ਟੋਰਾਂਟੋ, 24 ਮਈ (ਪੋਸਟ ਬਿਊਰੋ) : ਲਾਂਗ ਵੀਕੈਂਡ ਉੱਤੇ ਨੌਰਥ ਯੌਰਕ ਸਥਿਤ ਸੇਂਟ ਆਗਸਟਿਨ ਕੈਥੋਲਿਕ ਸਕੂਲ ਵਿੱਚ ਤੋੜ ਭੰਨ੍ਹ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਟੋਰਾਂਟੋ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਜਾਂਚਕਾਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਦੁਪਹਿਰ 4:00 ਵਜੇ ਦੇ ਨੇੜੇ ਤੇੜੇ ਸਕੂਲ ਵਿੱਚ ਵਾਪਰੀ ਇੱਕ ਘਟਨਾ ਤੋਂ ਬਾਅਦ ਪੁਲਿਸ ਨੂੰ ਸੱਦਿਆ ਗਿਆ। ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (ਟੀਸੀਡੀਐਸਬੀ) ਦੇ ਬੁਲਾਰੇ ਨੇ ਦੱਸਿਆ ਕਿ ਦੂਜੀ ਮੰਜਿ਼ਲ ਨੂੰ ਬੰਦ ਕਰ ਦਿੱਤਾ ਗਿਆ ਹੈ ਪਰ ਐਲੀਮੈਂਟਰੀ ਸਕੂਲ ਨੂੰ ਖੁੱਲ੍ਹਾ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਇਹ ਨੁਕਸਾਨ ਵੱਡੀ ਪੱਧਰ ਉੱਤੇ ਕੀਤਾ ਗਿਆ ਹੈ।
ਟੀਸੀਡੀਐਸਬੀ ਨੇ ਦੱਸਿਆ ਕਿ ਸਕੂਲ ਦੀ ਇੱਕ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ, ਸਕੂਲ ਦੀ ਹੋਰ ਸਮੱਗਰੀ ਦੀ ਤੋੜ ਭੰਨ੍ਹ ਕੀਤੀ ਗਈ ਸੀ ਤੇ ਸਮਾਨ ਇੱਧਰ ਉੱਧਰ ਖਿੱਲਰਿਆ ਪਿਆ ਸੀ। ਸਟਾਫ ਵੱਲੋਂ ਕੀਤੀ ਗਈ ਸਫਾਈ ਦੌਰਾਨ ਦੂਜੀ ਮੰਜਿ਼ਲ ਉੱਤੇ ਮੌਜੂਦ ਵਿਦਿਆਰਥੀਆਂ ਨੂੰ ਹੋਰਨਾਂ ਥਾਂਵਾਂ ਉੱਤੇ ਭੇਜ ਦਿੱਤਾ ਗਿਆ ਸੀ।
ਇਸ ਘਟਨਾ ਦੇ ਸਬੰਧ ਵਿੱਚ ਮਾਪਿਆਂ ਤੇ ਗਾਰਜੀਅਨਜ਼ ਨੂੰ ਪੱਤਰ ਵੀ ਭੇਜਿਆ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਇਸ ਤੋੜ ਭੰਨ੍ਹ ਦਾ ਮੰਤਵ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਨੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।