-ਪ੍ਰੋਫੈਸਰ ਰਣਦੀਪ ਕੌਰ ਪੰਧੇਰ
ਪੰਜਾਬ ਗੁਰੂਆਂ-ਪੀਰਾਂ ਫਕੀਰਾਂ ਤੇ ਸੂਫੀਆਂ ਸੰਤਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਅਲਬੇਲਾ ਕਵੀ ਪ੍ਰੋਫੈਸਰ ਪੂਰਨ ਸਿੰਘ ਇਸ ਨੂੰ ‘ਪੰਜਾਬ ਵਸਦਾ ਗੁਰਾਂ ਦੇ ਨਾਂ ਉੱਤੇ’ ਕਹਿ ਕੇ ਵਡਿਆਉਂਦਾ ਹੈ। ਪੰਜਾਬਦੇ ਜਾਏ ਹਮੇਸ਼ਾ ਜ਼ਾਲਮ ਹਕੂਮਤ ਅੱਗੇ ਹਿੱਕ ਤਾਣ ਕੇ ਖੜ੍ਹਦੇ ਰਹੇ ਹਨ। ਇਸੇ ਲਈ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਹੋਣ ਦਾ ਮਾਣ ਹਾਸਲ ਹੈ। ਇਸ ਦੇ ਜਾਇਆਂ ਨੇ ਕਦੇ ਬੇਗਾਨੀ ਧੀ-ਭੈਣ ਦੀ ਇੱਜ਼ਤ ਨੂੰ ਵੀ ਕਲੰਕਿਤ ਨਹੀਂ ਹੋਣ ਦਿੱਤਾ। ਉਹ ਹਕੂਮਤਾਂ ਨਾਲ ਭਿੜ ਗਏ, ਤਸੀਹੇ ਸਹੇ, ਪਰ ਕਦੇ ਜ਼ੁਲਮ ਅੱਗੇ ਗੋਡੇ ਨਹੀਂ ਟੇਕੇ ਅਤੇ ਦੂਜਿਆਂ ਦੀ ਰੱਖਿਆ ਲਈ ਹਮੇਸ਼ਾ ਆਪਾ ਵਾਰਦੇ ਰਹੇ ਹਨ ਤੇ ਮਜ਼ਲੂਮਾਂ ਦੀ ਢਾਲ ਬਣ ਕੇ ਖੜ੍ਹਦੇ ਰਹੇ ਹਨ।
ਅੱਜ ਮੇਰੇ ਸੋਹਣੇ ਰੰਗਲੇ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਜਾਪਦੀ ਹੈ। ਇੱਥੋਂ ਦੀਆਂ ਧੀਆਂ-ਭੈਣਾਂ ਇੱਥੋਂ ਦੇ ਹੀ ਨੌਜਵਾਨਾਂ ਅੱਗੇ ਸੁਰੱਖਿਅਤ ਨਹੀਂ। ਪੰਜ ਦਰਿਆਵਾਂ ਦੇ ਜਾਇਆਂ ਨੇ ਵਿਦੇਸ਼ੀ ਧਾੜਵੀਆਂ ਤੋਂ ਆਪਣੀਆਂ ਧੀਆਂ-ਭੈਣਾਂ ਦੀ ਆਬਰੂ ਬਚਾਉਣ ਖਾਤਰ ਆਪਣੀਆਂ ਜਾਨਾਂ ਤੱਕ ਨਿਛਾਵਰ ਕਰ ਦਿੱਤੀਆਂ ਸਨ। ਅੱਜ ਨਸ਼ਿਆਂ ਦੀ ਲਤ ਨੇ ਉਨ੍ਹਾਂ ਦੀ ਸੁਧ-ਬੁਧ ਮਾਰ ਦਿੱਤੀ ਹੈ ਅਤੇ ਉਹ ਆਪਣੇ ਸੁਨਹਿਰੀ ਅਤੀਤ ਭੁੱਲਦੇ ਜਾ ਰਹੇ ਹਨ।