ਨਕੋਦਰ, 12 ਜੁਲਾਈ (ਪੋਸਟ ਬਿਊਰੋ)- ਨੇੜਲੇ ਪਿੰਡ ਜਗਜੀਤਗੜ੍ਹ ਖੋਸੇ ਵਿਖੇ ਬੀਤੀ ਰਾਤ ਭੇਤਭਰੇ ਹਾਲਾਤ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦਾ ਕਤਲ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਕੱਲ੍ਹ ਡੀ ਐਸ ਪੀ ਨਕੋਦਰ ਹਰਜਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਉੱਤੇ ਪਹੁੰਚੇ ਉੱਤੇ ਜਾਂਚ ਸ਼ੁਰੂ ਕੀਤੀ। ਮ੍ਰਿਤਕ ਦੀ ਪਛਾਣ ਰਾਮ ਬਿਲਾਸ ਰਿਸ਼ੀ ਪੁੱਤਰ ਅਨਰੂਟ ਰਿਸ਼ੀ ਪਿੰਡ ਛਿੱਟ ਬੱਲੂਆ ਜ਼ਿਲ੍ਹਾ ਪੂਰਨੀਆ ਬਿਹਾਰ ਵਜੋਂ ਹੋਈ ਹੈ।
ਸਦਰ ਥਾਣਾ ਮੁਖੀ ਬਿਸ਼ਮਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਮ ਬਿਲਾਸ ਆਪਣੇ ਬੱਚਿਆਂ ਅਤੇ ਹੋਰ ਪਰਵਾਰਕ ਮੈਂਬਰਾਂ ਨਾਲ ਊਧਮ ਸਿੰਘ ਦੀ ਹਵੇਲੀ ਵਿੱਚ ਪਿੰਡ ਜਗਜੀਤਗੜ੍ਹ ਖੋਸੇ ਵਿਖੇ ਰਹਿੰਦਾ ਸੀ। ਬੀਤੀ ਰਾਤ ਅਣਪਛਾਤੇ ਲੋਕਾਂ ਨੇ ਰਾਮ ਬਿਲਾਸ ਦੇ ਸਿਰ ਵਿੱਚ ਤੇਜ਼ ਹਥਿਆਰਾਂ ਨਾਲ ਸੱਟਾਂ ਮਾਰ ਕੇ ਕਤਲ ਕਰ ਦਿੱਤਾ।ਮ੍ਰਿਤਕ ਦੇ ਸਾਂਢੂ ਵਿਨੋਦ ਰਿਸ਼ੀ ਪੁੱਤਰ ਮਹਾਂ ਨੰਦ ਰਿਸ਼ੀ ਵਾਸੀ ਬਿਹਾਰ ਦੇ ਬਿਆਨਾਂ ਉੱਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।ਪੁਲਸ ਨੇ ਸ਼ੱਕ ਦੇ ਉੱਤੇ ਸੰਦੀਪ ਮਿਸਤਰੀ ਵਾਸੀ ਫਰਕੀਆ ਥਾਣਾ ਬੌਸੀ ਬਸੀਟੀ (ਬਿਹਾਰ), ਸੁਮਨ ਦੇਵੀ ਵਾਸੀ ਪਟਹਾਰਾ ਜ਼ਿਲ੍ਹਾ ਪੂਰਨੀਆ (ਬਿਹਾਰ) ਕੰਚਨ ਦੇਵੀ ਤੇ ਹੋਰਨਾਂ ਨੂੰ ਹਿਰਾਸਤ ਵਿੱਚ ਲਿਆ ਹੈ।