਦੇਸ਼ ਤੋਂ ਵੱਖ-ਵੱਖ ਵਾਟ੍ਹਸਐਪ ਨੰਬਰਾਂ ਰਾਹੀਂ ਗੱਲਬਾਤ ਵੀ ਹੁੰਦੀ ਸੀ। ਦੱਸਿਆ ਜਾਂਦਾ ਹੈ ਕਿ ਸਾਹਿਲ ਜੈਨ ਨੇ 5 ਮਈ ਨੂੰ ਯੂ ਏ ਈ ਤੋਂ ਮਾਲ ਨਾਲ ਸਬੰਧਤ ਲੈਣ ਦੇਣ ਅਤੇ ਬਿੱਲ ਵਗੈਰਾ ਵੀ ਪ੍ਰਾਪਤ ਕੀਤੇ। ਪੁਲਸ ਕੋਲ ਪੁੱਛਗਿੱਛ ਦੌਰਾਨ ਦੀਪਕ ਕਿੰਗਰ ਨੇ ਮੰਨਿਆ ਕਿ ਉਸ ਨੂੰ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਬੂਟਾ ਖਾਨ ਉਰਫ਼ ਬੱਗਾ ਤੱਖਰ ਨੇ ਪੁਰਾਣੇ ਸਬੰਧਾਂ ਦੇ ਹਵਾਲੇ ਨਾਲ ਜੇਲ੍ਹ ਵਿੱਚੋਂ ਫ਼ੋਨ ਕਰਕੇ ਯੂ ਏ ਈ ਤੋਂ ਹੈਰੋਇਨ ਦੀ ਖੇਪ ਮੰਗਵਾਉਣ ਲਈ ਕਿਹਾ ਸੀ। ਲੋਕਾਂ ਦਾ ਕਹਿਣਾ ਹੈ ਕਿ ਜੇ ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਇਸ ਖਿੱਤੇ ਅੰਦਰ ਨਸ਼ਾ ਤਸਕਰੀ ਦੇ ਕਾਲੇ ਧੰਦੇ ਨਾਲ ਜੁੜੇ ਕਈ ਵੱਡੇ ਸਫ਼ੈਦਪੋਸ਼ ਬੇਨਕਾਬ ਹੋ ਜਾਣਗੇ।