ਕੁਝ ਦਿਨ ਪਹਿਲਾਂ ਮੇਰੇ ਨਾਲ ਵੀ ਇੱਕ ਅਜਿਹਾ ਹਾਦਸਾ ਵਾਪਰਿਆ, ਜਿਸ ਨੇ ਇਹ ਸੋਚਣ ਉੱਤੇ ਮਜਬੂਰ ਕਰ ਦਿੱਤਾ ਕਿ ਆਖਰ ਔਰਤ ਕਿੱਥੇ ਸੁਰੱਖਿਅਤ ਹੈ? ਜੇ ਅਜੋਕੇ ਯੁੱਗ ਵਿੱਚ ਕੰਮ-ਕਾਜੀ ਔਰਤਾਂ ਦਾ ਸਫਰ ਮਰਦ ਦੇ ਮੁਕਾਬਲੇ ਵਧੇਰੇ ਔਖਾ ਜਾਂ ਮੁਸ਼ਕਲ ਹੈ ਤਾਂ ਉਸ ਦਾ ਕਾਰਨ ਸਿਰਫ ਘਰੇਲੂ ਕੰਮ-ਕਾਜ ਜਾਂ ਸਮਾਜਕ ਪਰੰਪਰਾ ਦੀਆਂ ਬੇੜੀਆਂ ਨਹੀਂ। ਔਰਤ ਲਈ ਕੰਮ-ਕਾਜੀ ਹੋਣਾ ਸਮੇਂ ਦੀ ਜ਼ਰੂਰਤ ਹੈ ਅਤੇ ਸਥਿਤੀਆਂ ਦੇ ਮੁਤਾਬਕ ਇਹ ਵਧੇਰੇ ਚੁਣੌਤੀਪੂਰਨ ਹੋ ਗਿਆ ਹੈ।
ਹੋਇਆ ਇਹ ਕਿ ਕੁਝ ਦਿਨ ਪਹਿਲਾਂ ਮੈਂ ਕਿਸੇ ਕੰਮ ਦੇ ਸਿਲਸਿਲੇ ਵਿੱਚ ਚੰਡੀਗੜ੍ਹ ਗਈ।ਵਾਪਸੀ ਉਤੇ ਮੋਹਾਲੀ ਦੇ ਨਜ਼ਦੀਕ ਮੈਂ ਬਸ ਦਾ ਇੰਤਜ਼ਾਰ ਕਰ ਰਹੀ ਸੀ। ਮੇਰੇ ਤੋਂ ਥੋੜ੍ਹੀ ਵਿੱਥ ਉੱਤੇ ਕੁਝ ਸਵਾਰੀਆਂ ਹੋਰ ਵੀ ਖੜ੍ਹੀਆਂ ਸਨ ਕਿ ਅਚਾਨਕ ਇੱਕ ਕਾਰ ਮੇਰੇ ਕੋਲ ਆ ਕੇ ਰੁਕੀ। ਉਸ ਵਿੱਚੋਂ ਇੱਕ ਨੌਜਵਾਨ ਨੇ ਮਿੰਨਤ ਜਿਹੀ ਕਰਦੇ ਹੋਏ ਕਿਹਾ, ‘ਮੈਡਮ, ਮੇਰਾ ਫੋਨ ਬੈਟਰੀ ਘੱਟ ਹੋਣ ਕਾਰਨ ਬੰਦ ਹੋ ਗਿਆ ਹੈ, ਮੇਰੀ ਮਾਂ ਮੇਰੇ ਨਿੱਕੇ ਬੇਟੇ ਨਾਲ ਫਾਜ਼ਿਲਕਾ ਤੋਂ ਆ ਰਹੀ ਹੈ, ਮੈਂ ਉਨ੍ਹਾਂ ਨੂੰ ਇਸੇ ਬਸ ਸਟਾਪ ਉੱਤੇ ਰੁਕਣ ਲਈ ਕਿਹਾ ਸੀ, ਪਰ ਮੇਰਾ ਫੋਨ ਬੰਦ ਹੋ ਗਿਆ ਹੈ। ਕੀ ਤੁਸੀਂ ਆਪਣੇ ਫੋਨ ਤੋਂ ਉਨ੍ਹਾਂ ਨੂੰ ਇੱਕ ਵਾਰ ਫੋਨ ਕਰ ਦਿਓਗੇ? ਮੈਂ ਪਹਿਲਾਂ ਮਨ੍ਹਾਂ ਕੀਤਾ, ਦੋ ਤਿੰਨ ਮਿੰਟ ਬਾਅਦ ਉਹੀ ਮੰੁਡਾ ਫਿਰ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, ਮੈਡਮ ਮਿੰਨਤ ਵਾਲੀ ਗੱਲ ਹੈ, ਇੱਕ ਫੋਨ ਕਰਵਾ ਦਿਓ। ਇਸ ਵਾਰ ਦੀ ਗੱਲ ਸੁਣ ਕੇ ਮੈਨੂੰ ਲੱਗਾ ਕਿ ਸ਼ਾਇਦ ਉਹ ਸੱਚੀ ਪਰੇਸ਼ਾਨ ਹੈ। ਉਸ ਲੜਕੇ ਨੇ ਜੋ ਨੰਬਰ ਦਿੱਤਾ, ਮੈਂ ਆਪਣੇ ਫੋਨ ਤੋਂ ਡਾਇਲ ਕੀਤਾ। ਇਸ ਦੌਰਾਨ ਮੈਂ ਆਪਣੇ ਮਨ ਵਿੱਚ ਸੋਚ ਰਹੀ ਕਿ ਮੈਂ ਆਪਣਾ ਫੋਨ ਇਹਨੂੰ ਬਿਲਕੁਲ ਵੀ ਨਹੀਂ ਫੜਾਵਾਂਗੀ ਅਤੇ ਖੁਦ ਹੀ ਗੱਲ ਕਰਾਂਗੀ। ਕੀ ਪਤਾ ਕਿ ਇਹ ਮੇਰਾ ਫੋਨ ਲੈ ਕੇ ਨਾ ਭੱਜ ਜਾਵੇ। ਉਸ ਨੰਬਰ ਉੱਤੇ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ।
ਇਸ ਬਾਰੇ ਮੈਂ ਉਸ ਮੁੰਡੇ ਨੰ ਦੱਸ ਦਿੱਤਾ ਕਿ ਤੁਹਾਡੇ ਨੰਬਰ ਉੱਤੇ ਕੋਈ ਵੀ ਫੋਨ ਨਹੀਂ ਚੁੱਕਦਾ ਤੇ ਜੇ ਉਨ੍ਹਾਂ ਦਾ ਦੁਬਾਰਾ ਫੋਨ ਆਇਆ ਤਾਂ ਮੈਂ ਦੱਸ ਦਿਆਂਗੀ ਕਿ ਤੁਸੀਂ ਇਸ ਥਾਂ ਉੱਤੇ ਖੜ੍ਹੇ ਉਨ੍ਹਾਂ ਦੀ ਉਡੀਕ ਕਰ ਰਹੇ ਹੋ। ਉਹ ਮੁੰਡਾ ਉਥੋਂ ਧੰਨਵਾਦ ਕਰ ਕੇ ਚਲਾ ਗਿਆ। ਕਰੀਬ 10 ਮਿੰਟ ਬਾਅਦ ਮੈਨੂੰ ਉਸ ਫੋਨ ਤੋਂ ਦੋਬਾਰਾ ਫੋਨ ਆਇਆ।ਉਸੇ ਲੜਕੇ ਦੀ ਆਵਾਜ਼ ਸੀ। ਕਹਿਣ ਲੱਗਾ, ‘‘ਮੈਡਮ, ਆਪਾਂ ਦੋਵੇਂ ਕਿਤੇ ਚੱਲੀਏ।” ਮੈਂ ਸੁਣ ਕੇ ਸੁੰਨ ਹੋ ਗਈ। ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਫੋਨ ਕੀਹਨੇ ਕੀਤਾ। ਪੁੱਛਣ ਉੱਤੇ ਉਸ ਲੜਕੇ ਨੇ ਕਿਹਾ ਕਿ ਤੁਸੀਂ ਮੈਨੂੰ ਦਸ ਮਿੰਟ ਪਹਿਲਾਂ ਆਪਣਾ ਨੰਬਰ ਦਿੱਤਾ ਹੈ। ਮੈਂ ਬਿਲਕੁਲ ਹੈਰਾਨ ਰਹਿ ਗਈ। ਇਹ ਉਸ ਲੜਕੇ ਦੀ ਮੇਰੇ ਤੋਂ ਨੰਬਰ ਲੈਣ ਦੀ ਚਾਲ ਸੀ। ਮੈਂ ਉਸ ਮੁੰਡੇ ਨੂੰ ਬਹੁਤ ਬੁਰਾ ਭਲਾ ਬੋਲਿਆ ਅਤੇ ਫੋਨ ਕੱਟ ਦਿੱਤਾ, ਪਰ ਉਹ ਮੁੰਡਾ ਮੈਨੂੰ ਪੰਜ-ਸੱਤ ਮਿੰਟ ਬਾਅਦ ਦੁਬਾਰਾ ਫੋਨ ਕਰਦਾ ਰਿਹਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਸ਼ਾਮੀਂ ਘਰ ਆਉਣ ਉੱਤੇ ਮੈਂ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ। ਉਨ੍ਹਾਂ ਨੇ ਜਦੋਂ ਆਪਣੇ ਫੋਨ ਤੋਂ ਓਸ ਮੁੰਡੇ ਨੂੰ ਫੋਨ ਕੀਤਾ ਤਾਂ ਉਹਦਾ ਕਹਿਣਾ ਸੀ ਕਿ ਤੁਹਾਡੀ ਪਤਨੀ ਨੇ ਮੈਨੂੰ ਆਪਣਾ ਨੰਬਰ ਦਿੱਤਾ ਹੈ। ਇਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਕਿ ਸਾਡਾ ਰਿਸ਼ਤਾ ਮੁਕੰਮਲ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ ਅਤੇ ਸਾਨੂੰ ਕਿਸੇ ਨੂੰ ਵੀ ਕਿਸੇ ਗੱਲ ਲਈ ਸਫਾਈਆਂ ਦੇਣ ਦੀ ਜ਼ਰੂਰਤ ਨਹੀਂ।ਇਨ੍ਹਾਂ ਨੇ ਉਸ ਮੁੰਡੇ ਨੂੰ ਫੋਨ ਉੱਤੇ ਕਿਹਾ ਕਿ ਤੂੰ ਜਿਸ ਕੁੜੀ ਨੂੰ ਫੋਨ ਕਰ ਰਿਹਾ ਹੈ, ਉਹ ਮੇਰੀ ਪਤਨੀ ਹੈ ਤੇ ਇੱਕ ਬੱਚੇ ਦੀ ਮਾਂ ਹੈ। ਇਸ ਨੰਬਰ ਉੱਤੇ ਜੇ ਦੁਬਾਰਾ ਫੋਨ ਕੀਤਾ ਤਾਂ ਅਸੀਂ ਥਾਣੇ ਜਾ ਕੇ ਸ਼ਿਕਾਇਤ ਕਰਾਂਗੇ। ਇਨ੍ਹਾਂ ਦਾ ਸਖਤ ਰੁਖ ਦੇਖ ਕੇ ਲੜਕਾ ਡਰ ਗਿਆ ਤੇ ਮੁਆਫੀ ਮੰਗਦੇ ਹੋਏ ਕਹਿਣ ਲੱਗਿਆ ਕਿ ਉਹ ਕਦੇ ਵੀ ਦੁਬਾਰਾ ਪ੍ਰੇਸ਼ਾਨ ਨਹੀਂ ਕਰੇਗਾ। ਅਣਕਿਆਸੀ ਬਿਪਤਾ ਤੋਂ ਛੁਟਕਾਰਾ ਪਾ ਕੇ ਮੈਨੂੰ ਬੇਹੱਦ ਸਕੂਨ ਮਿਲਿਆ।ਜੇ ਉਹ ਲੜਕਾ ਨਾ ਹਟਦਾ ਤਾਂ ਸਾਨੂੰ ਸਾਈਬਰ ਕਰਾਈਮ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਉਣੀ ਪੈਣੀ ਸੀ ਜਿਸ ਕਾਰਨ ਉਸ ਦਾ ਭਵਿੱਖ ਧੁੰਦਲਾ ਹੋ ਜਾਣਾ ਸੀ।
ਇਸ ਸਾਰੇ ਘਟਨਾਕ੍ਰਮ ਦਾ ਮੇਰੇ ਮਨ ਉਤੇ ਬਹੁਤ ਡੂੰਘਾ ਅਸਰ ਹੋਇਆ ਹੈ। ਇੱਕ ਸਵਾਲ ਮੇਰੇ ਮਨ ਵਿੱਚ ਉਦੋਂ ਤੋਂ ਵਾਰ-ਵਾਰ ਘੁੰਮ ਰਿਹਾ ਹੈ ਕਿ ਆਖਰ ਔਰਤ ਕਿੱਥੇ ਸੁਰੱਖਿਅਤ ਹੈ?ਮੇਰੇ ਵਰਗੀਆਂ ਕੰਮਕਾਜੀ ਔਰਤਾਂ, ਜਿਨ੍ਹਾਂ ਨੂੰ ਇੱਕ ਦਹਾਕਾ ਸਫਰ ਕਰਦੇ ਬੀਤ ਗਿਆ ਹੈ, ਜਦੋਂ ਉਨ੍ਹਾਂ ਨਾਲ ਅਜਿਹੇ ਹਾਦਸੇ ਵਾਪਰ ਸਕਦੇ ਹਨ ਤਾਂ ਸਾਡੀਆਂ ਬੱਚੀਆਂ ਨੂੰ ਨਿਸ਼ਾਨਾ ਬਣਾਉਣਾ ਕਿੰਨਾ ਕੁ ਔਖਾ ਹੈ? ਇਸ ਲਈ ਮੇਰੀ ਸਭ ਨੂੰ ਗੁਜਾਰਿਸ਼ ਹੈ ਕਿ ਆਪਣੇ ਪਰਵਾਰ ਦੀਆਂ ਔਰਤਾਂ ਉੱਤੇ ਵਿਸ਼ਵਾਸ ਕਰੋ ਤਾਂ ਜੋ ਉਹ ਆਪਣੇ ਨਾਲ ਵਾਪਰਨ ਵਾਲੀ ਹਰ ਘਟਨਾ ਦੀ ਜਾਣਕਾਰੀ ਤੁਹਾਨੂੰ ਘਰ ਆ ਕੇ ਦੇਣ ਤੇ ਅਜਿਹੇ ਗੈਰ ਸਮਾਜਕ ਅਨਸਰਾਂ ਦੇ ਇਰਾਦੇ ਨੂੰ ਕਾਮਯਾਬ ਹੋਣ ਤੋਂ ਰੋਕੇ ਜਾਣਅਤੇ ਸਾਡੀਆਂ ਧੀਆਂ-ਭੈਣਾਂ ਸੁਰੱਖਿਅਤ ਰਹਿਣ ਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਅਤੇ ਹਾਂ, ਆਪਣੀਆਂ ਧੀਆਂ ਨੂੰ ਸਵੈ ਰੱਖਿਆ ਦੇ ਗੁਰ ਜ਼ਰੂਰ ਸਿਖਾਓ ਤਾਂ ਜੋ ਉਹ ਸੁਰੱਖਿਅਤ ਤੌਰ ਉੱਤੇ ਸਮਾਜ ਵਿੱਚ ਵਿਚਰ ਸਕਣ।